- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਮਰੋਜ਼ ਆਪ ਚਾਹ ਬਣਾ ਕੇ ਲਿਆਉਂਦਾ ਸੀ| ਉਸ ਦੀ ਸਾਦਗੀ ਅਤੇ ਨਿਮਰਤਾ ਵਿੱਚੋਂ ਅੰਮ੍ਰਿਤਾ ਜੀ ਪ੍ਰਤੀ ਉਸ ਦਾ ਸਮਰਪਣ ਭਾਵ ਸਾਫ਼ ਨਜ਼ਰ ਆਉਂਦਾ ਸੀ ਜੋ ਘਰ ਆਏ ਹਰ ਲੇਖਕ ਜਾਂ ਕਲਾਕਾਰ ਉਪਰ ਸਦੀਵੀ ਅਸਰ ਛੱਡ ਜਾਂਦਾ ਸੀ|

ਪੰਜਾਬੀ ਚਿੱਤਰਕਾਰ ਇਮਰੋਜ਼ ਬਾਈ ਦਸੰਬਰ ਨੂੰ ਮੁੰਬਈ ਵਿੱਚ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ ਹਨ| ਉਨ੍ਹਾਂ ਦੀ ਉਮਰ ਸਤਾਨਵੇਂ ਸਾਲ ਸੀ| ਇਮਰੋਜ਼ ਪੰਜਾਬ ਦੀ ਧਰਤੀ ’ਤੇ ਜਨਮ ਲੈਣ ਵਾਲਾ ਵੱਡਾ ਕਲਾਕਾਰ ਸੀ| ਉਸ ਨੇ ਚਿੱਤਰਕਾਰੀ ਵਿੱਚ ਨਵੇਂ ਪੜਾਅ ਕਾਇਮ ਕੀਤੇ| ਪੰਜਾਬੀ ਦੀਆਂ ਹਜ਼ਾਰਾਂ ਕਿਤਾਬਾਂ ਦੇ ਕਵਰ ਡਿਜ਼ਾਇਨ ਕੀਤੇ ਅਤੇ ਅਨੇਕ ਭਾਰਤੀ ਅਤੇ ਵਿਦੇਸ਼ੀ ਲੇਖਕਾਂ ਦੇ ਰੇਖਾ ਚਿੱਤਰ ਵਾਹੇ| ਇਮਰੋਜ਼ ਦਾ ਜਨਮ 26 ਜਨਵਰੀ 1926 ਨੂੰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਸੀ|
ਉਨ੍ਹਾਂ ਦਾ ਅਸਲੀ ਨਾਮ ਇੰਦਰਜੀਤ ਸਿੰਘ ਸੀ| ਜਿਥੇ ਉਸ ਦੀ ਪ੍ਰਸਿੱਧੀ ਪੰਜਾਬ ਦੇ ਸਾਹਿਤਕ ਚਿੱਤਰਕਾਰ ਵਜੋਂ ਸੀ ਉਥੇ ਹੀ ਵੀਹਵੀਂ ਸਦੀ ਦੀ ਪੰਜਾਬੀ ਦੀ ਸਭ ਤੋਂ ਵੱਧ ਪ੍ਰਸਿੱਧ ਲੇਖਿਕਾ ਅੰਮ੍ਰਿਤਾ ਪ੍ਰੀਤਮ ਨਾਲ ਮੁਹੱਬਤ ਕਰਕੇ ਵੀ ਉਹ ਸਾਹਿਤਕ ਹਲਕਿਆਂ ਵਿੱਚ ਖੂਬ ਜਾਣਿਆ-ਪਛਾਣਿਆ ਨਾ ਸੀ| ਜਦੋਂ ਸੰਨ 1966 ਈਸਵੀ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਦਿੱਲੀ ਤੋਂ ਪੰਜਾਬੀ ਦੇ ਇੱਕ ਸਾਹਿਤਕ ਰਸਾਲੇ ਨਾਗਮਣੀ ਦਾ ਪ੍ਰਕਾਸ਼ਨ ਸੁਰੂ ਕੀਤਾ ਤਾਂ ਇਮਰੋਜ਼ ਨੇ ਆਪਣੀਆਂ ਕਲਾ ਕਿਰਤਾਂ ਅਤੇ ਰੇਖਾ ਚਿੱਤਰਾਂ ਨਾਲ ਇਸ ਪਰਚੇ ਦੀ ਦਿੱਖ ਨੂੰ ਨਿਵੇਕਲਾ ਰੂਪ ਪ੍ਰਦਾਨ ਕੀਤਾ| ਇਮਰੋਜ਼ ਅਤੇ ਅੰਮ੍ਰਿਤਾ ਪ੍ਰੀਤਮ ਦੀ ਪਹਿਲੀ ਮੁਲਾਕਾਤ ਸੰਨ 1957 ਵਿੱਚ ਹੋਈ| ਦੋਵੇਂ ਹੀ ਸੱਚੇ ਅਤੇ ਕੋਮਲ ਚਿੱਤ ਕਲਾਕਾਰ ਸਨ| ਜਲਦੀ ਹੀ ਮੁਹੱਬਤ ਦੇ ਰਿਸ਼ਤੇ ਵਿੱਚ ਬੱਝੇ ਗਏ ਅਤੇ ਉਨ੍ਹਾਂ ਨੇ ਇਹ ਰਿਸ਼ਤਾ ਆਪਣੀ ਉਮਰ ਦੇ ਆਖ਼ਰੀ ਛਿਣਾਂ ਤੱਕ ਨਿਭਾਇਆ| ਪਿਛਲੇ ਕਈ ਦਹਾਕਿਆਂ ਤੋਂ ਉਹ ਪਿਆਰ ਕਰਨ ਵਾਲੀਆਂ ਦੀਆਂ ਦੰਦ-ਕਥਾਵਾਂ ਦੇ ਪਾਤਰ ਅਤੇ ਪ੍ਰੇਰਨਾ ਸਰੋਤ ਬਣੇ ਰਹੇ ਹਨ| ਮੇਰੇ ਸਮੇਤ ਬਹੁਤ ਸਾਰੇ ਪੰਜਾਬੀ ਦੇ ਲੇਖਕਾਂ ਨੂੰ ਹੌਜ ਖ਼ਾਸ, ਦਿੱਲੀ ਵਾਲੇ ਉਸ ਘਰ ਵਿੱਚ ਜਾਣ ਦਾ ਮੌਕਾ ਮਿਲਿਆ ਹੈ ਜੋ ਅੰਮ੍ਰਿਤਾ ਪ੍ਰੀਤਮ ਅਤੇ ਇਮਰੋਜ਼ ਦੀ ਕਰਮ ਭੂਮੀ ਹੋਇਆ ਕਰਦਾ ਸੀ| ਸਾਰੇ ਹੀ ਘਰ ਵਿੱਚ ਕਿਤਾਬਾਂ ਦੀਆਂ ਅਲਮਾਰੀਆਂ ਨਜ਼ਰ ਆਉਂਦੀਆਂ ਸਨ ਜਾਂ ਫਿਰ ਕਲਾ ਚਿੱਤਰ| ਆਪਣੀ ਹੀ ਕਿਸਮ ਦੇ ਇਸ ਘਰ ਵਿੱਚ ਇਮਰੋਜ਼ ਦੀ ਕਲਾ ਭਿੱਜੀ ਸ਼ਖ਼ਸੀਅਤ ਦਾ ਅਤੇ ਉਸ ਦੀ ਪਾਕ ਮੁਹੱਬਤ ਦਾ ਸੰਗੀਤ ਸੁਣਾਈ ਦਿੰਦਾ ਸੀ| ਆਪਣੇ ਜਾਂ ਅੰਮ੍ਰਿਤਾ ਜੀ ਦੇ ਹਰ ਮਹਿਮਾਨ ਲਈ ਇਮਰੋਜ਼ ਆਪ ਚਾਹ ਬਣਾ ਕੇ ਲਿਆਉਂਦਾ ਸੀ| ਉਸ ਦੀ ਸਾਦਗੀ ਅਤੇ ਨਿਮਰਤਾ ਵਿੱਚੋਂ ਅੰਮ੍ਰਿਤਾ ਜੀ ਪ੍ਰਤੀ ਉਸ ਦਾ ਸਮਰਪਣ ਭਾਵ ਸਾਫ਼ ਨਜ਼ਰ ਆਉਂਦਾ ਸੀ ਜੋ ਘਰ ਆਏ ਹਰ ਲੇਖਕ ਜਾਂ ਕਲਾਕਾਰ ਉਪਰ ਸਦੀਵੀ ਅਸਰ ਛੱਡ ਜਾਂਦਾ ਸੀ|
‘ਮੈਂ ਤੈਨੂੰ ਫੇਰ ਮਿਲਾਂਗੀ’
ਅੰਮ੍ਰਿਤਾ ਪ੍ਰੀਤਮ ਨੇ ਆਪਣੀ ਜੀਵਨ ਯਾਤਰਾ ਸੰਨ 2005 ਈਸਵੀ ਵਿੱਚ ਪੂਰੀ ਕੀਤੀ ਅਤੇ ਇਮਰੋਜ਼ ਨੂੰ ਆਪਣੀ ਕਵਿਤਾ Tਮੈਂ ਤੈਨੂੰ ਫੇਰ ਮਿਲਾਂਗੀ ਵਿੱਚ ਇਸ ਤਰ੍ਹਾਂ ਅਲਵਿਦਾ ਕਹੀ :
ਮੈਂ ਤੈਨੂੰ ਫੇਰ ਮਿਲਾਂਗੀ
ਕਿੱਥੇ ? ਕਿਸ ਤਰ੍ਹਾਂ ? ਪਤਾ ਨਹੀਂ
ਸ਼ਾਇਦ ਤੇਰੇ ਤਖ਼ਈਅਲ ਦੀ ਚਿਣਗ ਬਣ ਕੇ
ਤੇਰੀ ਕੈਨਵਸ ’ਤੇ ਉਤਰਾਂਗੀ
ਜਾਂ ਖ਼ੌਰੇ ਤੇਰੀ ਕੈਨਵਸ ਦੇ ਉੱਤੇ
ਇਕ ਰਹੱਸਮਈ ਲਕੀਰ ਬਣ ਕੇ
ਖ਼ਾਮੋਸ਼ ਤੈਨੂੰ ਤੱਕਦੀ ਰਵਾਂਗੀ
ਜਾਂ ਖ਼ੌਰੇ ਸੂਰਜ ਦੀ ਲੋਅ ਬਣ ਕੇ
ਤੇਰੇ ਰੰਗਾਂ ਵਿੱਚ ਘੁਲਾਂਗੀ
ਜਾਂ ਰੰਗਾਂ ਦੀਆਂ ਬਾਹਵਾਂ ਵਿੱਚ ਬੈਠ ਕੇ
ਤੇਰੀ ਕੈਨਵਸ ਨੂੰ ਵਲਾਂਗੀ
ਪਤਾ ਨਹੀ ਕਿਸ ਤਰ੍ਹਾਂ-ਕਿੱਥੇ
ਪਰ ਤੈਨੂੰ ਜ਼ਰੂਰ ਮਿਲਾਂਗੀ
ਜਾਂ ਖ਼ੌਰੇ ਇਕ ਚਸ਼ਮਾ ਬਣੀ ਹੋਵਾਂਗੀ
ਤੇ ਜਿਵੇ ਝਰਨਿਆਂ ਦਾ ਪਾਣੀ ਉੱਡਦਾ
ਮੈਂ ਪਾਣੀ ਦੀਆਂ ਬੂੰਦਾਂ
ਤੇਰੇ ਪਿੰਡੇ ’ਤੇ ਮਲਾਂਗੀ
ਤੇ ਇਕ ਠੰਢਕ ਜਿਹੀ ਬਣ ਕੇ
ਤੇਰੀ ਛਾਤੀ ਦੇ ਨਾਲ ਲੱਗਾਂਗੀ
ਮੈਂ ਹੋਰ ਕੁਝ ਨਹੀਂ ਜਾਣਦੀ
ਪਰ ਏਨਾ ਜਾਣਦੀ
ਕਿ ਵਕਤ ਜੋ ਵੀ ਕਰੇਗਾ
ਇਹ ਜਨਮ ਮੇਰੇ ਨਾਲ ਤੁਰੇਗਾ
ਇਹ ਜਿਸਮ ਮੁੱਕਦਾ ਹੈ
ਤਾਂ ਸਭ ਕੁੱਝ ਮੁੱਕ ਜਾਂਦਾ
ਪਰ ਚੇਤਿਆਂ ਦੇ ਧਾਗੇ
ਕਾਇਨਾਤੀ ਕਣਾਂ ਦੇ ਹੁੰਦੇ
ਮੈਂ ਉਨ੍ਹਾਂ ਕਣਾਂ ਨੂੰ ਚੁਣਾਂਗੀ
ਧਾਗਿਆਂ ਨੂੰ ਵਲਾਂਗੀ
ਤੇ ਤੈਨੂੰ ਮੈਂ ਫੇਰ ਮਿਲਾਂਗੀ |
ਕਲਮ ਦਾ ਸਫ਼ਰ
ਅੰਮ੍ਰਿਤਾ ਪ੍ਰੀਤਮ ਦੀ ਮੌਤ ਤੋਂ ਬਾਦ ਇਮਰੋਜ਼ ਨੇ ਬੁਰਸ਼ ਇੱਕ ਪਾਸੇ ਰੱਖ ਦਿੱਤਾ ਅਤੇ ਆਪਣੇ ਹੱਥ ਵਿੱਚ ਕਲਮ ਫੜ ਲਈ| ਉਸ ਨੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ| ਜੋ ਦੋ ਕਿਤਾਬਾਂ ਦੇ ਰੂਪ ਵਿੱਚ ਛਪ ਕੇ ਪਾਠਕਾਂ ਦੇ ਹੱਥਾਂ ਤਕ ਪਹੁੰਚੀਆਂ| ਉਸ ਦੀਆਂ ਕਵਿਤਾਵਾਂ ਵਿੱਚ ਜ਼ਿੰੰਦਗੀ, ਪਿਆਰ, ਅਤੇ ਕਲਾ ਦੀ ਸੱਚੀ ਸੁੱਚੀ ਨੁਹਾਰ ਦੇ ਨਕਸ ਤਰਾਸੇ ਗਏ| ਉਸ ਦੀਆਂ ਕਵਿਤਾਵਾਂ ਵਿੱਚਲਾ ਸੰਜਮ ਧਿਆਨ ਖਿੱਚਦਾ ਹੈ ਅਤੇ ਉਨ੍ਹਾਂ ਵਿੱਚੋਂ ਚਿੱਤਰਕਾਰੀ ਦੇ ਝਲਕਾਰੇ ਨਜ਼ਰ ਆਉਂਦੇ ਨੇ| ਕੁਝ ਸਾਲ ਪਹਿਲਾਂ ਮੈਨੂੰ ਉਨ੍ਹਾਂ ਦਾ ਨਵੇਂ ਵਰ੍ਹੇ ਦਾ ਸੁਭ ਇੱਛਾਵਾਂ ਵਾਲਾ ਕਾਰਡ ਮਿਲਿਆ ਤਾਂ ਉਸ ਵਿੱਚ ਉਨ੍ਹਾਂ ਨੇ ਇੱਕ ਕਵਿਤਾ ਵੀ ਲਿਖੀ ਸੀ| ਹੇਠਾਂ ਦਰਜ ਇਸ ਕਵਿਤਾ ਰਾਹੀਂ ਉਨ੍ਹਾਂ ਦਾ ਕਲਾ ਅਤੇ ਜ਼ਿੰਦਗੀ ਪ੍ਰਤੀ ਨਜ਼ਰੀਆ ਦੇਖ ਕੇ ਪੰਜਾਬ ਦੀ ਉਸ ਜਰਖੇਜ਼ ਮਿੱਟੀ ਉਪਰ ਮਾਣ ਮਹਿਸੂਸ ਹੁੰਦਾ ਹੈ ਜਿਸ ਵਿੱਚੋਂ ਇਮਰੋਜ਼ ਵਰਗੇ ਕਲਾਕਾਰ ਪੈਦਾ ਹੁੰਦੇ ਹਨ|
ਜਦੋਂ ਦੀ ਕਲਾ ਨੂੰ ਹੋਸ਼ ਆਈ ਹੈ
ਉਹ ਜ਼ਿੰਦਗੀ ਬਣਨਾ ਚਾਹ ਰਹੀ ਹੈ
ਪਰ ਉਹ ਅਜੇ ਤੱਕ ਕਲਾ ਹੀ ਹੈ
ਜ਼ਿੰਦਗੀ ਨਹੀਂ ਬਣੀ
ਕਲਾ
ਸਜਾਵਟ ਬਣੀ ਹੈ
ਨੁਮਾਇਸ਼ ਬਣੀ ਹੈ
ਤਫ਼ਰੀਹ ਬਣੀ ਹੈ
ਮਾਇਫ਼ਲ ਬਣੀ ਹੈ
ਤੇ ਕਿੰਨਾ ਕੁਝ ਹੋਰ ਵੀ
ਪਰ ਜ਼ਿੰਦਗੀ ਨਹੀਂ ਬਣ ਪਾਈ
ਕੀ ਉਹ ਕਲਾ
ਅਜੇ ਨਹੀਂ ਹੋਈ
ਜੋ ਜ਼ਿੰਦਗੀ ਬਣ ਸਕੇ
ਜਾਂ ਉਸ ਨੂੰ
ਕਲਾਕਾਰ ਹੀ
ਆਪਣੇ ਹਾਣ ਦਾ
ਨਹੀਂ ਮਿਲਿਆ .
ਪੰਜਾਬ ਦੇ ਇਸ ਮਹਾਨ ਕਲਾਕਾਰ ਅਤੇ ਲੇਖਕ ਨੂੰ ਮੈਂ ਦਿਲੋਂ ਸ਼ਰਧਾਂਜਲੀ ਪ੍ਰਗਟ ਕਰਦਾ ਹਾਂ|
-ਪਰਮਿੰਦਰ ਸੋਢੀ
+81 905966 8670