ਤਾਈ ਨੇ ਫੇਰ ਪੰਦਰਾਂ ਵੀਹ ਮਿੰਟਾਂ ਬਾਅਦ ਕੱਪ ਚੁੱਕਣ ਆਉਣਾ ਤਾਂ ਤਾਏ ਨੇ ਘੁੱਟ ਭਰ ਕੇ ਕਹਿਣਾ, ‘ਉਹ ਯਾਰ, ਚਾਹ ਤਾਂ ਠੰਢੀ ਹੋ ਗਈ, ਮਾੜੀ ਜਿਹੀ ਗਰਮ ਕਰ ਲਿਆ।’ ਤਾਈ ਨੇ ਬੁੜ-ਬੁੜ ਕਰਦੀ ਨੇ ਫੇਰ ਚਾਹ ਗਰਮ ਕਰ ਕੇ ਲਿਆਉਣੀ। ਚਾਹ ਫੇਰ ਠੰਢੀ ਹੋ ਜਾਣੀ। ਤਾਏ ਨੇ ਤਾਈ ਤੋਂ ਡਰਦੇ ਨੇ ਮੋਟੀਆਂ-ਮੋਟੀਆਂ ਘੁੱਟਾਂ ਭਰ ਲੈਣੀਆਂ, ਜਦ ਤਾਇਆ ਦਰਾਜ਼ ’ਤੇ ਕੱਪ ਰੱਖਣ ਲੱਗਿਆ ਤਾਂ ਕੱਪ ਹੇਠਾਂ ਡਿੱਗ ਕੇ ਟੁੱਟ ਗਿਆ। ਤਾਏ ਦਾ ਧਿਆਨ ਤਾਂ ਮੋਬਾਈਲ ’ਚ ਸੀ। ਖੜਕਾ ਸੁਣ ਕੇ ਤਾਈ ਘੁਰਕੀ ਲੈ ਕੇ ਪਈ, ‘ਤੋੜ ਤਾਂ !!
ਤਾਏ ਬਿਸ਼ਨ ਸਿਉਂ ਨੂੰ ਜਦ ਵੀ ਵਿਹਲ ਮਿਲਦਾ ਝੱਟ ਮੋਬਾਈਲ ਵੇਖਣ ਲੱਗ ਜਾਂਦਾ। ਸਵੇਰੇ ਉੱਠਦੇ ਸਾਰ ਵ੍ਹਟਸਐਪ ਖੋਲ੍ਹ ਲੈਂਦਾ ਜਾਂ ਯੂ-ਟਿਊਬ ਅਤੇ ਇੰਸਟਾਗ੍ਰਾਮ ਵੇਖਦਾ। ਇਸ ਵਿਚ ਤਾਏ ਦਾ ਕੀ ਕਸੂਰ ਸੀ? ਤਾਇਆ ਬਹੁਤ ਗਰੁੱਪਾਂ ਨਾਲ ਜੁੜਿਆ ਹੋਇਆ ਸੀ। ਸ਼ੇਅਰ ਚੈਟ ਅਤੇ ਫੇਸਬੁੱਕ ਵੀ ਚਲਾਉਂਦਾ ਸੀ। ਤਾਏ ਨੂੰ ਇਕ ਭੈੜੀ ਆਦਤ ਪੈ ਗਈ। ਉਹ ਸੋਹਣੀਆਂ-2 ਕੁੜੀਆਂ ਦੀਆਂ ਫੋਟੋਆਂ ਡੀਲੀਟ ਨਾ ਕਰਦਾ। ਤਾਈ ਤੋਂ ਡਰਦਾ ਲੁਕਾਈਆਂ ਹੋਈਆਂ ਐਲਬੰਮਾਂ ਵਿਚ ਭੇਜ ਦਿੰਦਾ। ਜਦ ਤਾਈ ਘਰ ਨਾ ਹੁੰਦੀ, ਮਨ ਨੂੰ ਬਹਿਲਾਉਣ ਲਈ ਉਹੀ ਦੇਖਦਾ ਰਹਿੰਦਾ, ਜਾਂ ਯੂ ਟਿਊਬ ਦੇਖਦਾ। ਅੱਧੀ ਬੈਟਰੀ ਅੱਠ ਨੌਂ ਵੱਜਦੇ ਨੂੰ ਚੱਕ ਦਿੰਦਾ।
ਜੇ ਤਾਈ ਨੇ ਕਹਿਣਾ, ‘ਉੱਠਦੇ ਸਾਰ ਮੋਬਾਈਲ ਚੁੱਕ ਲਿਆ, ਉੱਠ ਕੇ ਬਰੱਸ਼ ਕਰ ਲੈ, ਮੈਂ ਕਦੋਂ ਦੀ ਚਾਹ ਬਣਾਈ ਬੈਠੀ ਹਾਂ, ਸਾਰੀ ਦਿਹਾੜੀ ਇਸ ਦੇ ਨਾਲ ਹੀ ਖੇਹ ਖਾਣੀ ਹੈ, ਖਾ ਪੀ ਵੇਲੇ ਸਿਰ ਲਿਆ ਕਰ।’ ਤਾਏ ਨੇ ਕਹਿਣਾ, ‘ਬੁਰਸ਼ ਕਰਨ ਨੂੰ ਕੀ ਐ, ਸ਼ੇਰਾਂ ਦੇ ਮੂੰਹ ਕਿਹਨੇ ਧੋਤੇ ਐ, ਚਾਹ ਚੱਕ ਕੇ ਲਿਆ, ਬੁਰਸ਼ ਨਹਾਉਣ ਵੇਲੇ ਕਰ ਲੂ।’
ਤਾਈ ਚਾਹ ਦਾ ਕੱਪ ਬੈੱਡ ਦੇ ਦਰਾਜ਼ ’ਤੇ ਰੱਖ ਜਾਂਦੀ ਪਰ ਤਾਇਆ ਮੋਬਾਈਲ ਵਿਚ ਖੁੱਬਿਆ ਚਾਹ ਵੱਲ ਧਿਆਨ ਨਾ ਦਿੰਦਾ। ਜੇ ਤਾਈ ਨੇ ਆ ਕੇ ਕਹਿਣਾ, ‘ਡੱਫ਼ ਲੈ ਚਾਹ, ਫੇਰ ਵੇਖ ਲਈ ਛੱਡ ਦੇ ਇਸ ਦਾ ਖਹਿੜਾ, ਸਾਰੀ ਦਿਹਾੜੀ ਪਈ ਹੈ।’ ਤਾਂ ਤਾਏ ਨੇ ਕਹਿਣਾ, ‘ਚਾਹ ਤੱਤੀ ਹੈ ਮੈਂ ਸੰਘ ਫੂਕਣਾ? ਘੁੱਟ ਭਰ ਕੇ ਵੇਖੀ ਹੈ, ਪੀ ਲੈਨਾਂ।’
ਤਾਈ ਨੇ ਫੇਰ ਪੰਦਰਾਂ ਵੀਹ ਮਿੰਟਾਂ ਬਾਅਦ ਕੱਪ ਚੁੱਕਣ ਆਉਣਾ ਤਾਂ ਤਾਏ ਨੇ ਘੁੱਟ ਭਰ ਕੇ ਕਹਿਣਾ, ‘ਉਹ ਯਾਰ, ਚਾਹ ਤਾਂ ਠੰਢੀ ਹੋ ਗਈ, ਮਾੜੀ ਜਿਹੀ ਗਰਮ ਕਰ ਲਿਆ।’ ਤਾਈ ਨੇ ਬੁੜ-ਬੁੜ ਕਰਦੀ ਨੇ ਫੇਰ ਚਾਹ ਗਰਮ ਕਰ ਕੇ ਲਿਆਉਣੀ। ਚਾਹ ਫੇਰ ਠੰਢੀ ਹੋ ਜਾਣੀ। ਤਾਏ ਨੇ ਤਾਈ ਤੋਂ ਡਰਦੇ ਨੇ ਮੋਟੀਆਂ-ਮੋਟੀਆਂ ਘੁੱਟਾਂ ਭਰ ਲੈਣੀਆਂ, ਜਦ ਤਾਇਆ ਦਰਾਜ਼ ’ਤੇ ਕੱਪ ਰੱਖਣ ਲੱਗਿਆ ਤਾਂ ਕੱਪ ਹੇਠਾਂ ਡਿੱਗ ਕੇ ਟੁੱਟ ਗਿਆ। ਤਾਏ ਦਾ ਧਿਆਨ ਤਾਂ ਮੋਬਾਈਲ ’ਚ ਸੀ। ਖੜਕਾ ਸੁਣ ਕੇ ਤਾਈ ਘੁਰਕੀ ਲੈ ਕੇ ਪਈ, ‘ਤੋੜ ਤਾਂ !! ਕਰਤਾ ਸੈੱਟ ਖਰਾਬ ! ਇਸ ਬੰਦੇ ਨੇ ਪਤਾ ਨ੍ਹੀਂ ਕਿੰਨੇ ਕੱਪ ਤੋੜ ਤੇ, ਅੱਗ ਲੱਗ ਜਾਵੇ ਇਹਦੇ ਮੋਬਾਈਲ ਨੂੰ, ਮੈਂ ਇਕ ਦਿਨ ਭੰਨ ਦੇਣਾ ਅੱਕੀ ਹੋਈ ਨੇ। ਕਿੰਨੀ ਵਾਰੀ ਕਿਹਾ ਪਹਿਲਾਂ ਚਾਹ ਫੂਕ ਲਿਆ ਕਰ, ਰੱਬ ਦਿਆ ਬੰਦਿਆਂ, ਕਿਉਂ ਮੈਨੂੰ ਸਵੇਰੇ-ਸਵੇਰੇ ਤਪਾਉਣ ਲੱਗ ਜਾਨਾਂ।’ ਟੁਕੜੇ ਚੁੱਕਦੀ ਤਾਈ ਕਿੰਨਾ ਕੁਝ ਬੋਲੀ ਗਈ ਪਰ ਤਾਇਆ ਢੀਠ ਜਿਹਾ ਹੋ ਕੇ ਮੋਬਾਈਲ ਵੇਖੀ ਜਾਂਦਾ।
ਜਦ ਤਾਈ ਦਾ ਬਾਪੂ ਰਿਸ਼ਤਾ ਕਰਨ, ਬਿਸ਼ਨ ਸਿਉਂ ਨੂੰ ਦੇਖਣ ਆਇਆ, ਹਾਂ ਕਰ ਕੇ ਰਿਸ਼ਤਾ ਪੱਕਾ ਕਰ ਗਿਆ। ਤਾਂ ਘਰ ਜਾ ਕੇ ਮੁੰਡੇ ਦੀਆਂ ਸਿਫ਼ਤਾਂ ਕਰਦਾ ਆਪਣੀ ਪਤਨੀ ਨੂੰ ਕਹਿਣ ਲੱਗਿਆ, ‘ਚਿੰਤੀਏ ਮੁੰਡਾ ਬਹੁਤ ਸਾਊ ਹੈ, ਮੇਰੇ ਅੱਗੇ ਉਸ ਨੇ ਅੱਖ ਨਹੀਂ ਚੱਕੀ, ਨੀਵੀਂ ਪਾਈ ਬੈਠਾ ਰਿਹਾ। ਜੇ ਕੋਈ ਗੱਲ ਪੁੱਛਦਾ ਸੀ ਤਾਂ ਹੌਲੀ ਦੇ ਕੇ ਨੀਵੀਂ ਪਾਈ ਜਵਾਬ ਦਿੰਦਾ ਸੀ।’ ਤਾਈ ਨੂੰ ਸਹੁਰੇ ਘਰ ਜਾ ਕੇ ਪਤਾ ਲੱਗਿਆ ਕਿ ਇਹ ਨੀਵੀਂ ਮੇਰੇ ਬਾਪੂ ਤੋਂ ਸ਼ਰਮਾਉਂਦਾ ਨਹੀਂ ਸੀ ਪਾਉਂਦਾ। ਨੀਵੀਂ ਪਾਉਣ ਦੀ ਆਦਤ ਤਾਂ ਇਹਨੂੰ ਮੋਬਾਈਲ ਦੇਖਣ ਕਰਕੇ ਪਈ ਹੋਈ ਸੀ।
ਤਾਇਆ ਜੇ ਕਿਤੇ ਰਿਸ਼ਤੇਦਾਰੀ ਵਿਚ ਜਾਂਦਾ, ਫੋਨ ਦੀ ਬੈਟਰੀ ਫੁੱਲ ਕਰ ਲੈ ਕੇ ਜਾਂਦਾ। ਬੱਸ ਵਿਚ ਬੈਠਦੇ ਸਾਰ ਕੱਢ ਲੈਂਦਾ। ਜੇ ਕੰਡਕਟਰ ਟਿਕਟ ਲਈ ਵਾਜਾਂ ਮਾਰਦਾ ਤਾਂ ਤਾਏ ਨੇ ਮੋਬਾਈਲ ’ਚ ਖੁੱਭੇ ਨੇ ਅਣਸੁਣਿਆ ਕਰ ਦੇਣਾ, ਫੇਰ ਕੰਡਕਟਰ ਨੇ ਕਹਿਣਾ, ‘ਉਏ ਭਾਊ ਟਿਕਟ ਤਾਂ ਕਟਾ ਲੈ ਮੋਬਾਈਲ ਵੇਖੀ ਜਾਨਾਂ, ਜੇ ਚੈੱਕਰ ਚੜ੍ਹ ਗਿਆ ਹੋਰ ਨਾ ਕੋਈ ਪੰਗਾ ਖੜ੍ਹਾ ਕਰ ਦੇਈ।’ ਤਾਏ ਨੇ ਤਾਂ ਟਿਕਟ ਕਟਾਉਣੀ। ਤਾਏ ਨੇ ਮੋਬਾਈਲ ਵੇਖਦੇ ਵੇਖਦੇ ਨੇ ਆਪਣਾ ਅੱਡਾ ਲੰਘਾ ਲਿਆ। ਬੱਸ ਕਿੰਨੇ ਹੀ ਕਿਲੋਮੀਟਰ ਅੱਗੇ ਲੰਘ ਆਈ। ਜਦ ਤਾਏ ਨੂੰ ਪਤਾ ਲੱਗਿਆ ਕਿ ਮੈਂ ਤਾਂ ਪਿੱਛੇ ਉਤਰਨਾ ਸੀ। ਘਬਰਾਇਆ ਹੋਇਆ ਕਡੰਕਟਰ ਨੂੰ ਕਹਿੰਦਾ, ‘ਜੀ ਰੋਕਿਓ ਬੱਸ, ਮੈਂ ਤਾਂ ਪਿੱਛੇ ਉਤਰਨਾ ਸੀ।’ ਕਡੰਕਟਰ ਗੁੱਸੇ ਹੁੰਦਾ ਬੋਲਦਾ, ‘ਹੁਣ ਅਗਲੇ ਅੱਡੇ ’ਤੇ ਉੱਤਰੀ, ਮੈਂ ਅਵਾਜ਼ਾਂ ਮਾਰਦਾ ਰਿਹਾ, ਤੂੰ ਮੋਬਾਈਲ ’ਚ ਵੜਿਆ ਹੋਇਆ ਸੀ।’
ਰਿਸ਼ਤੇਦਾਰਾਂ ਦੇ ਘਰ ਜਾ ਕੇ ਤਾਇਆ ਦੁਆ ਸਲਾਮ ਕਰਕੇ ਮੋਬਾਈਲ ਕੱਢ ਲੈਂਦਾ, ਅਗਲਿਆਂ ਨੇ ਕਹਿਣਾ, ‘ਬਿਸ਼ਨ ਸਿਉਂ ਭਾਈ ਚਾਹ ਪੀ ਲੈ ਮੱਖੀ ਨਾ ਡਿੱਗ ਪਵੇ, ਇਹ ਫੇਰ ਵੇਖ ਲਈ, ਸੁਣਾ ਕੋਈ ਗੱਲਬਾਤ ਘਰ ਦੀ, ਤੂੰ ਆਉਂਦੀ ਸਾਰ ਮੋਬਾਈਲ ਨੂੰ ਚਿੰਬੜ ਗਿਆ।’ ਤਾਇਆ ਸਿੱਧਾ ਜਿਹਾ ਪੈ ਗਿਆ, ਉਹ ਚਾਹ ਦੀਆਂ ਘੁੱਟਾ ਭਰਦਾ ਮੋਬਾਈਲ ਵੇਖੀ ਜਾਵੇ। ਰੋਟੀ ਪਾਣੀ ਖਾ ਕੇ ਦੁਆ ਸਲਾਮ ਕਰਕੇ ਤੁਰ ਪਿਆ। ਰਿਸ਼ਤੇਦਾਰਾਂ ਨੇ ਕਹਿਣਾ, ‘ਕੁੱਤਾ ਕਪਾਹ ’ਚੋਂ ਲੰਘ ਜੂ, ਕੀ ਰਜ਼ਾਈ ਭਰਾ ਲੂੰ’ ਉਹ ਕੰਮ ਬਿਸ਼ਨ ਸਿਉਂ ਦਾ। ਜਿਹੋ ਜਿਹਾ ਆਇਆ ਜਾਂ ਨਾ ਆਇਆ ਇਕ ਬਰਾਬਰ ਹੈ। ਨਾਂ ਕੋਈ ਗੱਲਬਾਤ ਕੀਤੀ ਨਾਂ ਮੋਬਾਈਲ ਦਾ ਹੀ ਖਹਿੜਾ ਛੱਡਿਆ।
ਤਾਏ ਨੇ ਕਈ ਸਾਲ ਪ੍ਰਾਈਵੇਟ ਸਕੂਲ ’ਚ ਨੌਕਰੀ ਕੀਤੀ ਸੀ। ਤਾਇਆ ਜਮਾਤ ਨੂੰ ਪੜ੍ਹਾਉਂਦਿਆਂ ਮੋਬਾਈਲ ਵੇਖੀ ਜਾਂਦਾ ਸੀ। ਕੁੜੀਆਂ ਨੇ ਤਾਏ ਦੀ ਸ਼ਿਕਾਇਤ ਪ੍ਰਿੰਸੀਪਲ ਕੋਲ ਲਾ ਦਿੱਤੀ। ਰਿੰਸੀਪਲ ਆ ਕੇ ਤਾਏ ਨਾਲ ਲੜ ਪਿਆ। ਤਾਏ ਨੇ ਨੌਕਰੀ ਛੱਡ ਦਿੱਤੀ।
ਤਾਏ ਨੇ ਸ਼ਾਮ ਨੂੰ ਅਧੀਏ ਪਊਏ ਦਾ ਜੁਗਾੜ ਕਰਨ ਲਈ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਟਿਊਸ਼ਨਾਂ ਰੱਖ ਲਈਆਂ। ਵਿਦਿਆਰਥੀਆਂ ਨੂੰ ਅਲੱਗ-ਅਲੱਗ ਟਾਇਮ ਦੇ ਰੱਖਿਆ ਸੀ। ਤਾਇਆ ਟਿਊਸ਼ਨਾਂ ਤੇ ਆਏ ਬੱਚਿਆਂ ਨੂੰ ਕੰਮ ਦੱਸ ਕੇ ਆਪ ਮੋਬਾਈਲ ਦੇਖਣ ਲੱਗ ਜਾਂਦਾ, ਜੇ ਕੋਈ ਬੱਚਾ ਪੁੱਛਦਾ, ਜੀ ਆਹ ਸਮਝਾਇਓ ਤਾਂ ਅੱਗੋਂ ਤਾਇਆ ਕਹਿ ਦਿੰਦਾ, ‘ਰੁਕ ਦੋ ਮਿੰਟ ਦੱਸਦਾ।’ ਮੁੰਡੇ ਪਿੱਠ ਪਿੱਛੇ ਕਹਿੰਦੇ, ‘ਯਾਰ ਤਾਇਆ ਮੋਬਾਈਲ ਲੈ ਕੇ ਬੈਠ ਜਾਂਦਾ, ਕੀ ਗੱਲ ਅਸੀਂ ਟਿਊਸ਼ਨ ਦੇ ਰੁਪਏ ਨਹੀਂ ਦਿੰਦੇ, ਪੜ੍ਹਾਉਣ ਨਾਲੋਂ ਮੋਬਾਈਲ ਨੂੰ ਜ਼ਿਆਦਾ ਸਮਾਂ ਦਿੰਦਾ।’ ਕਈ ਬੱਚੇ ਤਾਂ ਤਾਏ ਦੀ ਇਹ ਆਦਤ ਦੇਖ ਕੇ ਟਿਊਸ਼ਨ ਹੀ ਛੱਡ ਗਏ।
ਇਕ ਦਿਨ ਤਾਏ ਨੂੰ ਕਿਸੇ ਮਿਲਣ ਆਏ ਬੰਦੇ ਨੇ ਗੇਟ ’ਤੇ ਖੜ੍ਹ ਕੇ ਹਾਕ ਮਾਰੀ, ਤਾਇਆ ਮੋਬਾਈਲ ਵੇਖਦਾ ਵੇਖਦਾ ਅੰਦਰ ਰੱਖ ਕੇ ਬਾਹਰ ਨੂੰ ਚਲਾ ਗਿਆ। ਇਕ ਸ਼ੈਤਾਨ ਕੁੜੀ ਨੇ ਫੋਨ ਚੁੱਕਿਆ ਝੱਟ ਜਾ ਕੇ ਤਾਈ ਨੂੰ ਮੋਬਾਈਲ ਵਿਖਾਉਣ ਲੱਗੀ। ਤਾਈ ਵੇਖ ਤਾਇਆ ਸਾਨੂੰ ਪੜ੍ਹਾਉਂਦਾ ਘੱਟ ਆ ਤੇ ਸੋਹਣੀਆਂ-ਸੋਹਣੀਆਂ ਕੁੜੀਆਂ ਦੇਖਦਾ ਰਹਿੰਦਾ, ਆਹ ਵੇਖ ਲੈ ਜੇ ਮੇਰਾ ਸੱਚ ਨੀ ਆਉਂਦਾ।
ਤਾਈ ਝੂਰਦੀ ਹੋਈ ਮੱਥੇ ’ਤੇ ਹੱਥ ਮਾਰਦੀ ਬੋਲੀ, ‘ਬੂ ਮੈਂ ਮਰਜਾਂ, ਵੇਖ ਚੌਰ੍ਹੇ ਨੂੰ ਸ਼ਰਮ ਨ੍ਹੀਂ ਆਉਂਦੀ ਧੌਲਾਂ ਝਾਟਾ, ਮੈਂ ਵੀ ਸੋਚ ਦੀ ਹਾਂ ਇਹ ਚੱਤੋ ਪਹਿਰ ਮੋਬਾਈਲ ਦਾ ਖਹਿੜਾ ਕਿਉਂ ਨੀ ਛੱਡਦਾ। ਇਹਨੇ ਆਪਣੀ ਨਿਗਾਹ ਘਟਾ ਲੈਣੀ, ਹੋਰ ਨਾ ਲੈਨਜ਼ ਪਾਉਣੇ ਪੈਣ। ਕਿਵੇਂ ਛੁਡਾਵਾਂ ਇਹਦਾ ਖਹਿੜਾ ਜੇ ਬਹੁਤਾ ਟੋਕਦੀ ਹਾਂ, ਫੇਰ ਲੜ ਪੈਂਦਾ, ਜੁਵਾਕਾਂ ਵਾਗੂੰ ਰੋਟੀ ਛੱਡ ਦਿੰਦਾ। ਅੱਗੇ ਆਖੂ ਤੈਨੂੰ ਤਾਂ ਮੇਰਾ ਮੋਬਾਈਲ ਚੁੱਭਦਾ ਰਹਿੰਦਾ, ਮੈਂ ਤਾਂ ਭੋਰੇ ਵਾਲੇ ਸਾਧ ਦੇ ਪੰਜ ਵੀਰਵਾਰ ਚੌਂਕੀਆਂ ਭਰ ਆਈ ਹਾਂ। ਸਾਧ ਵੱਲੋਂ ਦਿੱਤੀਆਂ ਪੁੜੀਆਂ ਵੀ ਸ਼ਿਕੰਜਵੀਂ ਵਿੱਚ ਘੋਲ ਕੇ ਦਿੱਤੀਆਂ ਨੇ ਬਈ ਨਿੰਬੂ ਪਾਣੀ ’ਚ ਪੁੜੀਆਂ ਦਾ ਪਤਾ ਨਹੀਂ ਲੱਗੂ ਪਰ ਇਹਦੇ ’ਤੇ ਕੋਈ ਅਸਰ ਨੀ ਹੋਇਆ।’’
ਐਤਵਾਰ ਦਾ ਦਿਨ ਸੀ। ਤਾਇਆ ਬੱਚਿਆਂ ਨੂੰ ਕੰਮ ਦੇ ਕੇ ਆਪ ਸਵੇਰ ਦੀ ਰੋਟੀ ਖਾ ਕੇ ਅਖ਼ਬਾਰ ਪੜ੍ਹਨ ਲੱਗਿਆ। ਪੜ੍ਹਦਾ-ਪੜ੍ਹਦਾ ਸੌਂ ਗਿਆ। ਇੰਨੇ ਨੂੰ ਇਕ ਹੱਟਾ ਕੱਟਾ ਸਾਧ ਗਜ਼ਾ ਕਰਦਾ ਤਾਈ ਦੇ ਦਰਾਂ ਤੇ ਆ ਕੇ ਗਜ਼ਾ ਪਾਉਣ ਲਈ ਕਿਹਾ। ਅੱਕੀ ਹੋਈ ਤਾਈ ਨੇ ਸਾਧ ਨੂੰ ਰਾਤ ਦੀਆਂ ਚਾਰ ਪੰਜ ਰੋਟੀਆਂ ਫੜਾਉਂਦੀ ਬੋਲੀ, ‘ਬਾਬਾ ਆ ਮੋਬਾਈਲ ਲੈ ਜਾ ਮੇਰਾ ਆਦਮੀ ਇਹਦਾ ਖਹਿੜਾ ਨ੍ਹੀਂ ਛੱਡਦਾ, ਗੱਲ ਸੁਣ ਆਹ ਦੋ ਸੌ ਰੁਪਇਆ ਫੜ, ਹੁਣ ਤੂੰ ਪਿੰਡ ਵਿਚ ਕਿਸੇ ਤੋਂ ਖੈ਼ਰ ਨਾ ਮੰਗੀ, ਜਿੰਨੀ ਛੇਤੀ ਹੋਵੇ ਪਿੰਡ ਤੋਂ ਬਾਹਰ ਭੱਜ ਜਾਹ। ਹਾਂ ਜੇ ਮੋਬਾਈਲ ਆਇਆ ਤੂੰ ਇਹ ਕਹਿ ਕੇ ਫੋਨ ਕੱਟ ਦੀ ਕਿ ਤਾਇਆ ਸੁੱਤਾ ਪਿਆ। ਸਾਧ ਮੋਬਾਈਲ ਲੈ ਕੇ ਤਿੱਤਰ ਹੋਇਆ, ਤਾਈ ਨੂੰ ਅਸੀਸਾਂ ਦਿੰਦਾ ਗਿਆ। ਤਾਈ ਕਹਿੰਦੀ, ‘ਨਾ ਰਿਹਾ ਬਾਂਸ ਨਾਂ ਵੱਜੂ ਬੰਸਰੀ।’
ਤਾਏ ਦੇ ਫੋਨ ਤੇ ਦੋ ਤਿੰਨ ਕਾਲਾਂ ਆਈਆਂ, ਸਾਧ ਤਾਈ ਵਾਲਾ ਫਾਰਮੂਲਾ ਵਰਤਦਿਆ ਕਹਿ ਦਿੰਦਾ ਕਿ ਤਾਇਆ ਸੁੱਤਾ ਪਿਆ, ਤੇ ਫੋਨ ਕੱਟ ਦਿੰਦਾ। ਜਦ ਤਾਏ ਦੀ ਅੱਖ ਖੁੱਲ੍ਹੀ ਤਾਂ ਮੋਬਾਈਲ ਦੇਖਣ ਲੱਗਿਆ, ਮੋਬਾਈਲ ਨਾ ਦੇਖ ਕੇ ਤਾਇਆ ਭੂਮੱਤਰ ਗਿਆ, ‘ਕਿੱਥੇ ਗਿਆ ਮੈਂ ਤਾਂ ਇੱਥੇ ਹੀ ਰੱਖਿਆ ਸੀ।’ ਤਾਈ ਨੂੰ ਹਾਕ ਮਾਰ ਕੇ ਪੁੱਛਿਆ, ‘ਮੇਰਾ ਮੋਬਾਈਲ ਕੌਣ ਲੈ ਗਿਆ, ਅੰਦਰ ਤਾ ਨ੍ਹੀਂ ਰੱਖਤਾ।’ ਅੱਗੋ ਤਾਈ ਕਹਿੰਦੀ, ‘ਮੈਨੂੰ ਨ੍ਹੀਂ ਪਤਾ, ਤੇਰੇ ਮੋਬਾਈਲ ਦਾ ਤੈਨੂੰ ਹੀ ਪਤਾ ਹੋਊ, ਕਿੱਥੇ ਰੱਖਿਆ ਐ?’
‘ਹੱਦ ਹੋਗੀ, ਮੈਂ ਇੱਥੇ ਹੀ ਰੱਖਿਆ ਸੀ, ਉੱਡ ਕੇ ਚੱਲਿਆ ਗਿਆ ਕਿਤੇ।’ ਤਾਈ ਕਹਿੰਦੀ, ‘ਕਿਤੇ ਟਿਊਸ਼ਨ ਪੜ੍ਹਨ ਵਾਲੇ ਬੱਚੇ ਤਾਂ ਨ੍ਹੀਂ ਲੈ ਗਏ।’ ਤਾਇਆ ਕਾਹਲੀ-ਕਾਹਲੀ ਇਕ ਦੋ ਘਰਾਂ ’ਚ ਪੁੱਛਣ ਗਿਆ। ਅੱਗੋਂ ਅਗਲੇ ਚਾਰ ਪੈਰ ਚੁੱਕ ਕੇ ਪੈ ਗਏ, ‘ਅਸੀਂ ਤਾਂ ਤੇਰੇ ਕੋਲ ਬੱਚੇ ਪੜ੍ਹਨ ਲਾਏ ਸੀ ਕਿ ਚੰਗੇ ਨੰਬਰ ਲੈ ਕੇ ਪਾਸ ਹੋ ਜਾਣਗੇ। ਤੂੰ ਸਾਡੇ ਬੱਚਿਆਂ ’ਤੇ ਚੋਰੀ ਕਰਨ ਦਾ ਇਲਜ਼ਾਮ ਲਾ ਰਿਹਾ। ਅਸੀਂ ਬੱਚੇ ਹੀ ਹਟਾ ਲਵਾਂਗੇ। ਕੱਲ੍ਹ ਨੂੰ ਕੋਈ ਹੋਰ ਚੀਜ਼ ਇਹਨਾਂ ਦੇ ਨਾਂ ਲਾਵੇਂਗਾ। ਅਸੀਂ ਧਿਆਏ ਇਹੋ ਜਿਹੀ ਟਿਊਸ਼ਨ ਤੋਂ, ਤਾਇਆ ਬੇਇੱਜ਼ਤੀ ਕਰਵਾ ਕੇ ਆਗਿਆ।
ਤਾਈ ਤਾਏ ਨੂੰ ਦੇਖ ਕੇ ਅੰਦਰੋਂ ਅੰਦਰ ਕਪਾਹ ਵਾਂਗੂ ਖਿੜ੍ਹੀ ਜਾਵੇ, ਹੁਣ ਪਤਾ ਲੱਗੂ ਇਹਨੂੰ ਮੈਨੂੰ ਟਿੱਚ ਸਮਝਦਾ ਸੀ। ਫੇਰ ਨਾਟਕ ਕਰਦੀ ਕਹਿੰਦੀ ਕਿਤੇ ਜੀਤੋ ਤਾਂ ਨਹੀਂ ਲੈ ਗਈ, ਗੋਹਾ ਕੂੜਾ ਕਰਨ ਆਈ। ਮੈਂ ਤਾਂ ਅੰਦਰ ਸੀ, ਤਾਇਆ ਝੱਟ ਦਰਵਾਜ਼ਾ ਖੋਲ੍ਹ ਕੇ ਜੀਤੋ ਦੇ ਘਰ ਨੂੰ ਭੱਜ ਲਿਆ, ਤਾਈ ਮਗਰੋਂ ਹੱਥ ’ਤੇ ਹੱਥ ਮਾਰ ਕੇ ਹੱਸੀ ਜਾਵੇ। ਐਨਾ ਤਾਂ ਮੇਰੇ ਪੇਕੇ ਗਈ ’ਤੇ ਨ੍ਹੀਂ ਭੱਜਿਆ ਆਉਂਦਾ ਮੇਰੇ ਪਿੱਛੇ, ਜਿੰਨਾ ਮੋਬਾਈਲ ਪਿੱਛੇ ਭੱਜਿਆ ਫਿਰਦਾ।
ਜਦ ਤਾਇਆ ਜੀਤੇ ਦੇ ਘਰ ਜਾ ਕੇ ਹੌਲੀ ਦੇ ਕੇ ਦਰਵਾਜ਼ਾ ਖੋਲ੍ਹ ਕੇ ਅੰਦਰ ਗਿਆ ਤਾਂ ਜੀਤੋ ਕਹਿੰਦੀ, ‘ਤਾਇਆ, ਗੋਹਾ ਕੂੜਾ ਤਾਂ ਮੈਂ ਕਦੋਂ ਦੀ ਕਰ ਆਈ ਆਂ, ਤੂੰ ਸੁੱਤਾ ਪਿਆ ਸੀ।’ ਤਾਇਆ ਕਹਿੰਦਾ ਉਹ ਤਾਂ ਭਾਈ ਠੀਕ ਹੈ, ਮੇਰਾ ਮੋਬਾਈਲ ਨ੍ਹੀਂ ਮਿਲ ਰਿਹਾ, ਮੈਂ ਕਿਹਾ ਮੈਂ ਜੀਤੋ ਨੂੰ ਪੁੱਛ ਆਵਾਂ। ਅੱਗੋ ਉਹ ਚਾਰੇ ਪੈਰ ਚੱਕ ਕੇ ਪੈ ਗਈ, ‘ਤਾਇਆ ਬੇਸ਼ੱਕ ਮੈਂ ਲੋਕਾਂ ਦੇ ਘਰਾਂ ਦਾ ਗੋਹ ਕੂੜਾ ਕਰ ਕੇ ਬੱਚੇ ਪਾਲਦੀ ਹਾਂ ਪਰ ਮੈਂ ਚੋਰੀ ਨ੍ਹੀਂ ਕਰਦੀ, ਮੈਂ ਤਾਂ ਤੁਹਾਡਾ ਗੋਹਾ ਕੂੜਾ ਚੁੱਕਣਾ ਬੰਦ ਕਰ ਦੇਣਾ ਕੱਲ੍ਹ ਨੂੰ ਕੋਈ ਹੋਰ ਚੀਜ਼ ਮੇਰੇ ਸਿਰ ਲਾਵੇਂਗਾ।’ ਤਾਇਆ ਕਹਿੰਦਾ, ‘ਨਾ ਭਾਈ ਇਹ ਕੰਮ ਨਾ ਕਰੀਂ, ਤੇਰੀ ਤਾਈ ਮੇਰੇ ਨਾਲ ਕੁੱਤੇਖਾਣੀ ਕਰੂ, ਮੈਂ ਤਾਂ ਸੁਭੈਕੀ ਆ ਗਿਆ।’ ਤਾਇਆ ਬੇਇੱਜ਼ਤੀ ਕਰਵਾ ਕੇ ਮੀਂਹ ਵਿਚ ਭਿੱਜੇ ਕਾਂ ਵਰਗਾ ਲੱਗਦਾ ਸੀ।
ਕੌਣ ਲੈ ਗਿਆ ਮੋਬਾਈਲ? ਤਾਏ ਦਾ ਦਿਲ ਹਾਮਕਾਮ ਹੋਣ ਲੱਗਾ। ਜਦ ਤਾਇਆ ਘਰ ਆਇਆ, ਤਾਈ ਤੋਂ ਤਾਏ ਦੀ ਹਾਲਤ ਦੇਖੀ ਨਾ ਗਈ, ‘ਵੇਖ ਕਿਵੇਂ ਬਿੱਲੀ ਦੇ ਬਲੂੰਗੜੇ ਵਰਗਾ ਭੋਰਾ ਕੁ ਮੂੰਹ ਕੀਤਾ। ਹੱਸਦੀ ਹੋਈ ਕਹਿੰਦੀ ਹੁਣ ਤਾਂ ਟਿੱਕ ਕੇ ਬੈਠੇਂਗਾ।’ ਤਾਏ ਦਾ ਦਿਲ ਨਾ ਖੜ੍ਹਿਆ। ਤਾਇਆ ਸਾਈਕਲ ਚੁੱਕ ਕੇ ਨਹਿਰ ਦੇ ਪੁਲ ਦੇ ਠੇਕੇ ਤੋਂ ਅਧੀਆ ਲੈਣ ਚਲਾ ਗਿਆ।
ਜਦ ਤਾਏ ਨੇ ਠੇਕੇ ’ਤੇ ਜਾ ਕੇ ਸਾਇਕਲ ਸਟੈਂਡ ’ਤੇ ਲਾਇਆ, ਇਕ ਸਾਧ ਅਧੀਆਂ ਖੋਲ੍ਹੀ ਬੈਠਾ, ਤਾਈ ਦੀਆਂ ਮਿੱਸੀਆਂ ਰੋਟੀਆਂ ’ਤੇ ਰੱਖੇ ਅਚਾਰ ਨਾਲ ਪੈੱਗ ਲਾਈ ਜਾਵੇ। ਇੰਨੇ ਨੂੰ ਤਾਏ ਦਾ ਮੋਬਾਇਲ ਵੱਜਿਆ, ਮੂੰਹ ਵਿਚ ਬੁਰਕੀ ਪਾਈ ਸਾਧ ਨੇ ਅਚਨਚੇਤ ਹੀ ਕਹਿ ਦਿੱਤਾ, ‘ਤਾਇਆ ਸੁੱਤਾ ਪਿਆ ਬਾਅਦ ਵਿਚ ਗੱਲ ਕਰਵਾਉਨਾ।’ ਤਾਏ ਨੂੰ ਸ਼ੱਕ ਪੈ ਗਿਆ, ਤਾਇਆ ਕਹਿੰਦਾ, ‘ਬਾਬਾ ਜੀ ਆਹ ਮਾੜਾ ਜਿਹਾ ਫੋਨ ਦਿਖਾਈ।’ ਸਾਧ ਡਰ ਗਿਆ। ਰੋਟੀ ਹਲਕ ਵਿਚ ਫਸ ਗਈ ਅਜੇ ਆਪਣੇ ਚੋਲੇ ਦੀ ਜੇਬ ਵਿਚ ਪਾਉਣ ਹੀ ਲੱਗਾ ਸੀ, ਤਾਏ ਨੇ ਝੱਪਟ ਮਾਰ ਕੇ ਫੋਨ ਖੋਹ ਲਿਆ, ਤੇਰੀ ਉਏ ਪੂਪਨੇ ਸਾਧ ਦੀ ਦਿਆ ਤੇਰੀ ਭੈਣ ਦੀ..., ਸਾਧ ਨੇ ਕਿਹਾ, ‘ਤੇਰੀ ਘਰਵਾਲੀ ਨੇ ਹੀ ਦਿੱਤਾ ਸੀ, ਮੈਂ ਚੋਰੀ ਨਹੀਂ ਕੀਤਾ।’
ਸਾਧ ਰੋਟੀਆਂ ਅਤੇ ਅਧੀਆਂ ਛੱਡ ਕੇ ਭੱਜ ਗਿਆ। ਡਰਦਾ ਜੁੱਤੀ ਵੀ ਨਾ ਪਾ ਸਕਿਆ। ਤਾਏ ਨੇ ਸਾਧ ਦਾ ਅਧੀਆ ਚੁੱਕਿਆ ਤੇ ਘਰ ਆ ਗਿਆ। ਤਾਈ ਕਹਿੰਦੀ, ‘ਹੁਣ ਕਿੱਥੇ ਗਿਆ ਸੀ?’ ਤਾਇਆ ਕਹਿੰਦਾ, ‘ਮੋਬਾਇਲ ਲੈ ਕੇ ਆਇਆ’, ਹੱਕੀ ਬੱਕੀ ਤਾਈ ਕਹਿੰਦੀ, ‘ਤੂੰ ਤਾਂ ਠੇਕੇ ’ਤੇ ਗਿਆ ਸੀ।’ ਤਾਏ ਨੇ ਸਾਈਕਲ ਖੜ੍ਹਾ ਕੇ ਤਾਈ ਨੂੰ ਕਿਹਾ, ‘ਮੈਨੂੰ ਪਾਣੀ ਦੀ ਗੜਵੀ ਫੜਾ ਦੇ ਨਾਲੇ ਕੌਲੀ ਵਿਚ ਥੋੜ੍ਹਾ ਜਿਹਾ ਅੰਬ ਦਾ ਅਚਾਰ ਲਿਆਈਂ।’ ਤਾਏ ਨੇ ਪਹਿਲਾ ਮੋਟਾ ਜਿਹਾ ਪੈੱਗ ਲਾਇਆ, ਤਾਈ ਕਹਿੰਦੀ, ‘ਮੋਬਾਈਲ ਕਿੱਥੋਂ ਮਿਲਿਆ?’ ਤਾਇਆ ਕਹਿੰਦਾ, ‘ਜਿਹੜੇ ਸਾਧ ਨੂੰ ਤੂੰ ਦਿੱਤਾ ਸੀ, ਆਹ ਅਧੀਆ ਵੀ ਉਹਦਾ ਹੀ ਹੈ, ਸਾਲਾ ਛੱਡ ਕੇ ਭੱਜ ਗਿਆ।’ ਤਾਈ ਕਹਿੰਦੀ, ‘ਉਹਦਾ ਨ੍ਹੀਂ ਇਹ ਤਾਂ ਮੈਂ ਉਹਨੂੰ ਦੋ ਸੌ ਰੁਪਈਆ ਦਿੱਤਾ ਸੀ ਕਿ ਪਿੰਡ ਵਿੱਚੋਂ ਭੱਜ ਜਾ।’ ਤਾਏ ਦਾ ਪਹਿਲਾ ਪੈੱਗ ਲਾਇਆ ਉਵੇਂ ਗਿਆ। ਤਾਇਆ ਬੇਵਸ ਹੋਇਆ ਕਹਿੰਦਾ, ‘ਆਹ ਫੜ ਮੋਬਾਇਲ ਨਸੀਬ ਕੁਰੇ, ਅੱਗੇ ਤੋਂ ਮੈਨੂੰ ਵੇਖਣ ਲਈ ਨਹੀਂ ਦੇਣਾਂ ਤਾਂ ਨਾ ਦੇਈ। ਅੱਜ ਤੋਂ ਕਿਸੇ ਨੂੰ ਮੋਬਾਈਲ ਤੇ ਰੁਪਏ ਨਾ ਦੇਈ, ਰੱਬ ਦਾ ਵਾਸਤਾ। ਮੋਬਾਇਲ ਤੋਂ ਤੌਬਾ ਮੇਰੇ ਪਿਉ ਦੀ ਤੌਬਾ ਤੂੰ ਤਾਂ ਮੋਬਾਈਲ ਦੇ ਨਾਲ ਸਾਧ ਨੂੰ ਰੁਪਏ ਵੀ ਦੇਣ ਲੱਗ ਗਈ।’
ਤਾਈ ਮੋਬਾਈਲ ਫੜ੍ਹਦੀ ਹੱਸਦੀ ਹੋਈ ਮੂੰਹ ਵਿਚ ਕਹਿੰਦੀ, ‘ਉਂਝ ਤਾਂ ਨਸੀਬ ਕੁਰੇ ਤੇਰੀ ਸਕੀਮ ਰਾਸ ਆ ਗਈ, ਬਿਸ਼ਨ ਸਿਉਂ ਨੂੰ ਤੀਵੀਆਂ ਵਾਲੇ ਚਾਰ ਸੌ ਚਾਰ ਚਰਿੱਤਰ ’ਚੋਂ ਅਜੇ ਤਾਂ ਇੱਕੋ ਵਿਖਾਇਆ। ਬੜੀ ਛੇਤੀ ਹੱਥ ਖੜ੍ਹੇ ਕਰ ਗਿਆ ਤੇਰੇ ਮੂਹਰੇ।’
-ਨੇਤਰ ਸਿੰਘ ਮੁੱਤੋਂ
94636-56728