- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਸ਼ਤੇਦਾਰੀ ’ਚ ਸਾਡੀ ਲਾਡੋ ਰਾਣੀ ਦਾ ਵਿਆਹ ਸੀ। ਅਸੀਂ ਉਸ ਦੇ ਲਾਡ-ਪਿਆਰ ਦੇ ਕੀਲੇ ਹੋਏ ਪੈਲੇਸ ’ਚ ਬਾਰਾਤ ਦੀ ਸੇਵਾ ਵਿਚ ਰੁੱਝੇ ਹੋਏ ਸੀ। ਇਸ ਭੱਜ-ਦੌੜ ਦੌਰਾਨ ਮੈਂ ਫੋਟੋਆਂ ਖਿੱਚਣੀਆਂ ਤੇ ਸਟੇਟਸ ਪਾਉਣ ਵਾਲਾ ਚਸਕਾ ਵੀ ਨਾਲੋ-ਨਾਲ ਪੂਰਾ ਕਰਦਾ ਜਾ ਰਿਹਾ ਸੀ। ਮੈਂ ਸਟੇਟਸ ’ਤੇ ਫੋਟੋ ਪਾਉਣ ਲਈ ਕੋਈ ਸ਼ਿਅਰ ਘੜਨ ਲੱਗਿਆ ਤਾਂ ਉਸ ਬਜ਼ੁਰਗ ਦੀ ਯਾਦ ਆ ਗਈ।

ਰਿਸ਼ਤੇਦਾਰੀ ’ਚ ਸਾਡੀ ਲਾਡੋ ਰਾਣੀ ਦਾ ਵਿਆਹ ਸੀ। ਅਸੀਂ ਉਸ ਦੇ ਲਾਡ-ਪਿਆਰ ਦੇ ਕੀਲੇ ਹੋਏ ਪੈਲੇਸ ’ਚ ਬਾਰਾਤ ਦੀ ਸੇਵਾ ਵਿਚ ਰੁੱਝੇ ਹੋਏ ਸੀ। ਇਸ ਭੱਜ-ਦੌੜ ਦੌਰਾਨ ਮੈਂ ਫੋਟੋਆਂ ਖਿੱਚਣੀਆਂ ਤੇ ਸਟੇਟਸ ਪਾਉਣ ਵਾਲਾ ਚਸਕਾ ਵੀ ਨਾਲੋ-ਨਾਲ ਪੂਰਾ ਕਰਦਾ ਜਾ ਰਿਹਾ ਸੀ। ਮੈਂ ਸਟੇਟਸ ’ਤੇ ਫੋਟੋ ਪਾਉਣ ਲਈ ਕੋਈ ਸ਼ਿਅਰ ਘੜਨ ਲੱਗਿਆ ਤਾਂ ਉਸ ਬਜ਼ੁਰਗ ਦੀ ਯਾਦ ਆ ਗਈ। ਉਸ ਦਿਨ ਇਸੇ ਤਰ੍ਹਾਂ ਹੀ ਬਰਾਤ ਆਈ ਹੋਈ ਸੀ। ਅਸੀਂ ਧੀ-ਧਿਆਣੀ ਵਾਲੇ ਪਾਸਿਓਂ ਹੋਣ ਕਰਕੇ ਬਰਾਤੀਆਂ ਅੱਗੇ ਨਿਮਰਤਾ ਸਹਿਤ ਹੱਥ ਜੋੜੀ ਖੜ੍ਹੇ ਸੀ, ‘ਆਓ ਜੀ, ਜੀ ਆਇਆਂ ਨੂੰ। ਤਿਲ-ਫੁਲ ਸੇਵਾ ਸਵਿਕਾਰ ਕਰੋ। ਇੱਥੇ ਬੈਠੋ, ਆਹ ਖਾਓ ਵਗੈਰਾ ਵਗੈਰਾ।’ ਬਰਾਤ ਦੀ ਫੁੱਲ ਸੇਵਾ ਲਈ ਸ਼ਕਤੀ ਵਾਟਰ ਦਾ ਪ੍ਰਬੰਧ ਪਰਦੇ ’ਚ ਕੀਤਾ ਹੋਇਆ ਸੀ। ਅਸੀਂ ਦੋਵੇਂ ਹੱਥ ਜੋੜ ਬਰਾਤੀ ਮਹਿਮਾਨਾਂ ਨੂੰ ਬੇਨਤੀ ਕੀਤੀ ਕਿ ਜੋ ਵੀ ਕੋਈ ਮੂਡ ਬਣਾਉਣ ਦੇ ਸ਼ੌਕੀਨ ਨੇ, ਉੱਠ ਕੇ ਸਾਡੇ ਨਾਲ ਆ ਜਾਓ ਪਰ ਉੱਠੇ ਕੋਈ ਨਾ। ਹਾਂ ਇਕ-ਦੂਜੇ ਦੀਆਂ ਕੂਹਣੀਆਂ ਵੱਖੀਆਂ ’ਚ ਜ਼ਰੂਰ ਵੱਜਣ ਲੱਗੀਆਂ। ਅਸੀਂ ਫਿਰ ਕਿਹਾ ਭਾਈ ਸੰਗੋ ਨਾ, ਆ ਜਾਓ ਭੰਗੜਾ ਪਾਉਣ ਜੋਗੇ ਤਾਂ ਹੋ ਜਾਓ। ਜਵਾਨੀ ਮੁਸਕਰਾਈ ਪਰ ਉੱਠਿਆ ਫਿਰ ਵੀ ਕੋਈ ਨਾ।
ਇਕ ਬਜ਼ੁਰਗ ਜੋ ਆਪਣੇ ਕੋਟ ’ਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ, ਨੇ ਹਿੰਮਤ ਵਿਖਾਈ। ਚਲੋ ਭਾਈ ਆਪਾਂ ਤੋਂ ਭੰਗੜਾ ਪਵੇ ਚਾਹੇ ਨਾ ਪਵੇ ਪਰ ਆਪਾਂ ਅੱਜ ਪੀਣੀ ਜ਼ਰੂਰ ਆ। ਬਜ਼ੁਰਗ ਵੱਲ ਵੇਖ ਕੇ ਸਭ ਹੈਰਾਨ ਹੋ ਗਏ ਤੇ ਕਾਨਾਫੂਸੀ ਕਰਨ ਲੱਗੇ। ਪਤਾ ਲੱਗਿਆ ਕਿ ਇਹ ਬਜ਼ੁਰਗ ਘਰੋਂ ਕਹਿ ਕੇ ਤੁਰਿਆ ਸੀ ਕਿ ਵਿਆਹ ’ਚ ਜੇ ਮੈਂ ਕਿਸੇ ਦੀ ਪੀਤੀ ਹੋਈ ਵੇਖ ਲਈ ਤਾਂ ਕਾਲਰ ਤੋਂ ਫੜ ਕੇ ਬਾਹਰ ਕੱਢ ਦੇਣਾ ਉਸ ਨੂੰ ਪਰ ਹੁਣ ਆਪ ਹੀ ਪਹਿਲ ਕਰ ਦਿੱਤੀ। ਆ ਜਾਓ ਬਈ ਮੁੰਡਿਓ, ਕਹਿੰਦਾ ਹੋਇਆ ਬਜ਼ੁਰਗ ਉੱਠ ਖੜ੍ਹਾ ਹੋਇਆ। ਅਸੀਂ ਸਾਰਿਆਂ ਨੂੰ ਪਰਦੇ ਅੰਦਰ ਲੈ ਗਏ। ਉਦੋਂ ਮੌਸਮ ਵੀ ਅਜਿਹਾ ਸੀ ਕਿ ਕੋਟ ਪਾਇਆ ਨਹੀਂ ਸੀ ਜਾ ਸਕਣਾ। ਜਿਨ੍ਹਾਂ ਦੋ-ਚਹੁੰ ਨੇ ਟੌਹਰ ਲਈ ਕੋਟ ਪਾਏ ਹੋਏ ਸਨ, ਉਨ੍ਹਾਂ ਵੀ ਪਿੰਡੇ ’ਤੇ ਕੀੜੀਆਂ ਜਿਹੀਆਂ ਲੜਨ ਕਾਰਨ ਦੁਪਹਿਰ ਤੱਕ ਕੋਟ ਉਤਾਰ ਦਿੱਤੇ। ਪੈੱਗ ਦਰ ਪੈੱਗ ਤੇ ਲੈੱਗ ਦਰ ਲੈੱਗ ਚੱਲ ਪਏ। ਕਈਆਂ ਦੀ ਆਵਾਜ਼ ਘੱਗੀ ਹੋਣ ਲੱਗੀ ਤੇ ਕਈ ਲੋੜ ਤੋਂ ਜ਼ਿਆਦਾ ਉੱਚੀ ਬੋਲਣ ਲੱਗ ਪਏ। ਕਈ ਆਪਣੀਆਂ ਅਲੂਣੀਆਂ ਮੁੱਛਾਂ ਨੂੰ ਤਾਅ ਦੇਣ ਲੱਗੇ ਤੇ ਕਈਆਂ ਆਪਣੀ ਬਦਮਾਸ਼ੀ ਦੇ ਕਿੱਸੇ ਸੁਣਾਉਣੇ ਸੁ਼ਰੂ ਕਰ ਦਿੱਤੇ। ਕਈਆਂ ਨੇ ਸਾਡੀ ਆਓ ਭਗਤ ’ਤੇ ਹੱਥ ਜੋੜ ਲਏ ਤੇ ਕਈਆਂ ਨੇ ਖਾਮੀਆਂ ਗਿਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਸਾਡੇ ਬਜ਼ੁਰਗਾਂ ਨੇ ਪਹਿਲਾਂ ਤੋਂ ਹੀ ਇਹ ਗੱਲ ਸਾਡੇ ਖਾਨੇ ਪਾ ਰੱਖੀ ਸੀ ਕਿ ਕਿਸੇ ਦੀ ਵੀ ਧੀ-ਧਿਆਣੀ ਦੇ ਵਿਆਹ ਹੋਵੇ, ਉੱਥੇ ਮਹਿਮਾਨ ਸਿਰਫ਼ ਬਰਾਤੀਏ ਹੁੰਦੇ ਨੇ, ਬਾਕੀ ਸਭ ਨੇ ਤਾਂ ਲੜਕੀ ਦੇ ਮਾਂ-ਬਾਪ ਤੇ ਭਰਾਵਾਂ ਨਾਲ ਖੜ੍ਹੇ ਹੋ ਕੇ ਉਨ੍ਹਾਂ ਮਹਿਮਾਨਾਂ ਦੀ ਸੇਵਾ ਹੀ ਕਰਨੀ ਹੁੰਦੀ ਹੈਅਤੇ ਉਨ੍ਹਾਂ ਮੂੰਹੋਂ ਨਿਕਲਿਆ ਹਰ ਬੋਲ ਖਿੜੇ ਮੱਥੇ ਆਪਣੇ ਪੱਲੇ ਪੁਆ ਲੈਣਾ ਹੁੰਦਾ ਹੈ। ਜੋ ਅਸੀਂ ਬਚਨਾਂ ਦੇ ਬੱਧੇ ਕਰ ਰਹੇ ਸੀ। ਮਹਿਫ਼ਲ ’ਚ ਮੁੰਡੇ ਵਾਲੇ ਪਾਸਿਓ ਆਇਆ ਇਹ ਬਜ਼ੁਰਗ ਵੀ ਸਾਡਾ ਹੀ ਸਾਥ ਦੇ ਰਿਹਾ ਸੀ। ਉਹ ਬਜ਼ੁਰਗ ਜਿਸ ਕਿਸੇ ਵੱਲ ਨੂੰ ਵੀ ਘੂਰ ਕੇ ਵੇਖਦਾ ਤਾਂ ਉਸ ਦੇ ਹੀ ਸਾਹ ਸੂਤੇ ਜਾਂਦੇ। ਉਸ ਦੇ ਇਕ ਇਸ਼ਾਰੇ ’ਤੇ ਟੱਲੀ ਹੋ ਕੇ ਅਵਾ-ਤਵਾ ਬੋਲਣ ਵਾਲੇ ਭਰਿਆ ਪੈੱਗ ਟੇਬਲ ’ਤੇ ਛੱਡ ਮਹਿਫ਼ਲ ’ਚੋਂ ਬਾਹਰ ਹੋ ਗਏ। ਹਲਕੇ ਹਲਕੇ ਦੋ-ਤਿੰਨ ਪੈੱਗ ਲਾਉਣ ਉਪਰੰਤ ਇਹ ਬਜ਼ੁਰਗ ਪਸੀਨੋ-ਪਸੀਨੀ ਹੋ ਗਿਆ। ਉਂਜ ਵੀ ਉਹ ਆਪਣੇ ਕੋਟ ’ਚ ਫਸਿਆ ਹੋਣ ਕਰਕੇ ਟੇਬਲ ਤੋਂ ਖਾਣ-ਪੀਣ ਲਈ ਕੁਝ ਵੀ ਚੁੱਕਣ ਦੀ ਕੋਸ਼ਿਸ਼ ਕਰਦਾ ਤਾਂ ਕੋਟ ਤੰਗ ਹੋਣ ਕਾਰਨ ਉਸ ਦੀਆਂ ਬਾਹਾਂ ਨਾ ਖੁੱਲ੍ਹਦੀਆਂ। ਉਨ੍ਹਾਂ ਦੇ ਨਾਲ ਦੇ ਬਜ਼ੁਰਗ ਦੀ ਇਸ ਮੁਸ਼ਕਲ ਤੋਂ ਬੇਧਿਆਨੇ ਆਪਣੇ ਆਪ ’ਚ ਮਸਤ ਸਨ। ਮੈਂ ਹਿੰਮਤ ਕੀਤੀ, ‘ਬਜ਼ੁਰਗੋ ਖੁੱਲ੍ਹੇ-ਡੁੱਲ੍ਹੇ ਹੋ ਕੇ ਬੈਠੋ, ਲਿਆਓ ਆਹ ਕੋਟ ਉਤਾਰ ਦਿਆਂ, ਇਹ ਤਾਂ ਬਹੁਤ ਤੰਗ ਆ ਤੁਹਾਡੇ, ਐਵੇਂ ਦਮ ਘੁੱਟਦਾ ਹੋਣਾ ਤੁਹਾਡਾ ਇਸ ਵਿਚ’, ਕਹਿ ਕੇ ਉਸ ਬਜ਼ੁਰਗ ਦਾ ਕੋਟ ਉਤਾਰਨ ਲੱਗਿਆ। ਉਹ ਬਜ਼ੁਰਗ ਮੈਨੂੰ ਪੈ ਨਿਕਲਿਆ,‘ਤੂੰ ਹੁੰਦਾ ਕੌਣ ਐ ਮੇਰੇ ਕੋਟ ਨੂੰ ਹੱਥ ਪਾਉਣ ਵਾਲਾ, ਖੁੱਲ੍ਹੇ-ਡੁੱਲ੍ਹੇ ਬਿਠਾ ਕੇ ਤੂੰ ਕੁਸ਼ਤੀ ਕਰਾਉਣੀ ਆ ਮੇਰੇ ਤੋਂ’
ਕਹਿੰਦਿਆਂ ਉਸ ਬਜ਼ੁਰਗ ਨੇ ਮੈਨੂੰ ਧੱਕਾ ਮਾਰ ਦਿੱਤਾ। ਮੈਂ ਡਿੱਗਣੋਂ ਬਚਿਆ। ਮੇਰੇ ਭਰਾਵਾਂ ਨੇ ਮੈਨੂੰ ਸੰਭਾਲਦਿਆਂ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਅਸੀਂ ਫਿਰ ਹੱਥ ਜੋੜ ਲਏ। ਸਾਡੇ ਹੱਥ ਜੁੜਿਓ ਵੇਖ ਬਾਕੀਆਂ ਨੂੰ ਮੌਕਾ ਮਿਲ ਗਿਆ। ਓ ਯਾਰ! ਇਹ ਲਾੜਾ ਸਾਹਿਬ ਦੇ ਦਾਦਾ ਜੀ ਨੇ, ਤੁਸੀਂ ਇਨ੍ਹਾਂ ਦੇ ਹੀ ਕੱਪੜੇ ਲਹਾਉਣ ਲੱਗ ਪਏ। ਸਾਨੂੰ ਵੀ ਪਤਾ ਐ ਕਿ ਕੋਟ ਤੰਗ ਐ ਇਨ੍ਹਾਂ ਦੇ ਪਰ ਤੁਸੀਂ ਹੁੰਦੇ ਕੌਣ ਹੋ, ਸੇਵਾ ਨਹੀਂ ਕਰ ਹੁੰਦੀ ਤਾਂ ਓਦਾਂ ਹੀ ਹੱਥ ਖੜ੍ਹੇ ਕਰ ਦਿਓ,ਅਸੀਂ ਚਲੇ ਜਾਂਦੇ ਹਾਂ।
ਉਨ੍ਹਾਂ ਦੇ ਇਕ ਤੋਂ ਬਾਅਦ ਇਕ ਡਾਇਲਾਗ ਸੁਣ ਸਾਨੂੰ ਇਕ ਚੜ੍ਹੇ, ਇਕ ਉੱਤਰੇ ਪਰ ਸਾਨੂੰ ਤਾਂ ਉਨ੍ਹਾਂ ਦੀ ਸੇਵਾ ਕਰਨ ਲਈ ਚੁਣਿਆ ਗਿਆ ਸੀ। ਸਾਡੀ ਤਰਸਯੋਗ ਹਾਲਤ ’ਤੇ ਉਸ ਬਜ਼ੁਰਗ ਨੂੰ ਹੀ ਤਰਸ ਆ ਗਿਆ। ਉਸ ਨੇ ਦਬਕਾ ਮਾਰਦਿਆਂ ਸਾਰਿਆਂ ਨੂੰ ਚੁੱਪ ਕਰਾਇਆ ਤੇ ਅੱਖਾਂ ਭਰਦਿਆਂ ਆਖਣ ਲੱਗਾ, ‘ਓਏ ਇਨ੍ਹਾਂ ਵਿਚਾਰਿਆਂ ਨੂੰ ਕੀ ਪਤਾ ਕਿ ਇਹ ਕੋਟ ਕਿੰਨਾ ਕੀਮਤੀ ਆ ਮੇਰੇ ਲਈ। ਕਿੰਨੇ ਸਾਲਾਂ ਤੋਂ ਸਾਂਭੀ ਬੈਠਾ ਹਾਂ ਮੈਂ। ਹੁਣ ਉਸ ਤੋਂ ਬੋਲਿਆਂ ਹੀ ਨਾ ਗਿਆ। ਉਸ ਨੇ ਆਪਣੀਆਂ ਬਾਹਾਂ ਆਪਣੇ ਦੁਆਲੇ ਵਲਦਿਆਂ ਆਪਣੇ ਕੋਟ ਨੂੰ ਘੁੱਟ ਕੇ ਜੱਫੀ ਪਾ ਲਈ। ਮੇਰੇ ਨਾਲ ਹੀ ਖੜ੍ਹੇ ਭਰਾ ਜੋਗੇ ਮਾਸਟਰ ਨੇ ਨਾਲ ਵਾਲੀ ਕੁਰਸੀ ’ਤੇ ਬੈਠਦਿਆਂ ਬਜ਼ੁਰਗ ਦਾ ਕਲਾਵਾ ਭਰ ਲਿਆ।
ਬਜ਼ੁਰਗੋ! ਸੱਚੀਂ ਸਾਨੂੰ ਨਹੀਂ ਸੀ ਪਤਾ, ਅਸੀਂ ਤਾਂ ਤੁਹਾਡੇ ਸੇਵਾਦਾਰ ਹਾਂ, ਸਾਡੀ ਭੁੱਲ-ਚੁੱਕ ਮੁਆਫ਼ ਕਰੋ ਪਰ ਅਸੀਂ ਹੁਣ ਇਸ ਕੋਟ ਬਾਰੇ ਜਾਣੇ ਬਗ਼ੈਰ ਤੁਹਾਨੂੰ ਉੱਠਣ ਨੀਂ ਦੇਣਾ। ਜੇ ਸਾਨੂੰ ਆਪਣੇ ਬੱਚੇ ਸਮਝਦੇ ਹੋ ਤਾਂ ਸਾਡੇ ਨਾਲ ਦਿਲੋਂ ਸਾਂਝ ਪਾਓ। ਅੱਛਾ ਇਹ ਗੱਲ ਐ, ਚੱਲ ਫਿਰ ਪੈੱਗ ਬਣਾ ਇਕ। ‘ਨਾ ਬਾਪੂ ਜੀ ਹੁਣ ਹੋਰ ਪੈੱਗ ਨੀਂ, ਬਹੁਤ ਸਾਲਾਂ ਬਾਅਦ ਪੀਤੀ ਆ, ਤੁਸੀਂ ਐਵੇਂ ਖ਼ਰਾਬ ਹੋਵੋਗੇ’, ਇਕ ਬਰਾਤੀ ਬੋਲਿਆ। ਬਜ਼ੁਰਗ ਨੇ ਹਲਕਾ ਜਿਹਾ ਪੈੱਗ ਲਾਇਆ ਤੇ ਗੱਲ ਸ਼ੁਰੂ ਕੀਤੀ। ਕਾਕਾ ਮੈਂ ਤਾਂ ਪੀਂਦਾ ਹੀ ਨਹੀਂ ਸੀ ਹੁੰਦਾ ਸਗੋਂ ਅੱਜ ਵੀ ਮੈਂ ਸਾਰੇ ਬਰਾਤੀਆਂ ਦੀ ਖਿਚਾਈ ਕਰ ਕੇ ਲਿਆਇਆ ਸੀ ਕਿ ਕਿਸੇ ਨੇ ਵੀ ਆਪਣੀ ਜਾਂ ਉਨ੍ਹਾਂ ਦੀ ਲਿਆਂਦੀ ਹੋਈ ਪੀਣੀ ਨਹੀਂ ਪਰ ਅੱਜ ਜਦੋਂ ਤੁਸੀਂ ਸਭ ਹੱਥ ਜੋੜ ਕੇ ਬੇਨਤੀਆਂ ਕਰਨ ਲੱਗੇ ਤਾਂ ਸਾਰੇ ਗ਼ਮ ਤੇ ਖ਼ੁਸ਼ੀਆਂ ਇਕੱਠੇ ਹੋ ਗਏ ਤਾਂ ਮੇਰਾ ਵੀ ਮਨ ਪੀਣ ਨੂੰ ਕਰ ਆਇਆ। ਮੇਰਾ ਪੁੱਤ ਵੀ ਤੁਹਾਡੇ ਵਾਂਗ ਹੀ ਦੋਵੇਂ ਹੱਥ ਜੋੜ ਖੜ੍ਹ ਜਾਂਦਾ ਸੀ ਸਭ ਮਹਿਮਾਨਾਂ ਅੱਗੇ। ਅੱਜ ਉਹ ਜਿਉਂਦਾ ਹੁੰਦਾ ਤਾਂ ਤੁਹਾਨੂੰ ਸੇਵਾ ਕਰਦਿਆਂ ਵੇਖ ਉਸ ਨੇ ਤੁਹਾਡੇ ਨਾਲ ਆ ਖੜ੍ਹਨਾ ਸੀ। ਮੈਂ ਪਿਓ ਹਾਂ ਉਸ ਦਾ, ਮੈਂ ਉਸ ਦੀ ਰਗ-ਰਗ ਤੋਂ ਜਾਣੂ ਹਾਂ। ਅੱਜ ਵੀ ਉਸ ਨੇ ਮਿਲਣੀ ਤੋਂ ਬਾਅਦ ਭੁੱਲ ਜਾਣਾ ਸੀ ਕਿ ਉਹ ਲਾੜੇ ਦਾ ਪਿਓ ਹੈ। ਉਸ ਨੇ ਝੱਟ ਆਪਣੇ ਹੋਣ ਵਾਲੇ ਕੁੜਮ ਨਾਲ ਆ ਖੜ੍ਹਨਾ ਸੀ, ‘ਅਖੇ ਤੁਸੀਂ ਇਕੱਲੇ ਕਿਉਂ ਭਾਰ ਚੁੱਕੀ ਫਿਰਦੇ ਹੋ, ਆ ਗਿਆ ਹਾਂ ਮੈਂ। ਮੈਨੂੰ ਦੱਸੋ, ਆਪਾਂ ਰਲ-ਮਿਲ ਸਭ ਕਾਰਜ ਸਿਰੇ ਚਾੜ੍ਹਦੇ ਹਾਂ।’ ਉਹ ਸੁਭਾਅ ਪੱਖੋਂ ਸੇਵਾ ਕਰਵਾਉਣ ਵਾਲਿਆਂ ਵਿੱਚੋਂ ਨਹੀਂ ਸਗੋਂ ਮੂਹਰੇ ਹੋ ਕੇ ਆਪ ਸੇਵਾ ਕਰਨ ਵਾਲਿਆਂ ਵਿੱਚੋਂ ਸੀ। ਖਾਣਾ ਖਾਣ ਵੇਲੇ ਉਸ ਨੇ ਆਪਣੇ ਹੀ ਰਿਸ਼ਤੇਦਾਰਾਂ ਨੂੰ ਸਮਝਾਉਂਦੇ ਫਿਰਨਾ ਸੀ, ਓ ਭਾਈ ਓਨਾ ਹੀ ਪਾਇਓ, ਜਿੰਨੀ ਲੋੜ ਹੈ ਤੁਹਾਨੂੰ। ਕੁੜੀ ਦੇ ਪਿਓ ਤੇ ਭਰਾਵਾਂ ਨੂੰ ਅਜ਼ਮਾ ਕੇ ਨਾ ਵੇਖੋ.। ਸਾਨੂੰ ਪਤਾ ਤਾਂ ਉਦੋਂ ਲੱਗਦਾ ਹੁੰਦੈ, ਜਦੋਂ ਸਾਡੇ ਆਪਣੇ ਬੂਹੇ ’ਤੇ ਬਰਾਤ ਢੁੱਕੀਓ ਹੁੰਦੀ ਐ, ਫਿਰ ਦੂਜੇ ਦੀ ਪਲੇਟ ਦੇ ਪਕੌੜੇ ਵੀ ਗਿਣ ਰਹੇ ਹੁੰਦੇ ਆਂ ਆਪਾਂ। ਲੋਕ ਮੁੰਡੇ ਦੇ ਪਿਓ ਨੂੰ ਚੌਧਰੀ ਦੱਸਦੇ ਆ ਤੇ ਉਹ ਕੁੜੀ ਪਿਓ ਨੂੰ ਚੌਧਰੀ ਸਾਹਿਬ ਆਖਦਾ ਹੁੰਦਾ ਸੀ। ਸਮਝਾਂ ਪਤਾ ਨੀਂ ਕਿੱਥੋਂ ਲਿਆਉਂਦਾ ਸੀ ਉਹ। ਅਖੇ ਕਿਸੇ ਵੀ ਧੀ-ਧਿਆਣੀ ਦੇ ਵਿਆਹ ’ਚ ਸੇਵਾ ਕਰਨ ਨਾਲ ਸਭ ਪਾਪ ਧੋਤੇ ਜਾਂਦੇ ਹਨ।
ਲੋਕ ਦਾਰੂ ’ਚ ਪਾਣੀ ਪਾ ਕੇ ਪੀਂਦੇ ਹਨ ਤੇ ਇਹ ਬਜੁ਼ਰਗ ਪਾਣੀ ’ਚ ਦਾਰੂ ਪਾ ਕੇ ਪੀ ਰਿਹਾ ਸੀ। ਬੱਸ ਜਿਵੇਂ ਪਾਣੀ ਦਾ ਰੰਗ ਹੀ ਬਦਲਣਾ ਹੋਵੇ।
ਆਪਣੇ ਵਿਆਹ ’ਤੇ ਆਪਣੇ ਲਈ ਕੋਟ ਨਹੀਂ ਸੀ ਸਵਾਇਆ ਉਨ੍ਹੇ, ਅਖੇ ਮੇਰੇ ਤੋਂ ਨਹੀਂ ਪੈਣਾ ਕੋਟ, ਇਸ ਮੌਸਮ ਵਿਚ। ਪਤਾ ਨਹੀਂ ਕਿੱਥੋਂ ਤੇ ਕਿੰਨੇ ਦਾ ਉਹ ਇਹ ਕੋਟ ਲੈ ਆਇਆ ਮੇਰੇ ਲਈ। ਮੈਨੂੰ ਕਹਿੰਦਾ, ‘ਤੁਸੀਂ ਬੁੱਢੇ ਹੋ ਗਏ ਹੋ, ਐਵੇਂ ਠੰਢ ਨਾ ਲੁਆ ਲਿਓ ਕਿਧਰੇ, ਨਾਲੇ ਮੈਂ ਤਾਂ ਅਜੇ ਸਾਰੀ ਜ਼ਿੰਦਗੀ ਵਿਆਹ ਹੀ ਵੇਖਣੇ ਆ, ਤੁਹਾਡਾ ਕੀ ਪਤਾ ਤੁਸੀਂ ਕਦੋਂ ਫ਼ਤਿਹ ਬੁਲਾ ਜਾਓ। ਢੁੱਚਰੀ ਸੀ ਪੂਰਾ ਉਹ, ਹਰ ਵੇਲੇ ਪੰਗੇ ਲੈਂਦੇ ਰਹਿੰਦਾ ਮੇਰੇ ਨਾਲ’, ਕਹਿੰਦਿਆਂ ਬਜ਼ੁਰਗ ਦਾ ਗੱਚ ਭਰ ਆਇਆ। ਮਾਸਟਰ ਜੀ ਹੋਰਾਂ ਬਜ਼ੁਰਗ ਦਾ ਧੀਰ ਬਣਾਇਆ ਤੇ ਉਨ੍ਹਾਂ ਦੇ ਇਸ਼ਾਰੇ ’ਤੇ ਪਾਣੀ ਦਾ ਹਲਕਾ ਜਿਹਾ ਰੰਗ ਬਦਲ ਦਿੱਤਾ। ਮੈਂ ਇਹਦੇ ਵਿਆਹ ’ਤੇ ਕੋਟ ਪਾਇਆ ਤਾਂ ਐਨਾ ਫੱਬਿਆ ਕਿ ਫੋਟੋਆਂ ਖਿੱਚਣ ਵਾਲਾ ਮੇਰੀਆਂ ਫੋਟੋਆਂ ਉਤਾਰਨੋਂ ਨਾ ਹਟੇ। ਵਿਆਹ ’ਤੇ ਲੋਕਾਂ ਦਾ ਪਤਾ ਨਹੀਂ ਕਿਸੇ ਨੇ ਤੁਪਕਾ ਤੁਪਕਾ ਪੀਤੀ ਸੀ ਜਾਂ ਨਹੀਂ ਪਰ ਮੈਂ ਤਾਂ ਸੱਚਮੁੱਚ ਹੀ ਬਾਟੇ ਨਾਲ ਪੀਤੀ ਸੀ ਉਸ ਦਿਨ। ਕਈ ਵਾਰ ਉਨ੍ਹੇ ਸ਼ੁਗਲ ਕਰਦੇ ਨੇ ਕਹਿ ਦੇਣਾ ਬਾਪੂ ਮੇਰਾ ਇਰਾਦਾ ਐ ਤੇਰੀ ਰਸਮ ਪੱਗੜੀ ਵਾਲਾ ਲੰਗਰ ਤੇਰੇ ਜਿਉਂਦੇ ਜੀਅ ਲਾ ਦੇਈਏ, ਮਰਨੇ ਤੋਂ ਬਾਅਦ ਕਿਹੜਾ ਤੈਨੂੰ ਪਤਾ ਲੱਗਣਾ ਕਿ ਅਸੀਂ ਲੋਕਾਂ ਨੂੰ ਕੀ ਖੁਆਇਆ ਤੇ ਕੀ ਨਹੀਂ। ਉਹਨੂੰ ਕੀ ਪਤਾ ਸੀ ਕਿ ਉਸ ਦੀ ਆਪਣੀ ਅੰਤਿਮ ਕਿਰਿਆ ਮੈਨੂੰ ਆਪਣੇ ਹੱਥੀਂ ਕਰਨੀ ਪੈ ਜਾਣੀ ਹੈ। ਆਹ ਜੀਹਨੂੰ ਅੱਜ ਵਿਆਹੁਣ ਆਏ, ਇਹਦੇ ਤਾਂ ਅਜੇ ਮੁੱਛ ਵੀ ਨਹੀਂ ਫੁੱਟੀ ਹੋਣੀ, ਜਦੋਂ ਮੇਰਾ ਲਾਡਲਾ ਆਪਣੇ ਸਾਰੇ ਹਾਸੇ-ਤਮਾਸ਼ੇ ਸਮੇਟਦਾ ਹੋਇਆ ਦੁਨੀਆ ਤੋਂ ਤੁਰ ਗਿਆ।
ਮੈਂ ਉਸ ਦਿਨ ਉਸ ਨੂੰ ਤਾਂ ਸਾਂਭ ਨਹੀਂ ਸੀ ਸਕਿਆ ਪਰ ਉਸ ਵੱਲੋਂ ਦਿੱਤਾ ਕੋਟ ਹੁਣ ਤੱਕ ਜ਼ਰੂਰ ਸੰਭਾਲੀ਼ ਬੈਠਾ ਹਾਂ। ਰਹੀ ਗੱਲ ਪੀਣ ਦੀ, ਮੁੜ ਮੈਂ ਕਦੇ ਪੀਣੀ ਤਾਂ ਕੀ ਮੈਂ ਕਿਸੇ ਦੇ ਵਿਆਹ ਸ਼ਾਦੀ ਵਿਚ ਹਾਜ਼ਰੀ ਤੱਕ ਨ੍ਹੀਂ ਸੀ ਭਰੀ। ਘਰ’ ਚੋਂ ਸਮੇਂ ਦੇ ਨਾਲ ਸੰਦੂਕ, ਪੇਟੀਆਂ, ਟਰੰਕ ਸਭ ਟੁਰ ਗਏ ਪਰ ਮੈਂ ਇਹ ਕੋਟ ਕਿਧਰੇ ਨਾ ਜਾਣ ਦਿੱਤਾ। ਇਕ ਦਿਨ ਬਹੂ ਨੇ ਆਖਿਆ,‘ਭਾਪਾ ਜੀ, ਨਾ ਹੀ ਤੁਸੀਂ ਕਿਸੇ ਫੰਕਸ਼ਨ ’ਤੇ ਜਾਣਾ ਹੁੰਦਾ ਹੈ ਤੇ ਨਾ ਹੀ ਕਦੇ ਇਹ ਕੋਟ ਪਾਉਂਦੇ ਹੋ, ਇਹ ਕਿਸੇ ਨੂੰ ਦੇ ਕਿਉਂ ਨਹੀਂ ਦਿੰਦੇ, ਕਿਉਂ ਸਾਂਭ ਸਾਂਭ ਕੇ ਰੱਖਿਆ ਐ।’ ਮੈਂ ਕਿਹਾ ਜੇ ਜ਼ਿਆਦਾ ਤੰਗ ਹੋ ਤਾਂ ਦੇ ਦਿਓ ਕਿਸੇ ਨੂੰ, ਇਹ ਕੋਟ ਵੀ ਤੇ ਮੈਨੂੰ ਵੀ। ਬਹੂ ਵਿਚਾਰੀ ਨੇ ਮੁੜ ਕਦੇ ਕੋਟ ਦਾ ਜ਼ਿਕਰ ਤੱਕ ਨਾ ਕੀਤਾ। ਹੁਣ ਜਦੋਂ ਆਪਣੇ ਪੋਤੇ ਦੇ ਵਿਆਹ ਦੀ ਤਿਆਰੀ ਕਰਨ ਲੱਗੇ ਤਾਂ ਮੇਰੇ ਪੋਤੇ ਦੀ ਸੂਈ ਵੀ ਮੇਰੇ ਲਈ ਨਵਾਂ ਕੋਟ-ਪੈਂਟ ਲੈਣ ’ਤੇ ਅੜ ਗਈ। ਮੈਂ ਉਸ ਨੂੰ ਪੈਂਟ-ਸ਼ਰਟ ਲਈ ਮਨਾ ਲਿਆ, ਕਿਉਂਕਿ ਕੋਟ ਤਾਂ ਮੈਂ ਆਪਣੀ ਪਸੰਦ ਦਾ ਹੀ ਪਾਉਣਾ ਸੀ। ਅੱਜ ਸਵੇਰੇ ਪੋਤੇ ਦੀ ਬਰਾਤ ਤੁਰਨ ਲੱਗੀ ਤਾਂ ਮੈਂ ਇਹ ਕੋਟ ਪਾ ਲਿਆ। ਹਰ ਕੋਈ ਆਖੀ ਜਾਵੇ ਬਈ ਇਹ ਬਹੁਤ ਤੰਗ ਆ ਤੁਹਾਡੇ, ਤੁਸੀਂ ਕਿਉਂ ਫਸੇ ਪਏ ਹੋ ਇਸ ਵਿਚ, ਇਹਦੇ ਨਾਲੋਂ ਤਾਂ ਨਾ ਹੀ ਪਾਓ, ਮੌਸਮ ਠੀਕ ਹੀ ਆ ਅੱਜ। ਪਰ ਮੈ ਮੰਨਦਾ ਤਾਂ...ਜੇ ਮੈਂ ਮੰਨਣਾ ਹੁੰਦਾ। ਮੈਨੂੰ ਮੇਰੇ ਪੁੱਤ ਨੇ ਇਹ ਕੋਟ ਆਪਣੇ ਵਿਆਹ ’ਤੇ ਪੁਆਇਆ ਸੀ, ਮੈਂ ਹੁਣ ਤੱਕ ਇਹ ਇਸੇ ਲਈ ਸਾਂਭੀ ਰੱਖਿਆ ਕਿ ਆਪਣੇ ਪੋਤੇ ਦੇ ਵਿਆਹ ’ਤੇ ਪਾਊਂਗਾ। ਮੈਨੂੰ ਮਸੋਸੇ ਜਿਹੇ ਬੈਠੇ ਨੂੰ ਵੇਖ ਬਜ਼ੁਰਗ ਨੇ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਤੇ ਆਖਣ ਲੱਗਿਆ ਕਾਕਾ ਬੁਰਾ ਨਾ ਮਨਾਵੀਂ। ਇਹ ਕੋਟ ਤੰਗ ਨਹੀਂ ਆ ਮੇਰੇ ’ਤੇ, ਨਾ ਹੀ ਇਸ ਵਿਚ ਮੇਰਾ ਸਾਹ ਘੁੱਟਦਾ ਹੈ। ਇਸ ਕੋਟ ਆਸਰੇ ਹੀ ਤਾਂ ਸਾਹ ਚੱਲ ਰਹੇ ਨੇ ਮੇਰੇ। ਇਹ ਕੋਟ ਤਾਂ ਨਿਸ਼ਾਨੀ ਆ ਮੇਰੇ ਪੁੱਤ ਦੀ। ਉਹ ਜਿੱਥੋਂ ਕਿਤੋਂ ਵੀ ਆਪਣੇ ਪੁੱਤ ਦਾ ਵਿਆਹ ਵੇਖ ਰਿਹਾ ਹੋਵੇਗਾ, ਉਸ ਨੇ ਐਨੀ ਭੀੜ ਵਿੱਚੋਂ ਮੈਨੂੰ ਝੱਟ ਦੇਣੀ ਸਿਆਣ ਲੈਣਾ ਐ ਇਸ ਕੋਟ ਤੋਂ। ਬਜ਼ੁਰਗ ਦੇ ਜਜ਼ਬਾਤਾਂ ਨੇ ਮੈਨੂੰ ਵੀ ਜਜ਼ਬਾਤੀ ਕਰ ਦਿੱਤਾ। ਬੋਲਣਾ ਚਾਹ ਕੇ ਵੀ ਮੈਂ ਕੁਝ ਬੋਲ ਨਾ ਪਾਇਆ। ਬਜ਼ੁਰਗ ਨੇ ਹੱਥ ਜੋੜ ਲਏ, ਬੱਚਿਆ ਜਾਣ ਦੇ ਇਸ ਨਰਾਜਗੀ ਨੂੰ, ਮੈਂ ਤੇਰੇ ਬਜ਼ੁਰਗਾਂ ਵਰਗਾ ਹਾਂ ਕਾਕਾ। ਮੈਂ ਤਾਂ ਸਗੋਂ ਤੇਰੀ ਡਿਊਟੀ ਲਾਉਣੀ ਹੈ ਕਿ ਹੁਣ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂ ਤਾਂ ਤੂੰ ਮੇਰੇ ਇਸ ਪੋਤੇ ਨੂੰ ਯਾਦ ਕਰਾ ਦੇਵੀਂ ਕਿ ਮੈਨੂੰ ਅੰਤਿਮ ਸਮੇਂ ਇਹ ਕੋਟ ਪਹਿਨਾ ਦੇਵੇ ਤਾਂ ਜੋ ਮੇਰਾ ਪੁੱਤ ਮੈਨੂੰ ਪਛਾਣ ਕੇ ਆਪਣੇ ਪਤੇ ’ਤੇ ਲੈ ਜਾਵੇ। ਮੈਂ ਬਜ਼ੁਰਗ ਦੇ ਗੋਡੇ ਫੜ ਲਏ ਤੇ ਆਪਣੀਆਂ ਭਰ ਆਈਆਂ ਅੱਖਾਂ ਨੂੰ ਉਸ ਦੀ ਝੋਲੀ ’ਚ ਡੋਲ੍ਹ ਦਿੱਤਾ।
ਮੈਂ ਜਾਣ ਲਿਆ ਕਿ ਇਹ ਕੋਟ ਇਸ ਬਜ਼ੁਰਗ ਦੇ ਤੰਗ ਨਹੀਂ ਸੀ। ਅਜਿਹਾ ਕੋਟ ਆਪਣੇ ਕਿਸੇ ਦੇ ਵੀ ਤੰਗ ਜਾਂ ਖੁੱਲ੍ਹਾ ਨਹੀਂ ਹੋ ਸਕਦਾ। ਅਜਿਹਾ ਕੋਟ ਜੋ ਪੁੱਤਰ ਨੇ ਆਪਣੇ ਵਿਆਹ ’ਤੇ ਆਪਣੇ ਪਿਓ ਨੂੰ ਦਿੱਤਾ ਸੀ। ਕੋਟ ਜੋ ਕੁੜੀ ਦੇ ਪਿਓ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣ ਦੀ ਯਾਦ ਦਿਵਾਉਂਦਾ ਹੈ। ਕੋਟ ਜੋ ਕੁੜੀ ਦੇ ਪਿਓ ਨੂੰ ਨਿਮਾਣਾ ਨਾ ਹੋ ਕੇ ਚੌਧਰੀ ਹੋਣ ਦਾ ਅਹਿਸਾਸ ਕਰਾਉਂਦਾ ਹੈ। ਕੋਟ ਜੋ ਸੇਵਾ ਨਾ ਕਰਵਾ ਕੇ ਸੇਵਾ ਕਰਦੇ ਰਹਿਣ ਦੀ ਸਿੱਖਿਆ ਦਿੰਦਾ ਹੈ, ਕੋਟ ਜੋ ਪਾਪ ਧੋਣ ਲਈ ਗੰਗਾ ਨੂੰ ਨਾਕਾਰ ਕਿਸੇ ਧੀ-ਧਿਆਣੀ ਦੇ ਵਿਆਹ ’ਚ ਹੱਥ ਵਟਾਉਣ ਦੇ ਰਾਹੇ ਪਾਉਂਦਾ ਹੈ। ਇਹ ਕੋਟ ਤਾਂ ਹਰ ਇਕ ਨੂੰ ਫਿੱਟ ਆ ਸਕਦਾ ਹੈ ਪਰ ਲੋੜ ਹੈ ਸਾਨੂੰ ਹੰਕਾਰ ਦਾ ਲਿਬਾਸ ਉਤਾਰ ਕੇ ਅਜਿਹਾ ਕੋਟ ਪਹਿਨਣ ਦੀ। ਮੈਂ ਵਿਆਹ ਦੀਆਂ ਰਸਮਾਂ ’ਚ ਸ਼ਾਮਲ ਹੋਣ ਦੇ ਪਹਿਲੇ ਪਲ ਤੋਂ ਹੀ ਉਦਾਸ ਸੀ ਕਿ ਕਾਸ਼! ਅੱਜ ਮੇਰਾ ਬਾਪੂ ਵੀ ਜਿਉਂਦਾ ਹੁੰਦਾ ਤਾਂ ਇਹ ਵਿਆਹ ਵੇਖ ਕੇ ਅਸ਼-ਅਸ਼ ਕਰ ਉੱਠਦਾ ਪਰ ਅੱਜ ਦੇ ਵਿਆਹ ਵਿਚ ਉਸ ਤੰਗ ਕੋਟ ਵਾਲੇ ਬਜ਼ੁਰਗ ਦੀ ਆਈ ਯਾਦ ਨੇ ਇਸ ਵਿਆਹ ’ਚ ਮੇਰੇ ਬਾਪੂ ਦੀ ਵੀ ਹਾਜ਼ਰੀ ਲੁਆ ਦਿੱਤੀ।
- ਰਾਜ ਹੀਉਂ (ਬੰਗਾ)