- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੱਲ ਉਨ੍ਹਾਂ ਵੇਲਿਆਂ ਦੀ ਹੈ, ਜਦੋਂ ਕੋਠੇ ’ਤੇ ਲੱਗੇ ਐਂਟੀਨੇ ਨੂੰ ਘੁਮਾ-ਘੁਮਾ ਕੇ ਟੀਵੀ ’ਚ ਪਾਕਿਸਤਾਨ ਦਾ ਚੈਨਲ ਵੇਖਣ ਦੀ ਕੋਸ਼ਿਸ਼ ਕਰਦੇ ਸੀ। ਮੱਝਾਂ ਦੀਆਂ ਪੂੰਛਾਂ ਫੜ ਕੇ ਛੱਪੜ ’ਚ ਤਾਰੀਆਂ ਲਾਉਂਦੇ ਸੀ ਜਾਂ ਫਿਰ ਟਿੱਬੇ ’ਤੇ ਉਗਾਏ ਛੋਲਿਆਂ ਦੀ ਰਾਖੀ ਕਰਦੇ ਪਿੰਡੋਂ ਦੂਰ ਰੋਹੀਆਂ ’ਚ ਜੌਂਆਂ ’ਚੋਂ ਤਿੱਤਰਾਂ ਨੂੰ ‘ਕੁਰਾਨ ਤੇਰੀ ਕੁਦਰਤ, ਕੁਰਾਨ ਤੇਰੀ ਕੁਦਰਤ’ ਬੋਲਦਿਆਂ ਨੂੰ ਸੁਣਦੇ ਸੀ।

ਗੱਲ ਉਨ੍ਹਾਂ ਵੇਲਿਆਂ ਦੀ ਹੈ, ਜਦੋਂ ਕੋਠੇ ’ਤੇ ਲੱਗੇ ਐਂਟੀਨੇ ਨੂੰ ਘੁਮਾ-ਘੁਮਾ ਕੇ ਟੀਵੀ ’ਚ ਪਾਕਿਸਤਾਨ ਦਾ ਚੈਨਲ ਵੇਖਣ ਦੀ ਕੋਸ਼ਿਸ਼ ਕਰਦੇ ਸੀ। ਮੱਝਾਂ ਦੀਆਂ ਪੂੰਛਾਂ ਫੜ ਕੇ ਛੱਪੜ ’ਚ ਤਾਰੀਆਂ ਲਾਉਂਦੇ ਸੀ ਜਾਂ ਫਿਰ ਟਿੱਬੇ ’ਤੇ ਉਗਾਏ ਛੋਲਿਆਂ ਦੀ ਰਾਖੀ ਕਰਦੇ ਪਿੰਡੋਂ ਦੂਰ ਰੋਹੀਆਂ ’ਚ ਜੌਂਆਂ ’ਚੋਂ ਤਿੱਤਰਾਂ ਨੂੰ ‘ਕੁਰਾਨ ਤੇਰੀ ਕੁਦਰਤ, ਕੁਰਾਨ ਤੇਰੀ ਕੁਦਰਤ’ ਬੋਲਦਿਆਂ ਨੂੰ ਸੁਣਦੇ ਸੀ। ਗਰਮੀਂ ਦੀਆਂ ਛੁੱਟੀਆਂ ’ਚ ਅੰਬੀਆਂ ਦੀ ਰਾਖੀ ਕਰਦੇ, ਤੋਤਿਆਂ ਨੂੰ ਉਡਾਉਂਦੇ ਤੇ ਬੇਬੇ ਦੀ ਰੋਟੀ ਨੂੰ ਉਡੀਕਦੇ। ਖੇਤ ਨਰਮਾ ਚੁਗਦਿਆਂ ਜਾਂ ਕਣਕ ਵੱਢਦਿਆਂ ਨੂੰ ਰੋਟੀ ਖਾਣ ਦਾ ਜੋ ਸੁਆਦ ਆਉਂਦਾ ਸੀ, ਉਹ ਹੁਣ ਫਾਈਵ ਸਟਾਰ ਹੋਟਲਾਂ ’ਚ ਬੈਠ ਕੇ ਵੀ ਨਹੀਂ ਆਉਂਦਾ। ਅੰਬ ਦੇ ਅਚਾਰ ਨਾਲ ਗੁੜ ਹੁੰਦਾ ਤਾਂ ਰੋਟੀ ਖਾਣ ਦਾ ਸੁਆਦ ਦੁੱਗਣਾ ਹੋ ਜਾਂਦਾ। ਜੇ ਘਰੇ ਦੋ ਰੋਟੀਆਂ ਖਾਂਦੇ ਤਾਂ ਖੇਤ ਚਾਰ-ਚਾਰ ਖਾ ਜਾਂਦੇ । ਨਰਮਾ ਚੁਗਦਿਆਂ ਦੁਪਹਿਰੇ ਬਾਟੀ ਨਾਲ ਚੁੱਲ੍ਹਾ ਪੁੱਟ ਕੇ ਅੱਗ ਬਾਲ ਕੇ ਚਾਹ ਬਣਾਉਂਦੇ ਤੇ ਫਿਰ ਉਨ੍ਹਾਂ ਕੋਲਿਆਂ ’ਤੇ ਰੋਟੀ ਗਰਮ ਕਰ ਕੇ ਚਟਨੀ ਜਾਂ ਅਚਾਰ ਨਾਲ ਖਾਂਦੇ ਤਾਂ ਆਹ! ਅੱਜ ਵੀ ਕੋਲਿਆਂ ’ਤੇ ਗਰਮ ਕੀਤੀ ਰੋਟੀ ਦੀ ਮਹਿਕ, ਸੁਆਦ, ਚੇਤਿਆਂ ’ਚ ਕਿਧਰੇ ਸਾਂਭਿਆ ਪਿਐ। ਬਾਪੂ ਨਾਲ ਸੁਹਾਗੇ ’ਤੇ ਝੂਟੇ ਲੈਣੇ ਤੇ ਫੇਰ ਖੇਤੋਂ ਛੱਲੀਆਂ ਲਿਆ ਕੇ ਭੁੰਨਣੀਆਂ। ਮੀਂਹ ਪਏ ਤੋਂ ਪਿੱਪਲ ਦੇ ਪੱਤਿਆਂ ਦੀ ਮਦਦ ਨਾਲ ਬਣਾਏ ਗਏ ਬੇਬੇ ਦੇ ਪੂੜੇ ਯਾਦ ਕਰਦਿਆਂ ਅੱਜ ਵੀ ਸੁਆਦ-ਸੁਆਦ ਹੋ ਜਾਈਦੈ।
ਜਲੰਧਰ ਦੂਰਦਰਸ਼ਨ ਹੀ ਉਦੋਂ ਇੱਕੋ ਇਕ ਚੈਨਲ ਸੀ ਮਨੋਰੰਜਨ ਤੇ ਖ਼ਬਰਾਂ ਦਾ। ਬੇਬੇ ਨੂੰ ਸਿਰਫ਼ ਇੱਕੋ ਗਾਇਕ ਉਦੋਂ ਵਧੀਆ ਲੱਗਦਾ ਸੀ ਹੰਸ ਰਾਜ ਹੰਸ। ਉਹ ਉਸ ਦਾ ਨਾਂ ਤਾਂ ਭੁੱਲ ਜਾਂਦੀ ਪਰ ਉਹਦੇ ਧੌਣ ਪਿੱਛੇ ਰੱਖੇ ਲੰਮੇ, ਘੁੰਗਰਾਲੇ ਵਾਲਾਂ ਨੂੰ ਹਿਲਾਉਣ ਦਾ ਅੰਦਾਜ਼ ਬੜਾ ਵਧੀਆ ਲੱਗਦਾ। ਜਦੋਂ ਉਹ ‘ਚੂੜੀਆਂ ਨੇ ਗੀਤ ਛੇੜ ਲਏ’ ਗਾਉਂਦਾ ਤਾਂ ਬੇਬੇ ਨੂੰ ਉਹ ਸੱਚਮੁੱਚ ਕੋਈ ਵਲੀ ਜਾਂ ਫ਼ਕੀਰ ਲੱਗਦਾ। ਮੈਨੂੰ ਵੀ ਸ਼ਾਇਦ ਏਸੇ ਕਰਕੇ ਉਹ ਗਾਇਕ ਚੰਗਾ ਲੱਗਣ ਲੱਗ ਪਿਆ ਸੀ। ਬੇਬੇ, ਜਿਸ ਦਾ ਨਾਂ ਵਿੱਦਿਆ ਸੀ, ਪਿੰਡ ਵਾਲੇ ਉਸ ਦਾ ਬੜਾ ਸਤਿਕਾਰ ਕਰਦੇ। ਬੇਬੇ ਕਦੇ ਕਿਸੇ ਦੀ ਘੱਟ-ਵੱਧ ਗੱਲ ਨਾ ਕਰਦੀ ਤੇ ਨਾ ਸੁਣਦੀ। ਵਾਹ ਲੱਗਦੀ ਸਭ ਦੇ ਕੰਮ ਆਉਂਦੀ। ਸਾਧਾਂ ਵਾਲੇ ਡੇਰੇ ਜਾਂ ਪੀਰਾਂ ਦੀ ਮਜ਼ਾਰ ’ਤੇ ਮੇਰੀ ਖ਼ਾਤਰ ਮੱਥੇ ਰਗੜਦੀ, ਸੁੱਖਾਂ ਸੁੱਖਦੀ ਤੇ ਨਿਆਜ਼ਾਂ ਕਰ-ਕਰ ਵੰਡਦੀ। ਪਿੰਡੋਂ 14-15 ਮੀਲ ਦੂਰ ਗਿੱਦੜਬਾਹੇ ਦੀ ਮੰਡੀ ਤੋਂ ਰਾਸ਼ਨ-ਪਾਣੀ ਖ਼ਰੀਦਣ ਗਈ ਮੇਰੇ ਲਈ ਪਸੰਦੀਦਾ ਖੰਡ ਦੇ ਖਿਡੌਣੇ ਜਾਂ ਕੇਲੇ ਜ਼ਰੂਰ ਲੈ ਕੇ ਆਉਂਦੀ।
ਬਾਪੂ ਵਿਚਾਰਾ ਸਾਰਾ ਦਿਨ ਖੇਤ ਕੰਮ ਕਰਦਾ ਜਾਂ ਘਰ ਬੱਲਦਾਂ, ਮੱਝਾਂ ਨੂੰ ਸੰਭਾਲਣ ਵਿਚ ਰੁੱਝਿਆ ਰਹਿੰਦਾ। ਮਿੱਟੀ ਨਾਲ ਮਿੱਟੀ ਹੋਇਆ ਕਦੇ ਟਿਕ ਕੇ ਨਾ ਬੈਠਦਾ। ਬਾਪੂ ਹਿੰਮਤੀ ਬਹੁਤ ਸੀ। ਆਵਾਜ਼ ਉੱਚੀ ਹੁੰਦੀ ਪਰ ਦਿਲ ’ਚ ਖ਼ਾਕ ਜੇਡ ਨਿਰਮਾਣਤਾ। ਪਸ਼ੂਆਂ ਦਾ ਬੜਾ ਪਾਰਖੂ ਸੀ। ਬਿਮਾਰ ਪਸ਼ੂ ਦਾ ਓਹੜ-ਪੋਹੜ ਆਪ ਹੀ ਕਰ ਲੈਂਦਾ। ਲੋਕਾਂ ਦੇ ਪਸ਼ੂਆਂ ਦਾ ਵੀ ਕਰ ਆਉਂਦਾ। ਖੇਤ ਉਗਾਈਆਂ ਸਬਜ਼ੀਆਂ ਆਂਢ-ਗੁਆਂਢ ’ਚ ਵੀ ਵੰਡ ਆਉਂਦਾ। ਸ਼ਾਇਦ ਇਹੋ ਕਾਰਨ ਸੀ ਕਿ ਲੋਕ ਬੇਬੇ-ਬਾਪੂ ਨੂੰ ਬੜਾ ਮਾਣ-ਸਤਿਕਾਰ ਦਿੰਦੇ ਸਨ। ਉਦੋਂ ਘਰ ਤਾਂ ਭਾਵੇਂ ਅੱਧੇ ਕੱਚੇ ਸਨ ਪਰ ਦਿਲ ਪੂਰੇ ਸੱਚੇ ਸਨ। ਪਰ ਕਹਿੰਦੇ ਨੇ ਕਿ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ । ਸੁੱਖਾਂ ਪਿੱਛੋਂ ਦੁੱਖ ਤੇ ਦੁੱਖਾਂ ਪਿੱਛੋਂ ਸੁੱਖਾਂ ਦਾ ਦੇਰ-ਸਵੇਰ ਜਾਂ ਵਲ-ਫੇਰ ਪਾ ਕੇ ਆਉਣਾ ਲਾਜ਼ਮੀ ਹੈ, ਕੁਦਰਤੀ ਹੈ। ਉਦੋਂ ਮੈਂ ਅਜੇ ਬਾਰ੍ਹਵੀਂ ਜਮਾਤ ’ਚ ਸੀ। ਇੱਕ ਦਿਨ ਦੀ ਗੱਲ ਹੈ ਕਿ ਰਾਤੀਂ ਵਿਹੜੇ ’ਚ ਬੈਠੇ ਮੈਂ ਤੇ ਬੇਬੇ ਰੋਟੀ ਖਾ ਰਹੇ ਸੀ। ਬਾਪੂ ਕਿਤੇ ਲਾਂਭੇ ਗਿਆ ਹੋਇਆ ਸੀ। ਘਰ ’ਚ ਨਵੇਂ ਲੱਗੇ ਟੈਲੀਫੋਨ ਦੀਆਂ ਗੱਲਾਂ ਕਰੀ ਜਾ ਰਹੇ ਸੀ। ਟੀਵੀ ’ਚ ਉਹੀ ਲੰਮੇਂ ਵਾਲਾਂ ਵਾਲਾ ਗਾਇਕ ਗਾ ਰਿਹਾ ਸੀ। ਆਚਾਨਕ ਮੈਂ ਦੇਖਿਆ ਕਿ ਬੇਬੇ ਆਪਣੇ ਮੂੰਹ ਵਿੱਚੋਂ ਅੰਬ ਦੀ ਗਿਟਕ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਹੱਥ ਜਿਵੇਂ ਪੱਥਰ ਹੋ ਗਿਆ ਹੋਵੇ। ਬੋਲਿਆ ਵੀ ਨਾ ਗਿਆ। ਮੈਂ ਕਾਹਲੀ ਨਾਲ ਉਸ ਦੇ ਮੂੰਹ ’ਚੋਂ ਗਿਟਕ ਕੱਢੀ ਤਾਂ ਉਹ ਇਕ ਪਾਸੇ ਟੇਢੀ ਹੋ ਗਈ ਤੇ ਥਥਲਾਉਣ ਲੱਗ ਪਈ। ਮੈਂ ਘਬਰਾ ਗਿਆ। ਕਾਹਲੀ ਨਾਲ ਪਿੰਡ ਦੇ ਸਿਆਣੇ ਡਾਕਟਰ ਨੂੰ ਫੋਨ ਕੀਤਾ। ਭੱਜ ਕੇ ਬੇਬੇ ਦੀ ਸਹੇਲੀ ਤਾਈ ਬਚਨੋਂ ਨੂੰ ਬੁਲਾ ਲਿਆਇਆ। ਪਤਾ ਨਹੀਂ ਕਿਵੇਂ ਡਾਕਟਰ ਦੇ ਆਉਣ ਤੋਂ ਪਹਿਲਾਂ ਹੀ ਸਾਰਾ ਆਂਢ-ਗੁਆਂਢ ਸਾਡੇ ਘਰ ਇਕੱਠਾ ਹੋ ਗਿਆ। ਡਾਕਟਰ ਨੇ ਆ ਕੇ ਚੈੱਕ ਕੀਤਾ ਤੇ ਇਕ-ਦੋ ਟੀਕੇ ਲਾਏ। ਬੇਬੇ ਬੇਸੁਰਤ ਜਿਹੀ ਹੋ ਗਈ। ਡਾਕਟਰ ਮੈਨੂੰ ਕਹਿੰਦਾ ‘ਤੇਰੀ ਬੇਬੇ ਨੂੰ ਅਧਰੰਗ ਦਾ ਦੌਰਾ ਪਿਐ। ਸ਼ਹਿਰ ਲੈ ਕੇ ਜਾਣਾ ਪਊ।’ ਮੇਰੇ ਤਾਂ ਜਿਵੇਂ ਹੱਥ-ਪੈਰ ਫੁੱਲ ਗਏ। ਚਾਚੇ ਨੇ ਆ ਕੇ ਮੈਨੂੰ ਸੰਭਾਲਿਆ। ਇਕ ਗੁਆਂਢੀ ਕਿਸੇ ਦੀ ਜੀਪ ਲੈ ਆਇਆ। ਤਾਈ ਬਚਨੋ ਤੇ ਚਾਚਾ ਬੇਬੇ ਨੂੰ ਸ਼ਹਿਰ ਲੈ ਕੇ ਚੱਲ ਪਏ। ਸ਼ਹਿਰ ਮੈਂ ਮਾਮਿਆਂ ਨੂੰ ਫੋਨ ਕਰ ਦਿੱਤਾ। ਉਨ੍ਹਾਂ ਹਸਪਤਾਲ ਜਾ ਕੇ ਬੇਬੇ ਨੂੰ ਦਾਖ਼ਲ ਕਰਵਾ ਦਿੱਤਾ। ਮੇਰੀ ਸਾਰੀ ਰਾਤ ਬੇਚੈਨੀ ’ਚ ਲੰਘੀ। ਘਰਾਂ ’ਚੋਂ ਲੱਗਦਾ ਇਕ ਚਾਚਾ ਮੇਰੇ ਕੋਲ ਹੀ ਪੈ ਗਿਆ।
ਦੂਜੇ ਦਿਨ ਸਵੇਰੇ ਬੇਬੇ ਨੂੰ ਹੋਸ਼ ਆਈ। ਦੁਪਹਿਰ ਵੇਲੇ ਮੈਂ ਤੇ ਬਾਪੂ ਸ਼ਹਿਰ ਹਸਪਤਾਲ ਗਏ ਤਾਂ ਪਤਾ ਲੱਗਿਆ ਕਿ ਬੇਬੇ ਦਾ ਇਕ ਪਾਸਾ ਮਾਰਿਆ ਗਿਆ। ਉਹ ਤੁਰਨ-ਫਿਰਨ ਤੇ ਬੋਲਣ-ਚੱਲਣ ਤੋਂ ਸ਼ਾਇਦ ਅਸਮਰੱਥ ਹੋ ਗਈ ਸੀ। ਦੌਰਾ ਬਹੁਤ ਜ਼ਬਰਦਸਤ ਸੀ। ਪੂਰੇ ਸਰੀਰ ਨੂੰ ਹੀ ਪ੍ਰਭਾਵਿਤ ਕੀਤਾ ਸੀ ਪਰ ਇਕ ਪਾਸਾ ਤਾਂ ਬਿਲਕੁਲ ਨਕਾਰਾ ਹੋ ਗਿਆ ਸੀ । ਮੈਨੂੰ ਹਿੱਕ ਨਾਲ ਲਾ ਬੇਬੇ ਅੱਖਾਂ ਭਰ ਆਈ ਤੇ ਬਾਪੂ ਬਾਹਰ ਆ ਕੇ ਉੱਚੀ-ਉੱਚੀ ਰੋਣ ਲੱਗ ਪਿਆ। ਛੋਟੇ ਮਾਮੇ ਨੇ ਉਸ ਨੂੰ ਮਸਾਂ ਚੁੱਪ ਕਰਾਇਆ। ਸ਼ਾਮ ਨੂੰ ਮੱਝਾਂ ਤੇ ਘਰ ਸਾਂਭਣ ਲਈ ਮੈਨੂੰ ਪਿੰਡ ਭੇਜ ਦਿੱਤਾ ਤੇ ਬਾਪੂ ਉੱਥੇ ਹੀ ਰਹਿ ਪਿਆ। ਚਾਰ ਦਿਨਾਂ ਪਿੱਛੋਂ ਵੀ ਜਦ ਬੇਬੇ ਦੀ ਹਾਲਤ ਨਾ ਸੁਧਰੀ ਤਾਂ ਬਾਪੂ ਤੇ ਮਾਮੇ ਉਸ ਨੂੰ ਲੈ ਕੇ ਪਹਿਲਾਂ ਕਾਲਿਆਂ ਵਾਲੀ ਮੰਡੀ, ਫੇਰ ਭਦੌੜ ਤੇ ਫੇਰ ਪਤਾ ਨਹੀਂ ਕਿੱਥੇ-ਕਿੱਥੇ ਲੈ ਕੇ ਗਏ ਪਰ ਬੇਬੇ ਦੀ ਸਿਹਤ ’ਚ ਕੋਈ ਫ਼ਰਕ ਨਾ ਪਿਆ। ਆਖ਼ਰ ਥੱਕ-ਹਾਰ ਕੇ ਬੇਬੇ ਨੂੰ ਘਰ ਲੈ ਆਏ। ਬਾਪੂ ਤੇ ਮੈਂ ਦਿਨ-ਰਾਤ ਬੇਬੇ ਦਾ ਖ਼ਿਆਲ ਰੱਖਦੇ। ਰੋਟੀ ਦੀ ਨਿੱਕੀ-ਨਿੱਕੀ ਬੁਰਕੀ ਤੋੜ ਕੇ ਆਪ ਉਸ ਨੂੰ ਖਵਾਉਂਦੇ। ਦੁੱਧ ਪਿਆਉਂਦੇ ਤੇ ਦਵਾਈ ਦਿੰਦੇ। ਤਿੰਨੋਂ ਮਾਮੇ ਤੇ ਉਨ੍ਹਾਂ ਦੇ ਪਰਿਵਾਰ ਵੀ ਵਾਰੀ-ਵਾਰੀ ਛੁੱਟੀਆਂ ਲੈ ਕੇ ਬੇਬੇ ਦੀ ਸੇਵਾ ਕਰਨ ਲਈ ਪਿੰਡ ਆਉਂਦੇ ਰਹਿੰਦੇ।
ਉਨ੍ਹਾਂ ਦਿਨਾਂ ’ਚ ਹੀ ਨਰਮੇ ਨੂੰ ਸੁੰਡੀ ਪੈ ਗਈ ਤੇ ਹੱਥ ਪੱਲੇ ਕੁਝ ਨਾ ਆਇਆ। ਬਾਪੂ ਦੇ ਮਨ ’ਤੇ ਦੋਹਰਾ ਬੋਝ ਪੈ ਗਿਆ। ਹੁਣ ਉਹ ਸਾਰਾ ਦਿਨ ਘਰੇ ਚੁੱਪ-ਚਾਪ ਪਿਆ ਰਹਿੰਦਾ। ਟਿਕਟਿਕੀ ਲਗਾ ਕੇ ਕਦੇ ਛੱਤ ਵੱਲ ਤੇ ਕਦੇ ਬੇਬੇ ਵੱਲ ਵੇਖਦਾ ਰਹਿੰਦਾ। ਹੌਲੀ-ਹੌਲੀ ਉਹ ਇਕੱਲਾ ਪਿਆ ਹੀ ਬੋਲਣ ਲੱਗ ਪਿਆ। ਤੁਰਿਆ-ਫਿਰਦਾ ਕੁਝ ਨਾ ਕੁਝ ਬੋਲਦਾ ਰਹਿੰਦਾ। ਛੇ ਕੁ ਮਹੀਨਿਆਂ ’ਚ ਉਸ ਦਾ ਦਿਮਾਗ਼ ਬੁਰੀ ਤਰ੍ਹਾਂ ਹਿੱਲ ਗਿਆ। ਚਾਚੇ ਤੇ ਮਾਮਿਆਂ ਨੇ ਬਾਪੂ ਨੂੰ ਵੀ ਬਥੇਰੀਆਂ ਦਵਾਈਆਂ ਖਵਾਈਆਂ। ਕਦੇ ਬਠਿੰਡੇ, ਕਦੇ ਸਰਸੇ, ਕਦੇ ਅੰਮ੍ਰਿਤਸਰ ਤੇ ਕਦੇ ਲੁਧਿਆਣੇ ਲੈ ਕੇ ਫਿਰਦੇ ਰਹੇ ਪਰ ਬਾਪੂ ਦਾ ਦਿਮਾਗ਼ ਦਿਨੋਂ-ਦਿਨ ਹਿੱਲਦਾ ਗਿਆ ਤੇ ਆਖ਼ਰ ਬੇਬੇ ਨਾਲ ਬਾਪੂ ਦਾ ਵੀ ਮੰਜਾ ਡਹਿ ਗਿਆ। ਘਰ, ਖੇਤ ਦੀ ਸਾਰੀ ਜ਼ਿੰਮੇਵਾਰੀ ਮੇਰੇ ਉੱਤੇ ਆ ਪਈ। ਤਾਈ ਬਚਨੋ ਸਵੇਰੇ-ਸ਼ਾਮ ਰੋਟੀ-ਟੁੱਕ ਕਰ ਜਾਂਦੀ। ਬੇਬੇ ਨੂੰ ਨਹਾ ਜਾਂਦੀ ਤੇ ਧਾਰਾਂ ਕੱਢ ਜਾਂਦੀ। ਬਾਪੂ ਹੁਣ ਰਾਤ ਨੂੰ ਉੱਠ-ਉੱਠ ਕੇ ਬਾਹਰ ਭੱਜਣ ਲੱਗ ਪਿਆ। ਖੇਤ ਜਾ ਵੜਦਾ ਤੇ ਡਿੱਗ ਕੇ ਸੱਟ-ਫੇਟ ਖਾ ਲੈਂਦਾ। ਚਾਚੇ ਨੇ ਮੇਰੇ ਨਾਲ ਸਲਾਹ ਕਰ ਕੇ ਪਸ਼ੂ ਵੇਚ ਦਿੱਤੇ ਤੇ ਜ਼ਮੀਨ ਹਿੱਸੇ ’ਤੇ ਦੇ ਦਿੱਤੀ। ਹੁਣ ਹਾਲਤ ਇਹ ਹੋ ਗਈ ਸੀ ਕਿ ਮੈਂ ਸਵੇਰੇ ਘਰੋਂ ਕਾਲਜ ਜਾਣ ਲੱਗਾ ਬਾਪੂ ਨੂੰ ਰੋਟੀ-ਪਾਣੀ ਖਵਾ ਕੇ ਮੰਜੇ ਨਾਲ ਹੀ ਬੰਨ੍ਹ ਜਾਂਦਾ ਤੇ ਆ ਕੇ ਖੋਲ੍ਹਦਾ। ਪਿੱਛੋਂ ਬੇਬੇ ਕੋਲ ਤਾਈ ਬੈਠੀ ਰਹਿੰਦੀ। ਮਾਮੇ ਵੀ ਵਾਰੀ ਸਿਰ ਤੇ ਕਦੇ ਇਕੱਠੇ ਹੀ ਛੁੱਟੀ ਵਾਲੇ ਦਿਨ ਪਿੰਡ ਆਉਂਦੇ, ਕਈ-ਕਈ ਦਿਨ ਰਹਿੰਦੇ ਤੇ ਬੇਬੇ-ਬਾਪੂ ਦਾ ਸਮੇਤ ਮੇਰਾ ਵੀ ਬੇਹੱਦ ਫ਼ਿਕਰ ਕਰਦੇ।
ਇਕ ਸਵੇਰ ਜਦੋਂ ਬਾਪੂ ਨੂੰ ਮੈਂ ਚਾਹ ਪੀਣ ਲਈ ਉਠਾਇਆ ਤਾਂ ਉਹ ਉੱਠਿਆ ਹੀ ਨਹੀਂ। ਸ਼ਾਇਦ ਸਿਰ੍ਹਾਣੇ ਪਈਆਂ ਨੀਂਦ ਦੀਆਂ ਸਾਰੀਆਂ ਗੋਲੀਆਂ ਰਾਤੀਂ ਉੱਠ ਕੇ ਉਹ ਖਾ ਗਿਆ ਤੇ ਸਭ ਦੁੱਖਾਂ-ਮੁਸੀਬਤਾਂ ਤੋਂ ਛੁਟਕਾਰਾ ਪਾ ਗਿਆ। ਮੈਂ ਡਾਕਟਰ ਨੂੰ ਬੁਲਾਇਆ। ਉਸ ਨੇ ਨਬਜ਼ ਅਤੇ ਅੱਖਾਂ ਚੈੱਕ ਕਰ ਕੇ ਹੀ ਕਹਿ ਦਿੱਤਾ ਕਿ ਤੇਰਾ ਬਾਪੂ ਹੁਣ ਨਹੀਂ ਰਿਹਾ। ਮੈਂ ਜ਼ੋਰ-ਜ਼ੋਰ ਦੀ ਰੋਣ ਲੱਗਿਆ। ਬੇਬੇ ਵੀ ਪਈ ਰੋਂਦੀ ਰਹੀ। ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉੱਠ ਨਾ ਸਕੀ। ਸ਼ਾਮ ਤੱਕ ਸਾਰੇ ਨੇੜਲੇ ਰਿਸ਼ਤੇਦਾਰ ਆ ਗਏ ਤੇ ਬਾਪੂ ਦਾ ਸਸਕਾਰ ਕਰ ਦਿੱਤਾ। ਹੁਣ ਘਰ ਵਿਚ ਮੰਜੇ ’ਤੇ ਪਈ ਬੇਬੇ ਤੇ ਮੈਂ ਹੀ ਰਹਿ ਗਏ ਸੀ। ਚਾਚੀ ਮੇਰੀ ਜ਼ਰਾ ਰੁੱਖੇ ਤੇ ਅੜਬ ਸੁਭਾਅ ਦੀ ਸੀ। ਉਹ ਸ਼ੁਰੂ ਤੋਂ ਹੀ ਸਾਡੇ ਨਾਲ ਸ਼ਰੀਕਾ ਕਰਦੀ ਰਹਿੰਦੀ। ਇਸੇ ਕਰਕੇ ਚਾਚੇ ਨੂੰ ਲੈ ਕੇ ਕਈ ਵਰ੍ਹੇ ਪਹਿਲਾਂ ਹੀ ਅੱਡ ਹੋ ਗਈ ਸੀ ਪਰ ਚਾਚਾ ਦਿਲ ਦਾ ਬੜਾ ਸਾਊ ਸੀ। ਬਾਪੂ ਨਾਲ ਬਹੁਤ ਮੋਹ ਸੀ। ਵਾਹ ਲੱਗਦੀ ਚਾਚੀ ਉਸ ਨੂੰ ਸਾਡੇ ਘਰ ਆਉਣ ਤੋਂ ਰੋਕਦੀ ਪਰ ਚਾਚਾ ਫੇਰ ਵੀ ਅੱਖ ਬਚਾ ਕੇ ਵੇਲੇ-ਕੁਵੇਲੇ ਆਉਂਦਾ-ਜਾਂਦਾ ਰਹਿੰਦਾ। ਜਦੋਂ ਬੇਬੇ ਤੇ ਮੈਂ ਇੱਕਲੇ ਹੀ ਰਹਿ ਗਏ ਤਾਂ ਮੈਂ ਕਈ-ਕਈ ਦਿਨ ਕਾਲਜ ਨਾ ਜਾਂਦਾ। ਚਾਚਾ ਤੇ ਤਾਈ ਬਚਨੋ ਭਾਵੇਂ ਗੇੜਾ ਮਾਰਦੇ ਰਹਿੰਦੇ ਪਰ ਮੈਂ ਬੇਬੇ ਤੋਂ ਬਹੁਤਾ ਚਿਰ ਦੂਰ ਨਹੀਂ ਸੀ ਹੁੰਦਾ। ਸ਼ਾਇਦ ਇਹੀ ਮੌਕਾ ਸੀ, ਜਦੋਂ ਮੈਂ ਉਸ ਦੀ ਸੇਵਾ ਕਰ ਕੇ ਸਕੂਨ ਪ੍ਰਾਪਤ ਕਰਦਾ ਸੀ। ਅਜਿਹੀ ਸੇਵਾ ਜਿਹੜੀ ਸਾਰੇ ਸੰਸਾਰ ਦੇ ਤੀਰਥਾਂ ਤੋਂ ਉੱਪਰ ਸੀ।
ਤਕਰੀਬਨ ਦੋ ਸਾਲ ਇਸੇ ਤਰ੍ਹਾਂ ਔਖ-ਸੌਖ ’ਚ ਗੁਜ਼ਰ ਗਏ। ਮੇਰੀ ਬੀਏ ਪੂਰੀ ਹੋ ਗਈ ਤੇ ਬੀਐੱਡ ਕਰਨ ਲੱਗ ਪਿਆ। ਇਕ ਦਿਨ ਵੱਡਾ ਮਾਮਾ ਆਇਆ । ਰਾਤੀਂ ਮੈਨੂੰ, ਬੇਬੇ ਤੇ ਚਾਚੇ ਨੂੰ ਕਹਿਣ ਲੱਗਾ ਕਿ ਬੇਬੇ ਨੂੰ ਮੈਂ ਆਪਣੇ ਨਾਲ ਸ਼ਹਿਰ ਲੈ ਕੇ ਜਾਣਾ ਹੈ। ਸ਼ਹਿਰ ਤਿੰਨੋਂ ਮਾਮੇ ਰਹਿੰਦੇ ਨ । ਬੇਬੇ ਦੀ ਉਹ ਤੇ ਉਨ੍ਹਾਂ ਦੇ ਪਰਿਵਾਰ ਸੇਵਾ ਕਰਨਗੇ ਤੇ ਇਹਦੀ (ਮੇਰੀ) ਪੜ੍ਹਾਈ ਵਿਚ ਵੀ ਵਿਘਨ ਨਹੀਂ ਪੈਣਾ। ਚਾਚੇ ਨੂੰ ਮਾਮੇ ਦੀ ਇਹ ਰਾਇ ਠੀਕ ਲੱਗੀ ਪਰ ਮੈਂ ਤੇ ਬੇਬੇ ਪਿੰਡ ਤੇ ਘਰ ਛੱਡਣ ਨੂੰ ਤਿਆਰ ਨਹੀਂ ਸੀ। ਚਾਚਾ ਤੇ ਮਾਮਾ ਅੱਧੀ ਰਾਤ ਤੱਕ ਸਾਨੂੰ ਸਮਝਾਉਂਦੇ ਰਹੇ। ਮਿੰਨਤਾਂ ਕੀਤੀਆਂ। ਅਖ਼ੀਰ ਅਗਲੇ ਦੋ ਦਿਨਾਂ ਬਾਅਦ ਸ਼ਹਿਰ ਚਲੇ ਜਾਣ ਦਾ ਫ਼ੈਸਲਾ ਹੋ ਗਿਆ। ਇਨ੍ਹਾਂ ਦੋ ਦਿਨਾਂ ’ਚ ਬੇਬੇ ਦੀਆਂ ਸਹੇਲੀਆਂ ਤੇ ਪਿੰਡ ਦੇ ਹੋਰ ਬਹੁਤ ਸਾਰੇ ਲੋਕੀਂ ਮਿਲਣ ਆਉਂਦੇ ਰਹੇ। ਮੇਰੇ ਬਚਪਨ ਦੇ ਬੇਲੀ ਤੱਕ ਮੈਨੂੰ ਮਿਲਣ ਆਏ। ਤਾਈ ਬਚਨੋਂ ਤੇ ਚਾਚੇ ਨੇ ਘਰ ਦਾ ਨਿੱਕ-ਸੁੱਕ ਸਾਂਭਿਆ। ਕੁਝ ਬੇਕਾਰ, ਵਾਧੂ ਵਸਤਾਂ ਵੇਚ ਦਿੱਤੀਆਂ ਤੇ ਨਾਲ ਲੈ ਕੇ ਜਾਣ ਵਾਲੇ ਸਾਮਾਨ ਦੀਆਂ ਗੱਠੜੀਆਂ ਬੰਨ੍ਹ ਦਿੱਤੀਆਂ। ਮਾਮਾ ਦੋ ਦਿਨਾਂ ਬਾਅਦ ਛੋਟਾ ਟਰੱਕ ਲੈ ਕੇ ਆ ਗਿਆ। ਟਰੱਕ ਵਿਚ ਸਾਮਾਨ ਰੱਖਦਿਆਂ ਦਿਲ ਨੂੰ ਡੋਬੂ ਪੈਂਦੇ ਰਹੇ। ਬੇਬੇ ਹਸਰਤ ਭਰੀਆਂ ਤੇ ਉਦਾਸ ਨਜ਼ਰਾਂ ਨਾਲ ਘਰ ਦੀਆਂ ਕੰਧਾਂ, ਬੂਹੇ, ਬਾਰੀਆਂ, ਜਿੰਦਰਿਆਂ ਵੱਲ ਵੇਖਦੀ ਰਹੀ। ਤੁਰਨ ਲੱਗਿਆਂ ਤਾਈ ਬਚਨੋਂ ਦੇ ਗਲ਼ ਲੱਗ ਕੇ ਧਾਹੀਂ ਰੋ ਪਈ। ਮੈਂ ਤੇ ਚਾਚੇ ਨੇ ਮਸਾਂ ਚੁੱਪ ਕਰਵਾਈ। ਅਖ਼ੀਰ ਬੇਬੇ ਨੂੰ ਚੁੱਕ ਕੇ ਟਰੱਕ ’ਚ ਬਿਠਾਇਆ। ਮਾਮਾ ਤੇ ਚਾਚਾ ਅੱਗੇ ਬੈਠ ਗਏ। ਮੈਂ ਤੇ ਬੇਬੇ ਪਿੱਛੇ ਇੱਕ ਮੰਜੇ ’ਤੇ ਬੈਠ ਗਏ। ਟਰੱਕ ਹੌਲੀ-ਹੌਲੀ ਗਲੀਆਂ ਤੇ ਪਿੰਡ 'ਚੋਂ ਬਾਹਰ ਨਿਕਲਦਾ ਗਿਆ ਤੇ ਆਖ਼ਰ ਪਿੰਡ ਦੀ ਜੂਹ ਤੋਂ ਬਾਹਰ ਹੋ ਗਿਆ।
ਬੇਬੇ ਦੇ ਭਰਾ-ਭਰਜਾਈਆਂ, ਭਤੀਜੇ ਉਸ ਦਾ ਤੇ ਮੇਰਾ ਬਹੁਤ ਖ਼ਿਆਲ ਰੱਖਦੇ। ਤਿੰਨੇ ਮਾਮੇ ਬੇਬੇ ਦੀ ਬੜੀ ਸੇਵਾ ਕਰਦੇ, ਮਾਲਿਸ਼ਾਂ ਕਰਦੇ। ਦਵਾਈਆਂ ਦਿੰਦੇ, ਮੈਂ ਕਦੇ ਇਕ ਮਾਮੇ ਦੇ ਘਰ ਤੇ ਕਦੇ ਦੂਜੇ ਮਾਮੇ ਦੇ ਘਰ, ਜਿੱਧਰ ਜੀਅ ਕਰਦਾ, ਚਲਾ ਜਾਂਦਾ ਪਰ ਬਹੁਤਾ ਬੇਬੇ ਕੋਲ ਹੀ ਰਹਿੰਦਾ। ਉਹ ਜਿੱਧਰ ਹੁੰਦੀ, ਮੈਂ ਉਧਰ ਉਸ ਕੋਲ ਬੈਠਾ ਹੀ ਪੜ੍ਹਦਾ ਰਹਿੰਦਾ। ਹਫ਼ਤੇ ਦਸ-ਦਿਨਾਂ ਬਾਅਦ ਪਿੰਡ ਗੇੜਾ ਮਾਰ ਜਾਂਦਾ। ਘਰ-ਬਾਰ ਦੀ ਸਾਫ਼-ਸਫ਼ਾਈ ਆਪੇ ਹੀ ਕਰ ਜਾਂਦਾ। ਖੇਤ ਗੇੜਾ ਮਾਰ ਆਉਂਦਾ। ਤਾਈ ਬਚਨੋਂ ਤੇ ਚਾਚਾ ਵੀ ਦਸੀਂ-ਪੰਦਰੀਂ ਦਿਨੀਂ ਬੇਬੇ ਨੂੰ ਮਿਲਣ ਆ ਜਾਂਦੇ। ਸਮਾਂ ਲੰਘਦਾ ਗਿਆ। ਬੇਬੇ ਉਦਾਸ ਜਿਹੀ ਪਈ ਰਹਿੰਦੀ। ਜ਼ੁਬਾਨ ਚੰਗੀ ਤਰ੍ਹਾਂ ਕੰਮ ਨਹੀਂ ਸੀ ਕਰਦੀ। ਤੁਤਲਾ ਕੇ ਤੇ ਥੋੜ੍ਹਾ ਜਿਹਾ ਹੀ ਬੋਲਦੀ ਉਹ ਪਰ ਮੈਨੂੰ ਉਸ ਦਾ ਹਰੇਕ ਇਸ਼ਾਰਾ ਤੇ ਬੋਲ ਸਮਝ ਆ ਜਾਂਦੇ। ਉਹ ਅਕਸਰ ਮਾਮਿਆਂ ਨੂੰ ਕਹਿੰਦੀ ਕਿ ਉਹ ਉਸ ਨੂੰ ਪਿੰਡ ਛੱਡ ਆਉਣ ਪਰ ਮਾਮੇ ਨਾ ਮੰਨਦੇ। ਉਂਜ ਮਹੀਨੇ-ਦੋ ਮਹੀਨਿਆਂ ਬਾਅਦ ਬੇਬੇ ਨੂੰ ਪਿੰਡ ਜ਼ਰੂਰ ਲੈ ਜਾਂਦੇ। ਪਿੰਡ ਪਹੁੰਚ ਕੇ ਜਿਵੇਂ ਬੇਬੇ ਦੀ ਰੂਹ ਖ਼ੁਸ਼ ਹੋ ਜਾਂਦੀ। ਜਿਵੇਂ-ਜਿਵੇਂ ਪਤਾ ਲੱਗਦਾ, ਲੋਕੀਂ ਮਿਲਣ ਤੇ ਹਾਲ-ਚਾਲ ਪਤਾ ਕਰਨ ਆਉਂਦੇ। ਇਕ-ਦੋ ਦਿਨ ਪਿੰਡ ਰਹਿੰਦੇ, ਫਿਰ ਅਸੀਂ ਵਾਪਸ ਸ਼ਹਿਰ ਪਰਤ ਜਾਂਦੇ। ਘਰ ਦਾ ਵਿਹੜਾ ਸੁੰਨ੍ਹਾ ਹੋ ਜਾਂਦਾ ਤੇ ਪਿੱਛੇ ਰਹਿ ਜਾਂਦੀਆਂ ਬੇਬੇ, ਬਾਪੂ ਤੇ ਮੇਰੀਆਂ ਯਾਦਾਂ ਤੇ ਜਾਂ ਵਿਹੜੇ ’ਚ ਬੇਬੇ ਦੀਆਂ ਅੱਖਾਂ ’ਚੋਂ ਡਿੱਗੇ ਹੋਏ ਕੋਸੇ ਹੰਝੂ।
ਦੋ ਸਾਲ ਗੁਜ਼ਰ ਗਏ। ਬੇਬੇ ਹੁਣ ਪਿੰਡ ਜਾਣ ਬਾਰੇ ਬਹੁਤਾ ਨਾ ਕਹਿੰਦੀ। ਮੇਰੀ ਬੀਐੱਡ ਦੀ ਪੜ੍ਹਾਈ ਪੂਰੀ ਹੋ ਗਈ। ਮੈਂ ਜਦ ਵੀ ਬੇਬੇ ਕੋਲ ਬੈਠਦਾ ਤਾਂ ਉਸ ਦੀਆਂ ਅੱਖਾਂ ਭਰ ਆਉਂਦੀਆਂ। ਉਸਦੀ ਜ਼ੁਬਾਨ ‘ਤੇ ‘ਤੂੰ ਨੌ... ਕ... ਰੀ... ਕਦੋਂ...' , ਇਹੋ ਸਵਾਲ ਹੁੰਦਾ ਉਸਦਾ। ਮੈਂ ਬੇਬੇ ਨੂੰ ਆਖ ਛੱਡਦਾ, ‘ਤੂੰ ਵੇਖੀਂ ਬੇਬੇ! ਮੈਂ ਤਾਂ ਹੁਣ ਸਰਕਾਰੀ ਮਾਸਟਰ ਲੱਗ ਜਾਣੈ। ਤੈਨੂੰ ਚੰਨ ਵਰਗੀ ਨੂੰਹ ਲਿਆ ਦੇਣੀ ਆਂ ਤੇ ਫਿਰ ਆਪਾਂ ਵਾਪਸ ਪਿੰਡ ਜਾ ਕੇ ਰਹਿਣ ਲੱਗ ਪਵਾਂਗੇ।’ ਬੇਬੇ ਦੀਆਂ ਅੱਖਾਂ ’ਚ ਚਮਕ ਜਿਹੀ ਆ ਜਾਂਦੀ ਤੇ ਉਹ ਮੇਰੇ ਹੱਥਾਂ ਨੂੰ ਆਪਣੇ ਹੱਥਾਂ ’ਚ ਘੁੱਟ ਕੇ ਫੜ ਲੈਂਦੀ ਤੇ ਆਪਣੇ ਗਲ ਲਾ ਲੈਂਦੀ।
ਅਖ਼ੀਰ ਛੇ ਮਹੀਨੇ ਪਿੱਛੋਂ ਸਰਕਾਰ ਨੇ ਸਰਕਾਰੀ ਮਾਸਟਰਾਂ ਦੀ ਭਰਤੀ ਖੋਲ੍ਹੀ ਤਾਂ ਬੀਐੱਡ ’ਚੋਂ ਨੰਬਰ ਵਧੀਆ ਹੋਣ ਕਾਰਨ ਮੇਰਾ ਨਾਂ ਲਿਸਟ ਵਿਚ ਪਹਿਲੀ ਲਾਈਨ ’ਚ ਹੀ ਸੀ। ਮੇਰੀ ਖ਼ੁਸ਼ੀ ਦਾ ਕੋਈ ਅੰਤ ਨਾ ਰਿਹਾ। ਨਿਯੁਕਤੀ ਪੱਤਰ ਲੈਣ ਲਈ ਚੰਡੀਗੜ੍ਹ ਜਾਣਾ ਪੈਣਾ ਸੀ। ਪਹਿਲਾਂ ਮੈਂ ਸੋਚਿਆ ਕਿ ਇਸ ਖ਼ੁਸ਼ੀ ਬਾਰੇ ਬੇਬੇ ਨੂੰ ਦੱਸ ਦੇਵਾਂ ਪਰ ਫੇਰ ਸੋਚਿਆ ਕਿ ਅਪੁਇੰਟਮੈਂਟ ਲੈਟਰ ਲਿਆ ਕੇ ਹੀ ਬੇਬੇ ਦੇ ਹੱਥਾਂ ’ਚ ਫੜਾਊਂ। ਸੋ ਮਾਮਿਆਂ ਨੂੰ ਵੀ ਚੁੱਪ ਰਹਿਣ ਲਈ ਕਹਿ ਕੇ ਸਵੇਰੇ ਚਾਰ ਵਜੇ ਬੱਸ ਫੜੀ। ਦਸ ਵੱਜਦੇ ਨੂੰ ਚੰਡੀਗੜ੍ਹ ਪਹੁੰਚ ਗਿਆ । ਕੁਝ ਜ਼ਰੂਰੀ ਕਾਰਵਾਈਆਂ ਕਰਨ ਤੋਂ ਬਾਅਦ ਨਿਯੁਕਤੀ-ਪੱਤਰ ਮਿਲ ਗਿਆ। ਮੇਰੇ ਪਿੰਡ ਤੋਂ ਪੰਜ ਕਿਲੋਮੀਟਰ ਦੂਰ ਕਰਮਗੜ੍ਹ ਦੇ ਸਰਕਾਰੀ ਹਾਈ ਸਕੂਲ ਵਿਚ ਹੀ ਨਿਯੁਕਤੀ ਹੋਈ ਸੀ । ਦੂਜੇ ਦਿਨ ਹੀ ਜੁਆਇਨ ਕਰਨਾ ਸੀ। ਖ਼ੁਸ਼ੀ 'ਚ ਖੀਵਾ ਹੋਇਆ ਬੱਸ ਅੱਡੇ ਪਹੁੰਚਿਆ ਤੇ ਬੱਸ ਫੜ ਵਾਪਸ ਚੱਲ ਪਿਆ। ਸ਼ਾਮੀ ਛੇ ਕੁ ਵਜੇ ਘਰ ਪਹੁੰਚਿਆ। ਘਰ ਸੁੰਨ੍ਹਾ ਜਿਹਾ ਸੀ। ਮਾਮਾ ਜਾਂ ਮਾਮੀ ਕਿਧਰੇ ਨਜ਼ਰ ਨਹੀਂ ਸਨ ਆ ਰਹੇ। ਬੇਬੇ ਦੇ ਕਮਰੇ ’ਚ ਗਿਆ ਤਾਂ ਮੰਜਾ ਖ਼ਾਲੀ ਸੀ। ਸੋਚਿਆ ਕਿ ਸ਼ਾਇਦ ਬੇਬੇ ਨੂੰ ਦੂਜਾ ਮਾਮਾ ਆਪਣੇ ਘਰ ਲੈ ਗਿਆ ਹੋਣੈ ਪਰ ਉਦੋਂ ਹੀ ਮਾਮੇ ਦਾ ਮੁੰਡਾ ਬਾਹਰੋਂ ਆਇਆ ਤੇ ਕਹਿਣ ਲੱਗਾ ਕਿ ਬੇਬੇ ਨੂੰ ਤਾਂ ਹਸਪਤਾਲ ਲੈ ਕੇ ਗਏ ਹਨ। ਕਹਿੰਦੇ ਦੌਰਾ ਪਿਐ । ਮੇਰੇ ਸਾਰੇ ਚਾਅ ਪੰਖੇਰੂ ਹੋ ਗਏ। ਹਸਪਤਾਲ ਦਾ ਪਤਾ ਕਰ ਮੈਂ ਕਾਹਲੀ-ਕਾਹਲੀ ਉੱਥੇ ਪਹੁੰਚਿਆ। ਮਾਮਾ-ਮਾਮੀ ਬੇਬੇ ਕੋਲ ਬੈਠੇ ਸਨ। ਬੇਬੇ ਬੇਹੋਸ਼ ਸੀ। ਉਸ ਨੂੰ ਫੇਰ ਅਧਰੰਗ ਦਾ ਦੌਰਾ ਪਿਆ ਸੀ। ਮੈਂ ਮਾਮੇ ਦੇ ਗਲ ਲੱਗ ਰੋਣ ਲੱਗ ਪਿਆ। ਮਾਹੌਲ ਗ਼ਮਗੀਨ ਹੋ ਗਿਆ। ਕੁਝ ਚਿਰ ਬਾਅਦ ਬੇਬੇ ਨੇ ਅੱਖਾਂ ਪੁੱਟੀਆਂ ਤੇ ਮੇਰੇ ਵੱਲ ਵੇਖਿਆ। ਮਾਮਾ ਡਾਕਟਰ ਨੂੰ ਬੁਲਾਉਣ ਚਲਾ ਗਿਆ। ਬੇਬੇ ਅੱਖਾਂ ਭਰ ਆਈ। ਨਿਯੁਕਤੀ ਪੱਤਰ ਬੇਬੇ ਦੇ ਹੱਥ ਵਿਚ ਫੜਾਉਂਦਿਆਂ ਮੈਂ ਕਿਹਾ ‘ਆਹ ਵੇਖ ਬੇਬੇ! ਮੈਨੂੰ ਨੌਕਰੀ ਮਿਲ ਗਈ। ਮੈਂ ਮਾਸਟਰ ਲੱਗ ਗਿਆ। ਹੁਣ ਆਪਾਂ ਪਿੰਡ ਚਲੇ ਜਾਵਾਂਗੇ।’ ਪਰ ਬੇਬੇ ਨੇ ਕੋਈ ਹੁੰਗਾਰਾ ਨਾ ਭਰਿਆ ਤੇ ਮੇਰਾ ਹੱਥ ਘੁੱਟ ਕੇ ਫੜ ਲਿਆ। ਹੱਥ ਵਾਰ-ਵਾਰ ਚੁੰਮਣ ਲੱਗੀ। ਉਸ ਦੇ ਦੋ ਕੋਸੇ ਹੰਝੂ ਮੇਰੇ ਹੱਥ ਉੱਪਰ ਡਿੱਗ ਪਏ। ਅਚਾਨਕ ਉਸ ਦੇ ਹੱਥਾਂ ਦੀ ਪਕੜ ਢਿੱਲੀ ਪੈ ਗਈ। ਧੌਣ ਇਕ ਪਾਸੇ ਲੁੜਕ ਗਈ। ਮੈਨੂੰ ਹੱਥਾਂ-ਪੈਰਾਂ ਦੀ ਪੈ ਗਈ। ਐਨੇ ਨੂੰ ਡਾਕਟਰ ਆ ਗਿਆ। ਉਸ ਨੇ ਬੇਬੇ ਦੀ ਨਬਜ਼ ਚੈੱਕ ਕੀਤੀ, ਅੱਖਾਂ ਵੇਖੀਆਂ, ਦਿਲ ਦੀ ਧੜਕਣ ਚੈੱਕ ਕੀਤੀ ਤੇ ਫਿਰ ਉਹ ਮੇਰੇ ਮੋਢੇ ’ਤੇ ਹੱਥ ਰੱਖ ਕਹਿਣ ਲੱਗਾ, ‘ਤੇਰੀ ਬੇਬੇ ਹੁਣ ਨਹੀਂ ਰਹੀ।’ ਬੇਬੇ ਦੇ ਇੱਕ ਹੱਥ ਵਿਚ ਅਜੇ ਵੀ ਮੇਰੀ ਨੌਕਰੀ ਦਾ ਨਿਯੁਕਤੀ ਪੱਤਰ ਲਟਕ ਰਿਹਾ ਸੀ।
- ਕੁਲਵਿੰਦਰ ਵਿਰਕ