- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਸਤਕ ‘ਸਮੇਂ ਦੀ ਦਾਸਤਾਨ’ ਵਿਚ ਲੇਖਿਕਾ ਨੇ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ ਕੁੱਲ 49 ਲੇਖ ਸ਼ਾਮਿਲ ਕੀਤੇ ਹਨ। ਸਾਰੇ ਹੀ ਲੇਖ ਤੱਥ ਭਰਪੂਰ ਤੇ ਅੰਕੜਿਆਂ ’ਤੇ ਆਧਾਰਿਤ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਲੇਖਿਕਾ ਨੇ ਹਰ ਲੇਖ ਨੂੰ ਲਿਖਣ ਤੋਂ ਪਹਿਲਾਂ ਉਸ ਲੇਖ ਦੇ ਵਿਸ਼ੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਇਕੱਤਰ ਕੀਤੀ ਹੈ।

ਪੁਸਤਕ : ਸਮੇਂ ਦੀ ਦਾਸਤਾਨ
ਲੇਖਕ : ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ
ਪੰਨੇ: 202 ਮੁੱਲ:300/-ਰੁਪਏ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ,ਚੰਡੀਗੜ੍ਹ।
ਪੁਸਤਕ ‘ਸਮੇਂ ਦੀ ਦਾਸਤਾਨ’ ਵਿਚ ਲੇਖਿਕਾ ਨੇ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ ਕੁੱਲ 49 ਲੇਖ ਸ਼ਾਮਿਲ ਕੀਤੇ ਹਨ। ਸਾਰੇ ਹੀ ਲੇਖ ਤੱਥ ਭਰਪੂਰ ਤੇ ਅੰਕੜਿਆਂ ’ਤੇ ਆਧਾਰਿਤ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਲੇਖਿਕਾ ਨੇ ਹਰ ਲੇਖ ਨੂੰ ਲਿਖਣ ਤੋਂ ਪਹਿਲਾਂ ਉਸ ਲੇਖ ਦੇ ਵਿਸ਼ੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਇਕੱਤਰ ਕੀਤੀ ਹੈ। ਪਲੇਠੇ ਲੇਖ ‘ਸਿੱਖੀ ਸਰੂਪ ਦੀ ਆਨ ਅਤੇ ਸ਼ਾਨ ਦਸਤਾਰ’ ਬਹੁਤ ਹੀ ਕਮਾਲ ਦਾ ਲੇਖ ਹੈ। ਲੇਖਿਕਾ ਅਨੁਸਾਰ ਕੇਸਾਧਾਰੀ ਹੋਣਾ ਤੇ ਸਿਰ ਢਕ ਕੇ ਰੱਖਣਾ ਪੁਰਾਤਨ ਸਮਿਆਂ ਤੋਂ ਹੀ ਨੇਕ ਤੇ ਮਹਾਨ ਵਿਅਕਤੀਆਂ ਦੀ ਮਰਿਆਦਾ ਰਹੀ ਹੈ। ਉਸ ਅਨੁਸਾਰ ਬਾਈਬਲ ’ਚ ਵੀ ਪੱਗ ਬੰਨ੍ਹਣ ਦਾ ਜ਼ਿਕਰ ਮਿਲਦਾ ਹੈ। ਦੇਸ਼ਾਂ-ਵਿਦੇਸ਼ਾਂ ਵਿਚ ਦਸਤਾਰ ’ਤੇ ਲੱਗੀ ਪਾਬੰਦੀ ਤੇ ਕਾਨੂੰਨੀ ਲੜਾਈ ਉਪਰੰਤ ਪ੍ਰਾਪਤ ਜਿੱਤਾਂ ਦਾ ਬੜੇ ਵਿਸਥਾਰ ਨਾਲ ਵਰਣਨ ਕੀਤਾ ਹੈ। ਦੂਜੇ ਲੇਖ ‘ਪੰਜਾਬੀ ਬੋਲੀ ਤੇ ਪੰਜਾਬੀ ਸਾਹਿਤ ਨਾਲ ਬੱਚਿਆਂ ਨੂੰ ਕਿਵੇਂ ਜੋੜਿਆ ਜਾਵੇ’ ਵਿਚ ਲੇਖਿਕਾ ਨੇ ਬੱਚਿਆਂ ਦੀ ਸ਼ਖ਼ਸੀਅਤ ਦੇ ਉਭਾਰ ਲਈ ਮਾਂ-ਬੋਲੀ ਸਿਖਾਉਣ ਦੀ ਵਕਾਲਤ ਕੀਤੀ ਹੈ। ਉਸ ਅਨੁਸਾਰ ਬੱਚੇ ਦੀ ਸਿੱਖਣ ਪ੍ਰਕਿਰਿਆ ਵਿਚ ਉਦੋਂ ਪ੍ਰਪੱਕਤਾ ਆਉਂਦੀ ਹੈ, ਜਦੋਂ ਉਸ ਨੂੰ ਮਾਂ-ਬੋਲੀ ’ਚ ਪੜ੍ਹਾਇਆ ਜਾਂਦਾ ਹੈ। ਪੰਜਾਬੀਆਂ ਦੇ ਜਨ-ਜੀਵਨ ’ਚ ਪੈਦਾ ਹੋ ਰਹੇ ਭਾਸ਼ਾਈ ਮਿਲਗੋਭੇ ਨੂੰ ਖ਼ਤਰਨਾਕ ਦੱਸਦਿਆਂ ਲੇਖਿਕਾ ਨੇ ਸਮੂਹ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ’ਤੇ ਮਾਣ ਮਹਿਸੂਸ ਕਰਨ ਦਾ ਸੱਦਾ ਦਿੱਤਾ ਹੈ। ਲੇਖ ‘ਵੱਧਦੀ ਤਕਨਾਲੋਜੀ ਨੇ ਇਨਸਾਨ ਨੂੰ ਮਾਨਸਿਕ ਰੋਗੀ ਬਣਾ ਦਿੱਤਾ ਹੈ?’ ਵਿਚ ਲੇਖਿਕਾ ਨੇ ਅੰਕੜਿਆਂ ਨਾਲ ਦੱਸਿਆ ਹੈ ਕਿ ਤਕਨਾਲੋਜੀ ਦੇ ਇਜ਼ਾਫੇ ਕਾਰਨ ਮਾਨਸਿਕ ਰੋਗੀ ਬਣ ਕੇ ਲੋਕ ਆਤਮ-ਹੱਤਿਆਵਾਂ ਵਰਗੇ ਕਦਮ ਚੁੱਕ ਰਹੇ ਹਨ। ਲੇਖ ‘ਲੋਕ ਕਲਾਵਾਂ ਵਿਚ ਔਰਤਾਂ ਤੇ ਮੀਡੀਆ’ ਵਿਚ ਲੇਖਿਕਾ ਨੇ ਲੋਕ ਕਲਾਵਾਂ ਪੱਖੋਂ ਊਣੀ ਹੋ ਰਹੀ ਅਜੋਕੀ ਨਾਰੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਇਨ੍ਹਾਂ ਕਲਾਵਾਂ ਨੂੰ ਕੁੜੀਆਂ ਦੀ ਅਸਲ ਖ਼ੂਬਸੂਰਤੀ ਕਿਹਾ ਹੈ।
ਲੇਖਿਕਾ ਨੇ ਆਪਣੇ ਲੇਖਾਂ ’ਚ ਕੰਮਕਾਜੀ ਲੋਕਾਂ ’ਤੇ ਵੱਧ ਰਹੇ ਮਾਨਸਿਕ ਤਣਾਅ, ਗਲੇਸ਼ੀਅਰਾਂ ਦੇ ਪਿਗਲਣ, ਆਨਲਾਈਨ ਗੇਮਾਂ ਦੇ ਵਧਦੇ ਰੁਝਾਨ, ਨੂੰਹ-ਸੱਸ ਦੇ ਰਿਸ਼ਤੇ ਵਿਚ ਪੈ ਰਹੀਆਂ ਦੂਰੀਆਂ, ਕੋਚਿੰਗ ਸੈਂਟਰਾਂ ਦੇ ਝਾਂਸੇ ’ਚ ਵਿਦਿਆਰਥੀਆਂ ਦੇ ਫਸਣ, ਕਿਰਤੀ ਲੋਕਾਂ ਦੀ ਮਾੜੀ ਆਰਥਿਕ ਹਾਲਤ, ਔਰਤ ਲਈ ਘਰ ਤੋਂ ਬਾਹਰ ਦੇ ਨਾਲ-ਨਾਲ ਘਰ ’ਚ ਵੀ ਅਸੁਰੱਖਿਅਤ ਮਾਹੌਲ ਤੇ ਅਲੋਪ ਹੋ ਰਹੇ ਪੁਰਾਤਨ ਪੰਜਾਬੀ ਵਿਰਸੇ ਬਾਰੇ ਆਪਣੀ ਚਿੰਤਾ ਪ੍ਰਗਟ ਕਰਨ ਦੇ ਨਾਲ-ਨਾਲ ਪਾਠਕਾਂ ਨੂੰ ਬਦਲ ਰਹੀ ਜੀਵਨਸ਼ੈਲੀ ਦੀਆਂ ਤਾਮਾਮ ਪ੍ਰੇਸ਼ਾਨੀਆਂ ਤੋਂ ਬਚਣ ਦੇ ਨੁਕਤੇ ਵੀ ਸਾਂਝੇ ਕੀਤੇ ਹਨ। ਪੁਸਤਕ ਦੇ ਸਾਰੇ ਹੀ ਲੇਖ ਪੜ੍ਹਨ ਤੇ ਅਮਲ ਕਰਨ ਯੋਗ ਹਨ।
- ਬਿੰਦਰ ਸਿੰਘ ਖੁੱਡੀ ਕਲਾਂ