- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਲੀਗੁੜੀ ਗੁਰਦੁਆਰਾ ਸਾਹਿਬ ਵਿਖੇ ਇਕ ਪੰਜਾਬੀ ਟੈਕਸੀ ਡਰਾਈਵਰ ਨੇ ਸਾਨੂੰ ਰਾਤ ਵੇਲੇ ਦੱਸ ਦਿੱਤਾ ਸੀ ਕਿ ਉੱਪਰਲੇ ਇਲਾਕਿਆਂ ਵਿਚ ਠੰਢ ਹੈ, ਜਿਸ ਕਾਰਨ ਅਸੀਂ ਮਾਨਸਿਕ ਤੌਰ ’ਤੇ ਤਿਆਰ ਸੀ। ਤੀਸਤਾ ਨਦੀ ਕੰਢੇ ਵਸਿਆ ਪਿੰਡ ਤੀਸਤਾ ਸੁੰਦਰ ਹੈ। ਰੰਗ-ਬਿਰੰਗੀਆਂ ਛੱਤਾਂ ਵਾਲੇ ਘਰ ਸੋਹਣੇ ਲੱਗਦੇ ਹਨ। ਇਹ ਪਿੰਡ ਵੱਧ ਆਬਾਦੀ ਵਾਲਾ ਅਤੇ ਕੁਦਰਤੀ ਨਜ਼ਾਰਿਆਂ ਭਰਪੂਰ ਹੈ।

ਜਦੋਂ ਵੀ ਜ਼ਿੰਮੇਵਾਰੀਆਂ ਦੀ ਗੰਢ ਥੋੜ੍ਹੀ ਢਿੱਲੀ ਪੈਂਦੀ ਹੈ ਤਾਂ ਮਨ ਵਿਚ ਬੈਠਾ ਸੈਲਾਨੀ ਪੰਛੀ ਉਡਾਰੀ ਮਾਰਨ ਲਈ ਕਾਹਲਾ ਪੈ ਉੱਠਦਾ ਹੈ। ਐਤਕੀਂ ਗਰਮੀਆਂ ਦੀਆਂ ਛੁੱਟੀਆਂ 31 ਮਈ ਤੋਂ ਸ਼ੁਰੂ ਹੋ ਗਈਆਂ ਸਨ। ਰੇਲਗੱਡੀ ਦੀਆਂ ਸੀਟਾਂ ਭਾਵੇਂ ਅਪ੍ਰੈਲ ਮਹੀਨੇ ’ਚ ਬੁੱਕ ਹੋ ਗਈਆਂ ਸਨ ਪਰ ਕਈ ਤਰ੍ਹਾਂ ਦੀਆਂ ਵਿਭਾਗੀ ਡਿਊਟੀਆਂ ਲੱਗਣ ਦੇ ਆਸਾਰ ਕਾਰਨ ਟੂਰ ਲਈ ਅਨਿਸ਼ਚਤਤਾ ਬਣੀ ਹੋਈ ਸੀ। ਇਸ ਵਾਰ ਉੱਤਰੀ ਸਿੱਕਮ ਦਾ ਗਿਆਰਾਂ ਦਿਨ ਦਾ ਟੂਰ ਸੀ। 31 ਮਈ ਦੀ ਅੱਧੀ ਰਾਤ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਤੁਰ ਪਈ ਸੀ, ਜਿਸ ਨੇ ਉੱਤਰ ਪ੍ਰਦੇਸ਼, ਬਿਹਾਰ ਤੋਂ ਹੁੰਦੇ ਹੋਏ 2 ਜੂਨ ਨੂੰ ਸਾਨੂੰ ਪੱਛਮੀ ਬੰਗਾਲ ਦੇ ਰੇਲਵੇ ਜੰਕਸ਼ਨ ਨਿਊ ਜਲਪਾਈਗੁੜੀ ਪੁੱਜਦਾ ਕਰਨਾ ਸੀ। ਅਗਾਂਹ ਸ੍ਰੀ ਗੁਰੂ ਨਾਨਨਕ ਦੇਵ ਜੀ ਦੀ ਚਰਨ ਛੋਹ ਧਰਤੀ ਚੁੰਗਥਾਂਗ ਪਹੁੰਚਣਾ ਸੀ। ਸ਼ਿੰਗਾਰਾ ਸਿੰਘ ਦੇ ਉੱਦਮ ਰਾਹੀਂ ਸਿੱਕਮ ਦੇ ਚੁੰਗਥਾਂਗ ’ਚ ਪ੍ਰਵੇਸ਼ ਅਤੇ ਰਹਿਣ ਦੀ ਮਨਜ਼ੂਰੀ ਮਿਲ ਗਈ ਸੀ। ਦੋ ਜੂਨ ਦੁਪਹਿਰ ਵੇਲੇ ਜਦੋਂ ਨਿਊ ਜਲਪਾਈਗੁੜੀ ਜੰਕਸ਼ਨ ਪਹੁੰਚੇ ਤਾਂ ਇੰਜ ਮਹਿਸੂਸ ਹੋਇਆ, ਜਿਵੇਂ ਏਸੀ ਟਰੇਨ ’ਚੋਂ ਉਤਰ ਕੇ ਗਰਮ ਹਵਾ ਦੇ ਬੁੱਲਿਆਂ ਵਿਚ ਪ੍ਰਵੇਸ਼ ਕਰ ਗਏ ਹੋਈਏ। ਤਿੰਨ ਆਟੋ ਲੈ ਕੇ ਗੁਰਦੁਆਰਾ ਸਿੰਘ ਸਭਾ ਸਿਲੀਗੁੜੀ ਪਹੁੰਚੇ। ਇੱਥੇ ਅਸੀਂ ਰਾਤ ਰੁਕਣਾ ਸੀ। ਭਰਵੇਂ ਬਾਜ਼ਾਰ ’ਚ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਵਿਚ ਏਸੀ, ਨਾਨ-ਏਸੀ ਕਮਰਿਆਂ ਵਿਚ ਠਹਿਰ ਅਤੇ ਲੰਗਰ ਦੇ ਸੁਚੱਜੇ ਪ੍ਰਬੰਧ ਹਨ। ਇਹ ਸਥਾਨ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਅਧੀਨ ਪੈਂਦਾ ਹੈ। ਪ੍ਰਬੰਧਕਾਂ ਅਨੁਸਾਰ ਇੱਥੇ ਪਹਿਲੀ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਏ ਜਾਂਦੇ ਹਨ।
ਐਲੀਫੈਂਟ ਕਰਾਸਿੰਗ ਜ਼ੋਨ ਬੋਰਡ ਨੇ ਖਿੱਚਿਆ ਧਿਆਨ
ਸਾਡੇ ਟੂਰ ਯੋਜਨਾਕਾਰ ਸ਼ਿੰਗਾਰਾ ਸਿੰਘ ਵੱਲੋਂ ਹਦਾਇਤ ਹੋ ਗਈ ਸੀ ਕਿ ਅਗਲੇ ਦਿਨ ਸਵੇਰੇ ਸੱਤ ਵਜੇ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਮੂਹਰੇ ਟੈਕਸੀਆਂ ਖੜ੍ਹੀਆਂ ਹੋਣਗੀਆਂ। 3 ਜੂਨ ਜਦੋਂ ਏਸੀ ਕਮਰਿਆਂ ਵਿੱਚੋਂ ਬਾਹਰ ਨਿਕਲੇ ਤਾਂ ਹੁੰਮਸ ਸੀ। ਵਰਖਾ ਦੇ ਆਸਾਰ ਸਨ ਪਰ ਬੱਦਲ ਜਿਵੇਂ ਧਰਤੀ ਨੂੰ ਛੂਹ ਕੇ ਮੁੜ ਗਏ ਸਨ। ਦੋ ਟੈਕਸੀਆਂ ਤਿਆਰ-ਬਰ-ਤਿਆਰ ਖੜ੍ਹੀਆਂ ਸਨ। ਟੈਕਸੀਆਂ ਦੀਆਂ ਛੱਤਾਂ ’ਤੇ ਸਮਾਨ ਬੰਨ੍ਹ ਕੇ ਢੱਕਦਿਆਂ ਕਰੀਬ ਇਕ ਘੰਟੇ ਦਾ ਸਮਾਂ ਲੱਗ ਗਿਆ ਸੀ। ਇਨ੍ਹਾਂ ਗੱਡੀਆਂ ਰਾਹੀਂ ਅਸੀਂ ਕਰੀਬ 180-90 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਉੱਤਰੀ ਸਿੱਕਮ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਚੁੰਗਥਾਂਗ ਵਿਖੇ ਪਹੁੰਚਣਾ ਸੀ। ਸਿਲੀਗੁੜੀ ਵਿੱਚੋਂ ਨਿਕਲਦਿਆਂ ਅਜੇ ਭਾਵੇਂ ਸਵੇਰ ਦੇ ਅੱਠ ਹੀ ਵੱਜੇ ਸਨ ਪਰ ਗਰਮ ਹਵਾ ਦਾ ਪਹਿਰਾ ਸ਼ੁਰੂ ਹੋ ਗਿਆ ਸੀ। 9 ਕੁ ਵਜੇ ਦੇ ਕਰੀਬ ਗੱਡੀਆਂ ਨੇ ਸਪੀਡ ਫੜ ਲਈ ਸੀ। ਸਾਡੀ ਗੱਡੀ ਦਾ ਡਰਾਈਵਰ ਤਾਸ਼ੀ ਅਗਲੀਆਂ ਥਾਵਾਂ ਬਾਰੇ ਦੱਸ ਰਿਹਾ ਸੀ। ਉਹ ਸਾਡੇ ਵਲੋਂ ਵਾਰ-ਵਾਰ ਪੁੱਛੇ ਜਾ ਰਹੇ ਨਿੱਕੇ-ਨਿੱਕੇ ਸਵਾਲਾਂ ਦਾ ਜਵਾਬ ਬੜੀ ਹਲੀਮੀ ਨਾਲ ਦੇ ਰਿਹਾ ਸੀ। ਕਰੀਬ 10 ਕੁ ਕਿਲੋਮੀਟਰ ਅਗਾਂਹ ਲੰਮੇ ਦਰੱਖ਼ਤਾਂ ’ਚ ਘਿਰੀ ਸੜਕ ਕਿਨਾਰੇ ਲੱਗੇ ‘ਐਲੀਫੈਂਟ ਕਰਾਸਿੰਗ ਜ਼ੋਨ’ ਦੇ ਬੋਰਡ ਨੇ ਸਾਰਿਆਂ ਦਾ ਧਿਆਨ ਖਿੱਚਿਆ। ਹਰੇ-ਭਰੇ ਦਰੱਖ਼ਤਾਂ ਨਾਲ ਘਿਰੀ ਸੜਕ ਗਰਮ ਹਵਾਵਾਂ ਨੂੰ ਪਿੱਛੇ ਛੱਡ ਰਹੀ ਸੀ। ਰੇਲਵੇ ਲਾਈਨ ਟੱਪ ਕੇ ਤੀਸਤਾ ਨਦੀ ’ਤੇ ਬਣਿਆ ਕੋਰੋਨੇਸ਼ਨ ਪੁਲ, ਵਲ਼-ਵਲ਼ੇਵੇਂ ਖਾਂਦੀ ਸੜਕ, ਕਤਾਰ ਵਿਚ ਚੱਲਦੀਆਂ ਗੱਡੀਆਂ ਰਾਹੀਂ ਜਿਉਂ-ਜਿਉਂ ਉਚਾਈ ਵੱਲ ਵੱਧ ਰਹੇ ਸੀ, ਹਵਾ ਵਿਚ ਠੰਢਕ ਦਾ ਰਲੇਵਾਂ ਵੱਧ ਰਿਹਾ ਸੀ। ਪੁਲ਼ ’ਤੇ 10 ਟਨ ਸਮਰੱਥਾ ਲਿਖਿਆ ਹੋਇਆ ਸੀ। ਪਹਾੜਾਂ ਦੀਆਂ ਚੋਟੀਆਂ ’ਤੇ ਨਿਵਾਣ ਵੱਲ ਨੂੰ ਝੁਕੇ ਹੋਏ ਹਰੇ-ਕਚੂਰ ਦਰੱਖ਼ਤ ਸੈਲਾਨੀਆਂ ਦਾ ਸਵਾਗਤ ਕਰ ਰਹੇ ਜਾਪ ਰਹੇ ਸਨ। ਕਾਲੀਜੋੜਾ ਡੈਮ ਤੋਂ ਤਿੱਖੀ ਚੜ੍ਹਾਈ ਸ਼ੁਰੂ ਹੁੰਦੇ ਸਾਰ ਗੱਡੀ ਦੀ ਸਪੀਡ ਘਟ ਗਈ ਸੀ। ਡਰਾਈਵਰ ਤਾਸ਼ੀ ਦੱਸ ਰਿਹਾ ਸੀ ਕਿ ਪਹਾੜਾਂ ਦੇ ਉੱਪਰ ਵਾਲ਼ੇ ਪਿੰਡ ਬਹੁਤ ਸੁੰਦਰ ਹਨ। ਰਸਤੇ ਵਿੱਚ ਛੋਟੀਆਂ-ਛੋਟੀਆਂ ਦੁਕਾਨਾਂ, ਢਾਬੇ, ਪਿੰਡ, ਕਸਬੇ ਆ ਰਹੇ ਸਨ। ਕਈਆਂ ਦੇ ਨਾਂ ਨਾਲ ਗੁੜੀ ਪਿਛੇਤਰ ਜੁੜਿਆ ਹੋਇਆ ਹੈ। ਸਾਡੀ ਗੱਡੀ ਨੈਸ਼ਨਲ ਹਾਈਵੇ-10 ’ਤੇ ਦੌੜ ਰਹੀ ਸੀ।
ਕੁਦਰਤੀ ਨਜ਼ਾਰਿਆਂ ਭਰਪੂਰ ਹੈ ਤੀਸਤਾ ਪਿੰਡ
ਸਿਲੀਗੁੜੀ ਗੁਰਦੁਆਰਾ ਸਾਹਿਬ ਵਿਖੇ ਇਕ ਪੰਜਾਬੀ ਟੈਕਸੀ ਡਰਾਈਵਰ ਨੇ ਸਾਨੂੰ ਰਾਤ ਵੇਲੇ ਦੱਸ ਦਿੱਤਾ ਸੀ ਕਿ ਉੱਪਰਲੇ ਇਲਾਕਿਆਂ ਵਿਚ ਠੰਢ ਹੈ, ਜਿਸ ਕਾਰਨ ਅਸੀਂ ਮਾਨਸਿਕ ਤੌਰ ’ਤੇ ਤਿਆਰ ਸੀ। ਤੀਸਤਾ ਨਦੀ ਕੰਢੇ ਵਸਿਆ ਪਿੰਡ ਤੀਸਤਾ ਸੁੰਦਰ ਹੈ। ਰੰਗ-ਬਿਰੰਗੀਆਂ ਛੱਤਾਂ ਵਾਲੇ ਘਰ ਸੋਹਣੇ ਲੱਗਦੇ ਹਨ। ਇਹ ਪਿੰਡ ਵੱਧ ਆਬਾਦੀ ਵਾਲਾ ਅਤੇ ਕੁਦਰਤੀ ਨਜ਼ਾਰਿਆਂ ਭਰਪੂਰ ਹੈ। ਇਸ ਤੋਂ ਪਹਿਲਾਂ ਦਾਰਜੀਲਿੰਗ ਨੂੰ ਰਾਸਤਾ ਮੁੜਦਾ ਹੈ। ਦੂਰੋਂ ਨਜ਼ਰ ਮਾਰਦਿਆਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਜਿਵੇਂ ਮਕਾਨ ਚਿਣ-ਚਿਣ ਕੇ ਰੱਖੇ ਹੋਣ। ਪਿੰਡ ਨੇੜੇ ਪਹਾੜ ਵਿੱਚੋਂ ਸੁਰੰਗ ਕੱਢ ਕੇ ਸਿੱਕਮ ਨੂੰ ਰੇਲਵੇ ਨਾਲ ਜੋੜਨ ਦਾ ਕੰਮ ਚੱਲ ਰਿਹਾ ਸੀ। ਪੁਲ਼ ਉਸਾਰੀ ਅਧੀਨ ਸੀ। ਰਸਤੇ ਵਿਚ ਤੀਸਤਾ ਕੰਢੇ ਵੱਡੀ ਗਿਣਤੀ ਸੈਲਾਨੀ ਕੇਂਦਰ ਹਨ। ਸੈਲਾਨੀ ਰਾਫ਼ਟਿੰਗ ਕਰ ਰਹੇ ਸਨ। ਵਰਖਾ ਕਾਰਨ ਨੁਕਸਾਨੀ ਸੜਕ ਦੀ ਮੁਰੰਮਤ ਦਾ ਕੰਮ ਨਾਲ਼ੋ-ਨਾਲ਼ ਚੱਲ ਰਿਹਾ ਸੀ। ਆਵਾਜਾਈ ਵਿਚ ਕੋਈ ਵਿਘਨ ਨਹੀਂ ਸੀ ਪੈਣ ਦਿੱਤਾ ਜਾ ਰਿਹਾ। 10 ਕੁ ਵਜੇ ਢਾਬੇ ’ਤੇ ਨਾਸ਼ਤੇ ਲਈ ਰੁਕੇ। ਡਰਾਈਵਰ ਨੇ ਉਨ੍ਹਾਂ ਨੂੰ ਦਾਲ-ਰੋਟੀ ਬਣਾਉਣ ਲਈ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਕਿਉਂਕਿ ਰੋਟੀ ਅਗਾਊਂ ਆਰਡਰ ’ਤੇ ਹੀ ਬਣਨੀ ਸੀ। ਖਾਣਾ ਖਾਣ ਉਪਰੰਤ ਗੱਡੀਆਂ ਨੇ ਫਿਰ ਸਪੀਡ ਫੜ ਲਈ ਸੀ। ਅਜੇ ਅਸੀਂ ਪੱਛਮੀ ਬੰਗਾਲ ਵਿਚ ਹੀ ਸੀ ਪਰ ਮਨਮੋਹਣੇ ਦ੍ਰਿਸ਼ ਸੈਲਾਨੀਆਂ ਦੇ ਮਨੋਰੰਜਨ ਵਿਚ ਵਾਧਾ ਕਰ ਰਹੇ ਸਨ। ਸੜਕ ਦੁਆਲੇ ਲੰਮੀਆਂ ਪੋਰੀਆਂ ਵਾਲੇ ਬਾਂਸ ਦੇ ਇਕੱਲੇ-ਇਕੱਲੇ ਪੌਦੇ ਸੁੰਦਰ ਲੱਗ ਰਹੇ ਸਨ। ਗੱਡੀ ਨੈਸ਼ਨਲ ਹਾਈਵੇ ਤੋਂ ਇਕਹਿਰੀ ਸੜਕ ’ਤੇ ਪਾ ਲਈ ਸੀ। ਹਰ ਮੋੜ ਤੋਂ ਬਾਅਦ ਚੜ੍ਹਾਈ ਵਧਦੀ ਜਾ ਰਹੀ ਸੀ। ਮੌਸਮ ਦੇ ਪਲ-ਪਲ ਬਦਲਦੇ ਮਿਜ਼ਾਜ ਕਾਰਨ ਸਥਾਨਕ ਲੋਕਾਂ ਦੇ ਹੱਥ ਵਿਚ ਛੱਤਰੀਆਂ ਸਨ। ਕਿਤੇ-ਕਿਤੇ ਸੂਤ ਕੱਤਦੀ ਮੱਕੀ ਘਰਾਂ ਦੇ ਵਿਹੜਿਆਂ ਵਿਚ ਦਿਖਾਈ ਦੇ ਰਹੀ ਸੀ। ਸੜਕ ਨੇੜੇ ਪਹਾੜ ’ਤੇ ਨੀਲੇ ਅਤੇ ਚਿੱਟੇ ਰੰਗ ਦੇ ਫੁੱਲਾਂ ਵਾਲ਼ੀਆਂ ਝਾੜੀਆਂ ਸੁੰਦਰਤਾ ਵਿੱਚ ਵਾਧਾ ਕਰ ਰਹੀਆਂ ਸਨ। ਪਹਾੜਾਂ ਦੀ ਕੁੱਖ ਵਿੱਚੋਂ ਫੁੱਟਦੇ ਝਰਨੇ ਮੰਜ਼ਿਲ ਵੱਲ ਛਲਾਂਗਾਂ ਮਾਰਦੇ ਪ੍ਰਤੀਤ ਹੋ ਰਹੇ ਸਨ। ਵਰਖਾ ਸ਼ੁਰੂ ਹੋ ਗਈ ਸੀ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ, ਜਿਵੇਂ ਸਮੁੱਚੀ ਬਨਸਪਤੀ ਨਹਾ ਰਹੀ ਹੋਵੇ। ਅਗਾਂਹ ਗਏ ਤਾਂ ਤਿੱਖੀ ਧੁੱਪ ਨੇ ਸਮੁੱਚੀ ਵਾਦੀ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ। ਥੋੜ੍ਹੀ-ਥੋੜ੍ਹੀ ਵਿੱਥ ’ਤੇ ਝਰਨਿਆਂ ਦਾ ਕਲ-ਕਲ ਵਗਦਾ ਪਾਣੀ ਦੇਖ ਹਰ ਯਾਤਰੀ ਆਪਣੇ-ਆਪ ਨੂੰ ਕੁਦਰਤ ਦੇ ਨੇੜੇ ਮਹਿਸੂਸ ਕਰ ਰਿਹਾ ਸੀ। ਝਰਨਿਆਂ ਨੇੜੇ ਯਾਤਰੀ ਕੁਦਰਤੀ ਦ੍ਰਿਸ਼ਾਂ ਦਾ ਅਨੰਦ ਮਾਣ ਰਹੇ ਸਨ ਅਤੇ ਫੋਟੋ ਖਿੱਚਣ-ਖਿਚਵਾਉਣ ਵਿਚ ਮਸਰੂਫ਼ ਸਨ। ਇਕ ਪਹਾੜੀ ’ਤੇ ਬੱਦਲ਼ਾਂ ਨੇ ਛੱਤਰੀ ਤਾਣੀ ਹੋਈ ਸੀ ਅਤੇ ਨਦੀ ਪਾਰਲੀ ਪਹਾੜੀ ’ਤੇ ਧੁੱਪ ਦਾ ਚਮਕਾਰਾ ਸੀ। ਟੈਕਸੀ ਕਿਤੇ ਜੂੰ ਦੀ ਚਾਲ ਤੁਰਦੀ ਤੇ ਫਿਰ ਦੌੜ ਕੇ ਪਿਛਲੀ ਰਹਿ ਗਈ ਕਸਰ ਕੱਢਣ ਦੀ ਕੋਸ਼ਿਸ਼ ਕਰਦੀ।
ਝਰਨਿਆਂ ਦੀ ਧਰਤੀ
ਕਰੀਬ ਦੁਪਹਿਰ ਢਾਈ ਕੁ ਵਜੇ ਜਦੋਂ ਚਾਹ ਪੀਣ ਦੀ ਤਲਬ ਮਹਿਸੂਸ ਹੋਈ ਤਾਂ ਭੇਤੀ ਡਰਾਈਵਰ ਨੇ ‘ਰੰਗਾਰੰਗ ਜ਼ੀਰੋ’ ਨਾਮਕ ਸਥਾਨ ’ਤੇ ਬ੍ਰੇਕ ਮਾਰ ਲਈ। ਇਹ ਸਥਾਨ ਸਿੱਕਮ ਦੇ ਮੰਗਨ ਜ਼ਿਲ੍ਹੇ ਵਿਚ ਪੈਂਦਾ ਹੈ। ਇੱਥੇ ਸੈਲਾਨੀਆਂ ਦੀ ਭੀੜ ਸੀ। ਰੰਗਾਰੰਗ ਜ਼ੀਰੋ ਸਥਾਨ ਨੇੜੇ ਗੱਡੀ ਫਿਰ ਨੈਸ਼ਨਲ ਹਾਈਵੇ ’ਤੇ ਚੜ੍ਹ ਗਈ ਸੀ। ਸ਼ਾਮ ਚਾਰ ਕੁ ਵਜੇ ਧੁੰਦ ਨੇ ਸਮੁੱਚੀ ਵਾਦੀ ਨੂੰ ਆਪਣੀ ਬੁੱਕਲ ਵਿਚ ਲੈਣਾ ਸ਼ੁਰੂ ਕਰ ਦਿੱਤਾ ਸੀ। ਸਿਆਲ ਵਰਗਾ ਮੌਸਮ ਬਣ ਗਿਆ ਸੀ। ਹੁਣ ਸਲਾਈਡਿੰਗ ਖੇਤਰ ਵੀ ਸ਼ੁਰੂ ਹੋ ਗਿਆ ਸੀ। ਪਹਾੜ ਦੀ ਟੀਸੀ ਨੇੜੇ ਰੂੰ ਦੇ ਫੰਬਿਆਂ ਵਰਗੇ ਬੱਦਲ ਵਰ੍ਹਨ ਲਈ ਤਿਆਰ ਲੱਗਦੇ ਸਨ। ਹੜ੍ਹਾਂ ਨਾਲ ਰੁੜ੍ਹ ਚੁੱਕੇ ਪੁਲ਼ਾਂ ਦੀਆਂ ਨਿਸ਼ਾਨੀਆਂ ਮੌਜੂਦ ਸਨ। ਸੜਕ ਵਿਚ ਆ ਰਹੀਆਂ ਰੁਕਾਵਟਾਂ ਨੂੰ ਨਾਲ਼ੋ-ਨਾਲ਼ ਠੀਕ ਕੀਤਾ ਜਾ ਰਿਹਾ ਸੀ। ਰਸਤੇ ਵਿੱਚ ਅਣਗਿਣਤ ਝਰਨੇ ਹਨ। ਜੇ ਇਸ ਖੇਤਰ ਨੂੰ ਝਰਨਿਆਂ ਦੀ ਧਰਤੀ ਕਹਿ ਲਈਏ ਤਾਂ ਅਤਿਕਥਨੀ ਨਹੀਂ ਹੋਵੇਗੀ। ਨਜ਼ਾਰਿਆਂ ਨੂੰ ਮਾਣਦੇ ਸ਼ਾਮ ਵੇਲੇ ਚੁੰਗਥਾਂਗ ਪਹੁੰਚੇ। ਇੱਥੇ ਅਸੀਂ ਪੰਜ ਦਿਨ ਰਹਿਣਾ ਸੀ।
ਖ਼ੂਬਸੂਰਤ ਕਸਬਾ ਚੁੰਗਥਾਂਗ
ਚੁੰਗਥਾਂਗ ਉੱਤਰੀ ਸਿੱਕਮ ਦਾ ਬਹੁਤ ਖ਼ੂਬਸੂਰਤ ਕਸਬਾ ਹੈ। ਇਹ ਮੰਗਨ ਜ਼ਿਲ੍ਹੇ ਅਧੀਨ ਪੈਂਦਾ ਹੈ। ਇਹ ਸਿੱਕਮ ਦੀ ਰਾਜਧਾਨੀ ਗੰਗਟੋਕ ਤੋਂ ਕਰੀਬ 96 ਕਿਲੋਮੀਟਰ ਦੂਰ ਹੈ ਤੇ ਸਮੁੰਦਰ ਤਲ ਤੋਂ ਉਚਾਈ 5780 ਫੁੱਟ ਹੈ। ਇਹ ਕਸਬਾ ਲਾਚੇਨ ਤੇ ਲਾਚੁੰਗ ਨਦੀਆਂ ਦੇ ਸੰਗਮ ’ਤੇ ਵਸਿਆ ਹੋਇਆ ਹੈ। ਇਸ ਸਥਾਨ ਤੋਂ ਤੀਸਤਾ ਨਦੀ ਸ਼ੁਰੂ ਹੁੰਦੀ ਹੈ, ਜਿੱਥੇ ਡੈਮ ਉਸਾਰੀ ਅਧੀਨ ਸੀ। ਇੱਥੇ ਇਤਿਹਾਸਕ ਗੁਰਦੁਆਰਾ ਨਾਨਕ ਲਾਮਾ ਸਾਹਿਬ ਸੁਸ਼ੋਭਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਵੇਲੇ ਆਪਣੇ ਮੁਬਾਰਕ ਚਰਨ ਇਸ ਧਰਤੀ ’ਤੇ ਪਾਏ ਸਨ। ਗੁਰੂ ਜੀ ਦੀ ਚਰਨ ਛੋਹ ਵੱਡ ਅਕਾਰੀ ਪਵਿੱਤਰ ਪੱਥਰ ਇੱਥੇ ਮੌਜੂਦ ਹੈ। ਉਨ੍ਹਾਂ ਦੁਆਰਾ ਗੱਡੀ ਸੋਟੀ ਹੁਣ ਵੱਡੇ ਦਰੱਖ਼ਤ ਦੇ ਰੂਪ ਵਿਚ ਮੌਜੂਦ ਹੈ। ਗੁਰੂ ਜੀ ਨੇ ਇਸ ਸਥਾਨ ਨੂੰ ‘ਚੰਗੀ ਥਾਂ’ ਕਿਹਾ ਸੀ, ਜੋ ਹੁਣ ਚੁੰਗਥਾਂਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੋਂ ਦਾ ਰਮਣੀਕ ਵਾਤਾਵਰਨ ਤੇ ਸੁਹਾਵਣਾ ਮੌਸਮ ਮਨ ਨੂੰ ਸਕੂਨ ਪ੍ਰਦਾਨ ਕਰਦਾ ਹੈ। ਯਾਤਰੀਆਂ ਨੂੰ ਇੱਥੇ ਆਉਣ ਲਈ ਸਬੂਤਾਂ ਦੇ ਅਧਾਰ ’ਤੇ ਅਗਾਊਂ ਪਰਮਿਟ ਲੈਣਾ ਪੈਂਦਾ ਹੈ।
ਜ਼ੀਰੋ ਪੁਆਇੰਟ
5 ਜੂਨ ਨੂੰ ਸਵੇਰੇ ਚੁੰਗਥਾਂਗ ਤੋਂ ਦੋ ਟੈਕਸੀਆਂ ਰਾਹੀਂ ਪ੍ਰਸਿੱਧ ਸੈਲਾਨੀ ਸਥਾਨ ਜ਼ੀਰੋ ਪੁਆਇੰਟ ਲਈ ਚੱਲ ਪਏ। ਚੁੰਗਥਾਂਗ ਤੋਂ ਇਹ ਸਥਾਨ ਕਰੀਬ 72 ਕਿਲੋਮੀਟਰ ਹੈ। ਚੀਨ ਦੀ ਸਰਹੱਦ ਨੇੜੇ ਹੈ। ਚੁੰਗਥਾਂਗ ਤੋਂ ਤਿੱਖੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ। ਇਸ ਰਮਣੀਕ ਇਲਾਕੇ ਵਿਚ ਪਲਾਸਟਿਕ ਦੀ ਵਰਤੋਂ ਵਰਜਿਤ ਹੈ ਤੇ ਉਲੰਘਣਾ ਕਰਨ ਵਾਲੇ ਲਈ ਪੰਜ ਹਜ਼ਾਰ ਰੁਪਏ ਜੁਰਮਾਨਾ ਰੱਖਿਆ ਹੋਇਆ ਹੈ। ਵਿਰਲੀ ਵਸੋਂ ਵਾਲੇ ਛੋਟੇ ਪਿੰਡ ਆ ਰਹੇ ਸਨ। ਉਚਾਈ ਵਧਣ ਕਾਰਨ ਰੁੰਡ-ਮੁੰਡ ਪਹਾੜ ਸ਼ੁਰੂ ਹੋ ਗਏ ਸਨ ਪਰ ਫੁੱਲਾਂ ਨਾਲ ਲੱਦੀਆਂ ਮਧਰੇ ਕੱਦ ਦੀਆਂ ਝਾੜੀਆਂ ਯਾਤਰੀਆਂ ਦਾ ਸਵਾਗਤ ਕਰ ਰਹੀਆਂ ਸਨ। ਡਰਾਈਵਰ ਨੇ ਦੱਸਿਆ ਕਿ ਅਕਤੂਬਰ-ਨਵੰਬਰ ਵਿਚ ਇਹ ਘਾਟੀ ਰੰਗ-ਬਿਰੰਗੇ ਫੁੱਲਾਂ ਨਾਲ ਭਰ ਜਾਂਦੀ ਹੈ। ਉਸ ਨੇ ਖ਼ਾਸੀਅਤ ਦੱਸਦਿਆਂ ਕਿਹਾ ਇੱਕੋ ਝਾੜੀ ਨੂੰ ਅਲੱਗ-ਅਲੱਗ ਰੰਗ ਦੇ ਫੁੱਲ ਲਗਦੇ ਹਨ। ਜ਼ੀਰੋ ਪੁਆਇੰਟ ਵਿਖੇ ਵੱਡੀ ਗਿਣਤੀ ਸੈਲਾਨੀ ਪਹੁੰਚੇ ਹੋਏ ਸਨ। ਇਸ ਦੀ ਉਚਾਈ 15300 ਫੁੱਟ ਹੈ। ਇੱਥੇ ਸੜਕ ਖ਼ਤਮ ਹੋ ਜਾਂਦੀ ਹੈ। ਇੱਥੇ ਸਾਰਾ ਸਾਲ ਬਰਫ਼ ਰਹਿੰਦੀ ਹੈ ਤੇ ਆਕਸੀਜਨ ਦੀ ਘਾਟ ਹੈ। ਸੈਲਾਨੀ ਆਕਸੀਜਨ ਦੇ ਸਿਲੰਡਰ ਕੋਲ ਰੱਖਦੇ ਹਨ। ਸਾਹਮਣੇ ਪਹਾੜੀ ਦੀ ਢਲ਼ਾਣ ’ਤੇ ਬਰਫ਼ ਜੰਮੀ ਹੋਈ ਸੀ, ਜਿਸ ਉੱਤੇ ਚੜ੍ਹ ਕੇ ਸੈਲਾਨੀ ਅਠਖੇਲ਼ੀਆਂ ਕਰਦੇ ਦਿਖਾਈ ਦੇ ਰਹੇ ਸਨ। ਲੋੜੀਂਦਾ ਸਾਮਾਨ, ਜਿਵੇਂ ਬੂਟ, ਜਾਕਟ, ਆਕਸੀਜਨ ਸਿਲੰਡਰ, ਗਰਮ ਪਾਣੀ ਦੀ ਬੋਤਲ ਆਦਿ ਇੱਥੇ ਸਥਿਤ ਦੁਕਾਨਾਂ ਤੋਂ ਮਿਲ਼ ਜਾਂਦਾ ਹੈ। ਵਾਪਸੀ ਵੇਲੇ ਪਾਲਤੂ ਜਾਕਾਂ ਦੇ ਝੁੰਡ ਵੀ ਦੇਖੇ। ਸ਼ਾਮ ਵੇਲੇ ਗੁਰਦੁਆਰਾ ਸਾਹਿਬ ਚੁੰਗਥਾਂਗ ਪਹੁੰਚੇ।
ਸਾਫ਼-ਸਫ਼ਾਈ ਤੇ ਕੁਦਰਤ ਪ੍ਰੇਮ
ਸਾਫ਼-ਸਫ਼ਾਈ ਪੱਖੋਂ ਇਸ ਖੇਤਰ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਇਹ ਲੋਕ ਕੁਦਰਤ ਨੂੰ ਬਹੁਤ ਪਿਆਰ ਕਰਦੇ ਹਨ। ਧਰਤੀ, ਆਸ-ਪਾਸ ਦੇ ਪਹਾੜਾਂ, ਗਲੀ-ਮੁਹੱਲੇ ਵਿਚ ਕਿਤੇ ਵੀ ਕੂੜਾ-ਕਰਕਟ ਖਿੱਲਰਿਆ ਨਹੀਂ ਦੇਖਿਆ। ਭਾਵੇਂ ਆਲੇ-ਦੁਆਲੇ ਦਰੱਖ਼ਤਾਂ ਦੀ ਭਰਮਾਰ ਹੈ ਪਰ ਪੌਦਿਆਂ ਵਾਲੇ ਗਮਲੇ ਹਰ ਘਰ ਦਾ ਸ਼ਿੰਗਾਰ ਹਨ। ਟ੍ਰੈਫਿਕ ਦੀ ਸੂਝ-ਬੂਝ ਤਾਂ ਕੋਈ ਇਨ੍ਹਾਂ ਕੋਲੋਂ ਸਿੱਖੇ। ਤਿੱਖੀ ਉਤਰਾਈ-ਚੜ੍ਹਾਈ, ਗੱਡੀਆਂ ਦੀ ਭਰਮਾਰ, ਸਲਾਈਡਿੰਗ ਖੇਤਰ ਹੋਣ ਦੇ ਬਾਵਜੂਦ ਵੀ ਕੋਈ ਜਾਮ, ਗ਼ਲਤ ਓਵਰਟੇਕਿੰਗ ਤੇ ਡਰਾਈਵਰਾਂ ਦੇ ਮੂੰਹੋਂ ਤਲਖ਼-ਕਲਾਮੀ ਦਾ ਦੂਰ ਦੀ ਗੱਲ ਓਏ ਤੱਕ ਵੀ ਨਹੀਂ ਸੁਣਿਆ। ਟ੍ਰੈਫਿਕ ਨਿਯਮਾਂ ਦੀ ਸਵੈ-ਪਾਲਣਾ ਲਈ ਵਚਨਬੱਧ ਹਨ।
ਗੁਰੂ ਡਾਂਗਮਾਰ ਸਾਹਿਬ ਝੀਲ
ਇਹ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਹ ਸਥਾਨ ਸਮੁੰਦਰ ਤਲ ਤੋਂ 17800 ਫੁੱਟ ਉੱਚਾ ਹੈ। ਸਾਡੀ ਇਸ ਅਸਥਾਨ ਦੇ ਦਰਸ਼ਨ ਕਰਨ ਦੀ ਤੀਬਰ ਇੱਛਾ ਸੀ ਪਰ ਰਸਤਾ ਬੰਦ ਹੋਣ ਕਾਰਨ ਉੱਥੇ ਨਹੀਂ ਜਾ ਸਕੇ।
ਭਾਰਤੀ ਫ਼ੌਜ ਨੂੰ ਸਲਾਮ
ਭਾਰਤੀ ਫੌਜ ਦੇ ਜਵਾਨਾਂ ਨੂੰ ਸਲਾਮ ਕਰਨਾ ਬਣਦਾ ਹੈ, ਜੋ ਸਰਹੱਦ ’ਤੇ ਹਰ ਤਰ੍ਹਾਂ ਦੇ ਮੌਸਮ ਅਤੇ ਕਠਿਨ ਪ੍ਰਸਤਿਥੀਆਂ ਵਿਚ ਦੇਸ਼ ਦੀ ਸੇਵਾ ਰਹੇ ਹਨ।
ਗੰਗਟੋਕ ਦੇਖਣ ਦਾ ਮੌਕਾ ਨਹੀਂ ਸੀ ਗੁਆਉਣਾ ਚਾਹੁੰਦੇ
8 ਜੂਨ ਨੂੰ ਸਵੇਰੇ ਨਿੱਘੀਆਂ ਯਾਦਾਂ ਲੈ ਕੇ ਚੁੰਗਥਾਂਗ ਤੋਂ ਵਾਪਸ ਚੱਲ ਪਏ। ਵਾਪਸੀ ਮੌਕੇ ਅਸੀਂ ਸਿੱਕਮ ਦੀ ਰਾਜਧਾਨੀ ਗੰਗਟੋਕ ਦੇਖਣ ਦਾ ਮੌਕਾ ਨਹੀਂ ਸੀ ਗੁਆਉਣਾ ਚਾਹੁੰਦੇ। ਰਾਸਤੇ ਵਿਚਲੇ ਦ੍ਰਿਸ਼ ਮਨਮੋਹਕ ਸਨ।ਵਗਦੇ ਝਰਨੇ ਹੁਣ ਸਾਨੂੰ ਬਾਏ-ਬਾਏ ਕਰ ਰਹੇ ਪ੍ਰਤੀਤ ਹੋ ਰਹੇ ਸਨ। ਜਦੋਂ ਕਾਬੀ ਨਾਮਕ ਸਥਾਨ ਪਹੁੰਚੇ ਤਾਂ ਡਰਾਈਵਰ ਤਾਸ਼ੀ ਲੈਪਚਾ ਨੇ ਦੱਸਿਆ ਕਿ ਉੱਤਰੀ ਸਿੱਕਮ ਦਾ ਆਖ਼ਰੀ ਸਥਾਨ ਹੈ ਅਤੇ ਉੱਤਰ-ਪੂਰਬ ਦੀ ਹੱਦ ਹੈ। ਹੁਣ ਅਸੀਂ ਪੂਰਬੀ ਸਿੱਕਮ ਵਿੱਚ ਜਾ ਰਹੇ ਸੀ। ਦੁਪਹਿਰ 11 ਵਜੇ ਦੇ ਕਰੀਬ ਗੰਗਟੋਕ ਪਹੁੰਚੇ। ਖ਼ੂਬਸੂਰਤੀ ਤੇ ਸਫ਼ਾਈ ਦਾ ਸੁਮੇਲ ਇਹ ਸਥਾਨ ਸੱਚਮੁੱਚ ਬਹੁਤ ਸੁੰਦਰ ਹੈ।
ਵਾਪਸੀ
ਤਿੰਨ ਕੁ ਘੰਟੇ ਬਾਅਦ ਅਸੀਂ ਮੁੜ ਆਪਣੀਆਂ ਟੈਕਸੀਆਂ ਵਿਚ ਬੈਠ ਗਏ। ਘੰਟੇ ਕੁ ਬਾਅਦ ਰਾਨੀਪੂਲ ਪਹੁੰਚੇ ਤਾਂ ਹਲਕੀ ਗਰਮੀ ਮਹਿਸੂਸ ਹੋਈ। ਡਰਾਈਵਰ ਨੇ ਦੱਸਿਆ ਕਿ ਅਗਾਂਹ ਗਰਮੀ ਵਧਦੀ ਜਾਣੀ ਹੈ। ਸਿੰਗਤਮ ਪਹੁੰਚਦਿਆਂ ਗਰਮ ਹਵਾ ਅਤੇ ਧੂੜ ਮੈਦਾਨੀ ਇਲਾਕੇ ਵੱਲ ਵਧਣ ਦਾ ਸੰਕੇਤ ਦੇ ਰਹੀ ਸੀ। ਸਿੱਕਮ ਅਤੇ ਪੱਛਮੀ ਬੰਗਾਲ ਹੱਦ ’ਤੇ ਰੰਗਪੂ ਤੋਂ ਸਿਲੀਗੁੜੀ 76 ਕਿਲੋਮੀਟਰ ਦੂਰ ਸੀ ਤੇ ਰੰਬੀ 6 ਕਿਲੋਮੀਟਰ। ਰੰਬੀ ਵਿਖੇ ਪਹੁੰਚੇ ਤਾਂ ਹੁੰਮਸ ਤੋਂ ਬਾਅਦ ਸ਼ੁਰੂ ਹੋਈ ਵਰਖਾ ਨੇ ਰਾਹਤ ਪ੍ਰਦਾਨ ਕਰ ਦਿੱਤੀ ਸੀ। ਸਿਲੀਗੁੜੀ ਅਜੇ 27 ਕਿਲੋਮੀਟਰ ਦੂਰ ਸੀ ਪਰ ਵਰਖਾ ਲਗਾਤਾਰ ਹੋ ਰਹੀ ਸੀ ਅਤੇ ਇਹ ਸਿਵੋਕ ਤੱਕ ਜਾਰੀ ਰਹੀ। ਹੁਣ ਅਸੀਂ ਸਿਲੀਗੁੜੀ ਪਹੁੰਚ ਗਏ ਸੀ। ਆਟੋ ਲੈ ਕੇ ਨਿਊ ਜਲਪਾਈ ਗੁੜੀ ਜੰਕਸ਼ਨ ਪਹੁੰਚੇ। ਇੱਥੇ ਲੰਮੇ ਇੰਤਜ਼ਾਰ ਉਪਰੰਤ ਤੜਕੇ ਚਾਰ ਵਜੇ ਚੰਡੀਗੜ੍ਹ ਲਈ ਗੱਡੀ ਫੜਨੀ ਸੀ, ਜਿਸ ਨੇ ਸਾਨੂੰ 10 ਜੂਨ ਨੂੰ ਪਹੁੰਚਾਉਣਾ ਸੀ। ਮੋਬਾਈਲ ਦੀ ਫਰੋਲਾ-ਫਰਾਲੀ ਕਰਦਿਆ ਪਤਾ ਲੱਗਿਆ ਕਿ ਗੂਗਲ ਵੱਲੋਂ ਸਾਡੇ ਪੰਜਾਬ ਪਹੁੰਚਦਿਆਂ ਕਹਿਰ ਦੀ ਗਰਮੀ ਦਾ ਯੈਲੋ ਅਲਰਟ ਐਲਾਨ ਕੀਤਾ ਹੋਇਆ ਸੀ।
- ਅਮਰੀਕ ਸਿੰਘ ਦਿਆਲ