- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਪੇ ਸਾਰੀ ਉਮਰ ਬੱਚਿਆਂ ਦੀਆਂ ਖ਼ੁਸ਼ੀਆਂ ਤੇ ਸੁੱਖਾਂ ਲਈ ਕੁਰਬਾਨ ਕਰ ਦਿੰਦੇ ਹਨ ਪਰ ਬੁਢਾਪੇ ’ਚ ਉਨ੍ਹਾਂ ਨੂੰ ਸਭ ਤੋਂ ਵੱਧ ਲੋੜ ਆਪਣੇ ਬੱਚਿਆਂ ਦੇ ਸਾਥ ਦੀ ਹੁੰਦੀ ਹੈ।

‘ਬਾਪੂ ਰੋਟੀ ਖਾ ਲੈ’, ਮੈਂ ਥਾਲੀ ਮੰਜੇ ਕੋਲ ਪਏ ਛੋਟੇ ਜਿਹੇ ਮੇਜ਼ ਉੱਤੇ ਰੱਖਦਿਆਂ ਆਖਿਆ। ਬਾਪੂ ਨੇ ਮੇਰੇ ਵੱਲ ਵੇਖਿਆ। ਉਸ ਦੀਆਂ ਅੱਖਾਂ ’ਚ ਉਹੀ ਪੁਰਾਣੀ ਮਮਤਾ ਪਰ ਹੁਣ ਉਸ ’ਚ ਥਕਾਵਟ ਵੀ ਨਜ਼ਰ ਆਈ, ਜੋ ਪਹਿਲਾਂ ਕਦੇ ਨਹੀਂ ਵੇਖੀ ਸੀ। ‘ਥੋੜ੍ਹੀ ਦੇਰ ਬਾਅਦ ਖਾ ਲਵਾਂਗਾ ਪੁੱਤ।’ ਇਹ ਉਸ ਦਾ ਪੁਰਾਣਾ ਜਵਾਬ ਸੀ ਤੇ ਹੁਣ ਮੈਨੂੰ ਪਤਾ ਸੀ ਕਿ ਥੋੜ੍ਹੀ ਦੇਰ ਦਾ ਮਤਲਬ ਅਕਸਰ ਨਹੀਂ ਹੁੰਦਾ ਏ। ਮੈਂ ਕੁਝ ਕਹਿਣ ਹੀ ਲੱਗਾ ਸੀ ਕਿ ਅੰਦਰੋਂ ਮੇਰੀ ਨਾਲ ਦੀ ਆਵਾਜ਼ ਆਈ, ‘ਰੋਜ਼ ਏਹੋ ਕੰਜਰਖ਼ਾਨਾ ਹੀ ਹੁੰਦਾ ਏ। ਪਹਿਲਾਂ ਬਣਾਓ, ਫਿਰ ਮਿੰਨਤਾਂ ਕਰੋ।’ ਬੇਸ਼ੱਕ ਆਵਾਜ਼ ਬਹੁਤੀ ਉੱਚੀ ਨਹੀਂ ਸੀ ਪਰ ਏਨੀ ਜ਼ਰੂਰ ਸੀ ਕਿ ਕਮਰੇ ਤੱਕ ਪਹੁੰਚ ਜਾਵੇ। ਬਾਪੂ ਨੇ ਸੁਣ ਲਿਆ ਤੇ ਮੈਂ ਵੀ। ਇਕ ਪਲ ਉਸ ਦੇ ਚਿਹਰੇ ਉੱਤੇ ਕੁਝ ਤੈਰਿਆ, ਦੁੱਖ, ਸ਼ਰਮ ਜਾਂ ਆਪਣੇ ਹੀ ਘਰ ’ਚ ਵਾਧੂ ਹੋਣ ਦਾ ਅਹਿਸਾਸ? ਮੈਨੂੰ ਸਮਝ ਨਹੀ ਲੱਗੀ ਪਰ ਉਸ ਪਲ ਉਸ ਨੇ ਥਾਲੀ ਵੱਲੋਂ ਨਜ਼ਰ ਹਟਾ ਲਈ
ਅਤੇ ਮੈਨੂੰ ਲੱਗਿਆ, ਜਿਵੇਂ ਕਿਸੇ ਨੇ ਮੇਰੇ ਸੀਨੇ ’ਤੇ ਪੱਥਰ ਰੱਖ ਦਿੱਤਾ ਹੋਵੇ।
ਬਾਪੂ ਨੇ ਕਦੇ ਜ਼ਿੰਦਗੀ ਤੋਂ ਵੱਡੀਆਂ ਮੰਗਾਂ ਨਹੀਂ ਕੀਤੀਆਂ ਸਨ। ਉਸ ਦੀ ਦੁਨੀਆ ਬਹੁਤ ਛੋਟੀ ਸੀ। ਸਵੇਰ ਦੀ ਕਿਰਤ, ਸ਼ਾਮ ਦੀ ਰੋਟੀ, ਪਰਿਵਾਰ ਦੀ ਖ਼ੁਸ਼ੀ ਤੇ ਬੱਸ…। ਜਦੋਂ ਮੈਂ ਛੋਟਾ ਸੀ ਤਾਂ ਅਕਸਰ ਰਾਤ ਨੂੰ ਉਸ ਦੀ ਛਾਤੀ ਉੱਤੇ ਸਿਰ ਰੱਖ ਕੇ ਸੌਂ ਜਾਂਦਾ ਤੇ ਉਸ ਦੇ ਹੱਥਾਂ ’ਚ ਅਜੀਬ ਜਿਹੀ ਸੁਰੱਖਿਆ ਹੁੰਦੀ। ਮੈਨੂੰ ਲੱਗਦਾ ਕਿ ਜਦੋਂ ਤੱਕ ਬਾਪੂ ਮੇਰੇ ਨਾਲ ਹੈ, ਦੁਨੀਆ ਦੀ ਕੋਈ ਮੁਸੀਬਤ ਮੇਰੇ ਕੋਲ ਨਹੀਂ ਆ ਸਕਦੀ ਪਰ ਸ਼ਾਇਦ ਮੈਂ ਇਹ ਨਹੀਂ ਸੀ ਜਾਣਦਾ ਕਿ ਉਹ ਵੀ ਹੌਲੀ-ਹੌਲੀ ਬੁੱਢਾ ਹੋ ਰਿਹਾ। ਉਸ ਦੇ ਮੋਢੇ ਵੀ ਥੱਕਦੇ ਨੇ ਤੇ ਉਸ ਦਾ ਵੀ ਦਿਲ ਟੁੱਟਦਾ ਏ ਤੇ ਫਿਰ ਇਕ ਦਿਨ ਉਸ ਦੀਆਂ ਅੱਖਾਂ ’ਚ ਵੀ ਇਕੱਲਾਪਣ ਉਤਰ ਆਉਂਦਾ ਹੈ, ਸੱਚੀ ਨਹੀਂ ਸਾਂ ਜਾਣਦਾ। ਸ਼ਾਇਦ…? ਮਾਂ ਦੇ ਜਾਣ ਮਗਰੋਂ ਬਾਪੂ ਬਦਲ ਗਿਆ ਸੀ, ਬਹੁਤ ਨਹੀਂ, ਏਨਾ ਕੁ ਜਿਸ ਨੂੰ ਸਿਰਫ਼ ਮੈਂ ਮਹਿਸੂਸ ਕਰ ਸਕਦਾ ਸੀ। ਪਹਿਲਾਂ ਉਹ ਘਰ ਆਉਂਦਿਆਂ ਹੀ ਆਵਾਜ਼ ਮਾਰਦਾ , ‘ਓ ਭਾਗਵਾਨੇ, ਚਾਹ ਬਣਾ ਦੇ।’ ਤੇ ਫਿਰ ਇਕ ਦਿਨ ਉਹ ਆਵਾਜ਼ ਹਮੇਸ਼ਾ ਲਈ ਖ਼ਾਮੋਸ਼ ਹੋ ਗਈ। ਉਸ ਤੋਂ ਬਾਅਦ ਮੈਂ ਉਸ ਨੂੰ ਕਈ ਵਾਰ ਮਾਂ ਦੀ ਤਸਵੀਰ ਸਾਹਮਣੇ ਬੈਠਿਆ ਵੇਖਿਆ। ਕਦੇ ਬਿਨਾਂ ਬੋਲੇ, ਕਦੇ ਹੌਲੀ-ਹੌਲੀ ਹੱਸਦਿਆਂ, ਲੱਗਦਾ ਜਿਵੇਂ ਕੋਈ ਅਣਸੁਣੀ ਗੱਲਬਾਤ ਚੱਲ ਰਹੀ ਹੋਵੇ। ਮੇਰੇ ਵਿਆਹ ਤੋਂ ਬਾਅਦ ਮੈਂ ਸੋਚਿਆ ਸੀ ਕਿ ਹੁਣ ਘਰ ਮੁੜ ਵੱਸ ਜਾਵੇਗਾ ਪਰ ਘਰ ਸਿਰਫ਼ ਲੋਕਾਂ ਨਾਲ ਨਹੀਂ ਵੱਸਦੇ, ਦਿਲਾਂ ਨਾਲ ਵਸਦੇ ਨੇ।
ਮੇਰੀ ‘ਨਾਲ ਦੀ’ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਪਰ ਬਾਪੂ ਲਈ ਉਸ ਦੇ ਮਨ ’ਚ ਉਹ ਪਿਆਰ ਨਹੀਂ ਸੀ, ਜਿਸ ਦੀ ਇਕ ਬਜ਼ੁਰਗ ਨੂੰ ਲੋੜ ਹੁੰਦੀ ਏ। ਉਹ ਕਦੇ ਸਿੱਧਾ ਕੁਝ ਨਹੀਂ ਕਹਿੰਦੀ ਪਰ ਕਈ ਵਾਰ ਬੰਦਾ ਸ਼ਬਦਾਂ ਨਾਲ ਨਹੀਂ, ਵਰਤਾਅ ਨਾਲ ਦੂਰ ਕਰ ਦਿੱਤਾ ਜਾਂਦਾ। ਬਾਪੂ ਰਸੋਈ ’ਚ ਆਉਂਦਾ ਤਾਂ ਗੱਲਾਂ ਰੁਕ ਜਾਂਦੀਆਂ। ਉਹ ਕੋਈ ਸਲਾਹ ਦਿੰਦਾ ਤਾਂ ਚੁੱਪ ਛਾ ਜਾਂਦੀ, ਲੱਗਦਾ ਜਿਵੇਂ ਉਸ ਦੀ ਲੋੜ ਨੂੰ ਹੁਣ ਲੋੜ ਨਹੀਂ, ਔਖ ਸਮਝਣ ਲੱਗ ਪਈ ਸੀ ਤੇ ਜੇ ਕਿਤੇ ਮੈਂ ਬਾਪੂ ਦੀ ਡਿੱਗਦੀ ਸਿਹਤ ਬਾਰੇ ਫ਼ਿਕਰਾਂ ’ਚ ਡੁੱਬਾ ਹੋਣਾ ਤਾਂ ਸ਼ੀਸ਼ੇ ’ਚ’ ਮੜ੍ਹਾ ਕੇ ਰੱਖ ਲੈ। ਉਸ ਦੇ ਇਹ ਬੋਲ ਮੇਰੀ ਰੂਹ ਨੂੰ ਜ਼ਖ਼ਮੀ ਕਰ ਦਿੰਦੇ ਤੇ ਸਭ ਤੋਂ ਦੁੱਖ ਵਾਲੀ ਗੱਲ ਇਹ ਸੀ ਕਿ ਬਾਪੂ ਇਹ ਸਭ ਸਮਝਦਾ ਸੀ।
ਇਕ ਦਿਨ ਮੈਂ ਘਰ ਆਇਆ ਤਾਂ ਬਾਪੂ ਵਿਹੜੇ ’ਚ ਬੈਠਾ ਸੀ। ਸਰਦੀਆਂ ਦੀ ਧੁੱਪ ਉਸ ਦੇ ਪੈਰਾਂ ਕੋਲ ਆ ਕੇ ਰੁਕ ਗਈ ਸੀ। ਮੈਂ ਕੋਲ ਬੈਠ ਗਿਆ। ‘ਕੀ ਸੋਚ ਰਹੇ ਹੋ’, ਮੈਂ ਸਰਸਰੀ ਪੁੱਛਿਆ। ਬਾਪੂ ਥੋੜਾ ਜਿਹਾ ਹੱਸਿਆ, ‘ਬੱਸ ਕਿ ਵੇਲਾ ਕਿੰਨਾ ਤੇਜ਼ ਦੌੜਦਾ ਏ।’ ਕਿਉਂ...। ਉਹ ਕੁਝ ਪਲ ਚੁੱਪ ਰਿਹਾ। ਫਿਰ ਬੋਲਿਆ, ‘ਜਦੋਂ ਤੂੰ ਛੋਟਾ ਸੀ ਹਨਾਂ, ਤੂੰ ਮੇਰੇ ਪਿੱਛੇ-ਪਿੱਛੇ ਫਿਰਦਾ ਹੁੰਦਾ ਸੀ।’ ਉਹ ਹੱਸਿਆ, ‘ਹੁਣ ਮੈਂ ਤੇਰੇ ਪਿੱਛੇ ਫਿਰਦਾ ਹਾਂ ਕਿ ਦੋ ਮਿੰਟ ਗੱਲ ਹੋ ਜਾਵੇ।’ ਮੈਂ ਵੀ ਹੱਸਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਅੰਦਰ ਕੁਝ ਰੋ ਪਿਆ ਸੀ। ਫਿਰ...। ਦਿਲ ਦਾ ਦੌਰਾ ਅਚਾਨਕ ਨਹੀਂ ਆਇਆ ਸੀ। ਉਹ ਤਾਂ ਜਿਵੇਂ ਲੰਮੇ ਸਮੇਂ ਤੋਂ ਰਾਹ ਵੇਖ ਰਿਹਾ ਸੀ। ਉਸ ਦਿਨ ਹਸਪਤਾਲ ਦੇ ਬਾਹਰ ਖੜ੍ਹਾ ਮੈਂ ਪਹਿਲੀ ਵਾਰ ਸੱਚਮੁੱਚ ਡਰਿਆ ਸੀ। ਮੈਨੂੰ ਲੱਗਿਆ ਸੀ ਕਿ ਪਹਾੜ ਵੀ ਡਿੱਗ ਸਕਦੇ ਹਨ। ਡਾਕਟਰ ਨੇ ਕਿਹਾ, ‘ਹਾਲਤ ਸੰਭਲ ਗਈ ਹੈ ਪਰ ਹੁਣ ਬਹੁਤ ਧਿਆਨ ਰੱਖਣਾ ਪਵੇਗਾ।’
ਬਾਪੂ ਘਰ ਤਾਂ ਆ ਗਿਆ ਪਰ ਹੁਣ ਉਹ ਪਹਿਲਾਂ ਵਾਲਾ ਬਾਪੂ ਨਹੀਂ ਸੀ ਰਿਹਾ। ਉਸ ਦੀ ਤੋਰ ਹੌਲੀ ਹੋ ਗਈ ਸੀ ਤੇ ਸਾਹ ਛੋਟੇ ਪਰ ਸਭ ਤੋਂ ਵੱਧ ਉਸ ਦੀਆਂ ਗੱਲਾਂ ਘੱਟ ਹੋ ਗਈਆਂ। ਇਕ ਰਾਤ ਮੈਂ ਪਾਣੀ ਪੀਣ ਉੱਠਿਆ, ਬਾਪੂ ਦੇ ਕਮਰੇ ਦੀ ਬੱਤੀ ਜਗ ਰਹੀ ਸੀ। ਮੈਂ ਦਰਵਾਜ਼ੇ ਵਿੱਚੋਂ ਝਾਤ ਮਾਰੀ। ਉਹ ਜਾਗ ਰਿਹਾ ਸੀ ਤੇ ਮਾਂ ਦੀ ਤਸਵੀਰ ਹੱਥ ਵਿਚ ਅਤੇ ਅੱਖਾਂ ’ਚ ਹੰਝੂ ਸਨ। ਮੈਂ ਜ਼ਿੰਦਗੀ ’ਚ ਪਹਿਲੀ ਵਾਰ ਆਪਣੇ ਪਿਉ ਨੂੰ ਰੋਂਦਿਆਂ ਵੇਖਿਆ ਸੀ। ਮੈਂ ਅੰਦਰ ਜਾਣਾ ਚਾਹੁੰਦਾ ਸੀ। ਉਸ ਨੂੰ ਗਲੇ ਲਾਉਣਾ ਚਾਹੁੰਦਾ ਸੀ ਪਰ ਪਤਾ ਨਹੀਂ ਕਿਉਂ? ਮੈਂ ਜੰਮਿਆ ਰਹਿ ਗਿਆ। ਅੱਜ ਵੀ ਉਸ ਰਾਤ ਦੀ ਕਾਇਰਤਾ ਮੈਨੂੰ ਸੌਣ ਨਹੀਂ ਦਿੰਦੀ।
ਕੁਝ ਦਿਨਾਂ ਬਾਅਦ ਮੈਂ ਬਾਜ਼ਾਰ ਤੋਂ ਇਕ ਨਵਾਂ ਕੰਬਲ ਲਿਆਇਆ ਸੀ। ਬਹੁਤ ਨਰਮ, ਬਹੁਤ ਗਰਮ। ਬਾਪੂ ਇਹ ਤੇਰੇ ਲਈ। ਉਹ ਬੱਚਿਆਂ ਵਾਂਗ ਖ਼ੁਸ਼ ਹੋ ਗਿਆ। ‘ਬਹੁਤ ਸੋਹਣਾ ਏ ਪੁੱਤ।’ ਫਿਰ ਹੱਸ ਕੇ ਬੋਲਿਆ, ‘ਜਦੋਂ ਜ਼ਿਆਦਾ ਠੰਢ ਪਈ ਤਾਂ ਵਰਤਾਂਗਾ।’ ਮੈਂ ਵੀ ਹੱਸ ਪਿਆ ਪਰ ਮੈਨੂੰ ਕੀ ਪਤਾ ਸੀ ਕਿ ਉਹ ਠੰਢ ਕਦੇ ਨਹੀਂ ਆਉਣੀ। ਆਖ਼ਰੀ ਦਿਨਾਂ ਚ ਬਾਪੂ ਅਕਸਰ ਮੈਨੂੰ ਆਪਣੇ ਕੋਲ ਬਿਠਾ ਲੈਂਦਾ। ਕਦੇ ਮੇਰੇ ਬਚਪਨ ਦੀ ਗੱਲ ਕਰਦਾ ਤੇ ਕਦੇ ਮਾਂ ਦੀ ਤੇ ਕਦੇ ਉਨ੍ਹਾਂ ਦਿਨਾਂ ਦੀ, ਜਦੋਂ ਘਰ ’ਚ ਕੁਝ ਵੀ ਨਹੀਂ ਸੀ ਹੁੰਦਾ ਪਰ ਹਾਸੇ ਬਹੁਤ ਸਨ। ਇਕ ਰਾਤ ਉਸ ਨੇ ਮੇਰਾ ਹੱਥ ਫੜ ਲਿਆ। ‘ਪੁੱਤ ਇੱਕ ਗੱਲ ਮੰਨੇਂਗਾ’? ‘ਹਾਂ ਬਾਪੂ।’ ‘ਮੇਰੇ ਜਾਣ ਮਗਰੋਂ ਕਿਸੇ ਨੂੰ ਦੋਸ਼ ਨਾ ਦੇਵੀਂ। ਮੇਰੀਆਂ ਅੱਖਾਂ ਭਰ ਆਈਆਂ। ਉਸ ਨੇ ਮੇਰਾ ਹੱਥ ਦਬਾਇਆ। ਜੋ ਪਿਆਰ ਮੈਨੂੰ ਮਿਲਿਆ, ਉਹ ਮੇਰੇ ਹਿੱਸੇ ਦਾ ਸੀ। ਥੋੜ੍ਹਾ ਰੁਕਿਆ। ਜੋ ਨਹੀਂ ਮਿਲਿਆ, ਉਹ ਵੀ ਮੇਰੇ ਹਿੱਸੇ ਦਾ ਸੀ।’ ਮੈਂ ਰੋ ਪਿਆ ਪਰ ਉਹ ਨਹੀਂ ਸੀ ਰੋਇਆ। ਸ਼ਾਇਦ ਪਿਉ ਆਪਣੇ ਹੰਝੂ ਬੱਚਿਆਂ ਲਈ ਬਚਾ ਕੇ ਨਹੀਂ ਰੱਖਦੇ। ਫਿਰ ਉਸ ਨੇ ਸਿਰਹਾਣੇ ਹੇਠੋਂ ਇਕ ਰੁਮਾਲ ਕੱਢਿਆ। ਮਾਂ ਦੀ ਤਸਵੀਰ ਤੇ ਮੇਰੇ ਬਚਪਨ ਦੀ ਇਕ ਫੋਟੋ। ‘ਸੰਭਾਲ ਕੇ ਰੱਖੀਂ।’ ਫਿਰ ਉਸ ਨੇ ਅੱਖਾਂ ਬੰਦ ਕਰ ਲਈਆਂ ਤੇ ਹੌਲੀ ਜਿਹੇ ਬੋਲਿਆ, ‘ਹੁਣ ਮੈਂ ਥੱਕ ਗਿਆ ਹਾਂ ਯਾਰ।’ ਇਹ ਉਸ ਦੇ ਆਖ਼ਰੀ ਬੋਲ ਸਨ। ਅੰਤਿਮ ਸੰਸਕਾਰ, ਭੋਗ, ਰਿਸ਼ਤੇਦਾਰ, ਸਭ ਕੁਝ ਇਕ ਧੁੰਦ ਵਾਂਗ ਲੰਘ ਗਿਆ। ਨੂੰ ਕੁਝ ਯਾਦ ਨਹੀਂ। ਬੱਸ ਇਹੀ ਯਾਦ ਹੈ ਕਿ ਉਸ ਦਿਨ ਤੋਂ ਬਾਅਦ ਘਰ ’ਚ ਅਜਿਹਾ ਖ਼ਾਲੀਪਣ ਆ ਗਿਆ ਸੀ, ਜਿਸ ਨੂੰ ਕੋਈ ਭਰ ਨਹੀਂ ਸਕਿਆ। ਕਈ ਮਹੀਨੇ ਬਾਅਦ ਮੈਂ ਉਸ ਦੀ ਅਲਮਾਰੀ ਖੋਲ੍ਹੀ। ਕੰਮ ਵਾਲੇ ਪੁਰਾਣੇ ਕੱਪੜਿਆਂ ਦੀ ਮਹਿਕ ਅਜੇ ਵੀ ਮੌਜੂਦ ਸੀ। ਹੇਠਲੇ ਖ਼ਾਨੇ ’ਚ ਉਹ ਕੰਬਲ ਪਿਆ ਸੀ। ਉਹੀ, ਜੋ ਮੈਂ ਉਸ ਲਈ ਲਿਆਇਆ ਸੀ। ਟੈਗ ਅਜੇ ਵੀ ਲੱਗਾ ਹੋਇਆ ਸੀ। ਮੈਂ ਕੰਬਲ ਚੁੱਕਿਆ ਤੇ ਮੇਰੇ ਹੱਥ ਕੰਬ ਗਏ। ਉਸ ਨੇ ਉਹ ਕਦੇ ਵਰਤਿਆ ਹੀ ਨਹੀਂ ਸੀ। ਸ਼ਾਇਦ ਸੋਚਦਾ ਹੋਵੇਗਾ, ‘ਨਵਾਂ ਏ, ਬਾਅਦ ਵਿਚ ਵਰਤ ਲਵਾਂਗਾ।’ ਪਰ ਉਹ ਬਾਅਦ ਕਦੇ ਨਹੀਂ ਆਇਆ। ਮੇਰੀਆਂ ਅੱਖਾਂ ’ਚ ਹੰਝੂ ਆ ਗਏ।
ਫਿਰ ਕੰਬਲ ਹੇਠ ਇਕ ਪੁਰਾਣੀ ਕਾਪੀ ਨਜ਼ਰ ਆਈ। ਮੈਂ ਖੋਲ੍ਹੀ। ਆਖ਼ਰੀ ਸਫ਼ੇ ਉੱਤੇ ਲਿਖਿਆ ਸੀ, ‘ਮੇਰਾ ਪੁੱਤ ਬਹੁਤ ਚੰਗਾ ਏ ਪਰ
ਉਸ ਦੀ ਜ਼ਿੰਦਗੀ ਬੜੀ ਔਖੀ ਤੇ ਜੇ ਮੈਂ ਚਲਾ ਜਾਵਾਂ…।’ ਮੇਰੀ ਨਜ਼ਰ ਧੁੰਦਲੀ ਹੋ ਗਈ। ਹੇਠਾਂ ਇਕ ਹੋਰ ਲਾਈਨ ਸੀ, ਬਹੁਤ ਕੰਬਦੀ ਹੋਈ ਲਿਖਾਈ ਵਿਚ। ‘ਉਹਨੂੰ ਕਦੇ ਨਾ ਦੱਸਣਾ ਕਿ ਮੈਂ ਇਕੱਲਾ ਸੀ। ਉਹ ਪਹਿਲਾਂ ਹੀ ਬਹੁਤ ਦੁਖੀ ਰਹਿੰਦਾ ਏ।’ ਬੱਸ ਉੱਥੇ ਮੈਂ ਟੁੱਟ ਗਿਆ ਪੂਰੀ ਤਰ੍ਹਾਂ। ਕਿਉਂਕਿ ਉਸ ਪਲ ਨੂੰ ਮੈਨੂੰ ਸਮਝ ਆ ਗਿਆ ਕਿ ਮੇਰਾ ਬਾਪੂ ਕਿੰਨਾ ਵੱਡਾ ਆਦਮੀ ਸੀ। ਉਹ ਮਰਨ ਵੇਲੇ ਵੀ ਆਪਣੇ ਦਰਦ ਬਾਰੇ ਨਹੀਂ ਸਗੋਂ ਉਹ ਮੇਰੇ ਬਾਰੇ ਸੋਚ ਰਿਹਾ ਸੀ। ਆਪਣੇ ਉਸ ਪੁੱਤ ਬਾਰੇ, ਜੋ ਸਾਰੀ ਉਮਰ ਇਹ ਸਮਝਦਾ ਰਿਹਾ ਕਿ ਉਹ ਆਪਣੇ ਪਿਉ ਨੂੰ ਪਿਆਰ ਕਰਦਾ ਹੈ, ਜਿਸ ਨੂੰ ਬਹੁਤ ਦੇਰ ਬਾਅਦ ਪਤਾ ਲੱਗਿਆ ਕਿ ਉਸ ਦਾ ਪਿਉ ਉਸ ਨੂੰ ਕਿਤੇ ਵੱਧ ਪਿਆਰ ਕਰਦਾ ਸੀ।
ਅੱਜ ਵੀ ਕਦੇ-ਕਦੇ ਰਾਤ-ਬਰਾਤੇ ਨੀਂਦ ਖੁੱਲ੍ਹਦੀ ਏ ਤਾਂ ਲੱਗਦਾ ਹੈ, ਜਿਵੇਂ ਵਿਹੜੇ ਵਿਚ ਕੋਈ ਬੈਠਾ ਹੋਵੇ ਤੇ ਮਾਂ ਨਾਲ ਹੌਲੀ-ਹੌਲੀ ਗੱਲਾਂ ਕਰਦਾ ਮੇਰੀ ਚਿੰਤਾ ਕਰ ਰਿਹਾ ਹੋਵੇ। ਫਿਰ ਮੈਂ ਅੱਖਾਂ ਬੰਦ ਕਰ ਲੈਂਦਾ ਹਾਂ ਕਿਉਂਕਿ ਮੈਂ ਜਾਣਦਾ ਹਾਂ, ਕੁਝ ਲੋਕ ਮਰਦੇ ਨਹੀਂ। ਉਹ ਆਪਣੇ ਬੱਚਿਆਂ ਦੇ ਪਛਤਾਵਿਆਂ, ਯਾਦਾਂ ਤੇ ਧੜਕਣਾਂ ’ਚ ਜਿਉਂਦੇ ਰਹਿੰਦੇ ਹਨ। ਤੇ ਮੇਰਾ ਬਾਪੂ ਅੱਜ ਵੀ ਮੇਰੇ ਅੰਦਰ ਜਿਉਂਦਾ ਹੈ।
- ਪ੍ਰੋ. ਮਨਜੀਤ ਅਣਖੀ