- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਪੂ ਇਹ ਪੱਟ ’ਤੇ ਮੋਰਨੀਆਂ ਵੀ ਵਿਚਾਰੀਆਂ ਭੁੱਖੀਆਂ ਮਰਦੀਆਂ ਸੋਚਦੀਆਂ ਹੋਣੀਆਂ ਕਿ ਕਿਤੇ ਕਿਸੇ ਬਾਗ਼ ’ਚ ਜਗ੍ਹਾ ਨਹੀਂ ਮਿਲੀ, ਜੇ ਕਿਤੇ ਭੋਰਾ ਟਿਕਣ ਦੀ ਜਗ੍ਹਾ ਮਿਲੀ ਤੇ ਉਹ ਵੀ ਢੀਂਗਰ ਵਰਗੀਆਂ ਲੱਤਾਂ 'ਤੇ। ਨਹੀਂ ਵੈਸੇ ਬਾਪੂ ਇਹ ਮੋਰਨੀਆਂ ਪੁਵਾਉਣ ਦੀ ਕੀ ਲੋੜ ਪੈ ਗਈ ਸੀ ਤੈਨੂੰ? ਤੂੰ ਕਿਹੜਾ ਗਾਮੇ ਪਹਿਲਵਾਨ ਦਾ ਜ਼ੋਰ ਕਰਵਾਉਂਦਾ ਰਿਹਾ ਏਂ ਭਲਾ?

ਬਾਪੂ ਇਹ ਪੱਟ ’ਤੇ ਮੋਰਨੀਆਂ ਵੀ ਵਿਚਾਰੀਆਂ ਭੁੱਖੀਆਂ ਮਰਦੀਆਂ ਸੋਚਦੀਆਂ ਹੋਣੀਆਂ ਕਿ ਕਿਤੇ ਕਿਸੇ ਬਾਗ਼ ’ਚ ਜਗ੍ਹਾ ਨਹੀਂ ਮਿਲੀ, ਜੇ ਕਿਤੇ ਭੋਰਾ ਟਿਕਣ ਦੀ ਜਗ੍ਹਾ ਮਿਲੀ ਤੇ ਉਹ ਵੀ ਢੀਂਗਰ ਵਰਗੀਆਂ ਲੱਤਾਂ 'ਤੇ। ਨਹੀਂ ਵੈਸੇ ਬਾਪੂ ਇਹ ਮੋਰਨੀਆਂ ਪੁਵਾਉਣ ਦੀ ਕੀ ਲੋੜ ਪੈ ਗਈ ਸੀ ਤੈਨੂੰ? ਤੂੰ ਕਿਹੜਾ ਗਾਮੇ ਪਹਿਲਵਾਨ ਦਾ ਜ਼ੋਰ ਕਰਵਾਉਂਦਾ ਰਿਹਾ ਏਂ ਭਲਾ? ਬੋਹੜ ਦੀ ਛਾਵੇਂ ਬੈਠੇ ਅੱਸੀਆਂ ਨੂੰ ਢੁਕੇ ਸੁਰਜਨ ਸਿਓਂ ਨੂੰ ਲਾਗਲੇ ਪਿੰਡ ਦੇ ਕੱਬਡੀ ਖੇਡ ’ਚ ਪੈਰ ਧਰ ਰਹੇ ਜਵਾਨ ਗੱਭਰੂ ਦਲੇਰ ਸਿੰਘ ਨੇ ਹੁੱਜਤ ਜਿਹੀ ਕਰਦਿਆਂ ਕਿਹਾ। ‘ਜਦੋਂ ਮੋਰ ਹੀ ਨਹੀਂ ਰਿਹਾ ਤਾਂ ਪੁੱਤਰਾ ਮੋਰਨੀਆਂ ਕਿੱਥੋਂ ਰਹਿਣੀਆਂ ਸੀ’? ਕਦੇ ਪੱਟਾਂ ’ਤੇ ਪਾਈਆਂ ਏਹੀ ਮੋਰਨੀਆਂ ਤੇਰੇ ਸੁਰਜਨ ਸਿਓਂ ਦੇ ਪੱਟ ’ਤੇ ਥਾਪੀ ਮਾਰਨ ਦੀ ਥਾਪ ’ਤੇ ਨੱਚਦੀਆਂ ਹੁੰਦੀਆਂ ਸੀ। ਚਲੋ ਅੱਜ ਨਹੀਂ ਤੇ ਕਦੇ ਵੀ ਨਹੀਂ। ਵਕਤ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਪੁੱਤਰਾ। ਉਹ ਕਹਿੰਦੇ ਨੇ ਨਾ ਕਿ ‘ਢਾਈ ਦਿਨ ਤਾਂ ਜਵਾਨੀ ਭੇਡ ’ਤੇ ਵੀ ਆਉਂਦੀ ਆ’, ਸੁਰਜਨ ਸਿਓਂ ਤਾਂ ਫਿਰ ਵੀ ਕਹਿੰਦੇ ਕਹਾਉਂਦੇ ਜੱਟ ਦਾ ਪੁੱਤ ਸੀ।
ਸੁਰਜਨ ਸਿਓਂ ਨੇ ਭੁਰ ਚੁੱਕੀਆਂ ਮੁੱਛਾਂ ’ਤੇ ਹੱਥ ਮਾਰਦਿਆਂ ਥੋੜ੍ਹਾ ਉੱਚੀ ਆਵਾਜ਼ ’ਚ ਕਿਹਾ। ‘ਨਹੀਂ ਬਾਪੂ ਤੂੰ ਕਿਹੜਾ ਖਿਡਾਰੀ ਰਿਹਾ ਏਂ ਭਲਾ, ਵੱਧ ਤੋਂ ਵੱਧ ਸ਼ਰਤ ਲਾ ਕੇ ਰੋਟੀਆਂ ਹੀ ਖਾਧੀਆਂ ਹੋਣੀਆਂ ਨੇ ਕਿਤੇ ਜਾਂ ਕਿਤੇ ਸ਼ਰਤ ਲਗਾ ਕੇ ਰੌਹ ਪੀ ਲਈ ਹੋਵੇਗੀ ਵੇਲ੍ਹਣੇ ’ਤੇ, ਹੋਰ ਕਿਹੜਾ ਤੂੰ ਮੁਗਦਰ ਫੇਰਦਾ ਰਿਹਾ ਏਂ।’ ਦਲੇਰ ਸਿੰਘ ਨੇ ਦੂਜੀ ਵਾਰ ਫਿਰ ਬਾਪੂ ਨੂੰ ਛੇੜ ਦਿੱਤਾ। ਬਾਪੂ ਸੁਰਜਨ ਸਿਓਂ ਨੇ ਬਾਂਹ ਫੜ ਕੇ ਦਲੇਰ ਸਿੰਘ ਨੂੰ ਆਪਣੇ ਖੱਬੇ ਪਾਸੇ ਬਿਠਾ ਲਿਆ। ‘ਪੁੱਤ ਤੂੰ ਬਖਤੌਰ ਸਿਓਂ ਦਾ ਹੀ ਪੋਤਾ ਏ ਨਾ, ਆਪਣੇ ਬਾਬੇ ਨੂੰ ਪੁੱਛੀਂ ਕਿ ਬਾਬਾ ਤੂੰ ਭਿੱਟੇਵੱਡ ਵਾਲੇ ਸੁਰਜਨ ਸਿਓਂ ਨੂੰ ਜਾਣਦਾ ਏਂ’? ਸੁਰਜਨ ਸਿਓਂ ਨੇ ਆਪਣੇ ਪਿਛਲੇ ਜੀਵਨ ਦੀ ਬਾਤ ਪਾਉਂਦਿਆਂ ਥੋੜ੍ਹਾ ਜੋਸ਼ ਜਿਹੇ ਨਾਲ ਕਿਹਾ। ‘ਨਹੀਂ, ਤੇ ਮੈਂ ਬਾਪੂ ਨੂੰ ਜਾ ਕੇ ਕੀ ਪੁੱਛਣਾ ਏ? ਬਾਪੂ ਤੂੰ ਹੀ ਦੱਸ ਦੇ, ਜਿਹੜੇ ਮੱਗ ਮਾਰੇ ਆ ਜਵਾਨੀ ਵਿਚ’? ਦਲੇਰ ਸਿੰਘ ਨੇ ਬਾਪੂ ਨੂੰ ਬਹੁਤਾ ਹੀ ਹਲਕੇ ’ਚ ਲੈਂਦਿਆਂ ਵਿਅੰਗ ਜਿਹੇ ਨਾਲ ਕਿਹਾ। ‘ਅੱਛਾ ਲੈ ਸੁਣ ਫਿਰ, ਮੈਂ ਕਿਹੜੇ-ਕਿਹੜੇ ਮੱਗ ਮਾਰੇ ਹੋਏ ਨੇ।’ ਸੁਰਜਨ ਸਿਓਂ ਨੇ ਥੜ੍ਹੇ ਉੱਤੇ ਸਵਾਹਰਾ ਹੋ ਕੇ ਬਹਿੰਦਿਆਂ ਆਪਣੀ ਹੋਸ਼ ਸੰਭਾਲਣ ਵੇਲੇ ਤੋਂ ਸ਼ੁਰੂ ਕਰ ਦਿੱਤੀ ਆਪਣੀ ਜੀਵਨੀ।
‘ਕਾਕਾ ਮੈਂ ਤੀਜੀ-ਚੌਥੀ 'ਚ ਪੜ੍ਹਦਾ ਸੀ, ਬਾਪੂ ਦੀ ਜ਼ਮੀਨ ਕੋਈ ਚੌਦਾਂ-ਪੰਦਰਾਂ ਖੱਤੇ ਸੀ। ਖਾਣ ਪੀਣ ਲਈ ਘਰ ਲਵੇਰਾ ਵਾਧੂ ਸੀ। ਹਾਣੀਆਂ ਨਾਲ ਲੁਕਣਮੀਚੀ, ਛੂਹਣ-ਛੁਪਾਈ ਖੇਡਦਿਆਂ-ਖੇਡਦਿਆਂ ਪਤਾ ਹੀ ਨਾ ਲੱਗਾ ਕਿ ਕਦੋਂ ਹੱਡ-ਪੈਰ ਮੋਕਲੇ ਹੋ ਗਏ। ਵਿਹਲੇ ਘੁੰਮਦੇ-ਘੁਮਾਉਂਦਿਆਂ ਬਾਪੂ ਨੂੰ ਸਕੂਲ ਜਾਣ ਤੋਂ ਕੋਰੀ ਨਾ ਕਰ ਦਿੱਤੀ। ਬਾਪੂ ਨੇ ਵੀ ਸੋਚਿਆ ਕਿ ਜਿਹੜਾ ਹੁਣ ਹੀ ਅੜ-ਅੜ ਕੇ ਸਕੂਲੇ ਜਾਂਦਾ ਏ, ਬਾਅਦ ਵਿਚ ਕਿਹੜਾ ਇਹਨੇ ਡੀਸੀ ਲੱਗ ਜਾਣਾ ਏ ਪੜ੍ਹ ਕੇ। ਬਾਪੂ ਨੇ ਵੀ ਮੈਨੂੰ ਬਿਨਾਂ ਵਿਰੋਧ ਕੀਤਿਆਂ ਖੇਤਾਂ ਵੱਲ ਨੂੰ ਜਾਂਦੇ ਗੱਡੇ ’ਤੇ ਚੜ੍ਹਾ ਲਿਆ। ਬਸ ਫੇਰ ਕੀ ਸੀ ਖੁੱਲ੍ਹਾ ਖਾਣਾ-ਪੀਣਾ, ਖੁੱਲ੍ਹਾ ਘੁੰਮਣਾ-ਫਿਰਨਾ ਤੇ ਖੇਡਣਾ-ਮੱਲਣਾ। ਮੈਂ ’ਠਾਰਾਂ-ਉੱਨੀ ਸਾਲਾਂ ਦਾ ਹੋਣਾ ਉਦੋਂ, ਜਦੋਂ ਮੇਰੇ ਪਿੰਡ ਦੇ ਮੁੰਡਿਆਂ ਨੇ ਤੁਹਾਡੇ ਪਿੰਡ ਠੱਕਰਵਾਲ ਨਾਲ ਕੱਬਡੀ ਦਾ ਮੈਚ ਪਾ ਲਿਆ ਸੀ। ਤੇਰਾ ਦਾਦਾ ਆਪਣੇ ਪਿੰਡ ਵੱਲੋਂ ਟੀਮ ਦਾ ਕਪਤਾਨ ਤੇ ਮੈਂ ਆਪਣੇ ਪਿੰਡ ਵੱਲੋਂ ਟੀਮ ਦਾ ਮੋਹਰੀ। ਹੁਣ ਇਹ ਨਾ ਸੋਚੀਂ ਕਿ ਬਾਬਾ ਫੈਂਟਰ ਮਾਰਦੈ, ਆਪਣੇ ਬਾਬੇ ਨੂੰ ਇਹ ਜ਼ਰੂਰ ਪੁੱਛੀਂ ਕਿ ਬਾਬਾ ਤੈਨੂੰ ਇਕ ਕੰਨੋਂ ਥੋੜ੍ਹਾ ਉੱਚਾ ਕਿਉਂ ਸੁਣਦੈ? ਮੈਨੂੰ ਲੱਗਦੈ ਸੁਰਜਨ ਸਿਓਂ ਦਾ ਨਾਂ ਜ਼ਰੂਰ ਚੇਤੇ ਕਰੇਗਾ। ਨਾਲੇ ਤੈਨੂੰ ਮੇਰੇ ਬਾਰੇ ਹੋਰ ਵੀ ਦੱਸੇਗਾ ਬੜਾ ਕੁਝ। ਮੁੱਕਦੀ ਗੱਲ ਕਿ ਕਬੱਡੀ ਅਸੀਂ ਜਿੱਤੀ। ਤੁਹਾਡੇ ਪਿੰਡ ਦੇ ਓਸ ਵੇਲੇ ਦੇ ਲੰਬੜਦਾਰ ਨੇ ਮੈਨੂੰ ਓਸੇ ਵੇਲੇ ਦੇਸੀ ਘਿਓ ਦਾ ਪੀਪਾ ਇਨਾਮ ਦਿੱਤਾ ਸੀ, ਜੀਹਦੀ ਸਾਰੇ ਪਾਸੇ ਖ਼ੂਬ ਚਰਚਾ ਹੋਈ ਸੀ। ਫਿਰ ਸੁਰਜਨ ਸਿਓਂ ਦੀਆਂ ਧੁੰਮਾਂ ਪੂਰੇ ਇਲਾਕੇ ’ਚ ਪੈਣੀਆਂ ਸ਼ੁਰੂ ਹੋ ਗਈਆਂ। ਪੂਰੇ ਇਲਾਕੇ ’ਚ ਜਿੱਥੇ ਵੀ ਕੱਬਡੀ ਦੇ ਮੈਚ ਹੁੰਦੇ, ਲੋਕ ਦੂਰੋਂ-ਦੂਰੋਂ ਸੁਰਜਨ ਸਿਓਂ ਦੀ ਕਬੱਡੀ ਵੇਖਣ ਆਉਂਦੇ ਤੇ ਲੋਕ ਮੇਰੀ ਕੱਬਡੀ ’ਤੇ ਕਦੇ ਇਕ ਰੁਪਈਆ, ਦੋ ਰੁਪਈਏ ਤੇ ਕਦੇ-ਕਦੇ ਲੋਕ ਪੰਜ ਰੁਪਏ ਵੀ ਲਾ ਦਿੰਦੇ। ਮੈਨੂੰ ਯਾਦ ਆ ਕਿ ਮੈਂ ਕਦੇ ਆਪਣੇ ਪਿੰਡੇ ਨੂੰ ਮਿੱਟੀ ਨਹੀਂ ਸੀ ਲੱਗਣ ਦਿੱਤੀ। ਲੋਕ ਕਹਿੰਦੇ ਸਨ ਕਿ ਬਿਜਲੀ ਆਈ ਤੇ ਬਿਜਲੀ ਗਈ। ਲੋਕ ਮੈਨੂੰ ਬਿਜਲੀ ਕਹਿੰਦੇ ਸਨ। ਚਲੋ ਮੈਂ ਜ਼ਿਲ੍ਹੇ ਤੱਕ ਚੰਗੀ ਧਾਂਕ ਜਮਾਈ। ਜਦੋਂ ਪੁੱਤਰਾ ਸ਼ੋਹਰਤ ਮਿਲਦੀ ਹੈ ਤੇ ਦਿਮਾਗ਼ ਵੀ ਨਾਲ ਹੀ ਖ਼ਰਾਬ ਹੋ ਜਾਂਦੇ ਨੇ। ਜਦੋਂ ਲੋਕ ਮੇਰੀ ਵਾਹ-ਵਾਹ ਕਰਨ ਲੱਗ ਪਏ ਤਾਂ ਮੈਂ ਵੀ ਅੱਡੀਆਂ ਚੁੱਕ-ਚੁੱਕ ਤੁਰਨ ਲੱਗ ਪਿਆ। ਕਦੇ ਕਿਸੇ ਨਾਲ ਪੰਗਾ, ਕਦੇ ਕਿਸੇ ਨਾਲ ਪੰਗਾ।
ਸਿਆਣੇ ਕਹਿੰਦੇ ਹਨ ਕਿ ਜਵਾਨੀ ਪੰਗਿਆਂ ਜੋਗੀ ਹੁੰਦੀ ਏ ਤੇ ਬੁਢਾਪਾ ਖੰਘਣ ਜੋਗਾ ਹੁੰਦਾ ਏ। ਗੱਲ ਵੱਧਦੀ-ਵੱਧਦੀ ਵੱਧਦੀ ਹੀ ਗਈ। ਕਬੱਡੀ ਖੇਡਦਿਆਂ ਇਕ ਵਾਰੀ ਆਹ ਨਾਲ’ਦੇ ਸੁਮੱਧਰ ਪਿੰਡ ਦੇ ਮੁੰਡਿਆਂ ਨਾਲ ਕੁਝ ਖਾਸਾ ਹੀ ਪੇਚਾ ਪੈ ਗਿਆ। ਗੱਲ ਇੱਥੋਂ ਤੱਕ ਵੱਧ ਗਈ ਕਿ ਉਹ ਮੇਰੀ ਜਾਨ ਦੇ ਵੈਰੀ ਹੀ ਬਣ ਗਏ। ਉਹ ਕਹਿਣ ਲੱਗੇ ਕਿ ਸੁਰਜਨ ਨੂੰ ਹੁਣ ਕਬੱਡੀ ਖੇਡਣ ਜੋਗਾ ਰਹਿਣ ਨਹੀਂ ਦੇਣਾ। ਮੇਰੇ ਕੰਨੀਂ ਵੀ ਇਹ ਗੱਲ ਆਣ ਪਈ ਕਿਸੇ ਜ਼ਰੀਏ। ਹੋਇਆ ਇਹ ਕਿ ਇਕ ਦਿਨ ਮੈਂ ਕਿਤੇ ਬਾਹਰੋਂ ਕਬੱਡੀ ਖੇਡ ਕੇ ਪਿੰਡ ਨੂੰ ਆ ਰਿਹਾ ਸੀ ਕਿ ਸੁਮੱਧਰ ਪਿੰਡ ਦੇ ਬਾਹਰੋਂ ਵਗਦੀ ਨਹਿਰ ਦੇ ਪੱਤਣ ’ਤੇ ਸਾਡੇ ਟਾਕਰੇ ਹੋ ਗਏ। ਉਹ ਤਿੰਨ ਗੱਭਰੂ ਤੇ ਮੈਂ ’ਕੱਲਾ ਹੀ ਸੀ ਪਰ ਮੈਂ ਉਸ ਵੇਲੇ ਆਪਣੇ ਨਾਲ ਟਕੂਆ ਪੱਕਾ ਹੀ ਰੱਖਿਆ ਕਰਦਾ ਸੀ। ਉਹ ਮੈਨੂੰ ਇਕੱਲੇ ਨੂੰ ਵੇਖ ਕੇ ਆਣ ਪਏ। ਉਹ ਮੈਨੂੰ ਹੇਠਾਂ ਸੁੱਟਦੇ, ਇਸ ਤੋਂ ਪਹਿਲਾਂ ਹੀ ਮੈਂ ਪੈਂਦਿਆਂ ਹੀ ਆਪਣੇ ਵੱਡੇ ਵੈਰੀ ਸੁਰਜੀਤੇ ਦੀ ਹਿੱਕ ’ਚ ਟਕੂਆ ਠੋਕ ਦਿੱਤਾ। ਸੁਰਜੀਤੇ ਨੇ ਤੀਜਾ ਸਾਹ ਨਹੀਂ ਲਿਆ ਤੇ ਦੂਜੇ ਦੋ ਸਰਜੀਤੇ ਨੂੰ ਚੁੱਕਣ ਦੀ ਬਜਾਏ ਰਫੂ ਚੱਕਰ ਹੋ ਗਏ ਉਥੋਂ। ਪਿੰਡ ’ਚ ਰੌਲਾ ਪੈ ਗਿਆ ਕਿ ਸੁਰਜਨ ਸਿਓਂ ਨੇ ਕਤਲ ਕਰ ਦਿੱਤਾ। ਰਾਤ ਹੀ ਪੁਲਿਸ ਆ ਗਈ ਤੇ ਫੜ ਕੇ ਥਾਣੇ ਲੈ ਗਈ। ਮੈਂ ਭੱਜਿਆ ਨਹੀਂ ਕਿਉਂਕਿ ਭੱਜਣਾ ਡਰਪੋਕ ਲੋਕਾਂ ਦਾ ਕੰਮ ਹੁੰਦਾ ਹੈ। ਤਿੰਨ ਕੁ ਸਾਲ ਹੀ ਕੇਸ ਚੱਲਿਆ ਮੈਨੂੰ ਵੀਹ ਸਾਲਾ ਕੈਦ ਬੋਲ ਗਈ। ਵੀਹ ਸਾਲ ਜੇਲ੍ਹ ਕੱਟੀ, ਆਉਂਦਿਆਂ ਨੂੰ ਬੇਬੇ-ਬਾਪੂ ਚੜ੍ਹਾਈ ਕਰ ਗਏ। ਕਬੀਲਦਾਰੀ ਦੀ ਪੰਡ ਸਿਰ ’ਤੇ ਆਣ ਪਈ। ਚਾਰ-ਪੰਜ ਖੱਤੇ ਤਾਂ ਮੇਰੇ ਕੇਸ ਵਿਚ ਹੀ ਵਿਕ ਗਏ ਸਨ। ਬਾਕੀ ਭਰਾਵਾਂ ਵਿੱਚ ਵੰਡੇ ਗਏ। ਮੇਰੇ ਹਿੱਸੇ ਆਏ ਦੋ ਕਿੱਲੇ। ਵਿਆਹ ਦੇ ਵੱਤਰੋਂ ਮੈਂ ਲੰਘ ਚੁੱਕਿਆ ਸੀ, ਨਾਲੇ ਬਦਮਾਸ਼ ਨੂੰ ਕੁੜੀ ਦੇਣੀ ਵੀ ਕੀਨ੍ਹੇ ਸੀ? ਮੈਂ ਸੁਰਜਨ ਸਿਓਂ ਬਿਜਲੀ ਤੋਂ ਸੁਰਜਨ ਛੜਾ ਬਣ ਗਿਆ। ਜਵਾਨੀ ਢਲਣੀ ਸ਼ੁਰੂ ਹੋ ਗਈ, ਕੀਤੇ ’ਤੇ ਪਛਤਾਵੇ ਹੋਣ ਲੱਗੇ ਪਰ ਪੁੱਤਰਾ, ਵਕਤ ਹੈ ਜੋ, ਨਾ ਕਦੇ ਰੁਕਦਾ ਹੈ ਤੇ ਨਾ ਕਦੇ ਮੁੜ ਕੇ ਹੀ ਆਉਂਦਾ ਏ।
ਮੈਨੂੰ ਯਾਦ ਹੈ ਕਿ ਜਦੋਂ ਮੈਂ ਮੇਲੇ ਤੋਂ ਆਪਣੇ ਪੱਟਾਂ ’ਤੇ ਮੋਰਨੀਆਂ ਪੁਵਾ ਕੇ ਆਇਆ ਸੀ ਤਾਂ ਮੇਰੇ ਬਾਪੂ ਨੇ ਮੈਨੂੰ ਕਿਹਾ ਸੀ ਓਏ ਸੁਰਜਨਾ, ਮੋਰਨੀਆਂ ਤਾਂ ਪੁਵਾ ਲਈਆਂ ਈ ਪੱਟਾਂ ’ਤੇ ਪਰ ਵੇਖੀਂ ਕਦੇ ਇਹ ਮੋਰਨੀਆਂ ਵੇਖ-ਵੇਖ ਕੇ ਰੋਇਆ ਕਰੇਂਗਾ। ਅੱਜ ਬਾਪੂ ਚੇਤੇ ਆਉਂਦਾ ਏ ਤੇ ਬਾਪੂ ਦੀਆਂ ਕਹੀਆਂ ਉਹ ਗੱਲਾਂ ਵੀ।’ ਸੁਰਜਨ ਸਿਓਂ ਨੇ ਸਿੱਲ੍ਹੀਆਂ ਅੱਖਾਂ ਪੂੰਝਦਿਆਂ ਗੱਲ ਅੱਗੇ ਤੋਰੀ। ‘ਮੈਨੂੰ ਉਹ ਵੀ ਦਿਨ ਯਾਦ ਨੇ ਪੁੱਤਰਾ, ਜਦੋਂ ਬਾਪੂ ਨੇ ਗੁੜ ਕੱਢਣ ਲਈ ਵੇਲ੍ਹਣਾ ਜੋਣਾਂ ਤਾਂ ਕਈ ਵਾਰੀ ਇਕ ਬੰਨੇ ਬਲਦ ਜੋਅ ਲੈਣਾ ਤੇ ਦੂਜੇ ਪਾਸੇ ਜੂਲੇ ਵਿਚ ਸੁਰਜਨ ਸਿਓਂ ਨੇ ਮਾਣ ਨਾਲ ਹੀ ਸਿਰ ਵਾੜ ਦੇਣਾ। ਏਨੀ ਜਾਨ ਸੀ ਮੇਰੇ ’ਚ ਉਦੋਂ। ਮਾੜੇ-ਮੋਟੇ ਬੰਦੇ ਤਾਂ ਮੇਰੀਆਂ ਅੱਖਾਂ ਦੀ ਲਾਲੀ ਤੇ ਮੁੱਛਾਂ ਦੇ ਕੁੰਡ ਵੇਖ ਕੇ ਹੀ ਰਾਹ ਛੱਡ ਦਿੰਦੇ ਸਨ। ਬੜੇ ਕਿੱਸੇ ਨੇ ਸੁਣਾਉਣ ਵਾਲੇ ਪਰ ਹੁਣ ਕੀ ਫ਼ਾਇਦਾ ਸੁਣਾਉਣ ਦਾ। ਝੂਰਨਾ ਹੀ ਏ ਚੇਤੇ ਕਰ-ਕਰ ਕੇ। ਬਸ ਤੈਨੂੰ ਮੈਂ ਫਿਰ ਕਹਿੰਨਾ ਕਿ ਇਕ ਵਾਰੀ ਆਪਣੇ ਬਾਬੇ ਨੂੰ ਪੁੱਛ ਕੇ ਦੁਬਾਰਾ ਦੱਸੀਂ ਮੈਨੂੰ ਆ ਕੇ ਕਿ ਤੇਰਾ ਬਾਬਾ ਕੀ ਕਹਿੰਦਾ ਸੀ ਮੇਰੇ ਬਾਰੇ। ਬੱਸ ਇਹੀ ਕਹੀਂ ਅੱਜ ਮੈਨੂੰ ਨਾਲ ਦੇ ਪਿੰਡ ਵਾਲਾ ਬਾਪੂ ਸੁਰਜਨ ਸਿੰਘ ਮਿਲਿਆ ਸੀ। ਉਹ ਤੁਹਾਡੇ ਨਾਲ ਕਬੱਡੀ ਖੇਡਦਾ ਰਿਹਾ ਏ ਭਲਾ? ਫਿਰ ਉਹ ਆਪੇ ਦੱਸ ਦੇਵੇਗਾ ਅਗਲੀ ਸਾਰੀ ਗੱਲਬਾਤ’।
‘ਉਹ ਬਾਪੂ, ਤੂੰ ਏਨੀ ਬਲਾ ਏਂ ਓਏ’? ਮੈਂ ਤਾਂ ਸੋਚਦਾ ਸੀ ਕਿ ਇਹ ਬੁੱਢਾ ਕਿਤੇ ਫੀਮ ਦਾ ਝੰਬਿਆ ਹੋਇਆ ਏ ਪਰ ਤੂੰ ਤਾਂ ਬੜਾ ਅੱਥਰਾ ਬੁੜਾ ਨਿਕਲਿਐਂ ਬਾਪੂ। ਹੁਣ ਬਾਪੂ ਨੂੰ ਪੁੱਛਣ ਵਾਲੀ ਤਾਂ ਗੱਲ ਕੋਈ ਰਹੀ ਹੀ ਨਹੀਂ। ਤੇਰੇ ਦੱਸਣ ਤੋਂ ਹੀ ਮੈਨੂੰ ਪਤਾ ਲੱਗ ਗਿਆ ਏ ਕਿ ਤੂੰ ਜੋ ਕਹਿ ਰਿਹਾ ਏਂ, ਸੱਚ ਹੀ ਕਹਿ ਰਿਹਾ ਏਂ ਭਰਾਵਾ।’ ਦਲੇਰ ਸਿੰਘ ਨੇ ਖੱਬੇ ਪਾਸਿਓਂ ਉੱਠ ਕੇ ਬਾਪੂ ਸੁਰਜਨ ਸਿਓਂ ਦੇ ਅੱਗੇ ਹੁੰਦਿਆਂ ਸੁਰਜਨ ਸਿਓਂ ਦੇ ਹੱਥ ਫੜ ਕੇ ਆਪਣੇ ਸਿਰ ’ਤੇ ਰੱਖ ਲਏ। ‘ਬਾਪੂ ਗੱਲਾਂ ਤਾਂ ਮੈਂ ਤੇਰੀਆਂ ਸਾਰੀਆਂ ਸੁਣ ਲਈਆਂ ਤੇ ਸਮਝ ਵੀ ਲਈਆਂ ਨੇ। ਹੁਣ ਮੈਂ ਦੱਸਾਂ ਦਿਲ ਦੀ ਗੱਲ ਕਿ ਮੈਂ ਵੀ ਕਬੱਡੀ ਦੀ ਖੇਡ ’ਚ ਪੈਰ ਪਾ ਰਿਹਾ ਹਾਂ। ਕੋਈ ਅਜਿਹੀ ਸਿੱਖ-ਮੱਤ ਦੇ ਦਿਓ ਤਾਂ ਜੋ ਮੈਂ ਆਪਣੇ ਨਿਸ਼ਾਨੇ ਤੋਂ ਥਿੜਕ ਨਾ ਜਾਵਾਂ।’ ‘ਗੱਲ ਤਾਂ ਉੱਪਰ ਵਾਲੀਆਂ ਹੀ ਕਾਫ਼ੀ ਹਨ ਤੇਰੇ ਸਮਝਣ ਲਈ ਪਰ ਫਿਰ ਵੀ ਜੇ ਤੂੰ ਕਹੇਂ ਤਾਂ ਮੈਂ ਬਸ ਇਹੀ ਕਹਾਂਗਾ ਕਿ ਪੁੱਤ ਜਵਾਨੀ ਦਾ ਮਾਣ ਨਹੀਂ ਕਰਨਾ, ਲੋਕਾਂ ਦੀਆਂ ਚੁੱਕਣਾ ’ਚ ਨਹੀਂ ਆਉਣਾ, ਜ਼ਮੀਨ ’ਤੇ ਚੱਲਣਾ ਤੇ ਸਫ਼ਰ ਅੰਬਰ ’ਤੇ ਤੈਅ ਕਰਨਾ। ਵਕਤ ਕਦੇ ਕਿਸੇ ਨੂੰ ਮਾਫ਼ ਨਹੀਂ ਕਰਦਾ। ਇਕ ਕਦਮ ਰਾਹ ਤੋਂ ਭਟਕਿਆ ਬੰਦਾ ਸਾਰੀ ਜ਼ਿੰਦਗੀ ਲੀਹ ’ਤੇ ਨਹੀਂ ਆ ਸਕਦਾ। ਜੇ ਫਿਰ ਵੀ ਕੋਈ ਕਸਰ ਲੱਗੇ ਤਾਂ ਸੁਰਜਨ ਸਿਓਂ ਦੇ ਜੀਵਨ ਵੱਲ ਝਾਤੀ ਮਾਰ ਲਵੀਂ।’ ਏਨਾ ਕਹਿ ਕੇ ਸੁਰਜਨ ਸਿਓਂ ਗੋਡਿਆਂ ’ਤੇ ਹੱਥ ਰੱਖ ਖੜ੍ਹਾ ਹੋਇਆ ਤੇ ਆਪਣਾ ਖੂੰਡਾ ਫੜ ਕੇ ਘਰ ਦੇ ਰਸਤੇ ਨੂੰ ਤੁਰ ਪਿਆ। ਦਲੇਰ ਸਿੰਘ ਨੂੰ ਹੁਣ ਤੋਂ ਹੀ ਮਨ ਹੀ ਮਨ ’ਚ ਆਪਣੇ ਉਨ੍ਹਾਂ ਦੋਸਤਾਂ ਨਾਲ ਨਫ਼ਰਤ ਹੋਣ ਲੱਗ ਪਈ ਸੀ, ਜੋ ਉਸ ਨੂੰ ਕਦੇ ਬੁਲਟ ਮੋਟਰਸਾਈਕਲ ’ਤੇ ਅਤੇ ਕਦੇ ਥਾਰ ’ਤੇ ਬਿਠਾ ਕੇ ਪਿੰਡਾਂ ਵਿਚ ਗੇੜੀਆਂ ਦੇਣ ਲੈ ਜਾਂਦੇ ਸਨ। ਕਦੇ ਕਿਸੇ ਨਾਲ ਪੇਚਾ ਪਵਾ ਦਿੰਦੇ ਤੇ ਕਦੇ ਕਿਸੇ ਨਾਲ। ਉਸ ਨੂੰ ਸਮਝ ਲੱਗ ਗਈ ਸੀ ਕਿ ਇਹ ਮੇਰੇ ਫੁਕਰੇ ਦੋਸਤ ਮੈਨੂੰ ਨਾਲ ਖੜ੍ਹ ਕੇ ਆਪਣੇ ਨੰਬਰ ਬਣਾਉਂਦੇ ਹਨ। ਇਹ ਮੈਨੂੰ ਕਿਤੇ ਨਾ ਕਿਤੇ ਮਰਵਾਉਣਗੇ। ਕਿਤੇ ਅਜਿਹਾ ਨਾ ਹੋਵੇ ਕਿ ਮੈਂ ਵੀ ਬਾਪੂ ਸੁਰਜਨ ਸਿੰਘ ਵਾਂਗ ਕਿਤੇ ਤਾਕਤ ਦੇ ਨਸ਼ੇ ’ਚ ਆ ਕੇ ਕੁਝ ਅਜਿਹਾ ਕਰ ਬੈਠਾ ਕਿ ਮੇਰੇ ਜੀਵਨ ਦੀ ਗੱਡੀ ਵੀ ਪਟੜੀ ਤੋਂ ਲਹਿ ਜਾਵੇ।
ਅੱਜ ਜਦੋਂ ਦਲੇਰ ਸਿੰਘ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਦੇ ਹੋਏ ਫਾਈਨਲ ਕਬੱਡੀ ਕੱਪ ਮੁਕਾਬਲੇ ਵਿਚ ਬੈਸਟ ਰੇਡਰ ਦਾ ਇਨਾਮ ਲੈਂਦਿਆਂ ਬਾਪੂ ਸੁਰਜਨ ਸਿੰਘ ਨਾਲ ਹੋਈ ਉਹ ਮੁਲਾਕਾਤ ਯਾਦ ਆਈ, ਜਿਸ ਵਿਚ ਬਾਪੂ ਸੁਰਜਨ ਸਿੰਘ ਨੇ ਉਸ ਨੂੰ ਜ਼ਿੰਦਗੀ ਦੀ ਲੀਹ ਤੋਂ ਨਾ ਥਿੜਕਣ ਦੀ ‘ਤਾਕੀਦ’ ਕੀਤੀ ਸੀ। ਦਲੇਰ ਸਿੰਘ ਨੇ ਪਿੰਡ ਆ ਕੇ ਸਭ ਤੋਂ ਪਹਿਲਾਂ ਬਾਪੂ ਸੁਰਜਨ ਸਿੰਘ ਦੀ ਆਪਣੀ ਹੀ ਪੈਲੀ ਦੀ ਨੁੱਕਰ ਵਿਚ ਬਣੀ ਛੋਟੀ ਜਿਹੀ ਸਮਾਧ ’ਤੇ ਪਹੁੰਚ ਸੀਸ ਝੁਕਾ ਕੇ ਸਿੱਜਦਾ ਕਰਨਾ ਪਹਿਲਾ ਫ਼ਰਜ਼ ਸਮਝਿਆ।
- ਪ੍ਰਤਾਪ ਪਾਰਸ ਗੁਰਦਾਸਪੁਰੀ