- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਹਿੰਦੇ ਵਾਲੇ ਪਾਸੇ ਸੂਰਜ ਅਗਲੇ ਦਿਨ ਦੀ ਸਵੇਰ ਸਮੇਂ ਨਵੀਂ ਊਰਜਾ ਲੈ ਕੇ ਵਾਪਸ ਆਉਣ ਲਈ ਜਾ ਚੁੱਕਿਆ ਸੀ। ਸੁੱਖੀ ਆਪਣੇ ਨਹਿਰੋਂ ਪਾਰ ਵਾਲੇ ਖੇਤ ਵੱਲ ਗੇੜਾ ਮਾਰ ਕੇ ਘਰ ਨੂੰ ਪੈਦਲ ਹੀ ਜਾ ਰਿਹਾ ਸੀ। ਪੁਲ ਨੇੜੇ ਨਹਿਰ ਦੀ ਪੱਟੜੀ ’ਤੇ ਕੋਈ ਮੁੰਡਾ ਮੋਟਰਸਾਈਕਲ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ ਉਸ ਦੇ ਨਜ਼ਰੀਂ ਪਿਆ।

ਲਹਿੰਦੇ ਵਾਲੇ ਪਾਸੇ ਸੂਰਜ ਅਗਲੇ ਦਿਨ ਦੀ ਸਵੇਰ ਸਮੇਂ ਨਵੀਂ ਊਰਜਾ ਲੈ ਕੇ ਵਾਪਸ ਆਉਣ ਲਈ ਜਾ ਚੁੱਕਿਆ ਸੀ। ਸੁੱਖੀ ਆਪਣੇ ਨਹਿਰੋਂ ਪਾਰ ਵਾਲੇ ਖੇਤ ਵੱਲ ਗੇੜਾ ਮਾਰ ਕੇ ਘਰ ਨੂੰ ਪੈਦਲ ਹੀ ਜਾ ਰਿਹਾ ਸੀ। ਪੁਲ ਨੇੜੇ ਨਹਿਰ ਦੀ ਪੱਟੜੀ ’ਤੇ ਕੋਈ ਮੁੰਡਾ ਮੋਟਰਸਾਈਕਲ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ ਉਸ ਦੇ ਨਜ਼ਰੀਂ ਪਿਆ। ਜਦੋਂ ਮੋਟਰਸਾਈਕਲ ਨਾ ਚੱਲਿਆ ਤਾਂ ਮੁੰਡਾ ਕਾਹਲ ਕਦਮੀਂ ਪੁਲ਼ ’ਤੇ ਆ ਗਿਆ ਅਤੇ ਆਲੇ-ਦੁਆਲੇ ਨਜ਼ਰ ਮਾਰਦਿਆਂ ਉਸ ਨੇ ਆਪਣੀਆਂ ਜੇਬਾਂ ਵਿੱਚੋਂ ਕੁਝ ਕੱਢ ਕੇ ਪੁਲ਼ ’ਤੇ ਰੱਖਿਆ। ਵਾਰ-ਵਾਰ ਆਪਣੀ ਛਾਤੀ ’ਤੇ ਹੱਥ ਰੱਖਦਾ। ਉਸ ਦੀ ਹਰ ਹਰਕਤ ਸੁੱਖੀ ਦਾ ਧਿਆਨ ਖਿੱਚ ਰਹੀ ਸੀ। ਅੱਜ ਦੀ ਇਕ ਦਿਲ ਹਿਲਾਉਣ ਵਾਲ਼ੀ ਖ਼ਬਰ ਨੇ ਉਸ ਨੂੰ ਪਹਿਲਾਂ ਹੀ ਪ੍ਰੇਸ਼ਾਨ ਕਰ ਰੱਖਿਆ ਸੀ। ਉਸ ਦੇ ਮਨ ’ਚ ਬਿਜਲੀ ਦੇ ਝਟਕੇ ਵਾਂਗ ਵਿਚਾਰ ਘੁੰਮ ਗਿਆ। ‘ਓ ਤੇਰੇ ਦੀ’ ਉਸ ਦੇ ਮੂੰਹੋਂ ਨਿਕਲਿਆ ਤੇ ਬਿਨਾਂ ਪਲ ਗਵਾਇਆਂ ਪੈਰਾਂ ਵਾਲੀ ਜੁੱਤੀ ਛੱਡਦਿਆਂ ਪੱਬਾਂ ਭਾਰ ਬਿਨਾਂ ਪੈਰਾਂ ਦਾ ਖੜਕਾ ਕੀਤਿਆਂ ਕਮਾਨੋਂ ਨਿਕਲ਼ੇ ਤੀਰ ਜਿੰਨੀ ਤੇਜ਼ੀ ਨਾਲ ਦੌੜਿਆ। ਪਿੱਛੋਂ ਜਾ ਕੇ ਉਸ ਨੇ ਮੁੰਡੇ ਦੇ ਲੱਕ ਨੂੰ ਜੱਫ਼ਾ ਮਾਰਿਆ। ਦੂਜੇ ਨੇ ਛੁੱਟਣ ਲਈ ਹੱਥ-ਪੈਰ ਮਾਰੇ ਪਰ ਉਹ ਖ਼ੁਦ ਨੂੰ ਛੁਡਾ ਨਾ ਸਕਿਆ। ਸੁੱਖੀ ਉਸ ਨੂੰ ਪੈਰ ਘਿਸਰਿਆਉਂਦੇ ਨੂੰ ਨਹਿਰ ਦੇ ਪੁਲ਼ ਤੋਂ ਦੂਰ ਲੈ ਗਿਆ। ਉਸ ਦੀ ਆਵਾਜ਼ ਤੋਂ ਸਤਾਰਾਂ-ਅਠਾਰਾਂ ਸਾਲ ਦੀ ਉਮਰ ਦਾ ਲੱਗਦਾ ਸੀ।
‘ਕੀ ਕਰਨ ਲੱਗਿਆ ਸੀ’? ‘ਤੈਨੂੰ ਕੀ ਲੈਣਾ ਏ, ਛੱਡ ਦੇ ਮੈਨੂੰ’ ਉਸ ਨੇ ਛਟਪਟਾਉਂਦਿਆਂ ਆਖਿਆ। ‘ਛੱਡਦਾ ਤਾਂ ਨ੍ਹੀਂ ਤੈਨੂੰ ਮੈਂ’, ਸੁੱਖੀ ਨੇ ਪਕੜ ਮਜ਼ਬੂਤ ਬਣਾਉਂਦਿਆਂ ਕਿਹਾ। ‘ਐਂ ਕਿਵੇਂ ਨ੍ਹੀਂ ਛੱਡਦਾ’, ਉਸ ਨੇ ਕਚੀਚੀ ਵੱਟਦਿਆਂ ਛੁੱਟਣ ਲਈ ਜ਼ੋਰ ਲਾਉਂਦਿਆਂ ਆਖਿਆ। ‘ਦੇਖ ਲੈ ਫੇਰ ਜ਼ੋਰ ਲਾ ਕੇ’, ਸੁੱਖੀ ਨੇ ਜਿਵੇਂ ਉਸ ਦੀ ਤਾਕਤ ਨੂੰ ਲਲਕਾਰਿਆ। ਉਸ ਨੇ ਆਪਣੇ ਆਪ ਨੂੰ ਛੁਡਾਉਣ ਲਈ ਪੂਰਾ ਜ਼ੋਰ ਲਾ ਦਿੱਤਾ। ਜਦੋਂ ਬੇਵੱਸ ਜਿਹਾ ਹੋ ਗਿਆ ਤਾਂ ਰੋਂਦਿਆ ਬੋਲਿਆ, ‘ਜੇ ਮੈਂ ਨਾ ਮਰਿਆ ਮੇਰੇ ਮਾਪਿਆਂ ਨੇ ਮੈਨੂੰ ਮਿਹਣੇ ਦੇ-ਦੇ ਰੋਜ਼ ਮਾਰ ਦਿਆ ਕਰਨੈਂ। ਇਕ ਵਾਰ ਮਰਨਾ ਚੰਗਾ ਰੋਜ਼ ਰੋਜ਼ ਮਰਨ ਨਾਲੋਂ।’ ‘ਚੱਲ ਠੀਕ ਐ, ਛੱਡ ਦਿਊਂਗਾ, ਇਹ ਦੱਸ ਦੇ ਬਈ ਕਿਉਂ ਮਰਨਾ ਚਾਹੁੰਨਾ ਐਂ ਤੂੰ’? ਪਕੜ ਢਿੱਲੀ ਹੁੰਦੀ ਵੇਖ ਮੁੰਡਾ ਬਾਂਹ ਛੁਡਾ ਕੇ ਭੱਜਣ ਲੱਗਿਆ। ਸੁੱਖੀ ਦੇ ਹੱਥ ਉਸ ਦੇ ਕਮੀਜ਼ ਦਾ ਪਿਛਲੇ ਪਾਸੇ ਦਾ ਕਾਲਰ ਵਾਲਾ ਹਿੱਸਾ ਆ ਗਿਆ। ਘੁੱਟ ਕੇ ਫੜਿਆ ਕਾਲਰ ਐਨੀ ਜ਼ੋਰ ਨਾਲ ਖਿੱਚਿਆ ਗਿਆ ਕਿ ਮੁੰਡੇ ਨੂੰ ਖੰਘ ਆ ਗਈ ਤੇ ਉਹ ਲੜਖੜਾ ਗਿਆ। ਆਖ਼ਰ ਉਸ ਨੇ ਮੁੰਡੇ ਨੂੰ ਕਾਬੂ ਕਰ ਲਿਆ। ਗਲਮੇ ਤੋਂ ਫੜ ਕੇ ਖਿੱਚ ਕੇ ਚਪੇੜ ਮੁੰਡੇ ਦੀ ਗੱਲ੍ਹ ’ਤੇ ਠੋਕੀ। ਮੁੰਡਾ ਬੌਂਦਲ ਗਿਆ। ਉਹ ਢਿੱਲਾ ਪੈ ਗਿਆ ਤੇ ਹੱਥ ਜੋੜ ਕੇ ਖੜ੍ਹ ਗਿਆ। ‘ਬਾਈ ਮੈਨੂੰ ਛੱਡਦੇ, ਉਹ ਰੋ ਪਿਆ।’ ਸੁੱਖੀ ਨੂੰ ਉਸ ’ਤੇ ਤਰਸ ਆ ਗਿਆ।
ਸੁੱਖੀ ਨੇ ਉਸ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ। ਮੁੰਡਾ ਉਸ ਦੀ ਛਾਤੀ ਨਾਲ ਲੱਗਿਆ ਰੋਈ ਜਾਵੇ, ਸੁੱਖੀ ਨੇ ਉਸ ਦੇ ਸਿਰ ’ਤੇ ਆਪਣੀ ਠੋਡੀ ਰੱਖ ਦਿੱਤੀ। ਉਸ ਦੀਆਂ ਅੱਖਾਂ ਵੀ ਅਣਭਿੱਜ ਨਾ ਰਹਿ ਸਕੀਆਂ। ਜਦੋਂ ਮਨ ਦਾ ਗੁਬਾਰ ਨਿਕਲ ਗਿਆ ਤਾਂ ਸੁੱਖੀ ਦੀ ਪਕੜ ਢਿੱਲੀ ਪਈ। ਮੁੰਡਾ ਵੀ ਸੰਭਲ ਗਿਆ। ਦੂਰੋਂ ਆਉਂਦੀਆਂ ਲਾਈਟਾਂ ਦੀ ਰੌਸ਼ਨੀ ਉਨ੍ਹਾਂ ਵੱਲ ਨੂੰ ਹੋਈ ਤਾਂ ਉਹ ਰਸਤੇ ਦੇ ਇਕ ਪਾਸੇ ਨੂੰ ਹੋ ਕੇ ਤੁਰਨ ਲੱਗੇ। ‘ਤੇਰਾ ਨਾਂ ਕੀ ਐ ਤੇ ਪਿੰਡ ਕਿਹੜਾ’?‘ਛੱਡ ਬਾਈ ਨਾਂ ਨੂੰ ਤੇ ਪਿੰਡ ਦੇ ਨਾਂ ਨੂੰ, ਬੱਸ ਮੈਂ ਘਰੇ ਨ੍ਹੀਂ ਜਾਣਾ। ਮੈਥੋਂ ਉਹ ਟੈਸਟ ਪਾਸ ਨ੍ਹੀਂ ਹੋਇਆ, ਜੋ ਮੇਰੇ ਮਾਪੇ ਮੈਨੂੰ ਬਣਾਉਣਾ ਚਾਹੁੰਦੇ ਸੀ।’ ਸੁੱਖੀ ਸਮਝ ਗਿਆ ਕਿ ਮੁੰਡਾ ਆਪਣੀ ਪਛਾਣ ਨਹੀਂ ਦੱਸਣਾ ਚਾਹੁੰਦਾ। ‘ਆਪ ਕੀ ਕੰਮ ਕਰਦੇ ਨੇ ਤੇਰੇ ਮਾਂ ਪਿਉ’, ਸੁੱਖੀ ਨੇ ਪੁੱਛਿਆ। ‘ਦੋਵੇਂ ਨੌਕਰੀ ਕਰਦੇ ਨੇ। ਉਨ੍ਹਾਂ ਨੇ ਮੇਰੇ ’ਤੇ ਬਹੁਤ ਪੈਸਾ ਖ਼ਰਚ ਕੀਤਾ ਪਰ ਮੈਂ ਉਨ੍ਹਾਂ ਦੀਆਂ ਉਮੀਦਾਂ ’ਤੇ ਪੂਰਾ ਨ੍ਹੀਂ ਉਤਰਿਆ।’ ‘ਫਿਰ ਕੀ ਐ, ਹੋਰ ਕੰਮ ਬਥੇਰੇ ਨੇ, ਰੱਬ ਨੇ ਅੱਖਾਂ, ਕੰਨ, ਦਿਲ, ਦਿਮਾਗ਼ ਸਭ ਸਹੀ ਸਲਾਮਤ ਦਿੱਤੈ।’ ‘ਮੇਰੇ ਮਾਂ-ਪਿਓ ਬੜੇ ਸਖ਼ਤ ਨੇ ਬਾਈ।’ ‘ਸਖ਼ਤੀ ਵੀ ਮਾਪੇ ਜਵਾਕਾਂ ਦੇ ਭਲੇ ਲਈ ਹੀ ਕਰਦੇ ਹੁੰਦੇ ਨੇ।’ ‘ਨਹੀਂ ਬਾਈ, ਮੈਂ ਬਥੇਰਾ ਕਿਹਾ ਸੀ ਕਿ ਮੈਥੋਂ ਨ੍ਹੀਂ ਇਹ ਪੜ੍ਹਾਈ ਹੋਣੀ, ਉਹ ਕਹਿੰਦੇ ਤੂੰ ਡਾਕਟਰ ਈ ਬਣਨੈ।’‘ਚੱਲ ਕੋਈ ਨਾ, ਹੁਣ ਪੂਰੀ ਮਿਹਨਤ ਕਰੀਂ। ਅਗਲੀ ਵਾਰ ਜ਼ਰੂਰ ਕਾਮਯਾਬ ਹੋਵੇਂਗਾ’, ਸੁੱਖੀ ਨੇ ਮੁੰਡੇ ਨੂੰ ਆਸ ਦਾ ਪੱਲਾ ਫੜਾਉਣਾ ਚਾਹਿਆ। ‘ਵੀਰੇ ਮੈਥੋਂ ਨ੍ਹੀਂ ਹੋਣਾ, ਜੇ ਹੋ ਵੀ ਗਿਆ ਤਾਂ ਮੈਂ ਆਪਣਾ ਕੰਮ ਵਧੀਆ ਤਰੀਕੇ ਨਾਲ ਨਹੀਂ ਕਰ ਸਕਾਂਗਾ।’ ‘ਐਂ ਨ੍ਹੀਂ ਦਿਲ ਛੱਡੀ’,ਦਾ, ਸਭ ਵਧੀਆ ਹੋ’ਜੂ।’ ‘ਮੈਨੂੰ ਪਤੈ ਮੇਰੀ ਗੱਲ ਕੋਈ ਨ੍ਹੀਂ ਸਮਝ ਸਕਦਾ’, ਉਹ ਅੱਖਾਂ ਪੂੰਝਦਿਆਂ ਬੁੜਬੁੜਾਇਆ। ‘ਚੱਲ ਠੀਕ ਏ, ਇਉਂ ਦੱਸ ਤੂੰ ਕਿਉਂ ਨ੍ਹੀਂ ਕਰ ਸਕਦਾ’, ਸੁੱਖੀ ਨੇ ਉਸ ਦੀ ਗੱਲ ਸਮਝਣੀ ਚਾਹੀ।
ਮੁੰਡਾ ਥੋੜ੍ਹੀ ਦੇਰ ਚੁੱਪ ਰਿਹਾ। ਫਿਰ ਬੋਲਿਆ, ‘ਮੈਨੂੰ ਨ੍ਹੀਂ ਸਮਝ ਲੱਗਦੀ ਕਿ ਮੈਂ ਕਿਵੇਂ ਸਮਝਾਵਾਂ। ਕਿਸੇ ਦਾ ਜ਼ਖ਼ਮ ਦੇਖ ਕੇ ਮੇਰੀਆਂ ਲੱਤਾਂ-ਬਾਹਾਂ ਦੀ ਚਮੜੀ ਵਿਚ ਚੀਸਾਂ ਪੈਣ ਲੱਗ ਜਾਂਦੀਆਂ ਨੇ। ਕਿਸੇ ਨੂੰ ਉਲਟੀ ਕਰਦਿਆਂ ਦੇਖ ਕੇ ਮੈਨੂੰ ਉਲਟੀ ਆ ਜਾਂਦੀ ਐ। ਮੈਂ ਡਾਕਟਰ ਕਿਵੇਂ ਬਣ ਸਕਦਾਂ’? ਸੁੱਖੀ ਨੂੰ ਚੁੱਪ ਦੇਖ ਕੇ ਉਹ ਫੇਰ ਬੋਲਿਆ, ‘ਮੇਰੇ ਮਾਪੇ ਤਾਂ ਕੋਈ ਗੱਲ ਸੁਣਨ ਨੂੰ ਤਿਆਰ ਈ ਨਹੀਂ, ਪਹਿਲਾਂ ਹੀ ਭੱਜ ਕੇ ਪੈ ਜਾਂਦੇ ਨੇ। ਮੰਮੀ ਤਾਂ ਆਪਣੀਆਂ ਸਹੇਲੀਆਂ ਸਾਹਮਣੇ ਆਪਣੀ ਟੌਹਰ ਬਣਾਉਣ ਨੂੰ ਫਾਲਤੂ ਤਾਰੀਫ਼ਾਂ ਕਰੀ ਜਾਣਗੇ। ਕਹੀ ਜਾਣਗੇ, ਸਾਡਾ ਮੁੰਡਾ ਤਾਂ ਕਹਿੰਦਾ ਐ ਕਿ ਮੈਂ ਤਾਂ ਡਾਕਟਰ ਹੀ ਬਣੂ। ਪਾਪਾ ਨੇ ਤਾਂ ਹਰ ਗੱਲ ’ਤੇ ਝਿੜਕਣਾ ਹੁੰਦੈ, ਇਹੀ ਆਖਣਾ ਹੁੰਦੈ ਕਿ ਫਲਾਣੇ ਦਾ ਮੁੰਡਾ ਆਹ ਬਣ ਗਿਆ, ਫਲਾਣੇ ਦੀ ਕੁੜੀ ਕਿੰਨੀ ਹੁਸ਼ਿਆਰ ਏ। ਬੱਸ ਇਹੀ ਸੁਣਾਉਂਦੇ ਰਹਿੰਦੇ ਨੇ। ਜੇ ਉਨ੍ਹਾਂ ਦੇ ਦੋਸਤਾਂ ਦੇ ਜਵਾਕਾਂ ਨਾਲੋਂ ਨੰਬਰ ਘੱਟ ਆ ਜਾਣ, ਫਿਰ ਉਨ੍ਹਾਂ ਦੇ ਸਾਹਮਣੇ ਹੀ ਕਹਿ ਦੇਣਗੇ ਕਿ ਸਾਡੇ ਆਲ਼ਾ ਤਾਂ ਸਾਡੀ ਮੰਨਦਾ ਨ੍ਹੀਂ, ਜਵਾਂ ਬੇਇੱਜ਼ਤੀ ਕਰ ਦਿੰਦੇ ਨੇ ਬਾਈ।’ ਸੁੱਖੀ ਨੂੰ ਉਸ ਦੀਆਂ ਗੱਲਾਂ ਤੋਂ ਲੱਗਿਆ ਕਿ ਉਹ ਆਪਣੇ ਮਾਂ-ਪਿਉ ਦੋਵਾਂ ਨਾਲ ਨਰਾਜ਼ ਹੈ। ਉਸ ਦੀ ਨਰਾਜ਼ਗੀ ਇਕ-ਦੋ ਦਿਨ ’ਚ ਸਮਾਪਤ ਹੋਣ ਵਾਲੀ ਨਹੀਂ ਸੀ। ‘ਤੂੰ ਮੇਰੇ ਨਾਲ ਚੱਲੇਂਗਾ ਸਾਡੇ ਘਰ’, ਸੁੱਖੀ ਨੇ ਪੁੱਛਿਆ। ‘ਅਜੇ ਵੀ ਮੇਰਾ ਜੀਅ ਕਰਦੈ, ਤੂੰ ਮੈਨੂੰ ਜਾਣ ਦੇ ਬਾਈ, ਮੈਨੂੰ ਪਤੈ ਸਾਡੇ ਘਰ ’ਚ ਕੀ ਕੁਛ ਹੋਣੈ।’ ‘ਜੇ ਹੁਣ ਤੂੰ ਪੁੱਠਾ-ਸਿੱਧਾ ਸੋਚਿਆ ਤਾਂ ਮੈਂ ਤੈਨੂੰ ਕੁੱਟਣੈ ਫੜ ਕੇ’, ਸੁੱਖੀ ਨੇ ਪਿਆਰ ਨਾਲ ਪੋਲਾ ਜਿਹਾ ਥੱਪੜ ਲਾਇਆ। ਮੁੰਡੇ ਨੂੰ ਇਸ ਗੱਲ ਦਾ ਬੁਰਾ ਨਹੀਂ ਸੀ ਲੱਗ ਰਿਹਾ। ਉਹ ਇਨ੍ਹਾਂ ਗੱਲਾਂ ਪਿੱਛੇ ਮੋਹ ਤੇ ਦਰਿਆਦਿਲੀ ਨੂੰ ਮਹਿਸੂਸ ਕਰ ਰਿਹਾ ਸੀ। ਕੁਝ ਦੇਰ ਚੁੱਪ ਰਹਿਣ ਪਿੱਛੋਂ ਮੁੰਡਾ ਬੋਲਿਆ,‘ਜੇ ਮੇਰਾ ਵੱਡਾ ਭਾਈ ਹੁੰਦਾ ਜਵਾਂ ਤੇਰੇ ਵਰਗਾ ਹੋਣਾ ਸੀ ਬਾਈ।’ ਉਸ ਦੀ ਕਹੀ ਇਹ ਗੱਲ ਸੁਣ ਸੁੱਖੀ ਦੇ ਮਨ ਨੇ ਉਛਾਲਾ ਜਿਹਾ ਮਾਰਿਆ। ਬੱਚੇ ਅੰਦਰ ਰਿਸ਼ਤਿਆਂ ਦਾ ਤਰਸੇਵਾਂ ਬੋਲ ਰਿਹਾ ਸੀ।
‘ਜੇ ਮੇਰਾ ਛੋਟਾ ਭਾਈ ਹੁੰਦਾ, ਉਹ ਜਵਾਂ ਤੇਰੇ ਵਰਗਾ ਹੁੰਦਾ।’ ਸੁੱਖੀ ਨੇ ਉਸ ਦੇ ਪਿਆਰੇ ਬੋਲਾਂ ਨੂੰ ਸਵੀਕਾਰ ਕਰ ਕੇ ਉਹੋ ਜਿਹਾ ਹੀ ਉੱਤਰ ਦਿੱਤਾ ਤੇ ਆਪਣੀ ਖੱਬੀ ਬਾਂਹ ਉਸ ਦੇ ਲੱਕ ਦੁਆਲੇ ਵਲਾਈ। ਹਲਕਾ ਜਿਹਾ ਘੁੱਟ ਕੇ ਨਾਲ ਲਾ ਲਿਆ। ਅੱਧਾ ਘੰਟਾ ਪਹਿਲਾਂ ਮਿਲੇ ਮੁੰਡੇ ਨਾਲ ਏਨਾ ਮੋਹ ਉਮੜਦਾ ਉਸ ਨੂੰ ਸਮਝੋਂ ਬਾਹਰ ਜਾਪ ਰਿਹਾ ਸੀ। ਇਸੇ ਨੂੰ ਸ਼ਾਇਦ ਰੂਹਾਂ ਦੇ ਰਿਸ਼ਤੇ ਕਿਹਾ ਜਾਂਦਾ। ‘ਬਾਈ ਕੀ ਸੋਚ ਰਿਹੈਂ। ਜੇ ਮੈਂ ਤੇਰੇ ਨਾਲ ਘਰੇ ਚਲਿਆ ਗਿਆ, ਘਰਦੇ ਤਾਂ ਨ੍ਹੀਂ ਕੁਛ ਕਹਿਣਗੇ ਤੈਨੂੰ’? ‘ਨਹੀਂ-ਨਹੀਂ ਚੱਲਦੇ ਆਂ, ਪੁਲ਼ ’ਤੇ ਜਿਹੜਾ ਸਮਾਨ ਰੱਖਿਆ ਹੋਇਐ ਤੇ ਮੋਟਰਸਾਈਕਲ ਤੇਰਾ’? ‘ਮੋਟਰਸਾਈਕਲ ਦਾ ਤਾਂ ਤੇਲ ਮੁੱਕ ਗਿਆ। ਪੁਲ਼ ’ਤੇ ਇਕ ਪਰਚੀ ਲਿਖ ਕੇ ਰੱਖੀ ਸੀ, ਆਪੇ ਉੱਡ’ਜੂ ਹਵਾ ਨਾਲ।’ ‘ਜਾਹ ਚੁੱਕ ਲਿਆ, ਨਾਲੇ ਮੇਰੀ ਜੁੱਤੀ ਚੁੱਕ ਲਿਆਈਂ ਪੁਲ਼ ਦੇ ਪਰਲੇ ਪਾਸੇ ਪਈ ਐ’, ਸੁੱਖੀ ਨੇ ਹਲਕਾ ਜਿਹਾ ਮਜ਼ਾਕ ਕੀਤਾ। ‘ਹੁਣ ਨ੍ਹੀਂ ਮੈਂ ਚੁੱਕਣ ਜਾਣਾ ਡਰ ਲੱਗਦੈ ਮੈਨੂੰ’।‘ਉਦੋਂ ਨ੍ਹੀਂ ਸੀ ਡਰ ਲੱਗਦਾ’, ਸੁੱਖੀ ਨੇ ਖੱਬੇ ਹੱਥ ਨਾਲ ਉਸ ਦੀ ਸੱਜੀ ਬਾਂਹ ਫੜ ਕੇ ਹਲੂਣਦਿਆਂ ਕਿਹਾ। ਮੁੰਡਾ ਚੁੱਪ ਕਰ ਕੇ ਤੁਰਿਆ ਜਾ ਰਿਹਾ ਸੀ। ਸੁੱਖੀ ਰੋੜਿਆਂ ਤੋਂ ਬਚਦਾ-ਬਚਾਉਂਦਾ ਨੰਗੇ ਪੈਰੀਂ ਹੀ ਉਸ ਦੇ ਨਾਲ਼ ਤੁਰਿਆ ਜਾ ਰਿਹਾ ਸੀ। ‘ਬਾਈ ਜੁੱਤੀ ਚੁੱਕ ਲਿਆ, ਹੁਣ ਨ੍ਹੀਂ ਮੈਂ ਕਿਤੇ ਜਾਂਦਾ, ਐਥੇ ਈ ਖੜ੍ਹਾ ਰਹੂੰ।’ ‘ਨਾ ਹੁਣ ਨ੍ਹੀਂ, ਸਵੇਰੇ ਦੇਖੀ ਜਾਊ।’
ਸੁੱਖੀ ਕਦੇ ਉਹਦੀ ਪਿੱਠ ਪਲੋਸ ਦਿੰਦਾ। ਕਦੇ ਮੋਢੇ ’ਤੇ ਹੱਥ ਰੱਖ ਦਿੰਦਾ। ਕਦੇ ਕੋਈ ਗੱਲ ਪੁੱਛ ਲੈਂਦਾ, ਕਦੇ ਕੋਈ ਗੱਲ ਦੱਸ ਦਿੰਦਾ। ਉਸ ਦੇ ਦਿਮਾਗ਼ ਵਿਚ ਵਾਰ-ਵਾਰ ਅੱਜ ਦੁਪਹਿਰ ਵੇਲੇ ਸੁਣੀ ਖ਼ਬਰ ਘੁੰਮ ਰਹੀ ਸੀ। ਇਕ ਮੁੰਡੇ ਨੇ ਇਸ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕਿਉਂਕਿ ਉਸ ਦੇ ਬਾਰ੍ਹਵੀਂ ਵਿੱਚੋਂ ਨੰਬਰ ਘੱਟ ਆਏ ਸਨ। ਉਸ ਵੇਲੇ ਦਾ ਉਸ ਦਾ ਮਨ ਭਾਂਤ-ਭਾਂਤ ਦੀਆਂ ਗੱਲਾਂ ਸੋਚ ਰਿਹਾ ਸੀ। ਇਸ ਦਾ ਹੱਲ ਕੀ ਹੋ ਸਕਦਾ ਹੈ? ਬੱਚੇ ਮਾਪਿਆਂ ਨਾਲ ਦਿਲ ਦੀ ਗੱਲ ਸਾਂਝੀ ਕਿਉਂ ਨਹੀਂ ਕਰ ਸਕਦੇ? ਇਸ ਤਰ੍ਹਾਂ ਦੇ ਮਾਪਿਆਂ ਲਈ ਵੀ ਕੋਈ ਪੜ੍ਹਾਈ ਹੋਣੀ ਚਾਹੀਦੀ ਹੈ, ਜਿਸ ਨਾਲ ਉਹ ਆਪਣੇ ਬੱਚੇ ਦੀ ਮਨੋਸਥਿਤੀ ਨੂੰ ਸਮਝ ਸਕਣ। ਹੁਣ ਇਸ ਮੁੰਡੇ ਦੀਆਂ ਗੱਲਾਂ ਸੁਣ ਕੇ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਸਿੱਖਿਆ ਦੀ ਸਾਨੂੰ ਲੋੜ ਹੈ, ਉਹ ਨਹੀਂ ਮਿਲ ਰਹੀ। ਜੇ ਕਿਤੇ ਉਸ ਦੇ ਮਨ ’ਚ ਇਸ ਮੁੰਡੇ ਲਈ ਸ਼ੱਕ ਪੈਦਾ ਨਾ ਹੁੰਦਾ ਤਾਂ ਭੰਗ ਦੇ ਭਾਣੇ ਇਸ ਮਲੂਕੜੇ ਜਿਹੇ ਨਾਲ਼ ਕੀ ਕੁਝ ਹੋ ਸਕਦਾ ਸੀ, ਸੋਚ ਕੇ ਹੀ ਉਸ ਨੂੰ ਕੰਬਣੀ ਛਿੜ ਜਾਂਦੀ।
‘ਬਾਈ ਮੇਰੇ ਕਰਕੇ ਘਰੇਂ ਤਾਂ ਨ੍ਹੀਂ ਕੁਛ ਕਹਿਣਗੇ ਤੈਨੂੰ’, ਸੁੱਖੀ ਦੀ ਚੁੱਪ ਦੇਖ ਕੇ ਮੁੰਡਾ ਬੋਲਿਆ। ‘ਆਪਾਂ ਸੱਚ ਦੱਸ ਦਿਆਂਗੇ, ਫੇਰ ਨ੍ਹੀਂ ਕੋਈ ਕੁਝ ਆਖਦਾ।’ ‘ਨਾ ਬਾਈ ਐਂ ਨਾ ਕਰੀਂ, ਕੀ ਸੋਚਣਗੇ ਮੇਰੇ ਬਾਰੇ’? ‘ਇੱਕ ਵਾਰ ਝੂਠ ਬੋਲਿਆ ਤਾਂ ਸੱਚ ਲੁਕਾਉਣ ਲਈ ਸੌ ਝੂਠ ਹੋਰ ਬੋਲਣੇ ਪੈਣਗੇ।’‘ਜਿਵੇਂ ਤੈਨੂੰ ਠੀਕ ਲੱਗੇ ਬਾਈ।’ ਇਸੇ ਤਰ੍ਹਾਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਉਹ ਘਰ ਪਹੁੰਚ ਗਏ। ਬੂਹਾ ਅੰਦਰੋਂ ਬੰਦ ਸੀ। ਸੁੱਖੀ ਨੇ ਵਿਰਲ ’ਚ ਦੀ ਹੱਥ ਪਾ ਕੇ ਕੁੰਡਾ ਖੋਲ੍ਹ ਲਿਆ। ਬੇਬੇ-ਬਾਪੂ ਵਿਹੜੇ ਵਿੱਚ ਆ ਗਏ। ਸੁੱਖੀ ਉਨ੍ਹਾਂ ਦਾ ਇਕਲੌਤਾ ਪੁੱਤ ਸੀ ਤੇ ਪੜ੍ਹਿਆ-ਲਿਖਿਆ ਸੀ। ਨੌਕਰੀ ਨਾ ਮਿਲਣ ਕਰਕੇ ਖੇਤੀ ਦੇ ਕੰਮ-ਧੰਦੇ ਕਰਵਾ ਦਿੰਦਾ ਸੀ। ਮਾੜੇ ਬੰਦੇ ਕੋਲ਼ ਕਦੇ ਖੜ੍ਹਦਾ ਨਹੀਂ ਸੀ। ਇਸ ਲਈ ਸਮਾਂ ਮਾੜਾ ਉਸ ਨੂੰ ਕਹਿਣ ਦੀ ਲੋੜ ਨਹੀਂ ਪਈ। ‘ਨਾਲ ਕੌਣ ਐ ਤੇਰੇ’, ਬੇਬੇ ਨੇ ਪੁੱਛਿਆ। ਮੁੰਡਾ ਉਸ ਦੇ ਪਿੱਛੇ ਹੋਣ ਲੱਗਿਆ। ਸੁੱਖੀ ਨੇ ਉਸ ਦੀ ਬਾਂਹ ਫੜ ਕੇ ਕਿਹਾ,‘ਮੇਰੀ ਜਾਣ-ਪਛਾਣ ਦੈ’, ਮੁੰਡੇ ਨੇ ਹੱਥ ਜੋੜ ਕੇ ਸਿਰ ਨੀਵਾਂ ਕੀਤਾ। ਮੁੰਡੇ ਨੂੰ ਬੈਠਕ ’ਚ ਬਿਠਾ ਕੇ ਉਸ ਨੇ ਬੀਹੀ ਵਾਲ਼ੇ ਦਰਵਾਜ਼ੇ ਨੂੰ ਅੰਦਰੋਂ ਜਿੰਦਾ ਲਾ ਦਿੱਤਾ। ਚਾਬੀ ਬੇਬੇ ਨੂੰ ਫੜਾ ਦਿੱਤੀ। ‘ਪੁੱਤ ਆਹ ਮੁੰਡਾ ਕੌਣ ਐ’, ਬੇਬੇ ਨੇ ਪੁੱਛਿਆ। ਸੁੱਖੀ ਨੇ ਸਾਰੀ ਗੱਲ ਸੁਣਾ ਦਿੱਤੀ। ਬੇਬੇ ਦੋਵੇਂ ਹੱਥ ਜੋੜ ਕੇ ਬਸ ਵਾਹਿਗੁਰੂ-ਵਾਹਿਗੁਰੂ ਹੀ ਕਰੀ ਜਾਵੇ, ਵਾਰ ਵਾਰ ਸ਼ੁਕਰਾਨੇ ਵਜੋਂ ਹੱਥ ਜੋੜ ਰਹੀ ਸੀ। ‘ਸ਼ੁਕਰ ਐ ਰੱਬ ਦਾ ਤੂੰ ਸਮੇਂ ’ਤੇ ਪਹੁੰਚ ਗਿਆ’, ਬਾਪੂ ਨੇ ਵੀ ਹੱਥ ਜੋੜੇ। ‘ਮੈਂ ਰੋਟੀ ਪਾ ਕੇ ਲਿਆਉਂਦੀ ਆਂ ਨਾਲੇ ਆਹ ਨਿੱਕਾ ਖਾ ਲਊ’, ਬੇਬੇ ਨੇ ਸੁੱਖੀ ਦੀ ਪਿੱਠ ਥਾਪੜੀ। ਬੇਬੇ ਨੇ ਨਾਂ ਵਧੀਆ ਰੱਖਿਆ ਨਿੱਕਾ, ਸੱਚੀਂ ਨਿੱਕਾ ਈ ਐ ਬੇਸਮਝ ਭੋਲ਼ਾ ਜਿਹਾ।
ਬੇਬੇ ਥਾਲ਼ੀ ਵਿਚ ਰੋਟੀ ਪਾ ਲਿਆਈ। ਸੁੱਖੀ ਦੇ ਵਾਰ-ਵਾਰ ਜ਼ੋਰ ਦੇਣ ’ਤੇ ਨਿੱਕੇ ਨੇ ਇਕ ਰੋਟੀ ਖਾ ਲਈ। ‘ਕੱਲ੍ਹ ਨੂੰ ਮੈਂ ਆਪ ਛੱਡ ਕੇ ਆਊਂ ਇਸ ਮੁੰਡੇ ਨੂੰ’, ਬਾਪੂ ਨੇ ਕਿਹਾ। ‘ਮੈਂ ਵੀ ਚੱਲੂ ਨਾਲ’, ਬੇਬੇ ਬੋਲੀ। ਰੋਟੀ ਤੋਂ ਥੋੜ੍ਹਾ ਚਿਰ ਬਾਅਦ ਸੁੱਖੀ ਦੁੱਧ ਦਾ ਗਲਾਸ ਲੈ ਕੇ ਉਸ ਕੋਲ ਗਿਆ। ਉਹਨੇ ਨਾਂਹ ਕਰ ਦਿੱਤੀ। ਬੇਬੇ ਮੁੰਡੇ ਦੇ ਕੋਲ ਜਾ ਕੇ ਬੈਠ ਗਈ। ਉਹ ਉੱਠ ਕੇ ਬੈਠ ਗਿਆ। ਸੁੱਖੀ ਨੇ ਹੁਣ ਚੰਗੀ ਤਰ੍ਹਾਂ ਉਸ ਦੀ ਸ਼ਕਲ ਵੇਖੀ ਸੀ। ‘ਮੈਂ ਜੀ ਦੁੱਧ ਨ੍ਹੀਂ ਪੀਂਦਾ ਹੁੰਦਾ’, ਉਸ ਨੇ ਕਿਹਾ। ‘ਅਸੀਂ ਤਾਂ ਖੇਤੀ ਕਰਨ ਵਾਲੇ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਜ਼ਰੂਰ ਪੀਂਦੇ ਆਂ’, ਬੇਬੇ ਨੇ ਆਖਿਆ। ਬੇਬੇ ਦੇ ਜ਼ੋਰ ਦੇਣ ’ਤੇ ਉਸ ਨੇ ਥੋੜ੍ਹਾ ਜਿਹਾ ਦੁੱਧ ਲੈ ਲਿਆ। ‘ਤੁਸੀਂ ਕੀ ਪਾਇਐ ਦੁੱਧ ਵਿਚ, ਬੜਾ ਸੁਆਦ ਐ’, ਉਹਨੇ ਪੁੱਛਿਆ। ‘ਸਾਡਾ ਆਪਣੀਆਂ ਮੱਝਾਂ ਦਾ ਦੁੱਧ ਐ, ਆਵਦੇ ਖੇਤ ਵਿਚ ਹਰਾ ਚਾਰਾ ਬੀਜਦੇ ਆਂ, ਉਹੀ ਪਾਉਂਦੇ ਆਂ। ਆਹ ਜਿਹੜਾ ਲੋਕ ਅਚਾਰ ਪਾਉਣ ਲੱਗ ਪਏ, ਆਪਾਂ ਨ੍ਹੀਂ ਕਦੇ ਪਾਇਆ।’ ‘ਬੇਬੇ ਇਹਨੂੰ ਪੜ੍ਹਨ ਵਾਲੇ ਨੂੰ ਤੇਰੀਆਂ ਗੱਲਾਂ ਸਮਝ ਨ੍ਹੀਂ ਲੱਗਣੀਆਂ।’ ਚੰਗਾ ਪੁੱਤ ਸੌਂ ਜੋ ਹੁਣ ਆਖ ਕੇ ਬੇਬੇ ਬਾਹਰ ਚਲੀ ਗਈ। ਸੁੱਖੀ ਨੇ ਮੁੰਡੇ ਦਾ ਹੱਥ ਫੜ ਕੇ ਪੁੱਛਿਆ, ‘ਤੂੰ ਠੀਕ ਏਂ ਨਾ ਨਿੱਕੇ’? ‘ਹਾਂਜੀ ਬਾਈ ਮੈਂ ਠੀਕ ਆਂ’, ਉਸ ਨੇ ਜਵਾਬ ਦਿੱਤਾ। ਬਾਈ ਹੁਣ ਨੂੰ ਤਾਂ ਮੈਂ...।’ ਇਸ ਤੋਂ ਅੱਗੇ ਨਾ ਕੁਛ ਬੋਲਣੈ, ਨਾ ਸੋਚਣੈ, ਤੇਰੇ ਮਾਪਿਆਂ ਕਦੇ ਤੈਨੂੰ ਪਿਆਰ ਵੀ ਤਾਂ ਕੀਤਾ ਹੋਊ, ਉਹ ਗੱਲਾਂ ਯਾਦ ਕਰਨ ਦੀ ਕੋਸ਼ਿਸ਼ ਕਰ। ਸੁੱਖੀ ਨੇ ਸਖ਼ਤ ਤਾੜਨਾ ਭਰੇ ਲਹਿਜ਼ੇ ’ਚ ਕਿਹਾ। ਉਸ ਤੋਂ ਬਾਅਦ ਉਹ ਦੋਵੇਂ ਚੁੱਪਚਾਪ ਛੱਤ ਵੱਲ ਦੇਖ ਰਹੇ ਸਨ। ਸੁੱਖੀ ਵਾਰ-ਵਾਰ ਉਸ ਵੱਲ ਨਿਗ੍ਹਾ ਮਾਰਦਾ। ਕਦੇ-ਕਦੇ ਉਹਨੂੰ ਕੁਝ ਪੁੱਛ ਲੈਂਦਾ। ਬੱਲਬ ਦੀ ਰੌਸ਼ਨੀ ’ਚ ਸੁੱਖੀ ਨੂੰ ਮੁੰਡੇ ਦੀਆਂ ਅੱਖਾਂ ਵਿਚਲਾ ਪਾਣੀ ਭਰਦਾ ਅਤੇ ਡੁੱਲ੍ਹਦਾ ਸਾਫ਼ ਦਿਸ ਰਿਹਾ ਸੀ। ਸੁੱਖੀ ਸੋਚ ਰਿਹਾ ਸੀ ਕਿ ਮਾਪਿਆਂ ਤੇ ਬੱਚਿਆਂ ਵਿਚਕਾਰ ਇਹ ਪਾੜਾ ਕਿਉਂ ਆ ਗਿਆ? ਕਿਉਂ ਬੱਚੇ ਦਾ ਮਨ ਮਾਪਿਆਂ ਤੋਂ ਪੜ੍ਹਿਆ ਨਹੀਂ ਜਾਂਦਾ? ਕਿਉਂ ਬੱਚੇ ਮਾਂ-ਪਿਉ ਨੂੰ ਦਿਲ ਦੀ ਗੱਲ ਸਮਝਾਉਣ ’ਚ ਅਸਮਰਥ ਹਨ? ਬੱਚੇ ਤਾਂ ਆਖ਼ਰ ਬੱਚੇ ਹੀ ਹੁੰਦੇ ਹਨ। ਇਨ੍ਹਾਂ ਸਵਾਲਾਂ ਨਾਲ ਜੂਝਦਿਆਂ ਉਸ ਨੂੰ ਦੇਰ ਨਾਲ ਨੀਂਦ ਆਈ।
ਸਵੇਰੇ ਦੋਵੇਂ ਦੇਰ ਨਾਲ ਉੱਠੇ, ਬੇਬੇ-ਬਾਪੂ ਨੇ ਵੀ ਉਨ੍ਹਾਂ ਨੂੰ ਨਹੀਂ ਜਗਾਇਆ। ਬਾਰਾਂ ਕੁ ਵਜੇ ਸੁੱਖੀ ਤਾਏ ਦੇ ਮੁੰਡੇ ਦੀ ਗੱਡੀ ਮੰਗ ਲਿਆਇਆ। ਅੱਗੇ ਵੀ ਜ਼ਰੂਰਤ ਪੈਣ ’ਤੇ ਇਸ ਤਰ੍ਹਾਂ ਕਰ ਲੈਂਦੇ ਨੇ। ਮੁੰਡੇ ਨੂੰ ਮੋਟਰਸਾਈਕਲ ਚੇਤੇ ਆਇਆ। ਜਦੋਂ ਜਾ ਕੇ ਵੇਖਿਆ ਤਾਂ ਉਸੇ ਥਾਂ ਖੜ੍ਹਾ ਸੀ। ਤੇਲ ਦੀ ਬੋਤਲ ਨਾਲ ਲੈ ਗਏ। ਤੇਲ ਪਾਉਂਦਿਆਂ ਸੁੱਖੀ ਬੋਲਿਆ, ‘ਬੜਾ ਸੋਹਣਾ ਏ।’ਹਾਂ ਬਾਈ ਮੰਮੀ-ਪਾਪਾ ਨੇ ਕਿਸੇ ਚੀਜ਼ ਦੀ ਕਮੀ ਨ੍ਹੀਂ ਰਹਿਣ ਦਿੱਤੀ। ਬੱਸ ਮੇਰੇ ਦਿਲ ਦੀ ਗੱਲ ਨ੍ਹੀਂ ਸਮਝੀ ਕਦੇ। ਦੇਖ ਲੈ ਤੂੰ ਕਿੱਡਾ ਗ਼ਮ ਦੇ ਚੱਲਿਆ ਸੀ ਉਨ੍ਹਾਂ ਨੂੰ। ਹਾਂ ਮੈਥੋਂ ਪਾਪ ਹੋ ਚੱਲਿਆ ਸੀ, ਉਸ ਨੇ ਹਉਕਾ ਭਰਿਆ। ਮੋਟਰਸਾਈਕਲ ਪਿੰਡ ਖੜ੍ਹਾ ਕਰ ਕੇ ਸਾਰੇ ਜਣੇ ਨਿੱਕੇ ਦੇ ਟਿਕਾਣੇ ਵੱਲ ਚੱਲ ਪਏ। ਉਸ ਨੇ ਆਪਣਾ ਅਸਲੀ ਪਤਾ ਟਿਕਾਣਾ ਵੀ ਦੱਸ ਦਿੱਤਾ। ਸੌ ਕਿਲੋਮੀਟਰ ਦੂਰ ਸੀ ਸੁੱਖੀ ਦੇ ਪਿੰਡ ਤੋਂ। ‘ਸੌ ਕੋਹ ਤੋਂ ਟੱਕਰੇ ਓ ਤੁਸੀਂ। ਭਰਾਵਾਂ ਵਰਗੇ ਦੋਏਂ’, ਬਾਪੂ ਨੇ ਕਿਹਾ। ਗੱਲਾਂਬਾਤਾਂ ਕਰਦਿਆਂ ਉਹ ਨਿੱਕੇ ਦੇ ਘਰ ਚਲੇ ਗਏ। ਆਲੀਸ਼ਾਨ ਘਰ ਸੀ, ਫੁੱਲ ਬੂਟੇ ਲੱਗੇ ਹੋਏ ਸਨ। ਦੋ ਗੱਡੀਆਂ ਖੜ੍ਹੀਆਂ ਸਨ। ਘਰ ਤੋਂ ਥੋੜ੍ਹਾ ਕੁ ਪਿੱਛੇ ਗੱਡੀ ਰੋਕ ਲਈ ਬੇਬੇ ਤੇ ਬਾਪੂ ਉੱਤਰ ਕੇ ਚਲੇ ਗਏ। ਨਿੱਕੂ ਨੇ ਸੁੱਖੀ ਦਾ ਹੱਥ ਘੁੱਟ ਕੇ ਫੜ ਰੱਖਿਆ ਸੀ, ਅੱਖਾਂ ਬੰਦ ਕਰ ਕੇ ਬੈਠਾ ਸੀ। ਹੈਰਾਨੀ ਦੀ ਗੱਲ ਸੀ ਕਿ ਨਿੱਕੇ ਦੇ ਮਾਪੇ ਆਪਸ ’ਚ ਹੀ ਇਕ-ਦੂਜੇ ’ਤੇ ਦੋਸ਼ ਲਾ ਰਹੇ ਸਨ। ਪਿਉ ਮਾਂ ਨੂੰ ਆਖ ਰਿਹਾ ਸੀ ਕਿ ਮੁੰਡਾ ਤੇਰੇ ਕਰਕੇ ਵਿਗੜਿਆ। ਮਾਂ ਪਿਉ ਨੂੰ ਆਖ ਰਹੀ ਸੀ। ਜਦੋਂ ਸੁੱਖੀ ਦੇ ਬੇਬੇ-ਬਾਪੂ ਨੇ ਉਨ੍ਹਾਂ ਨੂੰ ਪੁੱਤ ਦੀ ਹਾਲਤ ਤੋਂ ਜਾਣੂ ਕਰਾਇਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਦੋਂ ਉਨ੍ਹਾਂ ਦੱਸਿਆ ਕਿ ਉਹ ਨਾਲ ਲੈ ਕੇ ਆਏ ਨੇ ਤਾਂ ਉਹ ਵਾਰ-ਵਾਰ ਉਨ੍ਹਾਂ ਦਾ ਧੰਨਵਾਦ ਕਰਨ ਲੱਗੇ। ਇਹ ਵੀ ਵਾਅਦਾ ਕੀਤਾ ਕਿ ਉਹ ਬੱਚੇ ਨੂੰ ਕੁਝ ਨਹੀਂ ਆਖਣਗੇ। ਥੋੜ੍ਹੀ ਦੇਰ ਬਾਅਦ ਬੇਬੇ ਉਨ੍ਹਾਂ ਨੂੰ ਲੈਣ ਆਈ। ਉਹ ਦੋਵੇਂ ਨੀਵੀਂ ਪਾਈ ਤੁਰੇ ਜਾ ਰਹੇ ਸਨ। ਅੱਧੇ ਪੌਣੇ ਘੰਟੇ ਬਾਅਦ ਸਾਰੇ ਜਣੇ ਬਾਹਰ ਆ ਗਏ। ਉਨ੍ਹਾਂ ਨੂੰ ਵੇਖ ਕੇ ਲੱਗਦਾ ਸੀ ਕਿ ਨਿੱਕੇ ਦੇ ਮਾਪਿਆਂ ਨੇ ਉਸ ਦੀ ਤਕਲੀਫ਼ ਸਮਝ ਲਈ ਸੀ। ਤੁਰਨ ਲੱਗਿਆਂ ਇਸ ਤਰ੍ਹਾਂ ਮਿਲੇ, ਜਿਵੇਂ ਵਰ੍ਹਿਆਂ ਦੀ ਸਾਂਝ ਹੋਵੇ। ਦੂਜੇ ਦਿਨ ਸੁੱਖੀ ਮਾਂ ਨੂੰ ਕਹਿਣ ਲੱਗਿਆ। ‘ਮੈਨੂੰ ਤਾਂ ਐਂ ਲੱਗਦੈ ਬੇਬੇ ਜਿਵੇਂ ਮੈਂ ਆਵਦੇ ਘਰ ਦਾ ਜੀਅ ਉਨ੍ਹਾਂ ਦੇ ਘਰੇਂ ਛੱਡ ਆਇਆ।’ ਮੈਨੂੰ ਵੀ ਬੜਾ ਯਾਦ ਆਉਂਦੈ। ਐਨੇ ਵੱਡੇ ਘਰ ਦਾ ਮੁੰਡਾ ਕੀ ਕਰ ਚੱਲਿਆ ਸੀ। ਉਹ ਅਜੇ ਗੱਲਾਂ ਕਰ ਹੀ ਰਹੇ ਸਨ ਕਿ ਇਕ ਲਿਸ਼ ਲਿਸ਼ ਕਰਦੀ ਕਾਰ ਉਨ੍ਹਾਂ ਦੇ ਬੂਹੇ ਅੱਗੇ ਰੁਕੀ। ਨਿੱਕੂ ਤੇ ਉਸ ਦੇ ਮੰਮੀ ਪਾਪਾ ਸਨ। ਆਹ ਸਾਂਭੋ ਜੀ ਇਹਨੂੰ, ਚਾਰ-ਪੰਜ ਦਿਨ ਏਥੇ ਰੱਖੋ। ਇਹਦਾ ਨ੍ਹੀਂ ਜੀਅ ਲੱਗਦਾ ਘਰੇ।’ ਸਾਰੇ ਜੀਅ ਖ਼ੁਸ਼ ਹੋਏ। ਔਖੇ ਮੌਕੇ ਵਿੱਚੋਂ ਨਿਕਲੀਆਂ ਪਿਆਰ ਦੀਆਂ ਤੰਦਾਂ ਨੇ ਸਾਰੀ ਉਮਰ ਲਈ ਉਨ੍ਹਾਂ ਦੀ ਸਾਂਝ ਪੱਕੀ ਕਰ ਦਿੱਤੀ ਸੀ।
- ਅੰਮ੍ਰਿਤ ਕੌਰ