
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲਗਪਗ 25 ਏਕੜ ਰਕਬੇ ’ਚ ਫੈਲੀ ਇਹ ਵਿਸ਼ਾਲ ਯਾਦਗਾਰ ਸਿਰਫ਼ ਇਕ ਇਮਾਰਤ ਨਹੀਂ ਸਗੋਂ ਆਜ਼ਾਦੀ ਦੇ ਪਰਵਾਨਿਆਂ ਦੀ ਦਾਸਤਾਨ ਨੂੰ ਬਿਆਨ ਕਰਦਾ ਜਿਉਂਦਾ-ਜਾਗਦਾ ਸਰੋਤ ਹੈ। ਇਸ ਯਾਦਗਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਆਜ਼ਾਦੀ ਦੇ ਸੰਘਰਸ਼ ਨੂੰ ਸਿਰਫ਼ ਕਿਤਾਬਾਂ ਦੇ ਪੰਨਿਆਂ ਤੱਕ ਸੀਮਤ ਨਹੀਂ ਕੀਤਾ ਗਿਆ। ਗੈਲਰੀਆਂ, ਤਸਵੀਰਾਂ, ਦਸਤਾਵੇਜ਼ਾਂ, ਮਾਡਲਾਂ, ਫਿਲਮਾਂ ਅਤੇ ਆਡੀਓ-ਵਿਜ਼ੂਅਲ ਤਕਨੀਕ ਰਾਹੀਂ ਇਤਿਹਾਸ ਨੂੰ ਜੀਵੰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਭਾਰਤ ਦੀ ਆਜ਼ਾਦੀ ਦਾ ਇਤਿਹਾਸ ਸਿਰਫ਼ 15 ਅਗਸਤ 1947 ਨੂੰ ਮਿਲੀ ਆਜ਼ਾਦੀ ਦੀ ਕਹਾਣੀ ਨਹੀਂ ਸਗੋਂ ਇਹ ਸਦੀਆਂ ਦੀ ਗ਼ੁਲਾਮੀ, ਸੰਘਰਸ਼, ਕੁਰਬਾਨੀਆਂ, ਜੇਲ੍ਹਾਂ, ਫ਼ਾਂਸੀਆਂ ਤੇ ਦੇਸ਼-ਪ੍ਰੇਮ ਦੀ ਲੰਮੀ ਗਾਥਾ ਹੈ। ਇਸ ਗਾਥਾ ’ਚ ਪੰਜਾਬ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਰਿਹਾ ਹੈ। ਪੰਜਾਬ ਦੀ ਧਰਤੀ ਨੇ ਅਜਿਹੇ ਅਣਗਿਣਤ ਸੂਰਮੇ ਪੈਦਾ ਕੀਤੇ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ। ਜਦੋਂ ਵੀ ਦੇਸ਼ ਦੀ ਆਜ਼ਾਦੀ ਦੀ ਗੱਲ ਚੱਲਦੀ ਹੈ ਤਾਂ ਕੂਕਾ ਲਹਿਰ, ਗ਼ਦਰ ਅੰਦੋਲਨ, ਜਲ੍ਹਿਆਂਵਾਲੇ ਬਾਗ਼ ਦਾ ਸਾਕਾ, ਬੱਬਰ ਅਕਾਲੀ ਲਹਿਰ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਨਾਇਕਾਂ ਦਾ ਨਾਂ ਜ਼ਿਹਨ ਵਿਚ ਆਉਂਦਾ ਹੈ। ਇਸੇ ਮਹਾਨ ਤੇ ਗੌਰਵਮਈ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਜਲੰਧਰ ਤੋਂ ਅੰਮ੍ਰਿਤਸਰ ਰਾਸ਼ਟਰੀ ਮਾਰਗ ’ਤੇ ਸਥਿਤ ਕਰਤਾਰਪੁਰ ਵਿਖੇ ਪ੍ਰਸਿੱਧ ਆਰਕੀਟੈਕਟ ਰਾਜ ਰੇਵਾਲ ਦੁਆਰਾ ਡਿਜ਼ਾਈਨ ਕੀਤੀ ਗਈ ਸ਼ਾਨਦਾਰ ਇਮਾਰਤ ਜੰਗ-ਏ-ਆਜ਼ਾਦੀ ਯਾਦਗਾਰ ਲਗਪਗ 315 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਇਸ ਯਾਦਗਾਰ ਦਾ ਮੁੱਖ ਮਨੋਰਥ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਇਤਿਹਾਸ ਤੇ ਦੇਸ਼ ਭਗਤੀ ਦੀ ਭਾਵਨਾ ਤੋਂ ਜਾਣੂ ਕਰਵਾਉਣਾ ਹੈ। ਇਸ ਯਾਦਗਾਰ ਨੂੰ ਸਿਰਫ਼ ਇਕ ਇਮਾਰਤ ਜਾਂ ਅਜਾਇਬਘਰ ਵਜੋਂ ਨਹੀਂ ਸਗੋਂ ਅਜਿਹੇ ਸਿੱਖਿਆ ਤੇ ਸੱਭਿਆਚਾਰਕ ਕੇਂਦਰ ਵਜੋਂ ਤਿਆਰ ਕੀਤਾ ਗਿਆ ਹੈ, ਜਿੱਥੇ ਦਰਸ਼ਕ ਆਜ਼ਾਦੀ ਦੀ ਲਹਿਰ ਦੇ ਵੱਖ-ਵੱਖ ਪੜਾਵਾਂ ਨੂੰ ਦੇਖ, ਸਮਝ ਤੇ ਮਹਿਸੂਸ ਕਰ ਸਕਣ।
ਕੁਰਬਾਨੀਆਂ ਨੂੰ ਸਮਰਪਿਤ ਬੇਮਿਸਾਲ ਉਪਰਾਲਾ
ਲਗਪਗ 25 ਏਕੜ ਰਕਬੇ ’ਚ ਫੈਲੀ ਇਹ ਵਿਸ਼ਾਲ ਯਾਦਗਾਰ ਸਿਰਫ਼ ਇਕ ਇਮਾਰਤ ਨਹੀਂ ਸਗੋਂ ਆਜ਼ਾਦੀ ਦੇ ਪਰਵਾਨਿਆਂ ਦੀ ਦਾਸਤਾਨ ਨੂੰ ਬਿਆਨ ਕਰਦਾ ਜਿਉਂਦਾ-ਜਾਗਦਾ ਸਰੋਤ ਹੈ। ਇਸ ਯਾਦਗਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਆਜ਼ਾਦੀ ਦੇ ਸੰਘਰਸ਼ ਨੂੰ ਸਿਰਫ਼ ਕਿਤਾਬਾਂ ਦੇ ਪੰਨਿਆਂ ਤੱਕ ਸੀਮਤ ਨਹੀਂ ਕੀਤਾ ਗਿਆ। ਗੈਲਰੀਆਂ, ਤਸਵੀਰਾਂ, ਦਸਤਾਵੇਜ਼ਾਂ, ਮਾਡਲਾਂ, ਫਿਲਮਾਂ ਅਤੇ ਆਡੀਓ-ਵਿਜ਼ੂਅਲ ਤਕਨੀਕ ਰਾਹੀਂ ਇਤਿਹਾਸ ਨੂੰ ਜੀਵੰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਯਾਦਗਾਰ ਦਾ ਮੁੱਖ ਮਕਸਦ ਅਜੋਕੇ ਨੌਜਵਾਨਾਂ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਪੰਜਾਬ ਦੇ ਅਮੀਰ ਇਤਿਹਾਸ ਤੇ ਆਜ਼ਾਦੀ ਦੀ ਜੰਗ ਵਿਚ ਪੰਜਾਬੀਆਂ ਦੇ ਪਾਏ 80 ਫ਼ੀਸਦੀ ਤੋਂ ਵੱਧ ਯੋਗਦਾਨ ਬਾਰੇ ਜਾਣੂ ਕਰਵਾਉਣਾ ਹੈ।
ਆਕਰਸ਼ਣ ਤੇ ਬਣਤਰ
ਇਸ ਯਾਦਗਾਰ ਦੀਆਂ ਸਾਰੀਆਂ ਮੁੱਖ ਇਮਾਰਤਾਂ ਗੋਲਾਕਾਰ ਡਿਜ਼ਾਈਨ ’ਚ ਗੁੰਬਦਦਾਰ ਹਨ ਅਤੇ ਇਕ ਵਿਸ਼ਾਲ ਚੱਕਰ ਦੇ ਰੂਪ ’ਚ ਆਪਸ ਵਿਚ ਜੁੜੀਆਂ ਹੋਈਆਂ ਹਨ। ਕੰਪਲੈਕਸ ਅੰਦਰ ਸ਼ਾਨਦਾਰ ਜੰਗ-ਏ-ਆਜ਼ਾਦੀ 45 ਮੀਟਰ ਉੱਚਾ ਮੀਨਾਰ ਬਣਿਆ ਹੋਇਆ ਹੈ, ਜੋ ਸ਼ਹੀਦਾਂ ਦੀ ਅਮਰ ਯਾਦ ਦਾ ਪ੍ਰਤੀਕ ਹੈ। ਇਸ ਯਾਦਗਾਰ ਦੀ ਬਣਤਰ ਪੰਜਾਬ ਦੇ ਸੱਭਿਆਚਾਰਕ ਚਿੰਨ੍ਹ ‘ਫੁਲਕਾਰੀ’ ਦੀਆਂ ਚਾਰ ਪੱਤੀਆਂ ਵਾਲੇ ਅਰਕੀਟੈਕਟ ਮਾਡਲ ਤੋਂ ਪ੍ਰੇਰਿਤ ਹੈ। ਇਸ ’ਚ ਕਈ ਅਜਿਹੇ ਆਕਰਸ਼ਣ ਹਨ, ਜੋ ਦੇਖਣ ਵਾਲੇ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੰਦੇ ਹਨ।
ਸ਼ਹੀਦ-ਏ-ਮੀਨਾਰ: ਯਾਦਗਾਰ ਦੇ ਵਿਹੜੇ ’ਚ ਬਣਿਆ 45 ਮੀਟਰ ਉੱਚਾ ‘ਸ਼ਹੀਦ-ਏ-ਮੀਨਾਰ’ ਦੇਸ਼ ਦੇ ਸ਼ਹੀਦਾਂ ਦੀ ਅਮਰ ਯਾਦ ਨੂੰ ਸਮਰਪਿਤ ਹੈ, ਜਿੱਥੇ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਸਮਰਪਿਤ ਸ਼ਮ੍ਹਾ ਹਮੇਸ਼ਾ ਮਘਦੀ ਰਹਿੰਦੀ ਹੈ।
ਇਤਿਹਾਸਕ ਗੈਲਰੀਆਂ : ਇਸ ਕੰਪਲੈਕਸ ’ਚ ਨੌਂ ਅਤਿ-ਆਧੁਨਿਕ ਗੈਲਰੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਗੈਲਰੀਆਂ ’ਚ ਜੀਵੰਤ ਦਾ ਭੁਲੇਖਾ ਪਾਉਂਦੀਆਂ ਮੂਰਤਾਂ ਤੇ ਤਸਵੀਰਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਐਂਗਲੋ-ਸਿੱਖ ਯੁੱਧਾਂ ਤੋਂ ਲੈ ਕੇ 1947 ਦੀ ਦੇਸ਼ ਵੰਡ ਦੇ ਦਰਦ ਤੱਕ ਦੇ ਪੂਰੇ ਸਫ਼ਰ ਨੂੰ ਬਾਖ਼ੂਬੀ ਦਿਖਾਇਆ ਗਿਆ ਹੈ।
ਲੇਜ਼ਰ ਸ਼ੋਅ ਤੇ 3ਡੀ ਸਿਨੇਮਾ: ਯਾਦਗਾਰ ’ਚ ਬਣਿਆ ਵਾਟਰ-ਕਰਟੇਨ ਲੇਜ਼ਰ ਸ਼ੋਅ ਤੇ 3ਡੀ ਸਿਨੇਮਾ ਹਾਲ ਦਰਸ਼ਕਾਂ ਨੂੰ ਤਕਨਾਲੋਜੀ ਦੀ ਮਦਦ ਨਾਲ ਇਤਿਹਾਸ ਦੇ ਉਸ ਦੌਰ ਵਿਚ ਲੈ ਜਾਂਦੇ ਹਨ, ਜਿੱਥੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਅੱਖਾਂ ਸਾਹਮਣੇ ਸਾਕਾਰ ਹੋ ਉੱਠਦੀਆਂ ਹਨ। ਗ਼ਦਰ ਲਹਿਰ ਪੰਜਾਬੀ ਇਤਿਹਾਸ ਦਾ ਮਹੱਤਵਪੂਰਨ ਅਧਿਆਇ ਹੈ। ਵਿਦੇਸ਼ਾਂ ’ਚ ਵੱਸਦੇ ਭਾਰਤੀਆਂ ਨੇ ਵੀ ਦੇਸ਼ ਦੀ ਗ਼ੁਲਾਮੀ ਨੂੰ ਖ਼ਤਮ ਕਰਨ ਲਈ ਆਪਣੀ ਜ਼ਿੰਦਗੀ ਦਾਅ ’ਤੇ ਲਾਈ। ਗ਼ਦਰੀਆਂ ਨੇ ਵਿਦੇਸ਼ੀ ਧਰਤੀ ਤੋਂ ਭਾਰਤ ਦੀ ਆਜ਼ਾਦੀ ਦਾ ਨਾਅਰਾ ਬੁਲੰਦ ਕੀਤਾ ਤੇ ਪੰਜਾਬ ਦੇ ਪਿੰਡਾਂ ਤੱਕ ਇਨਕਲਾਬ ਦੀ ਚੇਤਨਾ ਪਹੁੰਚਾਈ। ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨਾਂ ਦੀ ਬਹਾਦਰੀ ਇਸ ਲਹਿਰ ਦਾ ਪ੍ਰਤੀਕ ਬਣੀ। ਇਸੇ ਤਰ੍ਹਾਂ ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਭਾਰਤੀ ਆਜ਼ਾਦੀ ਦੇ ਇਤਿਹਾਸ ਵਿਚ ਅਜਿਹਾ ਦਰਦਨਾਕ ਮੋੜ ਹੈ, ਜਿਸ ਨੇ ਪੰਜਾਬ ਸਮੇਤ ਪੂਰੇ ਦੇਸ਼ ਦੀ ਚੇਤਨਾ ਨੂੰ ਝੰਜੋੜ ਦਿੱਤਾ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ’ਚ ਨਿਹੱਥੇ ਲੋਕਾਂ ’ਤੇ ਕੀਤੀ ਗਈ ਗੋਲੀਬਾਰੀ ਨੇ ਬਰਤਾਨਵੀ ਹਕੂਮਤ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆ ਦਿੱਤਾ। ਇਸ ਘਟਨਾ ਨੇ ਆਜ਼ਾਦੀ ਦੀ ਲੜਾਈ ਨੂੰ ਹੋਰ ਤੀਬਰ ਕੀਤਾ। ਯਾਦਗਾਰ ’ਚ ਅਜਿਹੀਆਂ ਘਟਨਾਵਾਂ ਨੂੰ ਦ੍ਰਿਸ਼ਮਾਨ ਰੂਪ ਦੇਣ ਨਾਲ ਦਰਸ਼ਕ ਇਤਿਹਾਸ ਨੂੰ ਸਿਰਫ਼ ਪੜ੍ਹਦੇ ਨਹੀਂ ਸਗੋਂ ਉਸ ਦੇ ਦਰਦ ਤੇ ਸੰਘਰਸ਼ ਨੂੰ ਮਹਿਸੂਸ ਵੀ ਕਰਦੇ ਹਨ।
ਹੋਰ ਸਹੂਲਤਾਂ: ਕੰਪਲੈਕਸ ਅੰਦਰ ਇਕ ਓਪਨ-ਏਅਰ ਥੀਏਟਰ, ਵਿਸ਼ਾਲ ਆਡੀਟੋਰੀਅਮ, ਸੁੰਦਰ ਪਾਰਕ, ਸਸਤੀ ਕੈਫੇਟੇਰੀਆ ਅਤੇ ਵੱਡੀ ਪਾਰਕਿੰਗ ਦੀ ਸਹੂਲਤ ਮੌਜੂਦ ਹੈ। ਯਾਦਗਾਰ ਦੀ ਅਧਿਕਾਰਤ ਵੈੱਬਸਾਈਟ ਵੀ ਨੌਜਵਾਨਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਤੇ ਆਜ਼ਾਦੀ ਦੇ ਸੰਘਰਸ਼ ਬਾਰੇ ਜਾਗਰੂਕ ਕਰਨ ਵਾਲਾ ਸਥਾਨ ਦੱਸਦੀ ਹੈ। ਸੈਲਾਨੀਆਂ ਲਈ ਜ਼ਰੂਰੀ ਜਾਣਕਾਰੀ ਲਈ Jang-e-Azadi Memorial Official Website ਤੇ ਸਥਾਨਕ ਪ੍ਰਸ਼ਾਸਨ ਦੇ ਪ੍ਰਾਪਤ ਵੇਰਵਿਆਂ ਮੁਤਾਬਿਕ ਇਹ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਪੂਰੀ ਯਾਦਗਾਰ ਦੇਖਣ ਲਈ ਦੋ ਤੋਂ ਤਿੰਨ ਘੰਟੇ ਦਾ ਸਮਾਂ ਚਾਹੀਦਾ ਹੈ। ਐਂਟਰੀ ਟਿਕਟ 0-3 ਸਾਲ ਦੇ ਬੱਚਿਆਂ ਲਈ ਮੁਫ਼ਤ, 3-18 ਸਾਲ ਦੇ ਬੱਚਿਆਂ ਲਈ 50 ਰੁਪਏ ਪ੍ਰਤੀ ਵਿਅਕਤੀ ਤੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ 100 ਰੁਪਏ ਪ੍ਰਤੀ ਵਿਅਕਤੀ ਹੈ। ਲੇਜ਼ਰ ਸ਼ੋਅ ਦੀ ਟਿਕਟ ਬੱਚਿਆਂ ਲਈ 50 ਤੇ ਵੱਡਿਆਂ ਲਈ 80 ਰੁਪਏ ਰੱਖੀ ਗਈ ਹੈ।
ਖਾਮੀਆਂ: ਇਸ ਜੰਗ-ਏ-ਆਜ਼ਾਦੀ ਇਮਾਰਤ ਦੀ ਪਾਰਕਿੰਗ ’ਚ ਦਰੱਖ਼ਤਾਂ ਦੀ ਬਹੁਤ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਸ ਇਮਾਰਤ ਉਪਰ ਜਿੰਨਾ ਖ਼ਰਚ ਆਇਆ ਹੈ, ਉਸ ਦੇ ਮੁਕਾਬਲੇ ਦਰਸ਼ਕਾਂ ਦੀ ਭੀੜ ਬਹੁਤ ਘੱਟ ਮਹਿਸੂਸ ਹੁੰਦੀ ਹੈ। ਜੇ ਹਕੂਮਤਾਂ ਸਿਆਸੀ ਮੁਫ਼ਾਦ ਤੋਂ ਉਪਰ ਉੱਠ ਕੇ ਸ਼ਹੀਦਾਂ ਨੂੰ ਸਿੱਜਦਾ ਕਰਨ ਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਤਾਂ ਹੀ ਪੰਜਾਬ ਭਰ ’ਚ ਅਜਿਹੇ ਮੈਮੋਰੀਅਲ ਬਣਾਉੁਣ ਦਾ ਮਨੋਰਥ ਸਫਲ ਹੋ ਸਕਦਾ ਹੈ।
ਅਜੋਕੇ ਸਮੇਂ ’ਚ ਯਾਦਗਾਰ ਦੀ ਮਹੱਤਤਾ
ਅੱਜ ਦੇ ਡਿਜੀਟਲ ਯੁੱਗ ’ਚ ਨਵੀਂ ਪੀੜ੍ਹੀ ਤੇਜ਼ੀ ਨਾਲ ਬਦਲ ਰਹੀ ਹੈ। ਮੋਬਾਈਲ, ਇੰਟਰਨੈੱਟ ਤੇ ਸੋਸ਼ਲ ਮੀਡੀਆ ਉਸ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਬਣ ਚੁੱਕੇ ਹਨ, ਉਹ ਆਪਣੀਆਂ ਜੜ੍ਹਾਂ ਤੇ ਇਤਿਹਾਸ ਤੋਂ ਦੂਰ ਹੁੰਦੀ ਜਾ ਰਹੀ ਹੈ। ਉਸ ਸਮੇਂ ਉਨ੍ਹਾਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਵੱਡੀ ਚੁਣੌਤੀ ਹੈ। ਅਜਿਹੇ ’ਚ ਜੰਗ-ਏ-ਆਜ਼ਾਦੀ ਯਾਦਗਾਰ ਵਰਗੀਆਂ ਥਾਵਾਂ ਦੀ ਭੂਮਿਕਾ ਇਕ ਚਾਨਣ-ਮੁਨਾਰੇ ਵਜੋਂ ਕੰਮ ਕਰਦੀ ਹੈ। ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਿਸ ਆਜ਼ਾਦ ਹਵਾ ’ਚ ਅੱਜ ਅਸੀਂ ਸਾਹ ਲੈ ਰਹੇ ਹਾਂ, ਉਸ ਦੀ ਕੀਮਤ ਸਾਡੇ ਬਜ਼ੁਰਗਾਂ ਨੇ ਆਪਣੀਆਂ ਜਾਨਾਂ ਵਾਰ ਕੇ ਚੁਕਾਈ ਹੈ। ਇਹ ਯਾਦਗਾਰ ਹਰ ਭਾਰਤੀ ਖ਼ਾਸ ਕਰਕੇ ਪੰਜਾਬੀਆਂ ਲਈ ਅਜਿਹਾ ਤੀਰਥ ਅਸਥਾਨ ਹੈ, ਜਿੱਥੇ ਆ ਕੇ ਦੇਸ਼ ਪ੍ਰੇਮ ਦੀ ਭਾਵਨਾ ਹੋਰ ਦ੍ਰਿੜ ਹੁੰਦੀ ਹੈ।
ਵਿਦਿਆਰਥੀਆਂ ਦੀ ਸਮਝ ਹੁੰਦੀ ਹੋਰ ਡੂੰਘੀ
ਵਿਦਿਆਰਥੀਆਂ ਲਈ ਇਸ ਯਾਦਗਾਰ ਦੀ ਮਹੱਤਤਾ ਹੋਰ ਵੀ ਵੱਧ ਹੈ। ਕਲਾਸਰੂਮ ’ਚ ਇਤਿਹਾਸ ਪੜ੍ਹਦਿਆਂ ਬੱਚੇ ਅਕਸਰ ਤਰੀਕਾਂ, ਘਟਨਾਵਾਂ ਤੇ ਸ਼ਹੀਦਾਂ ਦੇ ਨਾਂ ਯਾਦ ਕਰਦੇ ਹਨ ਪਰ ਜਦੋਂ ਉਹ ਉਹੀ ਇਤਿਹਾਸ ਤਸਵੀਰਾਂ, ਮਾਡਲਾਂ, ਮੂਰਤੀਆਂ ਤੇ ਦ੍ਰਿਸ਼ ਪੇਸ਼ਕਾਰੀਆਂ ਰਾਹੀਂ ਦੇਖਦੇ ਹਨ ਤਾਂ ਉਨ੍ਹਾਂ ਦੀ ਸਮਝ ਹੋਰ ਡੂੰਘੀ ਹੁੰਦੀ ਹੈ। ਇਸ ਲਈ ਸਕੂਲਾਂ ਤੇ ਕਾਲਜਾਂ ਵੱਲੋਂ ਵਿਦਿਆਰਥੀਆਂ ਦੇ ਸਿੱਖਿਆਤਮਕ ਦੌਰਿਆਂ ਲਈ ਅਜਿਹੀਆਂ ਥਾਵਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਵਿਦਿਆਰਥੀ ਸਿਰਫ਼ ਇਤਿਹਾਸ ਜਾਣਨ ਲਈ ਨਹੀਂ ਸਗੋਂ ਦੇਸ਼ ਦੀ ਆਜ਼ਾਦੀ ਦੀ ਕੀਮਤ ਸਮਝਣ ਲਈ ਵੀ ਇੱਥੇ ਆਉਣ। ‘ਪੰਜਾਬੀ ਜਾਗਰਣ’ ਅਖ਼ਬਾਰ ਦੇ ਮਾਧਿਅਮ ਰਾਹੀਂ ਪਾਠਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਇਤਿਹਾਸਕ ਸਥਾਨ ਦੀ ਯਾਤਰਾ ਜ਼ਰੂਰ ਕਰਵਾਉਣ ਤਾਂ ਜੋ ਉਹ ਆਪਣੇ ਗੌਰਵਮਈ ਪਿਛੋਕੜ ’ਤੇ ਮਾਣ ਕਰ ਸਕਣ।
ਨਿਰਮਾਣ ਦੇ ਮੁੱਖ ਪੜਾਅ
ਨੀਂਹ ਪੱਥਰ: 19 ਅਕਤੂਬਰ 2014
ਪਹਿਲਾ ਪੜਾਅ : 06 ਨਵੰਬਰ 2016
ਦੂਜਾ ਪੜਾਅ : 06 ਮਾਰਚ 2018
ਤੀਜਾ ਪੜਾਅ: 14 ਅਗਸਤ 2019
ਅੰਕੜਿਆਂ ਦੀ ਜ਼ੁਬਾਨੀ
ਸਾਲ 2018 ਤੋਂ ਲੈ ਕੇ 2026 ਤੱਕ ਦੇ ਅੰਕੜੇ ਦਰਸਾਉਂਦੇ ਹਨ ਕਿ ਇਹ ਯਾਦਗਾਰ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਤੇ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਕੁੱਲ ਸੈਲਾਨੀ : 13,97,934
ਕੁੱਲ ਸਕੂਲ : 4,631
ਕੁੱਲ ਵਿਦਿਆਰਥੀ : 2,91,813
ਔਸਤਨ ਮਹੀਨਾਵਾਰ ਟਿਕਟ ਕੁਲੈਕਸ਼ਨ : 4,79,030
ਪ੍ਰਮੁੱਖ ਮਹੀਨਿਆਂ ਦੀ ਰਿਕਾਰਡ ਗਿਣਤੀ
ਜੂਨ 2018 ਵਿਚ ਸਭ ਤੋਂ ਵੱਧ 38,008 ਸੈਲਾਨੀ ਪਹੁੰਚੇ। ਜੂਨ 2019 ਵਿਚ 32,665, ਫਰਵਰੀ 2020 ਵਿਚ 15,023, ਦਸੰਬਰ 2021 ਵਿਚ 12,760, ਨਵੰਬਰ 2022 ਵਿਚ 18,356, ਦਸੰਬਰ 2023 ਵਿੱਚ 21,765, ਦਸੰਬਰ 2024 ਵਿੱਚ 27,384, ਫਰਵਰੀ 2025 ਵਿੱਚ 19,332 ਅਤੇ ਫਰਵਰੀ 2026 ਵਿਚ 8,138 ਸੈਲਾਨੀ ਇਸ ਅਜਾਇਬਘਰ ’ਚ ਪਹੁੰਚੇ।
90 ਮਿੰਟ ਦੀ ਦਸਤਾਵੇਜ਼ੀ ਫਿਲਮ ਤੇ ਇਤਿਹਾਸਕ ਝਾਕੀਆਂ
ਯਾਦਗਾਰ ਵਿਚ ਦਿਖਾਈ ਜਾਂਦੀ 90 ਮਿੰਟ ਦੀ ਦਸਤਾਵੇਜ਼ੀ ਫਿਲਮ ’ਚ ਭਾਰਤੀ ਆਜ਼ਾਦੀ ਸੰਗਰਾਮ ਦੇ ਮਹੱਤਵਪੂਰਨ ਇਤਿਹਾਸਕ ਪੜਾਵਾਂ ਨੂੰ ਬੜੇ ਹੀ ਜੀਵੰਤ ਰੂਪ ’ਚ ਪੇਸ਼ ਕੀਤਾ ਗਿਆ ਹੈ। ਇਸ ਵਿਚ ਮਹਾਰਾਜਾ ਰਣਜੀਤ ਸਿੰਘ, ਕੂਕਾ ਲਹਿਰ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ, ਜਲ੍ਹਿਆਂਵਾਲੇ ਬਾਗ਼ ਦਾ ਸਾਕਾ, ਸਾਕਾ ਨਨਕਾਣਾ ਸਾਹਿਬ, ਦਰਬਾਰ ਸਾਹਿਬ ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ਼ ਮੋਰਚਾ, ਜੈਤੋ ਦਾ ਮੋਰਚਾ, ਬੱਬਰ ਅਕਾਲੀ ਲਹਿਰ, ਸਾਈਮਨ ਕਮਿਸ਼ਨ ਦਾ ਵਿਰੋਧ, ਸ਼ਹੀਦ ਭਗਤ ਸਿੰਘ ਦੀ ਫ਼ਾਂਸੀ ਦਾ ਦ੍ਰਿਸ਼, ਸੇਵਾ ਸਿੰਘ ਠੀਕਰੀਵਾਲਾ, ਸ਼ਹੀਦ ਊਧਮ ਸਿੰਘ ਤੇ ਭਾਰਤ-ਪਾਕਿਸਤਾਨ ਵੰਡ ਦੇ ਦਰਦਨਾਕ ਦ੍ਰਿਸ਼ ਸ਼ਾਮਲ ਹਨ। ਯਾਦਗਾਰ ਵਿਚ ਇਨ੍ਹਾਂ ਪ੍ਰਮੁੱਖ ਆਜ਼ਾਦੀ ਘੁਲਾਟੀਆਂ ਤੋਂ ਇਲਾਵਾ ਅਜਿਹੇ ਅਨੇਕਾਂ ਨਾਇਕਾਂ ਦੀ ਯਾਦ ਨੂੰ ਵੀ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਦਾ ਯੋਗਦਾਨ ਮੁੱਖ ਧਾਰਾ ਦੇ ਇਤਿਹਾਸ ਵਿਚ ਅਕਸਰ ਪਿੱਛੇ ਰਹਿ ਜਾਂਦਾ ਹੈ।
ਗੈਲਰੀਆਂ ਦੀ ਵੰਡ ਤੇ ਮੁੱਖ ਆਕਰਸ਼ਣ
ਯਾਦਗਾਰ ਦੇ ਵੱਖ-ਵੱਖ ਹਿੱਸਿਆਂ (ਗੈਲਰੀਆਂ) ਵਿਚ ਇਤਿਹਾਸ ਨੂੰ ਆਧੁਨਿਕ ਤਕਨਾਲੋਜੀ ਨਾਲ ਦਰਸਾਇਆ ਗਿਆ ਹੈ:
ਪਹਿਲੀ ਗੈਲਰੀ: ਮਹਾਰਾਜਾ ਰਣਜੀਤ ਸਿੰਘ ’ਤੇ 10 ਮਿੰਟ ਦੀ ਐਨੀਮੇਟਿਡ ਫਿਲਮ ਤੇ ਇਮਰਸਿਵ ਡੋਮ ਸ਼ੋਅ (Immersive Dome Show)।
ਦੂਜੀ ਗੈਲਰੀ: ਕੂਕਾ ਲਹਿਰ, ਊਧਮ ਸਿੰਘ ਦਾ ਲੰਡਨ ਅਦਾਲਤ ਦਾ ਦ੍ਰਿਸ਼, ਸੈਲੂਲਰ ਜੇਲ੍ਹ (ਕਾਲਾ ਪਾਣੀ) ਤੇ ਕਾਮਾਗਾਟਾਮਾਰੂ ਜਹਾਜ਼ ਦਾ ਦ੍ਰਿਸ਼।
ਤੀਜੀ ਗੈਲਰੀ: ਸਿੱਖ-ਐਂਗਲੋ ਯੁੱਧ, ਭਾਈ ਮਹਾਰਾਜ ਸਿੰਘ, ਸਵਦੇਸ਼ੀ ਅੰਦੋਲਨ, ਸਤਿਗੁਰੂ ਰਾਮ ਸਿੰਘ ਜੀ, ਕੂਕਿਆਂ ਦਾ ਰਾਇਕੋਟ ਦ੍ਰਿਸ਼, ਕਿਸਾਨੀ ਅੰਦੋਲਨ ਤੇ ਗ਼ਦਰ ਗੂੰਜ ਅਖ਼ਬਾਰ।
ਚੌਥੀ ਗੈਲਰੀ: ਇੰਡੀਆ ਹਾਊਸ, ਜਲ੍ਹਿਆਂਵਾਲਾ ਬਾਗ਼ ਦਾ ਮਾਡਲ, ਅਸੈਂਬਲੀ ਹਾਲ, ਜੌਨ ਸਾਂਡਰਸ ਦੀ ਹੱਤਿਆ (ਲਾਲਾ ਜੀ ਦੀ ਮੌਤ ਦਾ ਬਦਲਾ), ਭਗਤ ਸਿੰਘ-ਰਾਜਗੁਰੂ-ਸੁਖਦੇਵ ਦੀ ਫ਼ਾਂਸੀ ਦਾ ਦ੍ਰਿਸ਼, ਇੰਡੀਅਨ ਨੈਸ਼ਨਲ ਆਰਮੀ ਤੇ ਭਾਰਤ ਛੱਡੋ ਅੰਦੋਲਨ।
ਪੰਜਵੀਂ ਗੈਲਰੀ: ਗੁਰਦੁਆਰਾ ਰਕਾਬਗੰਜ, ਖ਼ਾਲਸਾ ਕਾਲਜ ਦਾ ਪੈਨਲ ਤੇ ਜਲ੍ਹਿਆਂਵਾਲਾ ਬਾਗ਼ ਦਾ ਪੈਨਲ।
ਛੇਵੀਂ ਗੈਲਰੀ: ਅਕਾਲ ਤਖ਼ਤ ਸਾਹਿਬ (ਚਾਬੀਆਂ ਦਾ ਮੋਰਚਾ), ਨਨਕਾਣਾ ਸਾਹਿਬ ਗੁਰਦੁਆਰਾ ਤੇ ਬੱਬਰ ਅਕਾਲੀ ਲਹਿਰ।
ਸੋ ਇਹ ਯਾਦਗਾਰ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਮਾਧਿਅਮ ਹੈ।
ਸ਼ਹੀਦਾਂ ਦੀ ਅਮਰ ਕੁਰਬਾਨੀ ਦੀ ਪ੍ਰਤੀਕ
ਕਰਤਾਰਪੁਰ ਦੀ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਸਿਰਫ਼ ਇਕ ਇਮਾਰਤ ਜਾਂ ਸੈਰ-ਸਪਾਟੇ ਵਾਲੀ ਥਾਂ ਵਜੋਂ ਨਹੀਂ ਦੇਖਣਾ ਚਾਹੀਦਾ। ਇਹ ਪੰਜਾਬ ਦੀ ਰੂਹ ਨਾਲ ਜੁੜੀ ਯਾਦਗਾਰ ਹੈ। ਇਸ ਦੀਆਂ ਕੰਧਾਂ, ਗੈਲਰੀਆਂ, ਮੂਰਤੀਆਂ ਤੇ ਦ੍ਰਿਸ਼ ਪੇਸ਼ਕਾਰੀਆਂ ਸਾਨੂੰ ਵਾਰ-ਵਾਰ ਯਾਦ ਕਰਵਾਉਂਦੀਆਂ ਹਨ ਕਿ ਆਜ਼ਾਦੀ ਦੀ ਲੜਾਈ ’ਚ ਪੰਜਾਬ ਨੇ ਆਪਣਾ ਬੇਮਿਸਾਲ ਯੋਗਦਾਨ ਪਾਇਆ ਹੈ। ਅਸਲ ’ਚ ਇਹ ਯਾਦਗਾਰ ਬੀਤੇ ਕੱਲ੍ਹ ਤੇ ਅੱਜ ਵਿਚਕਾਰ ਇਕ ਪੁਲ ਹੈ। ਇਹ ਸਾਨੂੰ ਆਪਣੇ ਇਤਿਹਾਸ ਨਾਲ ਜੋੜਦੀ ਹੈ ਤੇ ਭਵਿੱਖ ਲਈ ਸਬਕ ਦਿੰਦੀ ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਕੇਵਲ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਨਹੀਂ ਸਗੋਂ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਨੂੰ ਮਜ਼ਬੂਤ ਬਣਾਉਣ ਦਾ ਸੰਕਲਪ ਲੈਣਾ ਵੀ ਹੈ। ਕਰਤਾਰਪੁਰ ਦੀ ਇਹ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹੀ ਸੁਨੇਹਾ ਦਿੰਦੀ ਹੈ ਕਿ ਆਜ਼ਾਦੀ ਦੀ ਕੀਮਤ ਕੁਰਬਾਨੀਆਂ ਨਾਲ ਅਦਾ ਕੀਤੀ ਗਈ ਸੀ ਤੇ ਇਸ ਦੀ ਕਦਰ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਸੋ ਇਹ ਯਾਦਗਾਰ ਸਾਡੇ ਸ਼ਹੀਦਾਂ ਦੀ ਅਮਰ ਕੁਰਬਾਨੀ ਦਾ ਪ੍ਰਤੀਕ ਹੈ, ਜੋ ਹਰ ਭਾਰਤੀ ਦੇ ਦਿਲ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦੀ ਹੈ।
ਤੇਜਿੰਦਰ ਕੌਰ ਥਿੰਦ