- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸਾਹਿਤਕ ਮਜਲਿਸਾਂ, ਸੱਭਿਆਚਾਰਕ ਸਮਾਗਮ ਤੇ ਸੁੰਦਰਤਾ ਮੁਕਾਬਲੇ ਵਿਉਂਤ ਕੇ ਪੰਜਾਬੀ ਸੱਭਿਆਚਾਰ ਦੀ ਸੰਭਾਲ ਲਈ ਨਵੀਂ ਪਿਰਤ ਤੋਰਨ ਵਾਲੇ ਅਣਥੱਕ ਕਾਮੇ ਜਸਮੇਰ ਸਿੰਘ ਢੱਟ ਨੇ ਆਪਣੇ ਅਨੁਭਵਾਂ ਤੇ ਯਾਦਾਂ ਨੂੰ ਸਮਰਪਿਤਪੁਸਤਕ ‘ਯਾਦਾਂ ਦਾ ਫੁੱਲਦਸਤਾ’ ਪ੍ਰਕਾਸ਼ਿਤ ਕਰਵਾਈ ਹੈ।

ਪੁਸਤਕ : ਯਾਦਾਂ ਦਾ ਫੁੱਲਦਸਤਾ
ਲੇਖਕ - ਜਸਮੇਰ ਸਿੰਘ ਢੱਟ
ਪੰਨੇ: 128+8 ਮੁੱਲ : 300/-
ਪ੍ਰਕਾਸ਼ਕ - ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਪੰਜਾਬੀ ਸਾਹਿਤਕ ਮਜਲਿਸਾਂ, ਸੱਭਿਆਚਾਰਕ ਸਮਾਗਮ ਤੇ ਸੁੰਦਰਤਾ ਮੁਕਾਬਲੇ ਵਿਉਂਤ ਕੇ ਪੰਜਾਬੀ ਸੱਭਿਆਚਾਰ ਦੀ ਸੰਭਾਲ ਲਈ ਨਵੀਂ ਪਿਰਤ ਤੋਰਨ ਵਾਲੇ ਅਣਥੱਕ ਕਾਮੇ ਜਸਮੇਰ ਸਿੰਘ ਢੱਟ ਨੇ ਆਪਣੇ ਅਨੁਭਵਾਂ ਤੇ ਯਾਦਾਂ ਨੂੰ ਸਮਰਪਿਤਪੁਸਤਕ ‘ਯਾਦਾਂ ਦਾ ਫੁੱਲਦਸਤਾ’ ਪ੍ਰਕਾਸ਼ਿਤ ਕਰਵਾਈ ਹੈ। ਪੰਜ ਸਾਹਿਤਿਕ ਵਿਧਾਵਾਂ ’ਤੇ ਆਧਾਰਿਤ ਪੰਜਾਂ ਭਾਗਾਂ ਤੋਂ ਪਹਿਲਾਂ ਲੇਖਕ ਜਸਮੇਰ ਸਿੰਘ ਢੱਟ ਬਾਰੇ ਤੇ ਉਸ ਦੁਆਰਾ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਸੇਵਾ ਲਈ ਕੀਤੇ ਕੰਮਾਂ ਬਾਰੇ ਲੇਖ ਸ਼ਾਮਿਲ ਹਨ। ਪਹਿਲਾ ਲੇਖ ਮਸ਼ਹੂਰ ਪੱਤਰਕਾਰ ਤੇ ਗੀਤਕਾਰ ਸ਼ਮਸ਼ੇਰ ਸੰਧੂ ਦਾ ਹੈ। ਡਾ. ਨਿਰਮਲ ਜੌੜਾ ਨੇ ਇਸ ਪੁਸਤਕ ਦੀ ਮੁੱਖ ਭੂਮਿਕਾ ਲਿਖੀ ਹੈ ਤੇ ਕੁਮਾਰ ਜਗਦੇਵ ਸਿੰਘ ਬਰਾੜ ਨੇ ਜਸਮੇਰ ਸਿੰਘ ਢੱਟ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ। ਮਨਪ੍ਰੀਤ ਕੌਰ ਵਿਰਕ ਤੇ ਸਹਿਜਪ੍ਰੀਤ ਸਿੰਘ ਮਾਂਗਟ ਦੁਆਰਾ ਲਿਖੇ ਲੇਖ ਵੀ ਸ਼ੁਰੂਆਤੀ ਲੇਖਾਂ ਵਿਚ ਸ਼ਾਮਲ ਕੀਤੇ ਗਏ ਹਨ ਤੇ ਦੋ ਲੇਖ ‘ਸ਼ਬਦ ਸਾਂਝ’ ਤੇ ‘ਸੱਭਿਆਚਾਰਕ ਸੱਥ ਪੰਜਾਬ ਦੇ ਜਨਮ ਦੀ ਦਾਸਤਾਂ’ ਜਸਮੇਰ ਸਿੰਘ ਢੱਟ ਦੁਆਰਾ ਲਿਖੇ ਗਏ ਹਨ। ਇਨ੍ਹਾਂ ਲੇਖਾਂ ’ਚ ਲੇਖਕ ਆਪ ਆਪਣੇ ਬਚਪਨ ਤੇ ਸਿੱਖਿਆ ਆਦਿ ਬਾਰੇ ਜਾਣਕਾਰੀ ਦਿੰਦਾ ਹੈ ਤੇ ਨਾਲ ਹੀ ਮਿਸ ਵਰਡ ਪੰਜਾਬਣ ਮੁਕਾਬਲਾ ਕਰਵਾਉਣ ਬਾਰੇ ਦੱਸਦਾ ਹੈ।
ਇਨ੍ਹਾਂ ਲੇਖਾਂ ਤੋਂ ਬਾਅਦ ਪੁਸਤਕ ਦਾ ਪਹਿਲਾ ਭਾਗ ‘ਸੱਥ ਦੇ ਪ੍ਰੋਗਰਾਮਾਂ ਦੀਆਂ ਯਾਦਾਂ’ ਸ਼ੁਰੂ ਹੁੰਦਾ ਹੈ, ਜਿਸ ਵਿਚ ਛੇ ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਲੇਖਕ ਦੁਆਰਾ ਬਣਾਈ ਗਈ ਸੱਥ ਦੁਆਰਾ ਸੱਭਿਆਚਾਰਕ ਸਮਾਗਮਾਂ ਸਮੇਂ ਹੋਣ ਵਾਲੀਆਂ ਕੁਝ ਘਟਨਾਵਾਂ ਨੂੰ ਸੰਸਮਰਣ ਰੂਪ ਵਿਚ ਪੇਸ਼ ਕੀਤਾ ਹੈ। ਉਸ ਨੇ ਬੜੇ ਸਰਲ ਤੇ ਮਜ਼ਾਹੀਆ ਅੰਦਾਜ਼ ’ਚ ਇਨ੍ਹਾਂ ਯਾਦਾਂ ਨੂੰ ਕਲਮਬੱਧ ਕੀਤਾ ਹੈ। ‘ਘੋੜੀ’ ਤੇ ‘ਹਰਿਦੁਆਰ ਦੇ ਪਾਂਡੇ’ ਖ਼ਾਸ ਜ਼ਿਕਰਯੋਗ ਹਨ। ਅਗਲੇ ਭਾਗ ‘ਆਪ ਬੀਤੀਆਂ’ ਵਿਚ ਲੇਖਕ ਨੇ ਕੁਝ ਗੱਲਾਂ ਆਪਣੀਆਂ, ਆਪਣੇ ਪਰਿਵਾਰ ਅਤੇ ਆਪਣੇ ਭੈਣ-ਭਰਾਵਾਂ ਦੀਆਂ ਕੀਤੀਆਂ ਹਨ। ਅਗਲੇ ਭਾਗ ‘ਮਿੰਨੀ ਕਹਾਣੀਆਂ’ ਵਿਚ ਲੇਖਕ ਨੇ ਆਪਣੀਆਂ ਲਿਖੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਹੈ, ਜੋ ਉਸ ਦੇ ਨਿੱਜੀ ਅਨੁਭਵਾਂ ’ਤੇ ਆਧਾਰਿਤ ਹਨ। ‘ਕਵਿਤਾ/ਗੀਤ’ ਭਾਗ ਵਿੱਚ ਕੁੜੀਆਂ ਚਿੜੀਆਂ ਦੇ ਮਨਾਂ ਦੀ ਥਾਹ ਪਾਉਂਦੇ ਗੀਤ ਜਾਂ ਕਵਿਤਾਵਾਂ ਸ਼ਾਮਲ ਕੀਤੀਆਂ ਗਈਆ ਹਨ ਤੇ ਅੰਤਿਮ ਭਾਗ ‘ਮੁਲਾਕਾਤਾਂ/ਲੇਖ’ ਵਿਚ ਡਾ. ਸੁਰਜੀਤ ਪਾਤਰ, ਬੀਬਾ ਜਗਮੋਹਨ ਕੌਰ ਅਤੇ ਬੀਬਾ ਸੁਰਿੰਦਰ ਕੌਰ ਨਾਲ਼ ਕੀਤੀਆਂ ਮੁਲਾਕਾਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਇਕ ਪੁਸਤਕ ਵਿਚ ਕਈ ਰੰਗਾਂ ਹੋਣ ਕਾਰਨ ਪਾਠਕਾਂ ਦੁਆਰਾ ਸਵਾਗਤ ਦੀ ਆਸ ਹੋਰ ਪਕੇਰੀ ਹੋ ਜਾਂਦੀ ਹੈ।
- ਡਾ. ਸੰਦੀਪ ਰਾਣਾ