- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸਲ ਰਿਸ਼ਤੇ ਮਿੱਠੇ ਬੋਲਾਂ ਜਾਂ ਦਿਖਾਵੇ ਨਾਲ ਨਹੀਂ ਸਗੋਂ ਔਖੀ ਘੜੀ ’ਚ ਨਿਭਾਈ ਇਨਸਾਨੀਅਤ ਨਾਲ ਪਛਾਣੇ ਜਾਂਦੇ ਹਨ। ਸਮਾਜ ਦੇ ਦੋਹਰੇ ਚਿਹਰੇ ਨੂੰ ਬੇਨਕਾਬ ਕਰਦੀ ਹੈ ਇਹ ਕਹਾਣੀ...

ਸਵੇਰ ਦੇ ਨੌਂ ਵਜੇ ਤੱਕ ‘ਸਰਵੀ’ ਦਾ ਤੀਜਾ ਚੱਕਰ ਲੱਗ ਚੁੱਕਿਆ ਸੀ। ਇਨ੍ਹਾਂ ਤਿੰਨਾਂ ਚੱਕਰਾਂ ਵਿਚ ਉਸ ਨੂੰ ‘ਬੇਜੀ’ ਘਰੇ ਨੀਲਮ ਨਹੀਂ ਸੀ ਮਿਲੀ, ਹਰ ਵਾਰੀ ਉਸ ਦੇ ਗੁੱਸੇ ਦਾ ਵਧਣਾ ਸੁਭਾਵਿਕ ਸੀ। ਦੋ ਵਾਰੀ ਤਾਂ ‘ਬੇਜੀ’ ਨੇ ਦਿਲਾਸਾ ਜਿਹਾ ਦੇ ਕੇ ‘ਸਰਵੀ’ ਨੂੰ ਵਾਪਸ ਮੋੜ ਦਿੱਤਾ ਸੀ, ਕੋਈ ਗੱਲ ਨਹੀਂ ਬੇਟਾ, ਆ ਜਾਂਦੀ ਹੈ ਨੀਲਮ, ਕੋਈ ਕੰਮ ਨਿਕਲ ਆਇਆ ਹੋਣੈ, ਨਹੀਂ ਤਾਂ ਉਹ ਵਿਚਾਰੀ ਇਵੇਂ ਕਦੇ ਲੇਟ ਨਹੀਂ ਸੀ ਹੋਈ, ਸਵੇਰੇ ਸਾਢੇ ਸੱਤ ਵਜੇ ਤੇ ਘੰਟੇ ਬਾਅਦ ਸਾਢੇ ਅੱਠ ਵਜੇ ਵੀ ‘ਬੇਜੀ’ ਦੇ ਇਹੀ ਬੋਲ ਸਨ। ਦੂਜੇ ਚੱਕਰ ਵਿਚ ਗਈ ਹੋਈ ‘ਸਰਵੀ’ ਕਹਿ ਵੀ ਆਈ ਸੀ, 'ਬੇਜੀ' ਸਾਢੇ ਦਸ ਵਜੇ ਤਾਂ ਪਾਠ ਆਰੰਭ ਹੋ ਜਾਣੈ, ਇਹਨੂੰ ਵੀ ਅੱਜ ਹੀ ਕੋਈ ਕੰਮ ਪੈਣਾ ਸੀ? ਕਿੰਨੇ ਸਾਰੇ ਹੋਰ ਕੰਮਾਂ ਦੇ ਨਾਲ-ਨਾਲ ਉਪਰੋਂ ਸਾਰਾ ਕਮਰਾ ਧੋਣ ਵਾਲਾ ਪਿਐ, ਹੁਣ ਦਾ ਧੋਤਾ ਹੋਇਆ ਕਦੋਂ ਸੱਕੂ ਭਲਾ? ਇਸ ਵਾਰ ਚਿੰਤਾ ਭਰੇ ਰਲੇ-ਮਿਲੇ ਗੁੱਸੇ ਵਿਚ ਫੁੰਕਾਰਾ ਜਿਹਾ ਮਾਰ ਕੇ ‘ਸਰਵੀ’ ਵਾਪਸ ਆ ਗਈ ਸੀ।
ਬੇਜੀ ਸਰਵੀ ਦੀ ਸੱਸ ਹਨ। ਉਹ ਪਿਛਲੇ ਦੋ ਸਾਲਾਂ ਤੋਂ ਵ੍ਹੀਲ ਚੇਅਰ ਉੱਤੇ ਬੈਠ ਕੇ ਹੀ ਅੰਦਰ ਬਾਹਰ ਜਾਂਦੇ-ਆਉਂਦੇ ਹਨ ਅਤੇ ਬੇਜੀ ਤੋਂ ਇੱਕ ਕੋਠੀ ਛੱਡ ਕੇ ਅਗਲੀ ਕੋਠੀ ਵਿਚ 'ਸਰਵੀ' ਰਹਿੰਦੀ ਹੈ ਪਰ ਬੇਜੀ ਸ਼ੁਰੂ ਤੋਂ ਹੀ ਸਰਵੀ ਦੀ ਦਰਾਣੀ ਨਾਲ ਰਹਿੰਦੇ ਆ ਰਹੇ ਹਨ। ਸਰਵੀ ਵਾਲੀ ਕੋਠੀ ਉਸ ਦੇ ਪਤੀ ਨੇ ਆਪ ਖ਼ਰੀਦੀ ਹੋਈ ਹੈ, ਉਹ ਚੰਡੀਗੜ੍ਹ ਵਿਚ ਕੋਈ ਅਫ਼ਸਰ ਲੱਗਿਆ ਹੋਇਆ ਹੈ, ਨਹੀਂ ਤਾਂ ਇਸ ਸ਼ਹਿਰ ਵਿਚ ਉਂਝ ਵੀ ਰਹਿਣਾ ਤੌਬਾ-ਤੌਬਾ। ਨੌਕਰਾਣੀ ਨੀਲਮ ਦੋਵਾਂ ਕੋਠੀਆਂ ਵਿਚ ਪਿਛਲੇ ਪੰਦਰਾਂ-ਸੌਲਾਂ ਸਾਲਾਂ ਤੋਂ ਕੰਮ ਕਰਦੀ ਆ ਰਹੀ ਸੀ। ਕੱਲ੍ਹ ਸ਼ਾਮੀ ਉਸ ਦੇ ਘਰ ਨੂੰ ਜਾਣ ਵੇਲੇ ਇਹ ਤਹਿ ਹੋਇਆ ਸੀ ਕਿ ਸਵੇਰੇ ਸਵੇਰੇ ‘ਬੇਜੀ’ ਘਰੇ ਕੰਮ ਮੁਕਾ ਕੇ ਫਿਰ ਤਿੰਨ ਦਿਨ ਲਈ ‘ਸਰਵੀ’ ਦੀ ਕੋਠੀ ’ਚ ਹੀ ਨੀਲਮ ਮਹਾਰਾਜ ਦੀ ਸੇਵਾ ਵੀ ਨਾਲ ਕਰਵਾਏਗੀ।
ਅੱਜ ਸਰਵੀ ਦੀ ਕੋਠੀ ਵਿਚ ਰੱਬ ਦੇ ਸ਼ੁਕਰਾਨੇ ਵਜੋਂ ਪਾਠ ਆਰੰਭ ਹੋਣਾ ਸੀ। ਉਨ੍ਹਾਂ ਦੇ ਵਿਆਹ ਦੀ ਪੱਚਵੀਂ ਵਰ੍ਹੇਗੰਢ ਮਨਾਈ ਜਾਣੀ ਸੀ, ਇਸ ਖ਼ੁਸ਼ੀ ਦੇ ਮੌਕੇ ’ਤੇ ਸਰਵੀ ਦਾ ਗੁੱਸਾ ਨੀਲਮ ਉਪਰ ਦੂਣ ਸਵਾਇਆ ਹੋ ਰਿਹਾ ਸੀ ਕਿਉਂਕਿ ਜਿੱਥੇ ਮਹਾਰਜ ਜੀ ਪ੍ਰਕਾਸ਼ ਕਰਨੇ ਸਨ, ਅਜੇ ਉਹ ਕਮਰਾ ਸਿਰਫ਼ ਖ਼ਾਲੀ ਹੀ ਕੀਤਾ ਹੋਇਆ ਸੀ, ਉਸ ਨੂੰ ਧੋ ਕੇ ਪੋਚਾ ਲਾਉਣ ਦਾ ਕੰਮ ਨੀਲਮ ਉਪਰ ਛੱਡਿਆ ਹੋਇਆ ਸੀ, ਹੁਣ ਉਹ ਕਦੋਂ ਆਵੇਗੀ? ਕਦੋਂ ਕਮਰਾ ਧੋਵੇਗੀ ਤੇ ਕਦੋਂ ਤੱਕ ਕਮਰਾ ਸੁੱਕੇਗਾ? ਸਰਵੀ ਇਨ੍ਹਾਂ ਹੀ ਸੁਆਲਾਂ ਵਿਚ ਲਗਾਤਾਰ ਉਲਝੀ ਹੋਈ ਸੀ, ਭਾਵੇਂ ਨਵੰਬਰ ਦਾ ਅਖ਼ੀਰ ਸੀ, ਠੰਢ ਨੇ ਏਨਾ ਜ਼ਿਆਦਾ ਜ਼ੋਰ ਵੀ ਨਹੀਂ ਸੀ ਫੜਿਆ ਪਰ ਫਿਰ ਵੀ ਸਰਵੀ ਆਪ ਠੰਢੇ ਪਾਣੀ ਨਾਲ ਫਰਸ਼ ਧੋਣ ਤੋਂ ਝਿਜਕ ਰਹੀ ਸੀ। ਉਪਰੋਂ ਨੌਂ ਵਜੇ ਤੱਕ ਤਾਂ ਗੁਰਦੁਆਰੇ ਤੋਂ ਗਿਆਨੀ ਜੀ ਦਾ ਦੋ ਵਾਰ ਫੋਨ ਵੀ ਆ ਚੁੱਕਿਆ ਸੀ, ਭਾਈ ਬੀਬਾ ਹੋ ਗਈ ਕਮਰੇ ਦੀ ਤਿਆਰੀ (ਸੇਵਾ) ਕਿ ਨਹੀਂ ਅਜੇ। ਵੇਲੇ ਸਿਰ ਪਾਠ ਆਰੰਭ ਕਰਾਂਗੇ ਤਾਂ ਵੇਲੇ ਸਿਰ ਭੋਗ ਵੀ ਪਾਏ ਜਾਣਗੇ, ਅੱਜ-ਕੱਲ੍ਹ ਅੱਠਾਂ ਘੰਟਿਆਂ ਦਾ ਤਾਂ ਦਿਹਾੜਾ ਹੁੰਦੈ।
ਦੂਜੀ ਵਾਰ ਗੁਰਦੁਆਰਿਓਂ ਆਇਆ ਗਿਆਨੀ ਜੀ ਦਾ ਫੋਨ ਸੁਣ ਕੇ ਸਰਵੀ ਦਾ ਗੁੱਸਾ ਬੇਕਾਬੂ ਹੋ ਗਿਆ। ਇਕ ਵਾਰ ਪਤਾ ਤਾਂ ਕਰਾਂ ਕਿ ਨੀਲਮ ਮਰੀ ਕਿ ਨਹੀਂ ਅਜੇ। ਉਹ ਆਪਣੀ ਚੁੰਨੀ ਨੂੰ ਠੀਕ ਕਰਦੀਂ ਕਰਾਉਂਦੀ ਬੇਜੀ ਦੀ ਕੋਠੀ ਵਿਚ ਵੜਨ ਹੀ ਲੱਗੀ ਸੀ ਕਿ ਖੁੱਲ੍ਹਦੇ ਦਰਵਾਜ਼ੇ ਦਾ ਖੜਾਕ ਸੁਣ ਕੇ ਅੰਦਰੋਂ ਬੇਜੀ ਪਹਿਲਾਂ ਹੀ ਬੋਲ ਪਏ, ਆ ਗਈ ਭਾਈ ਨੀਲਮ, ਅੱਜ ਤਾਂ ਤੈਨੂੰ ਸਰਵੀ ਉਡੀਕਦੀ-ਉਡੀਕਦੀ ਬੁੱਢੀ ਹੋ ਗਈ। ਬੇਜੀ ਦੇ ਇਹ ਬੋਲ ਸੁਣ ਕੇ ਪਰਮ ਦਰਵਾਜ਼ੇ ਤੋਂ ਅੱਗੇ ਨਹੀਂ ਵਧੀ, ਉਥੋਂ ਹੀ ਝੱਟ ਵਾਪਸ ਆ ਗਈ, ਉਹ ਸਮਝ ਗਈ ਸੀ ਕਿ ਨੀਲਮ ਅੱਜ ਨਹੀਂ ਆਵੇਗੀ। ਇਹ ਸਭ ਕੁਝ ਹੁਣ ਉਸ ਨੂੰ ਆਪ ਕਰਨਾ ਪੈਣੈ।
ਉਸ ਨੇ ਵਾਪਸ ਆਪਣੀ ਕੋਠੀ ਵਿਚ ਵੜਦਿਆਂ ਹੀ ਬਾਲਟੀ ਚੁੱਕ ਕੇ ਟੂਟੀ ਥੱਲੇ ਰੱਖ ਕੇ ਭਰਨ ਲਾ ਦਿੱਤੀ। ਕੋਲ ਖੜ੍ਹੇ ਉਸ ਦੇ ਮੰਮੀ ਜੋ ਉਸ ਦੇ ਵਿਆਹ ਦੀ ਪੱਚਵੀਂ ਵਰ੍ਹੇਗੰਢ ਦੇ ਸਮਾਗਮ ਵਿਚ ਸ਼ਰੀਕ ਹੋਣ ਲਈ ਜਲੰਧਰੋਂ ਆਏ ਹੋਏ ਸਨ, ਸਰਵੀ ਦੀ ਹਾਲਾਤ ਨੂੰ ਦੇਖਦੇ ਹੋਏ ਬੋਲੇ, ਕੋਈ ਗੱਲ ਨਹੀਂ ਬੇਟਾ ਗੁੱਸਾ ਨਾ ਕਰ, ਇਨ੍ਹਾਂ ਲੋਕਾਂ ਨੂੰ ਇਹੀ ਚੰਦਰੀ ਬਿਮਾਰੀ ਹੁੰਦੀ ਐ, ਜਦੋਂ ਸਾਨੂੰ ਕੋਈ ਕੰਮ ਪੈ ਜਾਂਦਾ ਹੈ ਨਾਂਹ, ਤਾਂ ਉਦੋਂ ਹੀ ਇਨ੍ਹਾਂ ਲੋਕਾਂ ਨੂੰ ਆਪਣਾ ਕੋਈ ਜ਼ਰੂਰੀ ਕੰਮ ਨਿਕਲ ਆਉਂਦੈ। ਸਰਵੀ ਚੁੱਪਚਾਪ ਸਭ ਕੁਝ ਸੁਣਦੀ ਰਹੀ, ਬਾਲਟੀ ਭਰਨ ਉਪਰੰਤ ਉਹੋ ਉਸ ਨੂੰ ਚੁੱਕ ਕੇ ਕਮਰੇ ਵਿਚ ਲੈ ਗਈ, ਕੋਈ ਪੰਦਰਾਂ ਕੁ ਮਿੰਟਾਂ ਵਿਚ ਉਸ ਨੇ ਸਾਰਾ ਕਮਰਾ ਧੋ ਦਿੱਤਾ। ਉਹ ਕਮਰਾ ਧੋਂਦੀ ਹੋਈ ਵੀ ਨੀਲਮ ਨੂੰ ਬੁਰਾ ਭਲਾ ਬੋਲਦੀ ਰਹੀ, ਫਿਰ ਉਹ ਉਪਰੋਂ ਪੱਖਾ ਚਲਾ ਕੇ ਗਿਆਨੀ ਜੀ ਨੂੰ ਫੋਨ ਕਰਨ ਚਲੇ ਗਈ ਕਿ ਕਮਰੇ ਦੀ ਸੇਵਾ ਹੋ ਚੁੱਕੀ ਹੈ, ਤੁਸੀਂ ਗੁਰਦੁਆਰਿਓਂ ਕਿਸੇ ਸਿੰਘ ਨੂੰ ਭੇਜ ਕੇ ਬਾਕੀ ਦੀ ਤਿਆਰੀ ਕਰਵਾ ਲਓ। ਜਿਉਂ ਹੀ ਗਿਆਨੀ ਜੀ ਗੁਰਦੁਆਰਿਓਂ ਆਏ, ਤਿਉਂ ਹੀ ਸਰਵੀ ਦਾ ਪਤੀ ਅਤੇ ਉਸ ਦੇ ਦੋਵੇਂ ਮੁੰਡੇ ਮਾਰਕੀਟ ਤੋਂ ਜ਼ਰੂਰੀ ਵਸਤਾਂ ਲੈ ਕੇ ਮੁੜ ਆਏ ਸਨ। ਆਉਂਦਿਆਂ ਹੀ ਉਹੋ ਤਿੰਨੋਂ-ਚਾਰੇ ਜਣੇ ਕਮਰੇ ਦੀ ਤਿਆਰੀ ਕਰਨ ’ਚ ਰੁਝ ਗਏ।
ਅਚਾਨਕ ਸਾਹੋ ਸਾਹੀ ਹੋਈ ਹੋਈ ਨੀਲਮ ਕੋਠੀ ਅੰਦਰ ਪਹੁੰਚੀ। ਸਰਵੀ ਉਸ ਨੂੰ ਦੇਖ ਕੇ ਲੋਹਾ ਲਾਖੀ ਹੁੰਦੀ ਹੋਈ ਬੋਲੀ, ‘ਨਾਂਹ ਲੱਗ ਗਿਆ ਟਾਈਮ ਤੈਨੂੰ ਹੁਣ ਦੁਪਿਹਰੇ ਆਉਣ ਦਾ’? ਨੀਲਮ ਸਰਵੀ ਨੂੰ ਗੁੱਸੇ ਵਿਚ ਦੇਖ ਕੇ ਥੋੜ੍ਹਾ ਸਹਿਮ ਨਾਲ ਬੋਲੀ, ਦੀਦੀ ਮੈਂ...ਨਾਂਹ...। ਅਗਲੀ ਗੱਲ ਤਾਂ ਸਰਵੀ ਨੇ ਸੁਣੀ ਹੀ ਨਹੀਂ ਸਗੋਂ ਅੱਗੋਂ ਉਚੀ ਆਵਾਜ਼ ’ਚ ਬੋਲਣ ਲੱਗ ਪਈ, ਜਦੋਂ ਕਿਸੇ ਕੰਮ ਦੀ ਸਾਨੂੰ ਲੋੜ ਪੈਂਦੀ ਆ ਨਾਂਹ, ਉਦੋਂ ਤੁਹਾਨੂੰ ਲੋਕਾਂ ਨੂੰ ਮੌਤ ਪੈ ਜਾਂਦੀ ਹੈ, ਉਂਝ ਮੌਰੀ ਚੜ੍ਹੇ ਰਹਿਣੈ ਸਾਰੀ ਦਿਹਾੜੀ। ਦੀਦੀ ਮੈਂ...। ਕੀ ਮੈਂ-ਮੈਂ ਲਾਈ ਐ ? ਤੈਨੂੰ ਪਤਾ ਨਹੀਂ ਘਰੇ ਪਾਠ ਆਰੰਭ ਕਰਾਉਣੈ? ਤੂੰ ਘੁੰਮਦੀ ਫਿਰਦੀ ਐ ਵੀਹ ਸੈਕਟਰ ਵਾਲਿਆਂ ਦੇ, ਦੱਸ ਤੇਰਾ ਕੀ ਫ਼ਾਇਦੈ, ਸਾਰਾ ਕੰਮ ਤਾਂ ਮੈਂ ਆਪ ਆਪਣੇ ਹੱਥੀਂ ਕੀਤੈ।
ਨੀਲਮ ਮੂੰਹੋਂ ਕੁਝ ਬੋਲਦੀ-ਬੋਲਦੀ ਚੁੱਪ ਕਰ ਗਈ। ਚੱਲ ਹੁਣ ਰਸੋਈ ਵਿਚ ਲੱਗ ਜਾ ਕੰਮ ’ਤੇ, ਖੜ੍ਹੀ ਕੀ ਝਾਕਦੀ ਐ ਕਿ ਅਜੇ ਵੀ ਕੋਈ ਮਹੂਰਤ ਕਢਵਾਉਣੈ। ਬਾਬਾ ਜੀ ਸਰਵੀ ਦੀ ਉੱਚੀ ਆਵਾਜ਼ ਸੁਣ ਕੇ ਅੰਦਰੋਂ ਬੋਲੇ, ਬੀਬੀ ਦੋ ਦਿਨ ਹੁਣ ਚੁੱਪ ਵਰਤਾਈ ਰੱਖਣੀ, ਹੋਰ ਘੰਟੇ ਤੱਕ ਪਾਠ ਆਰੰਭ ਹੋ ਜਾਣੈ, ਭਾਈ ਦੋ ਦਿਨ ਪਾਠ ਦਾ ਆਨੰਦ ਮਾਣਿਓ। ਨੀਲਮ ਚੁੱਪਚਾਪ ਰਸੋਈ ਵਿਚ ਚਲੇ ਗਈ, ਉਹ ਸੋਚ ਰਹੀ ਸੀ ਕਿ ਅੱਜ ਤਾਂ ਦੀਦੀ ਨੇ ਮੇਰੇ ਨਾਲ ਬਿਲਕੁਲ ਹੀ ਬੇਗਾਨਿਆਂ ਵਾਲਾ ਵਰਤਾਓ ਕੀਤੈ, ਘੱਟੋ-ਘੱਟ ਮੇਰੀ ਗੱਲ ਤਾਂ ਸੁਣ ਲੈਂਦੀ। ਨੀਲਮ ਨੂੰ ਰਸੋਈ ਵਿਚ ਕੰਮ ’ਤੇ ਲਾ ਕੇ ਸਰਵੀ ਆਪ ਆਪਣੇ ਮੰਮੀ ਡੈਡੀ ਕੋਲ ਦੋ ਘੜੀ ਇਸ ਤਰ੍ਹਾਂ ਜਾ ਬੈਠੀ, ਜਿਵੇਂ ਉਸ ਨੂੰ ਕਿਸੇ ਵੱਡੀ ਸਜ਼ਾ ਤੋਂ ਰਾਹਤ ਮਿਲੀ ਹੋਵੇ। ਅਗਲੇ ਦੋ ਦਿਨ ਸਰਵੀ ਨੇ ਨੀਲਮ ਦੀ ਕੋਈ ਗੱਲ ਨਹੀਂ ਸੀ ਸੁਣੀ ਪਰ ਨੀਲਮ ਤਨੋਂ ਮਨੋਂ ਮਹਾਰਾਜ ਜੀ ਦੀ ਸੇਵਾ ਸਮਝ ਕੇ ਆਪਣੇ ਕੰਮ ਵਿਚ ਜੁਟੀ ਰਹੀ। ਦਰਅਸਲ ਪਾਠ ਦੇ ਆਰੰਭ ਵਾਲੇ ਦਿਨ ਉਸ ਦੇ ਬੇਟੇ ਬਬਲੂ ਦਾ ਸਾਗ ਕੱਟਣ ਆਲ਼ੀ ਮਸ਼ੀਨ ’ਚ ਹੱਥ ਆ ਜਾਣ ਕਾਰਨ ਉਸ ਦੀਆਂ ਦੋ ਉਂਗਲਾਂ ਨੂੰ ਕੱਟ ਵੱਜ ਗਿਆ ਸੀ ਪਰ ਪੂਰੀਆਂ ਨਹੀਂ ਸੀ ਕੱਟੀਆਂ ਗਈਆਂ। ਉਨ੍ਹਾਂ ਨੇ ਗੁਆਂਢੀਆਂ ਤੋਂ ਕੁਝ ਪੈਸੇ ਫੜ ਫੜਾ ਕੇ ਮਾੜਾ-ਮੋਟਾ ਇਲਾਜ ਕਰਵਾ ਲਿਆ ਸੀ।
ਅੱਜ ਪਾਠ ਦਾ ਭੋਗ ਪੈ ਚੁੱਕਿਆ ਸੀ। ਨੇੜੇ-ਤੇੜੇ ਆਲੇ ਸਭ ਰਿਸ਼ਤੇਦਾਰ ਚਲੇ ਗਏ ਸਨ। ਘਰੇ ਸਰਵੀ ਦੇ ਮੰਮੀ-ਡੈਡੀ ਹੀ ਰਹਿ ਗਏ ਸਨ, ਨੀਲਮ ਨੂੰ ਆਪਣੇ ਦੋ ਦਿਨ ਦੇ ਕੀਤੇ ਹੋਏ ਕੰਮ ਤੇ ਪੂਰਾ ਫ਼ਖ਼ਰ ਸੀ। ਉਹ ਸੋਚ ਰਹੀ ਸੀ ਕਿ ਸਰਵੀ ਦੀਦੀ ਮੇਰੇ ਇਸ ਕੰਮ ਤੋਂ ਖ਼ੁਸ਼ ਹੋ ਕੇ, ਜੋ ਪੈਸੇ ਬਗ਼ੈਰਾ ਦੇਵੇਗੀ, ਉਹ ਤਾਂ ਵੱਖਰੇ ਰਹੇ, ਬਾਕੀ ਇਨਾਮ ਸਨਾਮ ਦੇ ਨਾਲ, ਦੀਦੀ ਦੇ ਮੰਮੀ-ਡੈਡੀ ਵੀ ਕੁਝ ਨਾ ਕੁਝ ਕਿਰਪਾ ਕਰਨਗੇ, ਫਿਰ ਤਾਂ ਗੁਆਂਢੀਆਂ ਤੋਂ ਫੜੇ ਹੋਏ ਪੈਸੇ ਵੀ ਅੱਜ ਹੀ ਜਾ ਕੇ ਮੋੜ ਦੇਵਾਂਗੀ। ਉਸ ਨੇ ਆਪਣੇ ਸਾਰੇ ਕੰਮ ਧੰਦੇ ਮੁਕਾ ਕੇ ਸਰਵੀ ਨੂੰ ਪਰਸੋਂ ਲੇਟ ਆਉਣ ਦਾ ਕਾਰਨ ਦੱਸਿਆ, ਬਬਲੂ ਦੀਆਂ ਉਂਗਲਾਂ ਕੱਟ ਜਾਣ ਦਾ ਸੁਣ ਕੇ ਸਰਵੀ ਨੇ ਪੂਰਾ ਦੁੱਖ ਮਨਾਇਆ।
ਫਿਰ ਨੀਲਮ ਬੋਲੀ, ਦੀਦੀ ਥੋੜ੍ਹੇ ਜਿਹੇ ਪੈਸਿਆ ਦੀ ਜ਼ਰੂਰਤ ਹੈ, ਜੇ ਦੇ ਸਕੋ ਤਾਂ ਬੜੀ ਮੇਹਰਬਾਨੀ ਹੋਵੇਗੀ, ਪਰਸੋਂ ਸਵੇਰੇ ਕੁਝ ਪੈਸੇ ਗੁਆਂਢੀਆਂ ਤੋਂ ਫੜ ਕੇ ਡਾਕਟਰ ਨੂੰ ਦਿੱਤੇ ਸੀ, ਉਹੋ ਜ਼ਰੂਰੀ ਵਾਪਸ ਕਰਨੇ ਨੇ। ਪਹਿਲਾਂ ਤਾਂ ਸਰਵੀ ਨੇ ਉਸ ਦੀ ਕਹੀ ਗੱਲ ਅਣਸੁਣੀ ਹੀ ਕਰ ਦਿੱਤੀ, ਦੂਜੀ ਵਾਰ ਨੀਲਮ ਦੇ ਕਹਿਣ ਤੇ ਬੋਲੀ, ‘ਅੱਛਾ ਤੂੰ ਬੋਲ ਰਹੀ ਹੈ ਕੁਝ’ ਇਉਂ ਕਹਿ ਕੇ ਉਸ ਨੇ ਨੀਲਮ ਦੇ ਮੋਢੇ ਉੱਤੋਂ ਦੀ ਆਪਣੀ ਬਾਂਹ ਘੁਮਾ ਲਈ ਤੇ ਅੰਦਰ ਆਪਣੇ-ਮੰਮੀ ਡੈਡੀ ਸਾਹਮਣੇ ਉਸ ਨੂੰ ਇਸ ਤਰ੍ਹਾਂ ਲੈ ਕੇ ਗਈ, ਜਿਵੇਂ ਪੁਲਿਸ ਕਿਸੇ ਦੋਸ਼ੀ ਨੂੰ ਪਕੜ ਕੇ ਜੱਜ ਦੇ ਸਾਹਮਣੇ ਲਈ ਜਾਂਦੀ ਹੋਵੇ। ਉਹੋ ਨੀਲਮ ਨੂੰ ਅੰਦਰ ਲਿਜਾ ਕੇ ਆਪਣੀ ਮੰਮੀ ਜੀ ਨੂੰ ਬੋਲੀ, ਮੰਮੀ ਜੀ ਤੁਸੀਂ ਨੀਲਮ ਨੂੰ ਤਾਂ ਚੰਗੀ ਤਰ੍ਹਾਂ ਜਾਣਦੇ ਹੀ ਹੋ, ਇਹੇ ਆਪਣੇ ਘਰੇ ਕਿੰਨੇ ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ। ਹਾਂ-ਹਾਂ ਬੇਟਾ ਕਿਉਂ ਨਹੀਂ, ਇਸ ਨੂੰ ਤਾਂ ਹੁਣ ਆਪਣੇ ਸਭ ਰਿਸ਼ਤੇਦਾਰ ਵੀ ਜਾਣਦੇ ਨੇ, ਮੰਮੀ ਜੀ ਆਪਣੇ ਗੋਡਿਆਂ ਉਪਰ ਨੂੰ ਰਜਾਈ ਖਿੱਚਦੇ ਹੋਏ ਬੋਲੇ। ਮੰਮੀ ਜੀ ਇਹ ਏਨੇ ਸਾਲਾਂ ਤੋਂ ਆਪਣੇ ਘਰੇ ਕੰਮ ਕਰਦੀ ਆ ਰਹੀ ਐ, ਸੱਚੀ ਹੁਣ ਤਾਂ ਇਉਂ ਲੱਗਦੈ, ਜਿਵੇਂ ਇਹੇ ਆਪਣੇ ਘਰ ਦੀ ਹੀ ਮੈਂਬਰ ਹੋਵੇ, ਫਿਰ ਨੀਲਮ ਵੱਲ ਮੂੰਹ ਕਰ ਕੇ ਕਹਿਣ ਲੱਗੀ, ਤੈਨੂੰ ਪਤਾ ਹੈ ਨੀਲਮ, ਘਰੇ ਪਾਠ ਕਰਾਉਣ ’ਤੇ ਆਪਣਾ ਕਿੰਨਾ ਖ਼ਰਚਾ ਹੋ ਗਿਆ, ਤੂੰ ਸਭ ਕੁਝ ਜਾਣਦੀ ਹੋਈ ਵੀ ਕੁਝ ਪੈਸਿਆਂ ਦੀ ਮੰਗ ਕਰ ਰਹੀ ਐ, ਫਿਰ ਸਹੀ ਕਿਸੇ ਦਿਨ, ਤੇਰੀ ਮੰਗ ਜ਼ਰੂਰ ਪੂਰੀ ਕੀਤੀ ਜਾਊ, ਇਉਂ ਕਹਿ ਕੇ ਸਰਵੀ ਨੇ ਆਪਣੀ ਬਾਂਹ ਉਸ ਦੇ ਮੋਢੇ ਤੋਂ ਖਿੱਚ ਲਈ।
‘ਘਰ ਦੀ ਮੈਂਬਰ’ ਸ਼ਬਦ ਉਸ ਦੇ ਦਿਮਾਗ਼ ਵਿਚ ਤਿੱਖੇ ਤੀਰ ਵਾਂਗ ਵੱਜਿਆ। ਉਹ ਇਉਂ ਤੜਫ਼ੀ ਜਿਵੇਂ ਧੁਰ ਅੰਦਰ ਤੱਕ ਜ਼ਖਖ਼ਮੀ ਹੋ ਗਈ ਹੋਵੇ। ਸਰਵੀ ਦੀ ਜੱਫੀ ਵਿੱਚੋਂ ਨਿਕਲ ਕੇ ਜਦੋਂ ਉਹ ਕੋਠੀਓ ਬਾਹਰ ਨਿਕਲੀ ਤਾਂ ਸਾਹਮਣੇ ਗੇਟ ਅੱਗੇ ਸ਼ਾਮ ਨੂੰ ਹੋਣ ਵਾਲੇ ਪ੍ਰੋਗਰਾਮ ਲਈ ਟੈਂਟ ਦਾ ਸਾਮਾਨ ਠੱਕ-ਠੱਕ ਦੀ ਆਵਾਜ਼ ਨਾਲ ਇਕ ਟੈੱਪੂ ਵਿੱਚੋਂ ਉਤਰ ਰਿਹਾ ਸੀ। ਨੀਲਮ ਨੇ ਟੈਂਪੂ ’ਚੋਂ ਉਤਰ ਰਹੇ ਸਾਮਾਨ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਿਆ। ਉਸ ਨੂੰ ਇੰਝ ਮਹਿਸੂਸ ਹੋਇਆ, ਜਿਵੇਂ ਟੈਂਪੂ ’ਚੋਂ ਉਤਰ ਰਹੇ ਪਾਈਪਾਂ ਦੀ ਠੱਕ-ਠੱਕ ਨਹੀਂ ਸਗੋਂ ਉਸ ਦੇ ਪੁੱਤਰ ਬਬਲੂ ਦੀਆਂ ਕੱਟੀਆਂ ਹੋਈਆਂ ਉਂਗਲਾਂ ਵਿਚ ਟੱਸ-ਟੱਸ ਹੋ ਰਹੀ ਹੋਵੇ, ਫਿਰ ਉਹ ਆਪਣੇ ਕੰਨਾਂ ’ਤੇ ਦੋਵੇਂ ਹੱਥ ਧਰ ਕੇ ਕਾਹਲੇ ਕਦਮੀਂ ਕਿਸੇ ਅਮੁੱਕ ਸਫ਼ਰ ’ਤੇ ਨਿਕਲ ਗਈ।
- ਰਵਿੰਦਰ ਰੁਪਾਲ ਕੌਲਗੜ੍ਹ