- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਵੰਤ ਸਿੰਘ ਕੰਵਲ ਤੋਂ ਵੀ ਵੱਧ ਵਿਕਣ ਵਾਲਾ ਲੇਖਕ ਰਾਮ ਸਰੂਪ ਅਣਖੀ ਹੀ ਹੁੰਦਾ ਹੈ| ਜੇ ਪੰਜਾਬ ਦੇ ਪਿੰਡਾਂ ਦੀ ਤਸਵੀਰ ਦੇਖਣੀ ਹੋਵੇ ਤਾਂ ਅਣਖੀ ਨੂੰ ਪੜ੍ਹੇ ਬਿਨਾ ਨਹੀਂ ਦੇਖੀ ਜਾ ਸਕਦੀ| ਮਾਲਵੇ ਦੇ ਪਿੰਡਾਂ ਦਾ ਯਥਾਰਥਮਈ ਚਿਤਰਣ ਅਣਖੀ ਦੀ ਸਰਲ ਬੋਲੀ ’ਚ ਆਮ ਪਾਠਕ ਨੂੰ ਕੀਲਣ ਦੇ ਸਮਰੱਥ ਹੈ।

ਰਾਮ ਸਰੂਪ ਅਣਖੀ ਭਾਵੇਂ ਸਰੀਰਕ ਤੌਰ ’ਤੇ 14 ਫਰਵਰੀ 2010 ’ਚ ਸਾਥੋਂ ਵਿਛੜ ਗਏ ਸਨ ਪਰ ਉਨ੍ਹਾਂ ਦੇ ਲਿਖੇ ਨਾਵਲਾਂ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ| ਜਦੋਂ ਕਿਸੇ ਨਾਵਲਕਾਰ ਨੂੰ ਗੀਤਾਂ ’ਚ ਥਾਂ ਮਿਲਦਾ ਹੈ ਤਾਂ ਉਨ੍ਹਾਂ ਗੀਤਾਂ ਨੂੰ ਸੁਣਨ ਵਾਲੀ ਸਾਡੀ ਨੌਜਵਾਨ ਪੀੜ੍ਹੀ ਦੇ ਮਨ ’ਚ ਲੇਖਕ ਦੀਆਂ ਰਚਨਾਵਾਂ ਪ੍ਰਤੀ ਪਿਆਰ ਦਾ ਇਜ਼ਹਾਰ ਹੁੰਦਾ ਹੈ| ਅਣਖੀ ਦੇ ਨਾਵਲਾਂ ਦਾ ਜ਼ਿਕਰ ਗੀਤਾਂ ’ਚ ਦੇਖਿਆ ਜਾ ਸਕਦਾ ਹੈ|ਮੇਰੀ ਜਾਣਕਾਰੀ ਮੁਤਾਬਕ ਤਿੰਨ ਅਜਿਹੇ ਗੀਤ ਮਾਰਕੀਟ ’ਚ ਵੱਜ ਰਹੇ ਹਨ ਜਿਨ੍ਹਾਂ ਨੂੰ ਸੁਣਨ ਵਾਲੇ ਵੀ ਲੱਖਾਂ ਵਿਚ ਹਨ|ਮੈਂ ਔਟਮ ਆਰਟ ਪਬਲੀਕੇਸ਼ਨ ਪਟਿਆਲਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਜਿਸ ਦੀ ਮਾਲਕ ਨੌਜਵਾਨ ਕੁੜੀ ਪ੍ਰੀਤੀ ਸ਼ੈਲੀ ਹੈ| ਉਸ ਨੇ ਅਣਖੀ ਦੇ ਸਾਰੇ ਨਾਵਲ, ਸਾਰੀਆਂ ਕਹਾਣੀਆਂ ਨੂੰ ਨਵੇਂ ਸਿਰੇ ਤੋਂ ਪ੍ਰਕਾਸ਼ਿਤ ਕੀਤਾ ਹੈ| ਉਹ ਆਪ ਦੱਸਦੀ ਹੈ ਕਿ ਅਣਖੀ ਦੇ ਨਾਵਲਾਂ ਨੂੰ ਲੋਕ ਵੱਡੀ ਗਿਣਤੀ ’ਚ ਪਸੰਦ ਕਰਦੇ ਹਨ| ਨੌਜਵਾਨ ਪੀੜ੍ਹੀ ਵਿੱਚ ਅੱਜ ਵੀ ਅਣਖੀ ਦੀਆਂ ਲਿਖਤਾਂ ਪ੍ਰਤੀ ਕਰੇਜ ਹੈ| ਵੱਡੇ -ਵੱਡੇ ਪੁਸਤਕ ਮੇਲਿਆਂ ’ਚ ਨਾਵਲਕਾਰ ਗੁਰਦਿਆਲ ਸਿੰਘ ਤੇ ਜਸਵੰਤ ਸਿੰਘ ਕੰਵਲ ਤੋਂ ਵੀ ਵੱਧ ਵਿਕਣ ਵਾਲਾ ਲੇਖਕ ਰਾਮ ਸਰੂਪ ਅਣਖੀ ਹੀ ਹੁੰਦਾ ਹੈ| ਜੇ ਪੰਜਾਬ ਦੇ ਪਿੰਡਾਂ ਦੀ ਤਸਵੀਰ ਦੇਖਣੀ ਹੋਵੇ ਤਾਂ ਅਣਖੀ ਨੂੰ ਪੜ੍ਹੇ ਬਿਨਾ ਨਹੀਂ ਦੇਖੀ ਜਾ ਸਕਦੀ| ਮਾਲਵੇ ਦੇ ਪਿੰਡਾਂ ਦਾ ਯਥਾਰਥਮਈ ਚਿਤਰਣ ਅਣਖੀ ਦੀ ਸਰਲ ਬੋਲੀ ’ਚ ਆਮ ਪਾਠਕ ਨੂੰ ਕੀਲਣ ਦੇ ਸਮਰੱਥ ਹੈ।
ਮਲਵਈ ਟਿੱਬਿਆਂ ਦੇ ਕੱਕੇ ਰੇਤੇ ਦੀ ਖੁਸ਼ਬੂ
ਹਰਮਨ ਸਿੰਘ ਖਿਆਲਾ ਦੀ ਲਿਖੀ ਪੁਸਤਕ ‘ਰਾਣੀ ਤੱਤ’ ਦੀ ਐਮਾਜ਼ਨ ’ਤੇ ਰੇਟਿੰਗ 5 ਵਿੱਚੋਂ 4.7 ਹੈ| ਉਸਦੇ ਲਿਖੇ ਗੀਤ ਨੂੰ ਮਨਪ੍ਰੀਤ ਵੱਲੋਂ ਸਾਦੇ ਅੰਦਾਜ਼ ’ਚ ਗਿਟਾਰ ਉੱਪਰ ਗਾਇਆ ਗਿਆ ਹੈ| ਉਸ ਵਿਚ ਉਹ ਉਨ੍ਹਾਂ ਟਿੱਬਿਆਂ ਦੇ ਰੇਤੇ ਦੀ ਗੱਲ ਕਰਦਾ| ਅਣਖੀ ਦੇ ਨਾਵਲਾਂ ਦਾ ਜ਼ਿਕਰ ਵੀ ਕਰਦਾ ਹੈ| ਅਣਖੀ ਦੇ ਨਾਵਲਾਂ ’ਚ ਵੀ ਮਲਵਈ ਟਿੱਬਿਆਂ ਦੇ ਕੱਕੇ ਰੇਤੇ ਦੀ ਖੁਸ਼ਬੂ ਹੈ| ਕਵੀ ਦੇ ਗੀਤਾਂ ਦੇ ਬੋਲ ’ਚ ਮੈਂ ਦੋ ਬੰਦਾਂ ਨੂੰ ਤੁਹਾਡੇ ਨਾਲ ਸਾਂਝਾ ਕਰਦਾ ਹਾਂ:
ਸਖੀਏ ਸਰਬੱਤ ਨੀ ਬੀਬੀ ਇਹ ਰਾਣੀ ਤੱਤ ਨੀ ਬੀਬੀ
ਟਿੱਬਿਆਂ ਦਾ ਰੇਤਾ ਐ ਲੋਕਾਂ ਨੂੰ ਭੁੱਲ ਗਿਆ ਹੋਣਾ
ਸਾਨੂੰ ਤਾਂ ਚੇਤਾ ਐ...
ਸਖੀਏ ਸਰਬੱਤ ਨੀ ਬੀਬੀ, ਸਫਿਆਂ ਵੱਲ ਤੱਕ ਨੀ ਬੀਬੀ
ਅੱਖਰ ਹੀ ਬਾਬਲ ਨੀ, ਬੈਠਕ ਵਿਚ ਚਿਣੇ ਪਏ ਨੇ ‘ਅਣਖੀ ਦੇ ਨਾਵਲ ਨੀ...|
ਇਸ ਤਰ੍ਹਾਂ ਹਰਮਨ ਸਿੰਘ ਖਿਆਲਾ ਦਾ ਗੀਤ ’ਚ ਅਣਖੀ ਦੇ ਨਾਵਲਾਂ ਦਾ ਜ਼ਿਕਰ ਸੁਭਾਵਿਕ ਨਹੀਂ ਹੈ, ਹਕੀਕਤ ਹੈ। ਜੋ ਨੌਜਵਾਨ ਪੀੜ੍ਹੀ ਦਾ ਪਸੰਦੀਦਾ ਨਾਵਲਕਾਰ ਹੈ। ਗੀਤਾਂ ਵਿੱਚ ਜ਼ਿਕਰ ਆਉਣ ਨਾਲ ਨਵੀਂ ਪੀੜ੍ਹੀ ਮੁੜ ਤੋਂ ਪੁਸਤਕ ਸੱਭਿਆਚਾਰ ਵੱਲ ਪਰਤਦੀ ਨਜ਼ਰ ਆਉਂਦੀ ਹੈ| ਅਣਖੀ ਦੇ ਨਾਵਲਾਂ ਦੀ ਸਿਫ਼ਤ ਕਰਨ ਦਾ ਹਰਮਨ ਸਿੰਘ ਖਿਆਲਾ ਦਾ ਵੱਖਰਾ ਹੀ ਅੰਦਾਜ਼ ਵਧੀਆ ਲੱਗਿਆ| ਗੀਤਕਾਰ ਸੁਖ ਆਮਦ ਦਾ ਲਿਖਿਆ ਗੀਤ ‘ਸਾਡੇ ਮੇਚ ਦਾ’ ਗਾਇਕ ਸੱਜਣ ਅਦੀਬ ਵੀ ਨੌਜਵਾਨ ਪੀੜ੍ਹੀ ਦਾ ਮਨ ਪਸੰਦ ਗਾਇਕ ਹੈ| ਇਸ ਗੀਤ ’ਚ ਵੀ ਅਣਖੀ ਦੇ ਨਾਵਲਾਂ ਨੂੰ ਬਹੁਤ ਵੱਡੀ ਡਿਗਰੀ ਦੀ ਤਸ਼ਬੀਹ ਨਾਲ ਜੋੜ ਕੇ ਉੱਚਾ ਦਰਜਾ ਦਿੱਤਾ ਗਿਆ ਹੈ| ਲੇਖਕ ਇਹ ਸਮਝਦਾ ਹੈ ਕਿ ਮਲਵਈ ਪਿੰਡਾਂ ਦੇ ਜੀਵਨ ਦੇ ਯਥਾਰਥ ਨੂੰ ਇੱਕ ਥੀਸਿਸ ਵਾਂਗ ਗਲਪ ਵਿੱਚ ਲਿਖਣ ਵਾਲਾ ਲੇਖਕ ਅਣਖੀ ਹੀ ਹੈ;
....ਯਾਰਾਂ ਤੋਂ ਮਿਹਣੇ ਵੱਜਦੇ ਖੋਏ ਦੀਆਂ ਪਿੰਨੀਆਂ ਦੇ
ਬਣ ਜਾਂਦੇ ਆੜੀ ਸਾਡੇ ਕੰਡਕਟਰ ਮਿੰਨੀਆਂ ਦੇ
ਇੰਗਲਿਸ਼ ਤੇਰੀ ਹੋਣ ਨੂੰ ਫਿਰਦੀ ਊੜੇ ਦੇ ਕਾਬਲ ਨੀ
ਸਾਨੂੰ *ਪੀ ਐਚ.ਡੀ. ਵਰਗੇ ਅਣਖੀ ਦੇ ਨਾਵਲ* ਨੀ
ਯੂ ਟਿਊਬ ਤੋਂ ਇਲਾਵਾ ਹੋਰ ਬਹੁਤ ਸਾਰੇ ਚੈਨਲਾਂ ਤੇ ਇਸ ਗੀਤ ਨੂੰ ਲੱਖਾਂ ਹੀ ਸਰੋਤਿਆਂ ਨੇ ਸੁਣਿਆ ਹੈ। ਆਪਣੇ ਕਮੈਂਟਾਂ ਵਿੱਚ ਸਾਨੂੰ ਪੀ.ਐਚ.ਡੀ ਵਰਗੇ ਅਣਖੀ ਦੇ ਨਾਵਲ ਦਾ ਜ਼ਿਕਰ ਵਾਰ-ਵਾਰ ਨੌਜਵਾਨ ਪੀੜ੍ਹੀ ਨੇ ਕੀਤਾ ਹੈ| ਤੀਸਰੀ ਉਦਾਹਰਣ ਵਜ਼ੀਰ ਪਾਤਰ ਦੀ ਗਾਈ ਹੋਈ ਰੈਪ ਤੋਂ ਮਿਲਦੀ ਹੈ। ਇਸ ਰੈਪ ਦੇ ਬੋਲਾਂ ਨੂੰ ਲਿਖਣ ਵਾਲੇ ਮੰਨਾ ਸ਼ਾਹਕੋਟ ਤੇ ਸਿਕੰਦਰ ਕਾਹਲੋਂ ਨੇ ਵੀ ਅਣਖੀ ਨੂੰ ਵੱਖਰੇ ਪਰਿਪੇਖ ਵਿੱਚ ਸ਼ਾਮਿਲ ਕੀਤਾ ਹੈ । ਜਿਵੇਂ ਸੈਮੀ ਆਟੋ ਜੈਮਾ ਸ਼ਾਟ ਗੰਨ ਹੋਮ ਡਿਫੈਂਸ ਲਈ ਬਣੀ ਹੈ। ਉਸਦੇ ਬਦਲ ਵਿੱਚ ਅਣਖੀ ਦੇ ਨਾਵਲ ਘਰਾਂ ਵਿੱਚ ਜੇ ਪੜ੍ਹੇ ਜਾਣ ਤਾਂ ਕਿਸੇ ਵੀ ਗੰਨ ਦੀ ਲੋੜ ਨਹੀਂ। ਨੌਜਵਾਨ ਪੀੜ੍ਹੀ ਨੂੰ ਸਾਹਿਤ ਵੱਲ ਪ੍ਰੇਰਿਤ ਕਰਨ ਵਿੱਚ ਸੋਹਜ, ਸਿਆਣਪ ਸਲੀਕਾ ਲਿਆਉਣ ਲਈ ਅਣਖੀ ਦੇ ਨਾਵਲਾਂ ਨੂੰ ਲੇਖਕ ਬਹੁਤ ਹੀ ਪਿਆਰ ਦਿੰਦੇ ਹਨ। ਜਦੋਂ ਗੀਤਾਂ ਵਿੱਚ ਅਣਖੀ ਦਾ ਜ਼ਿਕਰ ਹੁੰਦਾ ਹੈ ਤਾਂ ਬੁੱਕ ਸਟਾਲਾਂ ਤੇ ਪਏ ਅਣਖੀ ਦੇ ਨਾਵਲ ਆਟੋਮੈਟਿਕ ਹੀ ਖਿੱਚ ਦਾ ਕੇਂਦਰ ਬਣ ਜਾਂਦੇ ਹਨ। ਇਸੇ ਕਰਕੇ ਅਣਖੀ ਦੇ ਨਾਵਲ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹਨ। ਬੋਲਾਂ ’ਚੋਂ ਕੁਝ ਸਤਰਾਂ ;
ਗੱਲ ਅਣਖਾਂ ਤੋਂ ਸ਼ੁਰੂ ਅਣਖਾਂ ਤੇ ਮੁੱਕਦੀ
ਟੁੱਟ ਜਾਣੀ ਮਨਜ਼ੂਰ ਕੌਮ ਨਹੀਂ ਝੁਕਦੀ
ਉਪਰੋਕਤ ਤਿੰਨਾਂ ਉਦਾਹਰਣਾਂ ਵਿਚ ਵੱਖਰੇ-ਵੱਖਰੇ ਸੰਦਰਭ ਵਿਚ ਅਣਖੀ ਦੇ ਨਾਵਲਾਂ ਦਾ ਜ਼ਿਕਰ ਨੌਜਵਾਨ ਗਾਇਕਾਂ ਤੇ ਗੀਤਕਾਰਾਂ ਨੇ ਕੀਤਾ ਹੈ|
‘ਕੋਠੇ ਖੜਕ ਸਿੰਘ’ ਦਾ ਚੇਤਾ
ਇੱਥੇ ਮੈਂ ਕਹਾਣੀਕਾਰ ਕੇਸਰਾ ਰਾਮ ਦੀ ਕਹਾਣੀ ‘ਪਿੰਡਾਂ ਵਿੱਚੋਂ ਪਿੰਡ ਸੁਣੀਦਾ’ ਦਾ ਜ਼ਿਕਰ ਕਰਨਾ ਚਾਹਾਂਗਾ|ਇਸ ਕਹਾਣੀ ’ਚ ਇੱਕ ਪਾਤਰ ਸੰਤੋਸ਼ ਆਨੰਦ ਝਾਅ ਹੈ ਜੋ ਮੂਲ ਰੂਪ ’ਚ ਬਿਹਾਰ ਦਾ ਹੈ| ਉਸ ਦੀ ਬਦਲੀ ਪੰਜਾਬ ’ਚ ਹੋ ਜਾਂਦੀ ਹੈ| ਉਸ ਨੇ ਪੰਜਾਬੀ ਤੋਂ ਹਿੰਦੀ ’ਚ ਅਨੁਵਾਦ ਸਾਹਿਤ ਪੜ੍ਹਿਆ ਹੋਇਆ ਹੈ| ਉਸਦੇ ਦਿਮਾਗ ’ਚ ਮਲਵਈ ਪਿੰਡਾਂ ਦਾ ਨਕਸ਼ਾ ਘੁੰਮਦਾ ਰਹਿੰਦਾ ਹੈ।ਜੋ ਉਸਨੇ ਕੋਠੇ ਖੜਕ ਸਿੰਘ ਨਾਵਲ ਦੇ ਅਨੁਵਾਦ ‘ਕਹਾਣੀ ਏਕ ਗਾਂਵ ਕੀ’ (ਰਾਜਪਾਲ ਐਂਡ ਸੰਨਜ਼ ਪ੍ਰਕਾਸ਼ਨ) ’ਚ ਪੜ੍ਹਿਆ ਸੀ| ਕਹਾਣੀ ’ਚ ਸੰਤੋਸ਼ ਤੇ ਲੇਖਕ ਦੇ ਸੰਵਾਦ ਰਾਹੀਂ ਕਹਿੰਦਾ ਹੈ, ‘ਇਤਿਹਾਸ ਤਾਂ ਭਾਵੇਂ ਪੱਖਪਾਤੀ ਤਰੀਕੇ ਨਾਲ ਲਿਖਿਆ ਹੋਇਆ ਵੀ ਹੋ ਸਕਦਾ ਹੈ| ਕਿਸੇ ਖਿੱਤੇ ’ਚ ਜਾਂ ਕੌਮ ਦੇ ਅਤੀਤ ਨੂੰ ਸਹੀ ਅਰਥਾਂ ’ਚ ਜਾਨਣਾ, ਸਮਝਣਾ ਹੋਵੇ ਤਾਂ ਉਥੋਂ ਦੇ ਉਸ ਸਮੇਂ ਦੇ ਸਾਹਿਤ ’ਚੋਂ ਹੀ ਜਾਣਿਆ ਜਾ ਸਕਦਾ ਹੈ’। ਇਸ ਤਰ੍ਹਾਂ ਦੀ ਸੋਚ ਰੱਖਦਾ ਪਾਤਰ ਸੰਤੋਸ਼ ਕੋਠੇ ਖੜਕ ਸਿੰਘ ਪਿੰਡ (ਅਣਖੀ ਦਾ ਨਾਵਲ ‘ਕੋਠੇ ਖੜਕ ਸਿੰਘ’ ਦੇਖਣ ਦੀ ਇੱਛਾ ਰੱਖਦਾ ਹੈ|
ਇਸੇ ਕਹਾਣੀ ’ਚ ਇੱਕ ਵਿਆਹ ’ਚ ਸ਼ਾਮਿਲ ਹੋਣ ਦਾ ਜ਼ਿਕਰ ਆਉਂਦਾ ਹੈ| ਕਹਾਣੀ ਦੇ ’ਚ ਮੈਂ ਪਾਤਰ ਤੇ ਸੰਤੋਸ਼ ਦੀ ਗੱਲਬਾਤ ਦਾ ਜ਼ਿਕਰ, ਉਹ ਆਪ ਹੀ ਕਿਆਸ ਲਾ ਕੇ ਕਹਿੰਦਾ ਹੈ; ‘ਪਿੰਡ ਦਾ ਨਾਂ ਕੋਠੇ ਖੜਕ ਸਿੰਘ ਹੋਣਾ ਹੈਂ? ਮੈਂ ਹੈਰਾਨੀ ਪ੍ਰਗਟਾਈ, ‘ਮਤਲਬ ?’ ਸੰਤੋਸ਼ ਹੱਸ ਪਿਆ, ‘ਜੱਗੀ ਭਾਈ ਸਾਹਿਬ ਨੇ ਦੱਸਿਆ ਸੀ ਨਾ, ਪਿੰਡ ਤਾਂ ਬਰਨਾਲੇ ਤੋਂ ਖਾਸਾ ਅੱਗੇ ਪੈਂਦਾ। ਕਹਾਣੀ ਦੇ ਪ੍ਰਸੰਗ ’ਚ ਪਾਤਰ ਸੰਤੋਸ਼ ਦੇ ਮਨ ਵਿਚ ਵਸਿਆ ਉਹ ਕਲਪਿਤ ਪਿੰਡ ਜੋ ਅਣਖੀ ਨੇ ਸਾਰੇ ਪਿੰਡਾਂ ਨਾਲ ਜੋੜ ਕੇ ਵਸਾਇਆ ਸੀ।ਇਸ ਕਹਾਣੀ ਵਿਚ ਦਰਜ ਵੇਰਵੇ ਦੱਸਦੇ ਹਨ ਕਿ ਲੇਖਕ ਦੀ ਲੇਖਣੀ ਕਿਸ ਹੱਦ ਤੱਕ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ । ਅਣਖੀ ਦੇ ਜੱਦੀ ਪਿੰਡ ਧੌਲੇ ਵਿਖੇ ਨੌਜਵਾਨਾਂ ਨੇ ਮਿਲ ਕੇ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਬਣਾਈ| 14 ਫਰਵਰੀ ਨੂੰ ਬਰਸੀ ਤੇ 28 ਅਗਸਤ ਨੂੰ ਜਨਮ ਦਿਨ ਮਨਾਉਂਦੀ ਹੈ|
-ਡਾ: ਭੁਪਿੰਦਰ ਸਿੰਘ ਬੇਦੀ
94170-61645