- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਹਾਜ਼ ਇਕਦਮ ਉਨ੍ਹਾਂ ਦੇ ਉੱਪਰੋਂ ਤੇਜ਼ੀ ਨਾਲ ਤੇ ਨੀਵਾਂ ਹੋ ਕੇ ਲੰਘਿਆ ਤਾਂ ਉਹ ਸਹਿਮ ਗਏ। ਸਾਰੇ ਜਣੇ ਨਰਮੇ ’ਚ ਹੀ ਬੈਠ ਗਏ। ਕੁਝ ਦੇਰ ਉਵੇਂ ਹੀ ਬੈਠੇ ਰਹੇ। ਥੋੜ੍ਹੀ ਦੇਰ ਪਿੱਛੋਂ ਦਿਲ ਜਦੋਂ ਆਮ ਵਾਂਗ ਧੜਕਣ ਲੱਗਿਆ ਤਾਂ ਉਹ ਖੜ੍ਹੇ ਹੋ ਕੇ ਫੇਰ ਨਰਮਾ ਚੁਗਣ ਲੱਗ ਪਏ। ਬਿੰਦ-ਝੱਟ ਮਗਰੋਂ ਸਭ ਦਾ ਧਿਆਨ ਉੱਪਰ ਵੱਲ ਜਾਂਦਾ ।

ਜਹਾਜ਼ ਇਕਦਮ ਉਨ੍ਹਾਂ ਦੇ ਉੱਪਰੋਂ ਤੇਜ਼ੀ ਨਾਲ ਤੇ ਨੀਵਾਂ ਹੋ ਕੇ ਲੰਘਿਆ ਤਾਂ ਉਹ ਸਹਿਮ ਗਏ। ਸਾਰੇ ਜਣੇ ਨਰਮੇ ’ਚ ਹੀ ਬੈਠ ਗਏ। ਕੁਝ ਦੇਰ ਉਵੇਂ ਹੀ ਬੈਠੇ ਰਹੇ। ਥੋੜ੍ਹੀ ਦੇਰ ਪਿੱਛੋਂ ਦਿਲ ਜਦੋਂ ਆਮ ਵਾਂਗ ਧੜਕਣ ਲੱਗਿਆ ਤਾਂ ਉਹ ਖੜ੍ਹੇ ਹੋ ਕੇ ਫੇਰ ਨਰਮਾ ਚੁਗਣ ਲੱਗ ਪਏ। ਬਿੰਦ-ਝੱਟ ਮਗਰੋਂ ਸਭ ਦਾ ਧਿਆਨ ਉੱਪਰ ਵੱਲ ਜਾਂਦਾ । ਦੁਪਹਿਰ ਵੇਲੇ ਦੀ ਚਾਹ-ਰੋਟੀ ਵੀ ਅਜੇ ਤੱਕ ਘਰੋਂ ਨਹੀਂ ਸੀ ਆਈ। ਖੇਤ ’ਚ ਵੀ ਉਹ ਚਾਹ ਬਣਾ ਨਹੀਂ ਸਕਦੇ ਸਨ। ਉੱਨੀ ਸੌ ਇਕੱਤਰਵੇਂ ਵਰ੍ਹੇ ਦੇ ਨਰਮਿਆਂ, ਕਪਾਹਾਂ ਦੇ ਦਿਨ ਸਨ। ਉਨ੍ਹਾਂ ਦਾ ਪਿੰਡ ਹਵਾਈ ਅੱਡੇ ਦੇ ਬਿਲਕੁਲ ਨਾਲ ਸੀ। ਇਸੇ ਕਰਕੇ ਫ਼ੌਜ ਉਨ੍ਹਾਂ ਦੇ ਪਿੰਡ ’ਚ ਦਿਨ-ਰਾਤ ਗਸ਼ਤ ਕਰਦੀ ਰਹਿੰਦੀ। ਹਵਾਈ ਅੱਡੇ ਦੇ ਚਾਰ-ਚੁਫ਼ੇਰੇ ਦੇ ਪਿੰਡਾਂ, ਖੇਤਾਂ ਤੇ ਸੜਕਾਂ ’ਤੇ ਫ਼ੌਜ ਦੀਆਂ ਗੱਡੀਆਂ ਘੁੰਮਦੀਆਂ ਰਹਿੰਦੀਆਂ। 'ਵਹਿਲਾਂ ਆਲੇ' ਰਾਹ ਉੱਤੇ ਅਤੇ 'ਬਾਰਾਨੀ ਆਲੇ' ਖੇਤਾਂ ਵਿਚ ਤਾਂ ਫ਼ੌਜ ਨੇ ਮੋਰਚੇ ਗੱਡੇ ਹੋਏ ਸਨ। ਤੋਪਾਂ, ਟੈਂਕ, ਜੀਪ ਤੇ ਹੋਰ ਸਾਜ਼ੋ-ਸਾਮਾਨ ਹਰ ਵੇਲੇ ਦੁਸ਼ਮਣ ਨਾਲ ਟਾਕਰਾ ਕਰਨ ਲਈ ਤਿਆਰ ਰਹਿੰਦਾ ਸੀ। ਪਹਿਲਾਂ ਜਿੱਥੇ ਇਸ ਪਿੰਡ ਨੂੰ ਫ਼ੌਜ ਦਾ ਬੜਾ ਆਸਰਾ ਸੀ, ਉੱਥੇ ਹੁਣ ਫ਼ੌਜ ਦੀ ਗੱਡੀ ਵੇਖ ਕੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਸੀ। ਫ਼ੌਜ ਦੇ ਡਰ ਕਾਰਨ ਹੀ ਏਸ ਪਿੰਡ ’ਚ ਕਦੇ ਕੋਈ ਚੋਰੀ-ਡਾਕੇ ਦੀ ਵਾਰਦਾਤ ਨਹੀਂ ਸੀ ਹੋਈ ਪਰ ਹੁਣ ਮਾਹੌਲ ਕੁਝ ਹੋਰ ਸੀ । ਭਾਵੇਂ ਫ਼ੌਜ ਦੇ ਕਿਸੇ ਜਵਾਨ ਜਾਂ ਅਫ਼ਸਰ ਨੇ ਕਿਸੇ ਵੀ ਪਿੰਡ ਵਾਲੇ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਹੀਂ ਸੀ ਕੀਤਾ ਪਰ ਜਦੋਂ ਤੋਂ ਗੁਆਂਢੀ ਮੁਲਕ ਨਾਲ ਜੰਗ ਦੇ ਹਾਲਾਤ ਬਣੇ ਸਨ, ਉਦੋਂ ਤੋਂ ਹੀ ਫ਼ੌਜ ਨੇ ਕੁਝ ਜ਼ਰੂਰੀ ਬੰਦਿਸ਼ਾਂ ਆਸ-ਪਾਸ ਦੇ ਪਿੰਡਾਂ ਵਾਲਿਆਂ ’ਤੇ ਲਾ ਰੱਖੀਆਂ ਸਨ।
ਬਿਜਲੀ ਅਜੇ ਬਹੁਤੇ ਪਿੰਡਾਂ ’ਚ ਨਹੀਂ ਸੀ ਆਈ। ਦੀਵੇ, ਲਾਲਟੈਣਾਂ ਹੀ ਰਾਤ ਨੂੰ ਚਾਨਣ ਕਰਨ ਦਾ ਸਾਧਨ ਸਨ ਪਰ ਜੰਗ ਦੇ ਦਿਨਾਂ ’ਚ ਰਾਤ ਨੂੰ ਕੋਈ ਦੀਵਾ ਜਾਂ ਲਾਲਟੈਣ ਜਗਾ ਕੇ ਬਾਹਰ ਨਹੀਂ ਸੀ ਰੱਖ ਸਕਦਾ। ਖ਼ੌਰੇ ਦੁਸ਼ਮਣ ਦਾ ਜਹਾਜ਼ ਆ ਕੇ ਬੰਬ ਹੀ ਨਾ ਸੁੱਟ ਜਾਵੇ। ਦਿਨੇ ਲੋਕੀ ਖੇਤ ’ਚ ਚਾਹ ਬਣਾਉਣੋਂ ਵੀ ਹਟ ਗਏ ਸਨ। ਧੂੰਆਂ ਜੋ ਉੱਪਰ ਉੱਠਦਾ ਸੀ ਤੇ ਫ਼ੌਜ ਨੇ ਧੂੰਏਂ, ਅੱਗ ਜਾਂ ਦੀਵੇ-ਬੱਤੀ ’ਤੇ ਬਾਹਰ ਖੁੱਲ੍ਹੇ ਵਿਚ ਰੋਕ ਲਾ ਰੱਖੀ ਸੀ । ਲੋਕੀ ਆਪ ਵੀ ਡਰਦੇ ਅਜਿਹਾ ਕੁਝ ਨਾ ਕਰਦੇ। ਬੱਸ ਸੂਰਜ ਢਲਣ ਮਗਰੋਂ ਸਾਰਾ ਪਿੰਡ ਹਨੇਰੇ ’ਚ ਡੁੱਬ ਜਾਂਦਾ। ਮੈਂ ਉਦੋਂ ਦਸਵੀਂ ਜਮਾਤ ’ਚ ਸੀ। ਰਾਤ ਨੂੰ ਅੰਦਰ ਵਾਲੀ ਕੋਠੜੀ ’ਚ ਦੀਵਾ ਬਾਲ ਕੇ ਪੜ੍ਹਦਾ। ਰੌਸ਼ਨਦਾਨ ਵੀ ਬੰਦ ਕਰ ਦਿੱਤੇ ਸਨ, ਮਤੇ ਚਾਨਣ ਦੀ ਕੋਈ ਕਿਰਨ ਬਾਹਰ ਨਿੱਕਲ ਜਾਵੇ ਤੇ ਕੋਈ ਅਣਹੋਣੀ ਵਾਪਰ ਜਾਵੇ। ਸਕੂਲ, ਕਾਲਜ ਤਾਂ ਉਦੋਂ ਭਾਵੇਂ ਵਿਰਲੇ ਹੀ ਸਨ ਪਰ ਜਿੰਨੇ ਕੁ ਸਨ, ਸਭ ’ਚ ਸੁੰਨ੍ਹ ਪਸਰੀ ਹੋਈ ਸੀ।
ਦਿਨੋਂ-ਦਿਨ ਦੁਸ਼ਮਣ ਫ਼ੌਜ ਦੇ ਅੱਗੇ ਵਧਣ ਦੀਆਂ ਖ਼ਬਰਾਂ ਆ ਰਹੀਆਂ ਸਨ। ਪਤਾ ਨਹੀਂ ਇਹ ਅਫ਼ਵਾਹਾਂ ਸਨ ਜਾਂ ਸੱਚ ਸੀ ਪਰ ਲੋਕਾਂ ਦੇ ਦਿਲਾਂ ’ਚ ਦਹਿਸ਼ਤ ਬਣੀ ਹੋਈ ਸੀ। ਇਸੇ ਕਰਕੇ ਜਦੋਂ ਵੀ ਕੋਈ ਜਹਾਜ਼ ਨੀਵਾਂ ਹੋ ਕੇ ਲੰਘਦਾ ਤਾਂ ਸਭ ਦੇ ਦਿਲ ਦਹਿਲ ਜਾਂਦੇ । ਉਨ੍ਹਾਂ ਤਿੰਨਾਂ ਦੇ ਦਿਲ ਵੀ ਇਸੇ ਕਰਕੇ ਹੀ ਦਹਿਲ ਗਏ ਸਨ। ਮੇਰੀ ਬੇਬੇ ਵੀ ਚੋਣੀਆਂ ਨਾਲ ਨਰਮਾ ਚੁਗਣ ਗਈ ਹੋਈ ਸੀ। ਮਾਂ ਨੇ ਚਾਹ ਬਣਾ ਕੇ ਰੋਟੀਆਂ ਵੀ ਪੌਣੇ ’ਚ ਬੰਨ੍ਹ ਦਿੱਤੀਆਂ ਤੇ ਮੈਂ ਪਿੰਡੋਂ ਬਾਹਰ ਨਿਕਲ ਸਿੱਧੇ ਰਾਹ ਜਾਣ ਦੀ ਬਜਾਏ ਕੱਚੇ ਖਾਲ ਦੀ ਵੱਟੇ-ਵੱਟ ਤੁਰ ਪਿਆ। ਖੇਤ ਪਹੁੰਚਿਆ ਤਾਂ ਮੈਨੂੰ ਵੇਖ ਕੇ ਬੇਬੇ ਵੀ ਤੂਤ ਹੇਠ ਆ ਗਈ। ਉਹਨੇ ਚੋਣੀਆਂ ਨੂੰ ’ਵਾਜ਼ ਮਾਰ ਦਿੱਤੀ ਤੇ ਗੁਆਂਢ ’ਚ ਨਰਮਾ ਚੁਗਦੇ ਉਨ੍ਹਾਂ ਤਿੰਨਾਂ ਨੂੰ ਵੀ। ਉਹ ਤਿੰਨੋਂ ਹੋਰ ਕੋਈ ਨਹੀਂ ਸਗੋਂ ਸਾਡੇ ਪੁਰਾਣੇ ਗੁਆਂਢੀ ਨੇਕ, ਉਹਦੀ ਘਰਵਾਲੀ ਤੇ ਉਨ੍ਹਾਂ ਦੀ ਕੁੜੀ ਸਨ। ਉਨ੍ਹਾਂ ਦੀ ਰੋਟੀ ਵੀ ਅੱਜ ਮੈਂ ਹੀ ਲੈ ਕੇ ਆਇਆ ਸੀ। ਉਨ੍ਹਾਂ ਦਾ ਮੁੰਡਾ ਬੀਰਾ ਮੇਰੇ ਨਾਲ ਹੀ ਪੜ੍ਹਦਾ ਸੀ। ਕਦੇ ਉਹ ਦੋਵਾਂ ਘਰਾਂ ਦੀ ਰੋਟੀ ਖੇਤ ਲੈ ਜਾਂਦਾ ਸੀ ਤੇ ਕਦੇ ਮੈਂ। ਉਦੋਂ ਪਿੰਡਾਂ ’ਚ ਸਾਂਝਾਂ ਵੀ ਬਹੁਤ ਗੂੜ੍ਹੀਆਂ ਸਨ। ਮੋਹ ਦੀਆਂ ਬਾਰੀਕ ਤੰਦਾਂ ਨੂੰ ਲੋਕ ਛੇਤੀ ਕਿਤੇ ਟੁੱਟਣ ਨਹੀਂ ਸਨ ਦਿੰਦੇ। ਕਿਸੇ ਦੂਜੇ ਦੇ ਦੁੱਖ-ਸੁੱਖ ਨੂੰ ਆਪਣੇ ਤੋਂ ਵੱਧ ਸਮਝਦੇ ਸਨ।
ਜੰਗ ਦੇ ਦਿਨਾਂ ’ਚ ਅਫ਼ਵਾਹਾਂ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਉਦੋਂ ਲੋਕਾਂ ’ਚ ਅਫ਼ਵਾਹ ਫੈਲ ਚੁੱਕੀ ਸੀ ਕਿ ਕਾਲੇ ਰੰਗ ਦਾ ਜਹਾਜ਼ ਪਾਕਿਸਤਾਨ ਦਾ ਹੈ ਤੇ ਚਿੱਟੇ ਰੰਗ ਦਾ ਜਹਾਜ਼ ਭਾਰਤ ਦਾ ਪਰ ਉੱਚੇ ਅਸਮਾਨ ’ਚ ਤੇਜ਼ੀ ਨਾਲ ਉੱਡਦੇ ਸਾਰੇ ਜਹਾਜ਼ ਹੀ ਕਾਲੇ ਰੰਗ ਦੇ ਲੱਗਦੇ। ਇਸੇ ਕਰਕੇ ਲੋਕ ਵੱਧ ਸਹਿਮੇ ਹੋਏ ਸਨ। ਫ਼ੌਜੀ ਵੀ ਅਕਸਰ ਕਹਿ ਜਾਂਦੇ ਕਿ ਜੇ ਜਹਾਜ਼ ਆਵੇ ਤਾਂ ਧਰਤੀ ’ਤੇ ਲੰਮੇ ਪੈ ਜਾਇਓ, ਨਜ਼ਰ ਨਹੀਂ ਆਓਗੇ ਫਿਰ। ਲੋਕ ਵੀ ਇਉਂ ਹੀ ਕਰਦੇ। ਜਹਾਜ਼ ਆਉਣ ’ਤੇ ਫ਼ਸਲਾਂ ’ਚ ਲੁਕ ਜਾਂਦੇ... ਖਾਲ਼ ’ਚ ਲੰਮੇ ਪੈ ਜਾਂਦੇ। ਫੇਰ ਕੁਝ ਦਿਨਾਂ ਬਾਅਦ ਜੰਗ ਬੰਦ ਹੋਣ ਦੀਆਂ ਖ਼ਬਰਾਂ ਆਉਣ ਲੱਗੀਆਂ। ਲੋਕ ਰੇਡੀਓ ਦੁਆਲੇ ਇਕੱਠੇ ਹੋ ਜਾਂਦੇ। ਰੇਡੀਓ ਵੀ ਕਿਸੇ-ਕਿਸੇ ਘਰ ਕੋਲ ਹੁੰਦਾ ਸੀ। ਅਮਨ-ਅਮਾਨ ਦੀਆਂ ਖ਼ਬਰਾਂ ਲਗਾਤਾਰ ਆਉਣ ਲੱਗੀਆਂ। ਹੌਲੀ-ਹੌਲੀ ਜ਼ਿੰਦਗੀ ਆਮ ਵਾਂਗ ਆਪਣੀ ਤੋਰੇ ਤੁਰਨ ਲੱਗੀ। ਫ਼ੌਜ ਨੇ ਆਪਣੀ ਗਸ਼ਤ ਘਟਾ ਦਿੱਤੀ। ਸਿਰਫ਼ ਖੇਤਾਂ ਵਿਚ ਲੱਗੇ ਮੋਰਚਿਆਂ ’ਚ ਹੀ ਫ਼ੌਜੀ ਬੈਠੇ ਰਹਿਦੇ। ਤੋਪਾਂ ਦੇ ਮੂੰਹ ਏਧਰ-ਓਧਰ ਘੁਮਾਉਂਦੇ ਰਹਿੰਦੇ। ਸ਼ਾਂਤੀ ਹੋਣ ਤੋਂ ਮਗਰੋਂ ਵੀ ਫ਼ੌਜ ਕਈ ਮਹੀਨੇ ਮੋਰਚੇ ਸੰਭਾਲੀ ਬੈਠੀ ਰਹੀ।
ਮੇਰੇ ਦਸਵੀਂ ਦੇ ਪੇਪਰ ਹੋ ਚੁੱਕੇ ਸਨ। ਖੇਤ ਗੇੜਾ ਮਾਰਨ ਜਾਂਦਾ ਤਾਂ ਫ਼ੌਜੀ ਆਪਣੇ ਕੋਲ ਬੁਲਾ ਲੈਂਦੇ। ਪਹਿਲਾਂ ਤਾਂ ਮੈਂ ਜਾਂ ਮੇਰੇ ਹਾਣੀ ਡਰਦੇ ਉਨ੍ਹਾਂ ਕੋਲ ਨਾ ਜਾਂਦੇ ਪਰ ਫੇਰ ਹੌਲੀ-ਹੌਲੀ ਡਰ ਦੂਰ ਹੋ ਗਿਆ। ਮੈਂ ਤਾਂ ਹਰ ਰੋਜ਼ ਹੀ ਉਨ੍ਹਾਂ ਕੋਲ ਜਾ ਕੇ ਬੈਠ ਜਾਂਦਾ। ਉਹ ਹਿੰਦੀ ਬੋਲਦੇ। ਸਕੂਲ ’ਚ ਦਸਵੀਂ ਤੱਕ ਹਿੰਦੀ ਪੜ੍ਹੀ ਹੋਣ ਕਰਕੇ ਮੈਂ ਵੀ ਕਾਫ਼ੀ ਚੰਗੀ ਹਿੰਦੀ ਬੋਲ ਲੈਂਦਾ ਸਾਂ। ਇਸੇ ਕਰਕੇ ਹੀ ਫ਼ੌਜੀਆਂ ਕੋਲ ਮੇਰੀ ਆਉਣੀ-ਜਾਣੀ ਪੱਕੀ ਹੋ ਗਈ। ਉਹ ਮੈਨੂੰ ਖਾਣ ਲਈ ਕਦੇ ਚੌਲ ਦਿੰਦੇ ਤੇ ਕਦੇ ਭੁੱਜੇ ਛੋਲੇ । ਕਦੇ ਕੁਝ ਤੇ ਕਦੇ ਕੁਝ। ਮੈਂ ਵੀ ਉਨ੍ਹਾਂ ਲਈ ਘਰੋਂ ਲੱਸੀ ਦਾ ਡੋਲ ਭਰ ਕੇ ਲੈ ਜਾਂਦਾ। ਉਹ ਬੜੇ ਚਾਅ ਨਾਲ ਲੱਸੀ ਪੀਂਦੇ ਤੇ ਆਉਣ ਲੱਗਿਆਂ ਮੇਰਾ ਡੋਲ ਕਦੇ ਕਿਸੇ ਖਾਣ ਵਾਲੀ ਚੀਜ਼ ਨਾਲ ਭਰ ਦਿੰਦੇ ਤੇ ਕਦੇ ਕਿਸੇ ਚੀਜ਼ ਨਾਲ। ਉਨ੍ਹਾਂ ਫ਼ੌਜੀਆਂ ’ਚ ਹੀ ਇਕ ਜਵਾਨ ਮੈਥੋਂ ਸਾਲ ਕੁ ਵੱਡਾ ਸੀ। ਪਰਦੀਪ ਕੁਮਾਰ ਸੀ ਉਹਦਾ ਨਾਂ ਤੇ ਯੂਪੀ ਦੇ ਕਿਸੇ ਪਿੰਡ ਦਾ ਸੀ ਉਹ ਸੰਗਾਊ ਜਿਹਾ। ਬਿਲਕੁਲ ਮੇਰੇ ਵਰਗਾ। ਬਹੁਤ ਘੱਟ ਬੋਲਦਾ। ਬਹੁਤ ਜਲਦ ਅਸੀਂ ਦੋਵੇਂ ਗੂੜ੍ਹੇ ਮਿੱਤਰ ਬਣ ਗਏ। ਮੈਂ ਉਹਨੂੰ ਆਪਣੇ ਘਰ ਲੈ ਆਉਂਦਾ। ਦੋ ਕੁ ਘੰਟੇ ਉਹ ਮੇਰੇ ਕੋਲ ਰਹਿੰਦਾ। ਬੇਬੇ ਉਹਨੂੰ ਬਹੁਤ ਲਾਡ-ਪਿਆਰ ਕਰਦੀ... ਰੋਟੀ ਖਵਾਉਂਦੀ... ਦੁੱਧ ਪਿਆਉਂਦੀ। ਉਹ ਵੀ ਸਾਡੇ ਸਾਰਿਆਂ ਦਾ ਬਹੁਤ ਆਦਰ ਕਰਦਾ। ਜਦੋਂ ਮੈਂ ਫ਼ੌਜੀਆਂ ਕੋਲ ਖੇਤ ਜਾਂਦਾ ਤਾਂ ਪਰਦੀਪ ਮੈਨੂੰ ਫ਼ੌਜੀਆਂ ਦਾ ਸਾਜ਼ੋ-ਸਾਮਾਨ ਦਿਖਾਉਣ ਲੈ ਜਾਂਦਾ। ਦੂਰਬੀਨ ਦਿਖਾਉਂਦਾ। ਪਹਿਲੀ ਵਾਰ ਮੈਂ ਦੂਰਬੀਨ ਵਿੱਚੋਂ ਦੀ ਉਦੋਂ ਹੀ ਵੇਖਿਆ। ਦੋ ਕੋਹ ਦੂਰ ਚੀਜ਼ ਬਿਲਕੁਲ ਦੋ ਫੁੱਟ ਅੱਗੇ ਖੜ੍ਹੀ ਲੱਗਦੀ। ਕਦੇ-ਕਦੇ ਪਰਦੀਪ ਮੈਨੂੰ ਟੈਂਕ ’ਚ ਵੀ ਬਿਠਾ ਦਿੰਦਾ। ਤੋਪ ਚਲਾਉਣ ਬਾਰੇ ਦੱਸਦਾ ਰਹਿੰਦਾ। ਤੋਪ ਦੀਆਂ ਗੋਲ਼ੀਆਂ ਜਾਂ ਗੋਲ਼ੇ ਤੋਪ ਦੇ ਪਿਛਲੇ ਪਾਸੇ ਟੰਗੇ ਜਿਹੇ ਹੁੰਦੇ ਪਰ ਜਦ ਦੂਰੋਂ ਉਹਨਾਂ ਫ਼ੌਜੀਆਂ ਨੂੰ ਫ਼ੌਜ ਦੀ ਕੋਈ ਗੱਡੀ ਆਉਂਦੀ ਦਿਸਦੀ ਤਾਂ ਉਹ ਮੈਨੂੰ ਉੱਥੋਂ ਝੱਟ ਦੂਰ ਭੇਜ ਦਿੰਦੇ। ਉਨ੍ਹਾਂ ਦੇ ਅਫ਼ਸਰਾਂ ਨੂੰ ਸ਼ਾਇਦ ਆਮ ਲੋਕਾਂ ਨਾਲ ਫ਼ੌਜ ਦਾ ਜ਼ਿਆਦਾ ਮਿਲਣਾ-ਜੁਲਣਾ ਠੀਕ ਨਹੀਂ ਸੀ ਲੱਗਦਾ। ਮੈਂ ਵਾਪਸ ਘਰ ਆ ਜਾਂਦਾ।
ਪਰਦੀਪ ਦਾ ਸਾਡੇ ਘਰ ਹੁਣ ਰੋਜ਼ ਦਾ ਆਉਣਾ-ਜਾਣਾ ਹੋ ਗਿਆ ਸੀ । ਉਹ ਕਿੰਨਾ-ਕਿੰਨਾ ਚਿਰ ਮੇਰੇ ਕੋਲ ਬੈਠਾ ਰਹਿੰਦਾ। ਉਹ ਆਪਣੇ ਘਰ, ਪਰਿਵਾਰ, ਪਿੰਡ ਆਦਿ ਬਾਰੇ ਦੱਸਦਾ। ਘਰ ਦੀ ਆਰਥਿਕ ਤੰਗੀ ਕਾਰਨ ਉਹ ਦਸਵੀਂ ਪਾਸ ਕਰਨ ਪਿੱਛੋਂ ਹੀ ਫ਼ੌਜ 'ਚ ਭਰਤੀ ਹੋ ਗਿਆ ਸੀ। ਬੇਬੇ-ਬਾਪੂ ਵੀ ਬੜਾ ਮੋਹ ਕਰਦੇ ਸਨ ਉਹਦਾ। ਮਾਂ ਨੂੰ ਤਾਂ ਜਿਵੇਂ ਉਹ ਆਪਣਾ ਦੂਜਾ ਪੁੱਤ ਹੀ ਲੱਗਦਾ। ਉਹ ਹਿੰਦੀ ਬੋਲਦਾ ਸੀ ਪਰ ਉਹਦੀ ਸਮਝ ਸਭ ਨੂੰ ਆ ਜਾਂਦੀ ਸੀ। ਇੰਜ ਮੋਹ ਦੀਆਂ ਤੰਦਾਂ ਉਸ ਨਾਲ ਹੋਰ ਵੀ ਪੱਕੀਆਂ ਹੋ ਗਈਆਂ ਸਨ। ਕੁਝ ਦਿਨਾਂ ਬਾਅਦ ਮੈਂ ਸ਼ਹਿਰ ਕਿਸੇ ਕਾਲਜ ’ਚ ਗਿਆਨੀ ਵਿਚ ਦਾਖ਼ਲਾ ਲੈਣ ਬਾਰੇ ਪਤਾ ਕਰਨ ਗਿਆ। ਦੁਪਹਿਰ ਵੇਲੇ ਸ਼ਹਿਰ ਹੀ ਭੂਆ ਕੋਲ ਰੁਕ ਗਿਆ। ਵਾਪਸ ਆਉਂਦਿਆਂ ਨੂੰ ਆਥਣ ਹੋ ਗਿਆ ਸੀ। ਚਾਹ-ਪਾਣੀ ਪੀ ਕੇ ਮੈਂ ਜਦ ਪਰਦੀਪ ਨੂੰ ਮਿਲਣ ਲਈ ਜਾਣ ਲੱਗਾ ਤਾਂ ਬੇਬੇ ਨੇ ਰੋਕ ਲਿਆ। ਚਿਹਰਾ ਉਦਾਸ ਜਿਹਾ ਹੋ ਗਿਆ ਉਸ ਦਾ। ਕਹਿੰਦੀ, ‘ਪਰਦੀਪ ਤਾਂ ਚਲਾ ਗਿਆ ਪੁੱਤ ਏਥੋਂ।‘ ‘ਚਲਾ ਗਿਆ’, ਅਚਾਨਕ ਉਸ ਦੇ ਜਾਣ ਬਾਰੇ ਸੁਣ ਕੇ ਮੈਂ ਹੈਰਾਨ ਹੋ ਗਿਆ। ਬੇਬੇ ਕਹਿਣ ਲੱਗੀ, ‘ਉਹ ਅੱਜ ਸਵੇਰੇ ਤੇਰੇ ਕਾਲਜ ਜਾਣ ਮਗਰੋਂ ਘਰ ਆਇਆ ਸੀ ਤੈਨੂੰ ਮਿਲਣ ਪਰ ਜਦ ਤੂੰ ਘਰ ਨਾ ਮਿਲਿਆ ਤਾਂ ਰੋਣਹਾਕਾ ਹੋ ਗਿਆ। ਮੇਰੇ, ਤੇਰੀ ਮਾਂ ਤੇ ਬਾਪੂ ਦੇ ਗਲ ਲੱਗ ਕੇ ਕਿੰਨਾ ਚਿਰ ਸਿਸਕੀਆਂ ਭਰਦਾ ਰਿਹਾ। ਕਹਿੰਦਾ ਸੀ, ਬਈ ਅੱਜ ਉਹ ਮੋਰਚੇ ਪੁੱਟ ਰਹੇ ਆ। ਬੱਸ ਦੋ-ਤਿੰਨ ਘੰਟਿਆਂ ’ਚ ਹੀ ਇੱਥੋਂ ਚਲੇ ਜਾਣੈਂ । ਉੱਪਰੋਂ ਆਰਡਰ ਆ ਗਏ ਆ। ਮੈਂ ਬੜੀ ਮੁਸ਼ਕਿਲ ਨਾਲ ਵੱਡੇ ਸਾਬ੍ਹ ਤੋਂ ਛੁੱਟੀ ਲੈ ਕੇ ਜੀਤੇ ਨੂੰ ਮਿਲਣ ਆਇਆ ਸੀ ਪਰ...’ ਏਨਾਂ ਕਹਿੰਦਿਆਂ ਬੇਬੇ ਦਾ ਵੀ ਗਲਾ ਭਰ ਆਇਆ।
ਮੈਂ ਚੁੱਪਚਾਪ ਬਾਹਰ ਨਿਕਲ ਗਿਆ। ਖੇਤ ਉਨ੍ਹਾਂ ਦੇ ਮੋਰਚੇ ਵਾਲੀ ਥਾਂ ’ਤੇ ਜਾ ਕੇ ਦੇਖਿਆ ਤਾਂ ਉੱਥੇ ਮਿੱਟੀ ਨਾਲ ਭਰੇ ਹੋਏ ਟੋਇਆਂ ਦੇ ਨਿਸ਼ਾਨਾਂ, ਕੁਝ ਲੱਕੜਾਂ ਤੇ ਪੱਤਿਆਂ ਤੋਂ ਸਿਵਾਏ ਕੁਝ ਵੀ ਨਹੀਂ ਸੀ। ਗੱਡੀਆਂ ਦੇ ਟਾਇਰਾਂ ਦੇ ਨਿਸ਼ਾਨ ਦੂਰ ਤੱਕ ਜਾਂਦੇ ਦਿਸ ਰਹੇ ਸਨ। ਮੈਂ ਉੱਥੇ ਬੈਠ ਕੇ ਬਹੁਤ ਰੋਇਆ। ਜਦੋਂ ਟੁੱਟੇ ਮਨ ਨਾਲ ਘਰ ਆਇਆ ਤਾਂ ਮਾਂ ਨੇ ਇੱਕ ਚਿੱਠੀ ਮੇਰੇ ਹੱਥ ਫੜਾਈ। ਚਿੱਠੀ ਪਰਦੀਪ ਦੀ ਸੀ। ਜਾਣ ਲੱਗਿਆ ਉਹ ਮਾਂ ਨੂੰ ਲਿਖ ਕੇ ਫੜਾ ਗਿਆ ਸੀ। ਉਸ ਨੇ ਹਿੰਦੀ ’ਚ ਲਿਖਿਆ ਸੀ, ‘ਪਿਆਰੇ ਦੋਸਤ। ਮੈਂ ਜਾ ਰਹਾ ਹੂੰ । ਅਬ ਪਤਾ ਨਹੀਂ ਹਮ ਮਿਲੇਂਗੇ ਯਾ ਨਹੀਂ ਪਰ ਆਪ ਕੀ ਔਰ ਆਪ ਕੇ ਪਰਿਵਾਰ ਕੀ ਮੁਝੇ ਬਹੁਤ ਯਾਦ ਆਏਗੀ। ਤੁਮ ਮੁਝੇ ਨਹੀਂ ਮਿਲੇ, ਇਸ ਬਾਤ ਕਾ ਮੁਝੇ ਹਮੇਸ਼ਾ ਅਫ਼ਸੋਸ ਰਹੇਗਾ। ਨੀਚੇ ਮੇਰਾ ਪਤਾ ਲਿਖਾ ਹੁਆ ਹੈ। ਇਸ ਪਤੇ ਪਰ ਮੁਝੇ ਚਿੱਠੀ ਜ਼ਰੂਰ ਲਿਖਨਾ। ਮੈਂ ਭੀ ਤੁਮ੍ਹੇ ਚਿੱਠੀ ਲਿਖਾ ਕਰੂੰਗਾ। ਤੁਮ੍ਹਾਰਾ ਦੋਸਤ, ਪਰਦੀਪ ਕੁਮਾਰ।’
- ਕੁਲਵਿੰਦਰ ਵਿਰਕ