- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਤਕਦੀਰਾਂ ਨੌਜਵਾਨ ਨਾਵਲਕਾਰ ਪ੍ਰਿੰਸ ਗਿੱਲ ਹਰਮਨ ਦਾ ਪਲੇਠਾ ਨਾਵਲ ਹੈ। ਇਹ ਨਾਵਲ ਨੌਜਵਾਨਾਂ ’ਚ ਨਸ਼ਿਆਂ ਵਿਰੁੱਧ ਚੇਤਨਾ ਪੈਦਾ ਕਰਨ ਲਈ ਲਿਖਿਆ ਗਿਆ ਹੈ ਤੇ ਪੰਜਾਬ ਦੇ ਇਸ ਦਰਦ ਨੂੰ ਨਾਵਲਕਾਰ ਨੇ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਪਾਤਰ ਦਾ ਪਤਨ, ਪਰਿਵਾਰ ਦਾ ਸੰਤਾਪ ਤੇ ਨਾਇਕਾ ਦੇ ਦੁੱਖ ਜੀਵਨ ਦੇ ਖਲਾਅ ਨੂੰ ਪੇਸ਼ ਕਰਦੇ ਹਨ।

ਪੁਸਤਕ : ਦੋ ਤਕਦੀਰਾਂ (ਨਾਵਲ)
ਲੇਖਕ - ਪ੍ਰਿੰਸ ਗਿੱਲ ਹਰਮਨ
ਪੰਨੇ: 68 ਮੁੱਲ : 200/-
ਪ੍ਰਕਾਸ਼ਨ - ਚੇਤਨਾ ਪ੍ਰਕਾਸ਼ਨ, ਲੁਧਿਆਣਾ
ਦੋ ਤਕਦੀਰਾਂ ਨੌਜਵਾਨ ਨਾਵਲਕਾਰ ਪ੍ਰਿੰਸ ਗਿੱਲ ਹਰਮਨ ਦਾ ਪਲੇਠਾ ਨਾਵਲ ਹੈ। ਇਹ ਨਾਵਲ ਨੌਜਵਾਨਾਂ ’ਚ ਨਸ਼ਿਆਂ ਵਿਰੁੱਧ ਚੇਤਨਾ ਪੈਦਾ ਕਰਨ ਲਈ ਲਿਖਿਆ ਗਿਆ ਹੈ ਤੇ ਪੰਜਾਬ ਦੇ ਇਸ ਦਰਦ ਨੂੰ ਨਾਵਲਕਾਰ ਨੇ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਪਾਤਰ ਦਾ ਪਤਨ, ਪਰਿਵਾਰ ਦਾ ਸੰਤਾਪ ਤੇ ਨਾਇਕਾ ਦੇ ਦੁੱਖ ਜੀਵਨ ਦੇ ਖਲਾਅ ਨੂੰ ਪੇਸ਼ ਕਰਦੇ ਹਨ। ਨੌਜਵਾਨੀ ਦੇ ਇਸ ਸੰਕਟ ਨੂੰ ਪੇਸ਼ ਕਰਦਾ ਇਹ ਨਾਵਲ ਅਸਲ ਵਿਚ ਸਮਾਜ ਲਈ ਚਿਤਾਵਨੀ ਬਣ ਉੱਭਰਦਾ ਹੈ। ਇਹ ਗੁਰੀ ਤੇ ਸ਼ਰਨ ਦੀ ਕਹਾਣੀ ਹੈ। ਨਾਵਲਕਾਰ ਦੁਆਰਾ ਸ਼ਰਨ ਨੂੰ ਸ਼ੁਰੂ ਤੋਂ ਹੀ ਇਕ ਜ਼ਿੰਮੇਵਾਰ ਤੇ ਸਿਆਣੀ ਲੜਕੀ ਵਜੋਂ ਸਥਾਪਤ ਕਰਨਾ ਸਰਲ ਨਾਵਲੀ ਜੁਗਤ ਹੈ, ਜੋ ਆਪਣੀ ਮਾਂ ਦੀ ਮੌਤ ਤੋਂ ਬਾਅਦ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਘਰ, ਪਿਤਾ ਤੇ ਭਰਾ ਦੀ ਦੇਖਭਾਲ ਕਰ ਰਹੀ ਹੈ। ਇਹ ਪੰਜਾਬੀ ਪੇਂਡੂ ਸਮਾਜ ਵਿਚ ਧੀ ਉੱਤੇ ਪੈਂਦੇ ਦੋਹਰੇ ਬੋਝ ਦਾ ਯਥਾਰਥਕ ਚਿਤਰਨ ਹੈ। ਕਾਲਜ ਵਿਚ ਬੀਏ ਦੇ ਤੀਜੇ ਸਾਲ ’ਚ ਪੜ੍ਹਦੀ ਉਹ ਗੁਰੀ ਨੂੰ ਪਿਆਰ ਕਰਦੀ ਹੈ। ਇੱਥੇ ਨਾਵਲਕਾਰ ਨੇ ਗੁਰੀ ਦਾ ਪਾਤਰ ਗ਼ੈਰ-ਜ਼ਿੰਮੇਵਾਰ ਮੁੰਡੇ ਦਾ ਘੜਿਆ ਹੈ। ਇਨ੍ਹਾਂ ਦੋਹਾਂ ਪਾਤਰਾਂ ਨੂੰ ਵਿਪਰੀਤ ਪਾਤਰਾਂ ਵਜੋਂ ਘੜਨਾ ਨਾਵਲਕਾਰ ਦੀ ਕਮਜ਼ੋਰ ਜੁਗਤ ਹੈ ਕਿਉਂਕਿ ਉਹ ਪੂਰੇ ਨਾਵਲ ਵਿਚ ਸ਼ਰਨ ਦੀ ਸੁਤੰਤਰ ਹੋਂਦ ਸਥਾਪਿਤ ਨਹੀਂ ਕਰ ਸਕਿਆ ਕਿ ਉਹ ਇਕ ਪੀੜਤ ਪ੍ਰੇਮਿਕਾ ਵਜੋਂ ਹੀ ਨਾਵਲ ਵਿਚ ਵਿਚਰੀ ਹੈ। ਗੁਰੀ ਆਪਣੇ ਮਾਪਿਆਂ ਤੇ ਸ਼ਰਨ ਦੇ ਵਾਰ-ਵਾਰ ਕਹਿਣ ’ਤੇ ਵੀ ਨਸ਼ਿਆਂ ਦੇ ਚੱਕਰਵਿਊ ਵਿਚ ਫਸ ਜਾਂਦਾ ਹੈ। ਇਥੇ ਨਸ਼ੇ ਨੂੰ ਸਿਰਫ਼ ਵਿਅਕਤੀਗਤ ਕਮਜ਼ੋਰੀ ਵਜੋਂ ਨਹੀਂ ਸਗੋਂ ਅਜਿਹੀ ਤਾਕਤ ਵਜੋਂ ਪੇਸ਼ ਕੀਤਾ ਗਿਆ ਹੈ, ਜੋ ਪਿਆਰ ਤੇ ਪਰਿਵਾਰ ਤੋਂ ਵੱਡੀ ਸਾਬਿਤ ਹੋਈ ਹੈ। ਇਹ ਯਥਾਰਥਵਾਦੀ ਵੀ ਹੈ ਕਿਉਂਕਿ ਅਸਲ ਜ਼ਿੰਦਗੀ ਵਿਚ ਵੀ ਨਸ਼ੇ ਛੁਡਾਉਣ ਨਾਲ ਸਬੰਧਤ ਅਜਿਹੀਆਂ ਕੋਸ਼ਿਸ਼ਾਂ ਅਕਸਰ ਨਾਕਾਮ ਹੁੰਦੀਆਂ ਹਨ। ਗੁਰੀ ਦੇ ਪਿਓ ਬਲਦੇਵ ਸਿੰਘ ਅਤੇ ਉਸ ਦੀ ਚਚੇਰੀ ਭੈਣ ਨਾਲ ਸਬੰਧਿਤ ਉਪ-ਬਿਰਤਾਂਤ ਅਸਲ ਵਿਚ ਪਰਿਵਾਰ ਦੀ ਨੈਤਿਕ ਕਦਰਾਂ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਇਕਹਿਰੇ ਤੇ ਸਰਲ ਬਿਰਤਾਂਤ ਦੀ ਵਰਤੋਂ ਇਸ ਨਾਵਲ ਨੂੰ ਪਾਠਕ ਲਈ ਸਹਿਜ ਸਿੱਧ ਕਰਦੀ ਹੈ। ਸਿੱਧੀ ਸਰਲ ਸ਼ੈਲੀ ਪਾਠਕ ਦੇ ਜ਼ਿਹਨ ’ਤੇ ਸਿੱਧਾ ਅਸਰ ਪਾਉਂਦੀ ਹੈ। ਆਸ ਹੈ ਕਿ ਨਾਵਲ ਪਾਠਕਾਂ ਨੂੰ ਪਸੰਦ ਆਵੇਗਾ।
- ਡਾ. ਸੰਦੀਪ ਰਾਣਾ