
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਜਰੇ ਦੀ ਕੈਦ ’ਚ ਬੈਠੇ ਦੋ ਪੰਛੀ ਇਕ-ਦੂਜੇ ਨਾਲ ਸੁੱਖ-ਦੁੱਖ ਕਰ ਰਹੇ ਸਨ, ਆਪਸ ਵਿਚ ਚਿਲਮਿਲਾ ਰਹੇ ਸਨ ਤੇ ਇਕ-ਦੂਜੇ ਨਾਲ ਅਠਖੇਲੀਆਂ ਕਰ ਰਹੇ ਸਨ। ਕੋਈ ਪਾਣੀ ’ਚ ਨਹਾ ਕੇ ਮਸਤੀ ਕਰ ਰਿਹਾ ਸੀ, ਕੋਈ ਪਾਏ ਹੋਏ ਦਾਣੇ ਚੁਗਣ ਵਿਚ ਮਸਤ ਸੀ। ਕੁਝ ਕੁ ਦੇਰ ਬਾਅਦ ਉਹ ਆਪਣੇ ਆਲ੍ਹਣਿਆਂ ਵਿਚ ਲੁਕ ਜਾਂਦੇ ਤੇ ਪੂਰੀ ਮਸਤੀ ਕਰਦੇ।

ਪਿੰਜਰੇ ਦੀ ਕੈਦ ’ਚ ਬੈਠੇ ਦੋ ਪੰਛੀ ਇਕ-ਦੂਜੇ ਨਾਲ ਸੁੱਖ-ਦੁੱਖ ਕਰ ਰਹੇ ਸਨ, ਆਪਸ ਵਿਚ ਚਿਲਮਿਲਾ ਰਹੇ ਸਨ ਤੇ ਇਕ-ਦੂਜੇ ਨਾਲ ਅਠਖੇਲੀਆਂ ਕਰ ਰਹੇ ਸਨ। ਕੋਈ ਪਾਣੀ ’ਚ ਨਹਾ ਕੇ ਮਸਤੀ ਕਰ ਰਿਹਾ ਸੀ, ਕੋਈ ਪਾਏ ਹੋਏ ਦਾਣੇ ਚੁਗਣ ਵਿਚ ਮਸਤ ਸੀ। ਕੁਝ ਕੁ ਦੇਰ ਬਾਅਦ ਉਹ ਆਪਣੇ ਆਲ੍ਹਣਿਆਂ ਵਿਚ ਲੁਕ ਜਾਂਦੇ ਤੇ ਪੂਰੀ ਮਸਤੀ ਕਰਦੇ। ਇੰਜ ਉਹ ਆਪਣੀ ਜ਼ਿੰਦਗੀ ਦਾ ਨਿਭਾਅ ਪੂਰੀ ਮਸਤੀ ਨਾਲ ਕਰ ਰਹੇ ਸਨ। ਕੁਝ ਕੁ ਦੇਰ ਬਾਅਦ ਉਹ ਉਦਾਸ ਬੈਠੇ ਆਪਣੇ ਆਲ੍ਹਣਿਆਂ ਵਿਚ ਇਕ-ਦੂਜੇ ਨਾਲ ਵਿਚਾਰ ਕਰ ਰਹੇ ਸਨ ਕਿ ਇਸ ਪਿੰਜਰੇ ’ਚ ਮਾਲਕ ਸਾਨੂੰ ਖਾਣ-ਪੀਣ ਦੇ ਨਾਲ-ਨਾਲ ਸਭ ਤਰ੍ਹਾਂ ਦਾ ਪਿਆਰ ਦੇ ਰਿਹਾ ਹੈ, ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਮਹਿਸੂਸ ਨਹੀਂ ਹੁੰਦੀ ਪਰ ਜਦੋਂ ਅਸੀਂ ਬਾਹਰਲੇ ਪੰਛੀਆਂ ਵੱਲ ਵੇਖਦੇ ਹਾਂ ਤਾਂ ਚਿੰਤਾ ਜਿਹੀ ਲੱਗਦੀ ਹੈ ਕਿ ਉਹ ਕਿੰਨੇ ਖ਼ੁਸ਼ੀ-ਖ਼ੁਸ਼ੀ ਆਪਣੇ ਸਾਥੀਆਂ ਨਾਲ ਇਸ ਅੰਬਰ ’ਚ ਆਜ਼ਾਦ ਘੁੰਮਦੇ ਹਨ। ਜਿੱਧਰ ਦਿਲ ਕਰੇ, ਉਡਾਰੀ ਮਾਰ ਜਾਂਦੇ ਹਨ, ਜਿੱਥੇ ਬੈਠਣ ਨੂੰ ਮਨ ਕਰੇ, ਉਥੇ ਬੈਠ ਜਾਂਦੇ ਹਨ, ਕੁਦਰਤੀ ਝਰਨਿਆਂ ’ਚ ਨਹਾਉਂਦੇ ਹਨ ਤੇ ਕੁਦਰਤ ਦੀ ਹੋਂਦ ਦਾ ਪੂਰਾ ਆਨੰਦ ਲੈ ਰਹੇ ਹਨ। ਕਾਸ਼! ਅਸੀਂ ਵੀ ਅਕਾਸ਼ ’ਚ ਲੰਮੀ ਉਡਾਰੀ ਮਾਰ ਸਕਦੇ, ਕੁਦਰਤ ਦੀ ਗੋਦ ਦਾ ਆਨੰਦ ਮਾਣ ਸਕਦੇ, ਮਨਚਾਹਿਆਂ ਰਾਹ ਚੋਗ ਚੁਗ ਸਕਦੇ, ਆਪਣੇ ਨਵੇਂ ਦੋਸਤ ਬਣਾਉਂਦੇ, ਨਵੇਂ-ਨਵੇਂ ਜ਼ਿੰਦਗੀ ਦੇ ਰਾਹ ਲੱਭਦੇ ਤੇ ਆਜਾਦੀ ਨਾਲ ਆਪਣੀ ਜ਼ਿੰਦਗੀ ਮਾਣ ਸਕਦੇ।
ਇਕ ਦਿਨ ਪਰਮਾਤਮਾ ਦੀ ਐਸੀ ਕਰਨੀ ਹੋਈ ਕਿ ਕੋਈ ਰੱਬ ਦਾ ਬੰਦਾ ਆਇਆ। ਉਸ ਨੇ ਸਾਨੂੰ ਦੋ ਟਕੇ ’ਚ ਖ਼ਰੀਦਿਆ ਤੇ ਸਾਨੂੰ ਆਜ਼ਦ ਕਰ ਦਿੱਤਾ। ਜਦੋਂ ਮੈਂ ਅਸਮਾਨ ਵਿਚ ਪਹਿਲੀ ਉਡਾਰੀ ਮਾਰੀ ਤਾਂ ਸ਼ਾਇਦ ਇਹ ਪਹਿਲਾ ਦਿਨ ਸੀ ਜਦੋਂ ਪਹਿਲੀ ਵਾਰ ਪੂਰੇ ਆਸਮਾਨ ’ਚ ਪੂਰੇ ਪੰਖ ਖੋਲ੍ਹ ਕੇ ਆਪਣੀ ਮਨਚਾਹੀ ਉਡਾਰੀ ਮਾਰੀ ਸੀ। ਇਸ ਉਡਾਣ ਦਾ ਚਾਅ ਇੰਨਾ ਸੀ ਕਿ ਮੈਂ ਅੱਜ ਜ਼ਿੰਦਗੀ ਦੀ ਸਭ ਤੋਂ ਉੱਚੀ ਤੇ ਲੰਮੀ ਉਡਾਰੀ ਮਾਰਨੀ ਚਾਹੁੰਦਾ ਸੀ। ਪਤਾ ਨਹੀਂ ਏਨੀ ਤਾਕਤ ਕਿੱਥੋਂ ਮਿਲੀ, ਮੈਂ ਸਭ ਤੋਂ ਲੰਮੀ ਉਡਾਰੀ ਮਾਰੀ ਤੇ ਮੇਰੇ ਪੈਰ ਧਰਤੀ ’ਤੇ ਆਉਣ ਨੂੰ ਨਹੀਂ ਕਰ ਰਹੇ ਸਨ। ਮੈਂ ਬਸ ਉੱਡਣਾ ਹੀ ਚਾਹੁੰਦਾ ਸੀ, ਪਾਣੀ, ਝਰਨੇ, ਕੁਦਰਤ ਦੇ ਰੰਗ ਮੈਨੂੰ ਮੋਹਿਤ ਕਰ ਰਹੇ ਸਨ। ਮੈਂ ਇਨ੍ਹਾਂ ਨਜ਼ਾਰਿਆਂ ਨੂੰ ਆਪਣੀਆਂ ਅੱਖਾਂ ’ਚ ਸਮਾ ਲੈਣਾ ਚਾਹੁੰਦਾ ਸੀ।
ਉੱਡਦਾ-ਉੱਡਦਾ ਮੈਂ ਇਕ ਝਰਨੇ ’ਤੇ ਪਾਣੀ ਪੀਣ ਬੈਠ ਗਿਆ ਤੇ ਕੋਲ ਪਏ ਕੁਝ ਦਾਣੇ ਚੁਗੇ। ਇਹ ਪਾਣੀ ਤੇ ਕੁਝ ਦਾਣੇ ਮੈਂਨੂੰ ਕਿਸੇ ਅੰਮ੍ਰਿਤ ਤੋਂ ਘੱਟ ਮਹਿਸੂਸ ਨਹੀਂ ਹੋ ਰਹੇ ਸਨ। ਪਿੰਜਰੇ ’ਚ ਕਈ ਤਰ੍ਹਾਂ ਦੇ ਭੋਜਨ ਮੈਨੂੰ ਮਿਲਦ ਰਹੇ ਪਰ ਇਸ ਭੋਜਨ ਦਾ ਸੁਆਦ ਹੀ ਕੁਝ ਵੱਖਰਾ ਸੀ ਤੇ ਇਸ ਨੇ ਮੇਰੀ ਆਤਮਾ ਤ੍ਰਿਪਤ ਕਰ ਦਿੱਤੀ। ਭੋਜਨ ਦੀ ਭਾਲ ’ਚ ਮੈਂ ਹਰ ਰੋਜ਼ ਨਵੀਂ ਉਡਾਰੀ ਮਾਰਦਾ, ਰੋਜ਼ ਨਵੇਂ ਪੰਛੀਆਂ ਨੂੰ ਮਿਲਦਾ, ਆਪਣਾ ਪੇਟ ਭਰਦਾ ਤੇ ਵਾਪਸ ਆਲ੍ਹਣੇ ’ਚ ਆ ਜਾਂਦਾ। ਹੁਣ ਮੈਂ ਗ਼ੁਲਾਮੀ ਵਾਲੇ ਜੀਵਨ ਤੋਂ ਆਜ਼ਾਦ ਹੋ ਚੁੱਕਿਆ ਸੀ ਤੇ ਆਪਣੇ ਜੀਵਨ ਨੂੰ ਆਨੰਦਮਈ ਜੀਅ ਰਿਹਾ ਸੀ ਤੇ ਮਹਿਸੂਸ ਕਰ ਰਿਹਾ ਸੀ ਕਿ ਇਸ ਆਜ਼ਾਦੀ ਦੀ ਸਾਡੀ ਜ਼ਿੰਦਗੀ ’ਚ ਕਿੰਨੀ ਮਹੱਤਤਾ ਹੈ।
ਇਕ ਦਿਨ ਭੋਜਨ ਦੀ ਭਾਲ ’ਚ ਮੈਂ ਉਡਾਰੀ ਮਾਰੀ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਉਡਾਰੀ ਮੇਰੀ ਜ਼ਿੰਦਗੀ ਦੀ ਆਖ਼ਰੀ ਉਡਾਰੀ ਹੋਵੇਗੀ। ਮੈਂ ਆਪਣੀ ਚੋਗ ਚੁਗ ਰਿਹਾ ਸੀ ਪਰ ਉਹ ਚੋਗ ਨਹੀਂ ਸਗੋਂ ਕਿਸੇ ਸ਼ਿਕਾਰੀ ਦਾ ਵਿਛਾਇਆ ਹੋਇਆ ਜਾਲ ਸੀ। ਮੈਂ ਚੋਗ ਚੁਗਦਾ-ਚੁਗਦਾ ਉਸ ਦੀ ਚੁੰਗਲ ’ਚ ਫਸ ਗਿਆ। ਉਸ ਜਾਲਮ ਨੇ ਮੈਨੂੰ ਬਜ਼ਾਰ ’ਚ ਕੁਝ ਰੁਪਿਆ ਦੇ ਲਾਲਚ ਵੱਸ ਇਕ ਕਸਾਈ ਕੋਲ ਵੇਚ ਦਿੱਤਾ। ਉਸ ਕਸਾਈ ਨੇ ਮੇਰੇ ਸਰੀਰ ਦੇ ਟੁੱਕੜੇ ਕੀਤੇ ਅਤੇ ਮੇਰੇ ਕੋਮਲ ਅੰਗਾਂ ਨੂੰ ਇਕ ਤਪਦੇ ਤੰਦੂਰ ’ਚ ਉਦੋਂ ਤੱਕ ਪਕਾਇਆ, ਜਦੋਂ ਤੱਕ ਮੈਂ ਕਿਸੇ ਸ਼ਰਾਬੀ ਦੀ ਜੀਭ ਦਾ ਸੁਆਦ ਨਾ ਬਣ ਜਾਂਦਾ। ਫਿਰ ਮੈਨੂੰ ਉਸ ਨੇ ਕਿਸੇ ਸ਼ਰਾਬੀ ਦੇ ਸਾਹਮਣੇ ਪੇਸ਼ ਕੀਤਾ। ਇਹ ਸ਼ਰਾਬੀ ਸ਼ਾਇਦ ਉਹੀ ਇਨਸਾਨ ਸੀ, ਜੋ ਮੈਨੂੰ ਪਿੰਜਰੇ ਦੀ ਕੈਦ ’ਚ ਵੇਖ ਕੇ ਬੋਲਦਾ ਹੁੰਦਾ ਸੀ ਕਿ ਕਿਉਂ ਇਨ੍ਹਾਂ ਬੇਜ਼ੁਬਾਨਿਆਂ ਨੂੰ ਕੈਦ ਕੀਤਾ ਹੋਇਆ ਹੈ, ਇਨ੍ਹਾਂ ਨੂੰ ਆਜ਼ਾਦ ਕਰ ਦਿਉ, ਕਿਸੇ ਨੂੰ ਵੀ ਕੈਦ ਕਰਨਾ ਪਾਪ ਹੈ। ਇਨ੍ਹਾਂ ਨੂੰ ਵੀ ਆਪਣੀ ਜ਼ਿੰਦਗੀ ਖੁੱਲ੍ਹੇ ਅਸਮਾਨ ’ਚ ਜਿਊਣ ਦਾ ਅਧਿਕਾਰ ਹੈ।
ਉਹੀ ਪਰਮਾਤਮਾ ਦਾ ਬੰਦਾ, ਜਿਸ ਨੇ ਮੈਨੂੰ ਅਜ਼ਾਦ ਕਰਵਾਇਆ ਸੀ, ਅੱਜ ਉਸ ਦੀ ਹੀ ਥਾਲੀ ’ਚ ਪਰੋਸਿਆ ਹੋਇਆ ਮੈਂ ਆਪਣੇ ਪਿੰਜਰੇ ਵਾਲੇ ਮਾਲਕ ਨੂੰ ਯਾਦ ਕਰ ਕੇ ਰੋ ਰਿਹਾ ਸੀ ਕਿ ਉਹ ਸਾਨੂੰ ਸਿਰਫ਼ ਆਜ਼ਾਦ ਨਹੀ ਕਰਦਾ ਸੀ ਪਰ ਉਹ ਏਨਾ ਜਾਲਮ ਤਾਂ ਨਹੀਂ ਸੀ। ਅੱਜ ਉਹ ਪਰਾਮਾਤਮਾ ਦਾ ਬੰਦਾ ਮੇਰੇ ਇਕੱਲੇ-ਇਕੱਲੇ ਅੰਗ ਨੂੰ ਬੜੇ ਸੁਆਦ ਨਾਲ ਖਾ ਰਿਹਾ ਸੀ ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਸੀ। ਅੱਜ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਮੈਂ ਪਿੰਜਰੇ ਵਾਲੀ ਜ਼ਿੰਦਗੀ ਨੂੰ ਨਿੰਦ ਰਿਹਾ ਸੀ ਪਰ ਉਹ ਮੇਰੀ ਜਾਨ ਤਾਂ ਨਹੀਂ ਲੈ ਰਹੀ ਸੀ।
ਸੋ ਦੋਸਤੋ ਜਦੋਂ ਵੀ ਕਿਤੇ ਜ਼ਿੰਦਗੀ ਦੇ ਮਾੜੇ ਦੌਰ ’ਚੋਂ ਨਿਕਲ ਰਹੇ ਹੁੰਦੇ ਹੋ ਤਾਂ ਉਹ ਇਕ ਪਰਮਾਤਮਾ ਦਾ ਬਣਾਇਆ ਹੋਇਆ ਪਿੰਜਰਾ ਹੀ ਹੁੰਦਾ ਹੈ। ਉਸ ਨੇ ਸਾਨੂੰ ਬਾਹਰਲੇ ਆਦਮਖੋਰਾਂ ਤੋਂ ਬਚਾਇਆ ਹੁੰਦਾ ਹੈ, ਸਾਨੂੰ ਉਹ ਸਮਾਂ ਕੱਢਣਾ ਬਹੁਤ ਔਖਾ ਤਾਂ ਮਹਿਸੂਸ ਹੋ ਰਿਹਾ ਹੁੰਦਾ ਹੈ ਪਰ ਪਰਮਾਤਮਾ ਨੇ ਉਸ ਸਮੇਂ ’ਚ ਸਾਡੇ ਲਈ ਕੀ ਬਿਹਤਰ ਕਰਨਾ ਹੁੰਦਾ ਹੈ, ਸ਼ਾਇਦ ਅਸੀਂ ਅਣਜਾਣ ਨਹੀਂ ਸਮਝ ਪਾਉਂਦੇ। ਸੋ ਜਦੋਂ ਵੀ ਕਿਤੇ ਜ਼ਿੰਦਗੀ ਦੇ ਮਾੜੇ ਦੌਰ ’ਚੋਂ ਗੁਜ਼ਰ ਰਹੇ ਹੋਵੋ ਤਾਂ ਕਦੇ ਵੀ ਪਰਮਾਤਮਾ ਦੇ ਫ਼ੈਸਲਿਆਂ ’ਤੇ ਸ਼ੱਕ ਨਾ ਕਰਿਆ ਕਰੋ, ਹਮੇਸ਼ਾ ਕਦਰ ਕਰਿਆ ਕਰੋ। ਉਸ ਨੇ ਪਤਾ ਨਹੀਂ ਕਿਹੜੀਆਂ ਗਰਮ ਹਵਾਵਾਂ ਤੋਂ ਬਚਾਉਣ ਲਈ ਤੁਹਾਨੂੰ ਕੈਦ ਕੀਤਾ ਹੁੰਦਾ ਹੈ।
- ਐੱਸਪੀ ਸਿੰਘ