ਸ਼ਬਦਾਂ ਦੇ ਬਿਨਾਂ ਮਨੁੱਖ ਆਪਣੇ ਮਨ ਦੀ ਗੱਲ ਨਹੀਂ ਕਹਿ ਸਕਦਾ। ਅਸੀਂ ਆਪਣੇ ਵਿਚਾਰ, ਸੁਪਨੇ, ਖ਼ੁਸ਼ੀਆਂ, ਦੁੱਖ, ਤਕਲੀਫ਼, ਸਮੱਸਿਆ ਤੇ ਭਾਵਨਾਵਾਂ ਸ਼ਬਦਾਂ ਰਾਹੀਂ ਹੀ ਦੱਸਦੇ ਹਾਂ। ਮਿੱਠੇ ਸ਼ਬਦ ਮਨੁੱਖਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੇ ਹਨ। ਕਠੋਰ ਸ਼ਬਦ ਰਿਸ਼ਤੇ ਤੋੜ ਸਕਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਮਿੱਠੇ ਬੋਲ ਬਹੁਤ ਅਨਮੋਲ।

ਸ਼ਬਦ ਤੋਂ ਪਹਿਲਾਂ ਸਾਨੂੰ ਭਾਸ਼ਾ ਦੀ ਗੱਲ ਕਰਨੀ ਹੋਵੇਗੀ। ਮਨੁੱਖੀ ਜੀਵਨ ਵਿਚ ਭਾਸ਼ਾ ਦਾ ਬਹੁਤ ਵੱਡਾ ਮਹੱਤਵ ਹੈ। ਭਾਸ਼ਾ ਮਨੁੱਖ ਦੇ ਵਿਚਾਰਾਂ, ਭਾਵਨਾਵਾਂ, ਇੱਛਾਵਾਂ ਤੇ ਗਿਆਨ ਨੂੰ ਪ੍ਰਗਟ ਕਰਨ ਦਾ। ਦੂਸਰਿਆਂ ਨਾਲ ਸਾਂਝਾ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ। ਭਾਸ਼ਾ ਦੇ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਕਰਨਾ ਮੁਸ਼ਕਿਲ ਹੈ। ਭਾਸ਼ਾ ਦੇ ਅਨੇਕ ਅੰਗ ਹੁੰਦੇ ਹਨ, ਜਿਵੇਂ ਧੁਨੀ, ਅੱਖਰ, ਸ਼ਬਦ, ਵਾਕ ਆਦਿ। ਇਨ੍ਹਾਂ ਵਿੱਚੋਂ ‘ਸ਼ਬਦ’ ਭਾਸ਼ਾ ਦੀ ਸਭ ਤੋਂ ਮਹੱਤਵਪੂਰਨ ਇਕਾਈ ਮੰਨੀ ਜਾਂਦੀ ਹੈ। ਜਿਵੇਂ ਇੱਟਾਂ ਮਿਲ ਕੇ ਇਕ ਇਮਾਰਤ ਬਣਾਉਂਦੀਆਂ ਹਨ, ਉਸੇ ਤਰ੍ਹਾਂ ਸ਼ਬਦ ਮਿਲ ਕੇ ਵਾਕ ਬਣਾਉਂਦੇ ਹਨ ਤੇ ਵਾਕ ਮਿਲ ਕੇ ਭਾਸ਼ਾ ਨੂੰ ਸੰਪੂਰਨ ਬਣਾਉਂਦੇ ਹਨ।
ਸ਼ਬਦ ਸਿਰਫ਼ ਕੁਝ ਅੱਖਰਾਂ ਦਾ ਜੋੜ ਨਹੀਂ ਹੁੰਦਾ, ਸਗੋਂ ਇਹ ਮਨੁੱਖੀ ਵਿਚਾਰਾਂ ਦਾ ਵਾਹਕ ਹੁੰਦਾ ਹੈ। ਇਕ ਸ਼ਬਦ ਮਨੁੱਖ ਦੇ ਮਨ ਦੀ ਅਵਸਥਾ, ਉਸ ਦੇ ਦੁੱਖ-ਸੁੱਖ, ਪਿਆਰ-ਨਫ਼ਰਤ, ਗਿਆਨ ਤੇ ਸੰਸਕਾਰਾਂ ਨੂੰ ਪ੍ਰਗਟ ਕਰ ਸਕਦਾ ਹੈ। ਸ਼ਬਦਾਂ ਵਿਚ ਇੰਨੀ ਤਾਕਤ ਹੁੰਦੀ ਹੈ ਕਿ ਇਹ ਕਿਸੇ ਨੂੰ ਪ੍ਰੇਰਿਤ ਕਰ ਸਕਦੇ ਹਨ। ਕਿਸੇ ਦਾ ਦਿਲ ਜਿੱਤ ਸਕਦੇ ਹਨ। ਕਿਸੇ ਨੂੰ ਦੁਖੀ ਵੀ ਕਰ ਸਕਦੇ ਹਨ। ‘ਸ਼ਬਦ’ ਉਹ ਧੁਨੀ ਜਾਂ ਅੱਖਰਾਂ ਦਾ ਸਮੂਹ ਹੁੰਦਾ ਹੈ ਜਿਸ ਦਾ ਕੋਈ ਅਰਥ ਹੋਵੇ। ਜਦੋਂ ਅਸੀਂ ਕੋਈ ਧੁਨੀ ਇਸ ਤਰ੍ਹਾਂ ਉਚਾਰਦੇ ਹਾਂ ਕਿ ਉਸ ਤੋਂ ਕੋਈ ਅਰਥ ਪ੍ਰਗਟ ਹੋਵੇ ਤਾਂ ਉਹ ਸ਼ਬਦ ਕਹਾਉਂਦੀ ਹੈ। ਉਦਾਹਰਨ ਵਜੋਂ ‘ਪਾਣੀ’, ‘ਹਵਾ’, ‘ਅੱਗ’, ‘ਘਰ’, ‘ਮਾਂ’, ‘ਪਿਆਰ’, ‘ਰੋਟੀ’ ਆਦਿ ਸ਼ਬਦ ਹਨ ਕਿਉਂਕਿ ਇਨ੍ਹਾਂ ਤੋਂ ਇਕ ਸਪੱਸ਼ਟ ਅਰਥ ਪ੍ਰਗਟ ਹੁੰਦਾ ਹੈ। ਜੇ ਅਸੀਂ ਬਿਨਾਂ ਅਰਥ ਵਾਲੀਆਂ ਧੁਨੀਆਂ ਬੋਲੀਆਂ ਜਿਵੇਂ ‘ਕਮਪ’, ‘ਰਲਕ’ ਆਦਿ, ਤਾਂ ਇਹ ਸ਼ਬਦ ਨਹੀਂ ਮੰਨੇ ਜਾਣਗੇ ਕਿਉਂਕਿ ਇਨ੍ਹਾਂ ਦਾ ਕੋਈ ਅਰਥ ਨਹੀਂ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਅਰਥ ਵਾਲੀ ਧੁਨੀ ਜਾਂ ਅੱਖਰਾਂ ਦੇ ਸਮੂਹ ਨੂੰ ਸ਼ਬਦ ਕਹਿੰਦੇ ਹਨ। ਸਾਰਾ ਗਿਆਨ ਸ਼ਬਦਾਂ ਵਿਚ ਹੀ ਸੰਭਾਲਿਆ ਗਿਆ ਹੈ। ਕਿਤਾਬਾਂ, ਧਾਰਮਿਕ ਗ੍ਰੰਥ, ਇਤਿਹਾਸ, ਵਿਗਿਆਨ । ਇਹ ਸਾਰਾ ਕੁਝ ਸ਼ਬਦਾਂ ਰਾਹੀਂ ਹੀ ਸਾਡੇ ਤੱਕ ਪਹੁੰਚਦਾ ਹੈ। ਸ਼ਬਦ ਮਨੁੱਖੀ ਜੀਵਨ ਵਿਚ ਬਹੁਤ ਮਹੱਤਵ ਰੱਖਦੇ ਹਨ। ਮਨੁੱਖ ਆਪਣੇ ਹਰ ਕੰਮ ਵਿਚ ਸ਼ਬਦਾਂ ਦੀ ਵਰਤੋਂ ਕਰਦਾ ਹੈ। ਬੱਚਾ ਜਦੋਂ ਜਨਮ ਲੈਂਦਾ ਹੈ, ਉਹ ਹੌਲੀ-ਹੌਲੀ ਸ਼ਬਦ ਬੋਲਣਾ ਸਿੱਖਦਾ ਹੈ ਤੇ ਫਿਰ ਉਹਨਾਂ ਰਾਹੀਂ ਆਪਣੀਆਂ ਲੋੜਾਂ ਤੇ ਜ਼ਰੂਰਤਾਂ ਦੱਸਦਾ ਹੈ।
ਸ਼ਬਦਾਂ ਦੇ ਬਿਨਾਂ ਮਨੁੱਖ ਆਪਣੇ ਮਨ ਦੀ ਗੱਲ ਨਹੀਂ ਕਹਿ ਸਕਦਾ। ਅਸੀਂ ਆਪਣੇ ਵਿਚਾਰ, ਸੁਪਨੇ, ਖ਼ੁਸ਼ੀਆਂ, ਦੁੱਖ, ਤਕਲੀਫ਼, ਸਮੱਸਿਆ ਤੇ ਭਾਵਨਾਵਾਂ ਸ਼ਬਦਾਂ ਰਾਹੀਂ ਹੀ ਦੱਸਦੇ ਹਾਂ। ਮਿੱਠੇ ਸ਼ਬਦ ਮਨੁੱਖਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੇ ਹਨ। ਕਠੋਰ ਸ਼ਬਦ ਰਿਸ਼ਤੇ ਤੋੜ ਸਕਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਮਿੱਠੇ ਬੋਲ ਬਹੁਤ ਅਨਮੋਲ। ਪੰਜਾਬੀ ਵਿਆਕਰਨ ਵਿਚ ਸ਼ਬਦਾਂ ਨੂੰ ਵੱਖ-ਵੱਖ ਆਧਾਰਾਂ ’ਤੇ ਵੰਡਿਆ ਜਾਂਦਾ ਹੈ। ਮੂਲ ਸ਼ਬਦ, ਯੋਗਿਕ ਸ਼ਬਦ, ਰੂੜ੍ਹ ਸ਼ਬਦ, ਤਤਸਮ ਸ਼ਬਦ, ਤਦਭਵ ਸ਼ਬਦ, ਵਿਦੇਸ਼ੀ ਸ਼ਬਦ ਆਦਿ।
ਕਈ ਵਾਰ ਇਕ ਚੰਗਾ ਜਾਂ ਇਕ ਮਾੜਾ ਸ਼ਬਦ ਮਨੁੱਖ ਦੀ ਜ਼ਿੰਦਗੀ ਬਦਲ ਸਕਦਾ ਹੈ। ਮਹਾਨ ਨੇਤਾਵਾਂ ਤੇ ਸੰਤਾਂ ਦੇ ਸ਼ਬਦ ਲੋਕਾਂ ਨੂੰ ਸਚਾਈ ਤੇ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ ਤੇ ਭੈੜੇ ਸ਼ਬਦ ਜ਼ਿੰਦਗੀ ਨੂੰ ਬਰਬਾਦੀ ਵਾਲੇ ਰਾਹ ਉਪਰ ਲੈ ਜਾਂਦੇ ਹਨ। ਸ਼ਬਦ ਤੇ ਅਰਥ ਦਾ ਗਹਿਰਾ ਸਬੰਧ ਹੁੰਦਾ ਹੈ। ਬਿਨਾਂ ਅਰਥ ਦੇ ਸ਼ਬਦ ਬੇਮਤਲਬ ਹੁੰਦੇ ਹਨ ਤੇ ਬਿਨਾਂ ਸ਼ਬਦਾਂ ਦੇ ਅਰਥ ਪ੍ਰਗਟ ਨਹੀਂ ਹੋ ਸਕਦੇ।
ਉਦਾਹਰਨ ਲਈ ‘ਮਾਤਾ-ਪਿਤਾ’ ਸ਼ਬਦ ਸੁਣਦੇ ਹੀ ਮਨ ਵਿਚ ਪਿਆਰ, ਸਤਿਕਾਰ, ਮਮਤਾ ਤੇ ਸੁਰੱਖਿਆ ਦੀ ਭਾਵਨਾ ਉਭਰਦੀ ਹੈ। ਇਹ ਸ਼ਬਦ ਸਿਰਫ਼ ਧੁਨੀ ਨਹੀਂ, ਸਗੋਂ ਇੱਕ ਡੂੰਘੀ ਭਾਵਨਾ ਵੀ ਹੈ।
ਇਸੇ ਤਰ੍ਹਾਂ ‘ਦੇਸ਼’ ਸ਼ਬਦ ਨਾਲ ਸਾਨੂੰ ਆਪਣੀ ਮਿੱਟੀ, ਲੋਕ ਤੇ ਸੱਭਿਆਚਾਰ ਦੀ ਯਾਦ ਆਉਂਦੀ ਹੈ। ਇਸੇ ਤਰ੍ਹਾਂ ‘ਸੱਪ’ ਸ਼ਬਦ ਸੁਣਦੇ ਹੀ ਸਾਡੇ ਮਨਾਂ ਅੰਦਰ ਡਰ ਪੈਦਾ ਹੁੰਦਾ ਹੈ। ‘ਫੁੱਲ’ ਸ਼ਬਦ ਸੁਣਦੇ ਹੀ ਖੁ਼ਸ਼ਬੂ ਦਾ ਅਹਿਸਾਸ ਮਹਿਸੂਸ ਹੁੰਦਾ ਹੈ।
ਇਸ ਤੋਂ ਸਾਬਤ ਹੁੰਦਾ ਹੈ ਕਿ ਸ਼ਬਦ ਮਨੁੱਖੀ ਭਾਵਨਾਵਾਂ ਨਾਲ ਜੁੜੇ ਹੁੰਦੇ ਹਨ। ਸ਼ਬਦਾਂ ਵਿਚ ਅਸਧਾਰਣ ਤਾਕਤ ਹੁੰਦੀ ਹੈ। ਇਕ ਸ਼ਬਦ ਮਨੁੱਖ ਨੂੰ ਹਸਾ ਸਕਦਾ ਹੈ ਤੇ ਇਕ ਸ਼ਬਦ ਰੁਲਾ ਵੀ ਸਕਦਾ ਹੈ।
ਚੰਗੇ ਸ਼ਬਦ ਪਿਆਰ, ਸਤਿਕਾਰ ਤੇ ਹੌਸਲਾ ਦੇਣ ਵਾਲੇ ਸ਼ਬਦ ਮਨੁੱਖ ਦੇ ਮਨ ’ਤੇ ਚੰਗਾ ਪ੍ਰਭਾਵ ਪਾਉਂਦੇ ਹਨ। ਉਦਾਹਰਨ ਦੇ ਤੌਰ ’ਤੇ ‘ਤੂੰ ਇਹ ਕਰ ਸਕਦਾ ਹੈਂ...ਮੈਂ ਤੇਰੇ ਨਾਲ ਹਾਂ...ਮਿਹਨਤ ਕਰ ਸਭ ਠੀਕ ਹੋ ਜਾਵੇਗਾ... ਆਪਣੇ ਆਪ ਉਪਰ ਭਰੋਸਾ ਰੱਖੋ...।’ ਇਹ ਸ਼ਬਦ ਮਨੁੱਖ ਵਿਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ। ਮਾੜੇ ਕਠੋਰ ਤੇ ਅਪਮਾਨਜਨਕ ਸ਼ਬਦ ਕਿਸੇ ਦਾ ਦਿਲ ਦੁਖਾ ਸਕਦੇ ਹਨ। ਕਈ ਵਾਰ ਸ਼ਬਦਾਂ ਦੁਆਰਾ ਦਿੱਤੇ ਜ਼ਖ਼ਮ ਤਲਵਾਰ ਦੇ ਕਟਨ ਨਾਲ ਪੈਦਾ ਹੋਏ ਜ਼ਖ਼ਮਾਂ ਨਾਲੋਂ ਵੀ ਡੂੰਘੇ ਹੁੰਦੇ ਹਨ। ਇਸ ਲਈ ਸਾਨੂੰ ਹਮੇਸ਼ਾਂ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ। ਸਾਹਿਤ ਵੀ ਸ਼ਬਦਾਂ ਦੀ ਕਲਾ ਹੈ। ਕਵੀ, ਲੇਖਕ ਤੇ ਗਾਇਕ ਸ਼ਬਦਾਂ ਰਾਹੀਂ ਹੀ ਆਪਣੀਆਂ ਭਾਵਨਾਵਾਂ ਨੂੰ ਲੋਕਾਂ ਤਕ ਪਹੁੰਚਾਉਂਦੇ ਹਨ।
ਕਵਿਤਾ ਦੇ ਸੁੰਦਰ ਸ਼ਬਦ ਦਿਲ ਨੂੰ ਛੂਹ ਲੈਂਦੇ ਹਨ। ਗੁਰਬਾਣੀ ਦੇ ਸ਼ਬਦ ਮਨ ਨੂੰ ਸ਼ਾਂਤੀ ਦਿੰਦੇ ਹਨ। ਲੋਕ-ਗੀਤਾਂ ਦੇ ਸ਼ਬਦ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਜਿਊਂਦਾ ਰੱਖਦੇ ਹਨ। ਪੰਜਾਬੀ ਸਾਹਿਤ ਵਿਚ ਸ਼ਬਦਾਂ ਦੀ ਬੇਮਿਸਾਲ ਮਹੱਤਤਾ ਹੈ। ਬਾਬਾ ਫਰੀਦ, ਗੁਰੂ ਨਾਨਕ ਦੇਵ ਜੀ, ਵਾਰਿਸ ਸ਼ਾਹ, ਬਾਬਾ ਬੁੱਲ੍ਹੇ ਸ਼ਾਹ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਮਹਾਨ ਕਵੀਆਂ ਨੇ ਸ਼ਬਦਾਂ ਰਾਹੀਂ ਮਨੁੱਖਤਾ ਨੂੰ ਨਵੀਂ ਸੋਚ ਦਿੱਤੀ ਹੈ।
ਧਾਰਮਿਕ ਪਰੰਪਰਾਵਾਂ ਵਿਚ ਵੀ ਸ਼ਬਦ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਸਿੱਖ ਧਰਮ ਵਿਚ ‘ਸ਼ਬਦ’ ਨੂੰ ਗੁਰੂ ਮੰਨਿਆ ਗਿਆ ਹੈ। ਗੁਰਬਾਣੀ ਵਿਚ ਆਉਂਦਾ ਹੈ, ‘ਸ਼ਬਦ ਗੁਰੂ ਸੁਰਤਿ ਧੁਨਿ ਚੇਲਾ।’
ਇਸ ਦੇ ਅਰਥ ਇਹ ਹਨ ਕਿ ਸ਼ਬਦ ਹੀ ਸੱਚਾ ਗੁਰੂ ਹੈ ਜੋ ਮਨੁੱਖ ਨੂੰ ਸਹੀ ਰਾਹ ਦਿਖਾਉਂਦਾ ਹੈ।
ਆਧਿਆਤਮਿਕ ਤੌਰ ’ਤੇ ਸ਼ਬਦ ਮਨੁੱਖ ਦੇ ਮਨ ਨੂੰ ਪਵਿੱਤਰ ਤੇ ਸ਼ਾਂਤ ਕਰਦੇ ਹਨ। ਚੰਗੇ ਸ਼ਬਦ ਮਨ ਵਿਚ ਨੇਕੀ ਪੈਦਾ ਕਰਦੇ ਹਨ। ਅੱਜ ਦਾ ਯੁੱਗ ਜਾਣਕਾਰੀ ਤੇ ਸੰਚਾਰ ਦਾ ਯੁੱਗ ਹੈ। ਸੋਸ਼ਲ ਮੀਡੀਆ, ਅਖ਼ਬਾਰ, ਟੀਵੀ ਤੇ ਇੰਟਰਨੈੱਟ ਹਰ ਥਾਂ ਸ਼ਬਦਾਂ ਦੀ ਮਹੱਤਵਪੂਰਨ ਭੂਮਿਕਾ ਹੈ। ਅੱਜ ਇਕ ਸ਼ਬਦ ਸਾਰੀ ਦੁਨੀਆ ਵਿਚ ਪਲਾਂ ਵਿਚ ਫੈਲ ਸਕਦਾ ਹੈ। ਇਸ ਲਈ ਸ਼ਬਦਾਂ ਦੇ ਚੋਣ ਕਰਨ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ।
ਸਾਨੂੰ ਅਜਿਹੇ ਸ਼ਬਦ ਵਰਤਣੇ ਚਾਹੀਦੇ ਹਨ ਜੋ ਸਮਾਜ ਵਿਚ ਪਿਆਰ, ਸ਼ਾਂਤੀ ਤੇ ਭਾਈਚਾਰਾ ਵਧਾਉਣ ਨਾ ਕਿ ਨਫ਼ਰਤ ਫੈਲਾਉਣ ਤੇ ਦੂਰੀਆਂ ਵਧਾਉਣ। ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਸ਼ਬਦ ਮਨੁੱਖੀ ਜੀਵਨ ਦਾ ਅਟੁੱਟ ਅੰਗ ਹਨ। ਸ਼ਬਦ ਸਿਰਫ਼ ਧੁਨੀਆਂ ਨਹੀਂ, ਸਗੋਂ ਵਿਚਾਰਾਂ, ਭਾਵਨਾਵਾਂ ਤੇ ਸੰਸਕਾਰਾਂ ਦਾ ਦਰਪਣ ਤੇ ਸਾਧਨ ਹਨ। ਸ਼ਬਦ ਮਨੁੱਖ ਨੂੰ ਗਿਆਨ ਦਿੰਦੇ ਹਨ, ਰਿਸ਼ਤੇ ਬਣਾਉਂਦੇ ਹਨ ਤੇ ਸਮਾਜ ਨੂੰ ਜੋੜਦੇ ਹਨ। ਇਕ ਚੰਗਾ ਸ਼ਬਦ ਜੀਵਨ ਨੂੰ ਸੁੰਦਰ ਬਣਾ ਸਕਦਾ ਹੈ, ਜਦਕਿ ਮਾੜਾ ਸ਼ਬਦ ਦਿਲਾਂ ਵਿਚ ਦੂਰੀ ਪੈਦਾ ਕਰ ਸਕਦਾ ਹੈ। ਇਸ ਲਈ ਸਾਨੂੰ ਹਮੇਸ਼ਾਂ ਸੋਚ-ਸਮਝ ਕੇ ਤੇ ਮਿੱਠੇ ਸਾਰਥਿਕ ਸ਼ਬਦ ਬੋਲਣੇ ਚਾਹੀਦੇ ਹਨ। ਸੱਚਮੁੱਚ, ਸ਼ਬਦ ਮਨੁੱਖਤਾ ਦੀ ਸਭ ਤੋਂ ਵੱਡੀ ਤਾਕਤ ਹਨ।
-ਗੋਵਰਧਨ ਗੱਬੀ
94171-73700
---------------------------