- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਦੀ ਲਤ ਕਿਸ ਤਰ੍ਹਾਂ ਇਕ ਹੱਸਦੇ-ਵੱਸਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦੀ ਹੈ, ਉਸ ਦੀ ਦਰਦਨਾਕ ਤਸਵੀਰ ਪੇਸ਼ ਕਰਦੀ ਹੈ ਇਹ ਕਹਾਣੀ...

ਉਸ ਦਾ ਪਤੀ ਤੇ ਤਿੰਨ ਪੁੱਤ ਨਸ਼ਿਆਂ ਦੀ ਭੇਟ ਚੜ੍ਹ ਗਏ ਸਨ। ਪਤੀ ਸ਼ਰਾਬੀ ਹੋਣ ਕਾਰਨ ਉਸ ਨੂੰ ਆਪਣੀ ਸੁੱਧ-ਬੁੱਧ ਨਹੀਂ ਸੀ ਰਹਿੰਦੀ। ਸਵੇਰੇ ਹੀ ਡਫ ਲੈਂਦਾ ਸੀ ਸ਼ਰਾਬ। ਘਰ ਦਾ ਭੋਰਾ ਫ਼ਿਕਰ ਨਹੀਂ ਸੀ ਕਰਦਾ। ਬਸ ਉਹਦੀ ਪਤਨੀ ਓਹੜ-ਪੋਹੜ ਕਰ ਕੇ ਘਰ ਦਾ ਡੰਗ ਟਪਾਈ ਜਾਂਦੀ। ਤਿੰਨਾਂ ਪੁੱਤਾਂ ਨੂੰ ਉਸ ਨੇ ਸਕੂਲ ’ਚ ਦਾਖ਼ਲ ਕਰਵਾਇਆ ਹੋਇਆ ਸੀ। ਬੱਚੇ ਵੀ ਬੂਟਿਆਂ ਤੇ ਫ਼ਸਲ ਦੀ ਤਰ੍ਹਾਂ ਦੇਖਭਾਲ ਮੰਗਦੇ ਹਨ। ਪੈਰ-ਪੈਰ ’ਤੇ ਅਗਵਾਈ ਦੀ ਵੀ ਲੋੜ ਹੁੰਦੀ ਹੈ। ਮਾਂ ਵਿਚਾਰੀ ਇਕੱਲੀ ਕੀ ਕਰਦੀ? ਚੁੱਲ੍ਹੇ ਦਾ ਜੁਗਾੜ, ਕਬੀਲਦਾਰੀ ਦੇ ਝੰਜਟ ਤੇ ਹੋਰ ਝਮੇਲੇ ਉਸ ਨੂੰ ਸਾਹ ਨਹੀਂ ਸਨ ਲੈਣ ਦਿੰਦੇ। ਸ਼ਰਾਬ ਪੀ ਕੇ ਕੁੱਟਮਾਰ, ਲੜਾਈ-ਝਗੜੇ ਤੇ ਨਿੱਤ ਦੇ ਖੌਰੂ ਤੋਂ ਤੰਗ ਆ ਕੇ ਉਹਦਾ ਕਈ ਵਾਰ ਦਿਲ ਕਰਦਾ ਕਿ ਉਹ ਕੁਝ ਖਾ ਕੇ ਹਮੇਸ਼ਾ ਲਈ ਅੱਖਾਂ ਮੀਟ ਲਵੇ। ਫਿਰ ਉਸ ਦਾ ਧਿਆਨ ਮਾਸੂਮ ਬੱਚਿਆਂ ਵੱਲ ਜਾਂਦਾ ਤੇ ਉਸ ਦੀ ਮਾਰੂ ਸੋਚ ਬਦਲ ਜਾਂਦੀ। ਦਿਨ ਚੜ੍ਹਦਿਆਂ ਹੀ ਉਹ ਸ਼ਰਾਬ ਲਈ ਪੈਸੇ ਲੈਣ ਵਾਸਤੇ ਰੌਲਾ ਪਾਉਂਦਾ। ਪਤਨੀ ਦੇ ਨਾਂਹ ’ਚ ਜਵਾਬ ਦੇਣ ’ਤੇ ਉਹ ਉਸ ਦੀ ਕੁੱਟਮਾਰ ਕਰਦਾ। ਆਪਣੇ ਹਿੱਸੇ ਦੀ ਜ਼ਮੀਨ ਉਹ ਸ਼ਰਾਬ ਦੇ ਲੇਖੇ ਲਾ ਚੁੱਕਿਆ ਸੀ। ਤੰਗੀਆਂ-ਤੁਰਸ਼ੀਆਂ ’ਚ ਉਹ ਦਿਨ ਕੱਟੀ ਕਰ ਰਹੀ ਸੀ। ਉਸ ਨੂੰ ਆਸ ਸੀ ਕਿ ਮੁੰਡੇ ਵੱਡੇ ਹੋ ਕੇ ਸਾਰੇ ਧੋਣੇ ਧੋ ਦੇਣਗੇ। ਫਿਰ ਇਕ ਸਵੇਰ ਉਸ ਦਾ ਪਤੀ ਮੰਜੇ ’ਤੇ ਸੁੱਤਾ ਪਿਆ ਹੀ ਰਹਿ ਗਿਆ। ਹੱਡੀਆਂ ਦੀ ਮੁੱਠ ਬਣੇ ਉਸ ਦੇ ਸ਼ਰਾਬੀ ਪਤੀ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਰਿਸ਼ਤੇਦਾਰ, ਸ਼ਰੀਕੇ ਦੇ ਲੋਕ ਅਤੇ ਹੋਰ ਪਿੰਡ ਵਾਸੀ ਕਹਿ ਰਹੇ ਸਨ, ‘ਸਾਰੀ ਉਮਰ ਇਸ ਨੇ ਸ਼ਰਾਬ ਦੇ ਲੇਖੇ ਲਾ ਦਿੱਤੀ। ਕਬੀਲਦਾਰੀ ਦਾ ਭੋਰਾ ਫ਼ਿਕਰ ਨਹੀਂ ਕੀਤਾ। ਧੰਨ ਜਿਗਰਾ ਇਹਦੀ ਘਰਵਾਲੀ ਕਿਰਪਾਲੋ ਦਾ, ਜੀਹਨੇ ਹੱਡ ਭੰਨਵੀਂ ਮਿਹਨਤ ਕਰ ਕੇ ਚੁੱਲ੍ਹਾ ਬਲਦਾ ਰੱਖਿਆ। ਇਹਨੇ ਤਾਂ ਘਰ ਨੂੰ ਮੁੱਧੇ ਮੂੰਹ ਮਾਰਨ ਵਿਚ ਕੋਈ ਕਸਰ ਨਹੀਂ ਛੱਡੀ।’
ਸੱਥਰ ’ਤੇ ਬੈਠੀਆਂ ਜਨਾਨੀਆਂ ਉਸ ਨੂੰ ਹੌਸਲਾ ਦਿੰਦਿਆਂ ਕਹਿੰਦੀਆਂ, ‘ਉਹਨੇ ਤਾਂ ਇਕ ਦਿਨ ਮਰਨਾ ਹੀ ਸੀ। ਹੁਣ ਤੂੰ ਨਿਆਣਿਆਂ ਨੂੰ ਸੰਭਾਲ।’ ਉਸ ਨੇ ਆਪਣੇ ਡਿਗੂੰ-ਡਿਗੂੰ ਕਰਦੇ ਸਰੀਰ ਨੂੰ ਸੰਭਾਲਿਆ। ਰਿਸ਼ਤੇਦਾਰਾਂ ਤੇ ਪਿੰਡ ਦੇ ਕੁਝ ਭਲੇ ਪੁਰਸ਼ਾਂ ਨੇ ਮਿਲ ਕੇ ਉਸ ਦੇ ਪਤੀ ਦੇ ਭੋਗ ਦੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ। ਪੇਕਿਆਂ ਵੱਲੋਂ ਉਸ ਦਾ ਇਕ ਭਰਾ ਸੀ। ਭਾਵੇਂ ਉਹ ਆਪ ਕਬੀਲਦਾਰੀ ਦੀ ਦਲਦਲ ’ਚ ਬੁਰੀ ਤਰ੍ਹਾਂ ਧਸਿਆ ਹੋਇਆ ਸੀ ਪਰ ਫਿਰ ਵੀ ਆੜੇ-ਥੋੜ੍ਹੇ ਭੈਣ ਦੀ ਮਦਦ ਲਈ ਬਹੁੜ ਜਾਂਦਾ ਸੀ।
ਵੱਡਾ ਮੁੰਡਾ 16 ਸਾਲ ਦਾ ਹੋ ਗਿਆ ਸੀ। ਗਿਆਰਵੀਂ ਪਾਸ ਕਰ ਕੇ ਬਾਰ੍ਹਵੀਂ ’ਚ ਦਾਖ਼ਲਾ ਲੈ ਲਿਆ ਸੀ। ਦਰਅਸਲ ਅੱਜ ਦੀ ਪੀੜ੍ਹੀ ਸੁਣਨ-ਸੁਣਾਉਣ ਵਿਚ ਯਕੀਨ ਨਹੀਂ ਕਰਦੀ। ਨੈਤਿਕ ਸਿੱਖਿਆ ਨਵੀਂ ਪੀੜ੍ਹੀ ਦੇ ਵੱਡੇ ਹਿੱਸੇ ਦੇ ਅੰਗ-ਸੰਗ ਨਹੀਂ ਰਹੀ। ਹਾਂ, ਨਵੀਂ ਪੀੜ੍ਹੀ ਦੇ ਮੁੰਡੇ ਨਕਲ ਕਰਨ ’ਚ ਯਕੀਨ ਰੱਖਦੇ ਹਨ। ਵੱਡੇ ਮੁੰਡੇ ਤੇ ਬਾਪ ਦੀਆਂ ਸ਼ਰਾਬ ਵਾਲੀਆਂ ਹਰਕਤਾਂ, ਬਾਹਰਲੀ ਬੁਰੀ ਸੰਗਤ ਦਾ ਅਸਰ ਤੇ ਘਰ ਵਿਚ ਮਾਂ ਦੀ ਘੂਰ ਤੋਂ ਬੇਫ਼ਿਕਰੇ ਉਹ ਚਿੱਟੇ ਦੀ ਲਪੇਟ ’ਚ ਆ ਗਿਆ। ਜਦੋਂ ਮਾਂ ਨੂੰ ਪਤਾ ਲੱਗਿਆ ਤਾਂ ਉਹ ਸਿਰ ਫੜ ਕੇ ਬਹਿ ਗਈ। ਨਸ਼ੇ ’ਚ ਟੱਲੀ ਹੋਇਆ ਉਹ ਕਈ-ਕਈ ਦਿਨ ਘਰ ਨਾ ਵੜਦਾ। ਨਸ਼ਾ ਇਕੱਠਿਆਂ ਕਰਨ ਵਾਲੇ ਨਸ਼ੇੜੀਆਂ ਨੂੰ ਉਹ ਆਪਣਾ ਜਿਗਰੀ ਯਾਰ ਸਮਝਦਾ ਸੀ। ਨਸ਼ੇ ਦੀ ਭੱਲ ਪੂਰੀ ਕਰਨ ਲਈ ਉਹ ਚੋਰੀਆਂ, ਚੇਨ ਚਪਟਮਾਰੀਆਂ, ਖੇਤਾਂ ਵਿਚ ਟਰਾਂਸਫਾਰਮਰਾਂ ਵਿੱਚੋਂ ਤੇਲ ਕੱਢ ਕੇ ਵੇਚਦਾ ਅਤੇ ਕੇਬਲ ਤਾਰਾਂ ਵਿੱਚੋਂ ਤਾਂਬਾ ਕੱਢ ਕੇ ਵੇਚਣ ਵਰਗੇ ਧੰਦੇ ਆਪਣੇ ਨਸ਼ੇੜੀ ਸਾਥੀਆਂ ਨਾਲ ਮਿਲ ਕੇ ਕਰਦਾ ਸੀ। ਵਿਚਾਰੀ ਕਿਰਪਾਲੋ ਕਦੇ ਆਪਣੇ ਨਸ਼ਈ ਪੁੱਤ ਦੀ ਉੱਘ-ਸੁੱਘ ਲੈਂਦੀ ਭੰਬੀਰੀ ਵਾਂਗ ਘੁੰਮਦੀ ਰਹਿੰਦੀ ਤੇ ਕਦੇ ਆਪਣੇ ਦੂਜੇ ਦੋ ਪੁੱਤਰਾਂ ਦੀ ਸੰਭਾਲ ਲਈ ਯਤਨ ਕਰਦੀ ਰਹਿੰਦੀ।
ਫਿਰ ਇਕ ਦਿਨ ਭਾਣਾ ਵਰਤਿਆ। ਆਪਣੇ ਨਸ਼ੇੜੀ ਸਾਥੀਆਂ ਨਾਲ ਨਸ਼ੇ ਦਾ ਟੀਕਾ ਲਾਉਂਦਿਆਂ ਉਹ ਉੱਥੇ ਹੀ ਲੁਟਕ ਗਿਆ। ਨਸ਼ੇੜੀ ਸਾਥੀਆਂ ਨੇ ਉਸ ਨੂੰ ਹਲੂਣਿਆ, ਪੈਰਾਂ ਦੀਆਂ ਤਲੀਆਂ ਝੱਸੀਆਂ ਪਰ ਉਸ ਦੀ ਸੱਜੀ ਬਾਂਹ ਵਿਚ ਲੱਗੀ ਸਰਿੰਜ ਬਾਂਹ ਵਿਚ ਹੀ ਰਹਿ ਗਈ ਸੀ ਅਤੇ ਉਹ ਦਮ ਤੋੜ ਗਿਆ ਸੀ। ਉਸ ਦੇ ‘ਜਿਗਰੀ ਯਾਰ ਨਸ਼ੇੜੀਆਂ’ ਨੇ ਉਸ ਨੂੰ ਚੁੱਕਿਆ ਤੇ ਉਸ ਦੇ ਘਰ ਮੂਹਰੇ ਸੁੱਟ ਕੇ ਭੱਜ ਗਏ। ਜਦੋਂ ਕਿਰਪਾਲੋ ਨੇ ਆਪਣੇ ਜਵਾਨ ਪੁੱਤ ਦੀ ਲਾਸ਼ ਘਰ ਮੂਹਰੇ ਵੇਖੀ ਤਾਂ ਉਹਦੀ ਭੁੱਬ ਨਿਕਲ ਗਈ। ਉਹਦੇ ਵੈਣ ਪੱਥਰਾਂ ਨੂੰ ਵੀ ਰੁਆ ਰਹੇ ਸਨ। ਕੁਝ ਸਮੇਂ ਅੰਦਰ ਹੀ ਇਹ ਦੂਜਾ ਭਾਣਾ ਉਹਦੇ ਹਿੱਸੇ ਆਇਆ ਸੀ। ਇਸ ਮਾਰੂ ਸਦਮੇ ਨੇ ਉਸ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਸੀ। ਫਿਰ ਉਹੀ ਅਗਨ ਭੇਟ, ਭੋਗ ਦੀਆਂ ਰਸਮਾਂ, ਵਿਹੜੇ ਵਿਚ ਵਿਛਿਆ ਸੱਥਰ ਉਸ ਦਾ ਨਸੀਬ ਬਣ ਗਿਆ। ਪਿੰਡ ਵਿਚ ਰਿਉੜੀਆਂ ਦੀ ਤਰ੍ਹਾਂ ਵਿਕਦੇ ਨਸ਼ੇ ਨੂੰ ਰੋਕਣ ਲਈ ਆਵਾਜ਼ਾਂ ਵੀ ਉੱਠੀਆਂ ਪਰ ਤਸਕਰਾਂ ਦੀਆਂ ਘੁਰਕੀਆਂ ਤੇ ਜਾਨਲੇਵਾ ਹਮਲਿਆਂ ਦੇ ਡਰੋਂ ਲੋਕ ਚੁੱਪ ਕਰ ਗਏ। ਸਰਪੰਚ ਵੱਲੋਂ ਥਾਣੇ ਇਤਲਾਹ ਦਿੱਤੀ ਗਈ। ਉਹ ਗੇੜਾ ਮਾਰ ਕੇ ਚਲੇ ਗਏ। ਨਾਲ ਹੀ ਇਹ ਵੀ ਕਹਿ ਗਏ ਕਿ ਮਰੇ ਮੁੰਡੇ ਦਾ ਕਿਹੜਾ ਪੋਸਟ ਮਾਰਟਮ ਕਰਵਾਇਐ। ਹੋ ਸਕਦੈ ਹਰਟ ਅਟੈਕ ਨਾਲ ਮਰਿਆ ਹੋਵੇ। ਐਵੇਂ ਨਸ਼ੇ ਨਾਲ ਮਰਨ ਦਾ ਰੌਲਾ ਕਿਉਂ ਪਾ ਰਹੇ ਹੋ?
ਘਰ ਵਿੱਚੋਂ ਦੋ ਜੀਆਂ ਦੇ ਜਾਣ ਨਾਲ ਘਰ ਸੁੰਨ੍ਹਾ-ਸੁੰਨ੍ਹਾ ਲੱਗਦਾ ਸੀ। ਫਿਰ ਉਸ ਨੇ ਆਪਣੇ ਦੋਵਾਂ ਪੁੱਤਾਂ ਵੱਲ ਵੇਖਦਿਆਂ ਹਉਂਕਾ ਭਰਿਆ, ‘ਰੱਬ ਇਨ੍ਹਾਂ ’ਤੇ ਮਿਹਰ ਰੱਖੇ। ਇਨ੍ਹਾਂ ਨੂੰ ਤੱਤੀ ਵਾਅ ਨਾ ਲੱਗੇ। ਇਨ੍ਹਾਂ ਦੇ ਸਹਾਰੇ ਦਿਨ ਕੱਟ ਲਵਾਂਗੀ।’ ਸਮਾਂ ਆਪਣੀ ਗਤੀ ਨਾਲ ਤੁਰਦਾ ਰਿਹਾ। ਨਸ਼ਿਆਂ ਦੇ ਮਾਰੂ ਅਸਰ ਨੇ ਕਈ ਹੋਰ ਘਰਾਂ ਵਿਚ ਵੀ ਸੱਥਰ ਪਾਏ ਸਨ। ਜਵਾਨ ਪੁੱਤਾਂ ਦੀਆਂ ਅਰਥੀਆਂ ਨੂੰ ਮੋਢਾ ਦਿੰਦਿਆਂ ਲੋਕ ਖ਼ੂਨ ਦੇ ਅੱਥਰੂ ਕੇਰਦੇ। ਤਸਕਰਾਂ ਦੇ ਕਹਿਕਹੇ ਸੱਥਰਾਂ ’ਤੇ ਪੈਂਦੇ ਵੈਣਾਂ ਉਤੇ ਭਾਰੂ ਪੈ ਰਹੇ ਸਨ। ਕਿਰਪਾਲੋ ਫਿਰ ਸੁੰਨ੍ਹ ਹੋ ਗਈ। ਵੱਡੇ ਮੁੰਡੇ ਵਾਲੇ ਨਸ਼ੇ ਦੇ ਲੱਛਣ ਛੋਟੇ ਮੁੰਡੇ ਵਿਚ ਵੀ ਦਿਖਾਈ ਦੇਣ ਲੱਗੇ ਸਨ। ਉਸ ਨੇ ਭੱਜ-ਦੌੜ ਕਰ ਕੇ ਮੁੰਡੇ ਨੂੰ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾ ਦਿੱਤਾ। ਦਾਖ਼ਲ ਕਰਵਾਉਣ ਦਾ ਖ਼ਰਚਾ ਪਿੰਡ ਵਾਲਿਆਂ ਨੇ ਆਪਣੇ ਸਿਰ ਓਟ ਲਿਆ। ਮਹੀਨਾ ਕੁ ਉਹ ਸੈਂਟਰ ’ਚ ਰਿਹਾ। ਫਿਰ ਉਸ ਨੂੰ ਛੁੱਟੀ ਕਰ ਦਿੱਤੀ ਗਈ। ਘਰ ਆ ਕੇ ਉਹ ਕੁਝ ਦਿਨ ਤਾਂ ਠੀਕ ਰਿਹਾ ਪਰ ਫਿਰ ਪਿੰਡ ਵਿਚ ਹਰਲ-ਹਰਲ ਕਰਦੇ ਨਸ਼ਈਆਂ ਦੇ ਧੱਕੇ ਚੜ੍ਹ ਕੇ ਚਿੱਟੇ ਦੀ ਲਪੇਟ ’ਚ ਆ ਗਿਆ। ਕਿਰਪਾਲੋ ਹੁਣ ਤੁਰਦੀ-ਫਿਰਦੀ ਲਾਸ਼ ਹੀ ਤਾਂ ਬਣ ਗਈ ਸੀ। ਉਸ ਨੂੰ ਹਰ ਵੇਲੇ ਇਹੋ ਡਰ ਰਹਿੰਦਾ ਸੀ ਕਿ ਜਾਂ ਤਾਂ ਮੁੰਡੇ ਦੀ ਕਰਤੂਤ ਕਾਰਨ ਉਲਾਂਭਾ ਨਾ ਆ ਜਾਵੇ ਜਾਂ ਫਿਰ ਮੁੰਡੇ ਦੀ ਅਣਹੋਣੀ ਦੇ ਸ਼ਿਕਾਰ ਹੋਣ ਦੀ ਭਿਣਕ ਨਾ ਆ ਜਾਵੇ। ਕਿਰਪਾਲੋ ਨੂੰ ਜਿਹੜਾ ਡਰ ਸੀ, ਉਹੀ ਹੋ ਗਿਆ। ਮੁੰਡੇ ਦੀ ਝਾੜੀਆਂ ’ਚ ਡਿੱਗੀ ਲਾਸ਼ ਦੇ ਸੁਨੇਹੇ ਨੇ ਉਸ ਦੇ ਧੁਰ ਅੰਦਰ ਤੱਕ ਕੰਬਣੀ ਛੇੜ ਦਿੱਤੀ।
ਹੁਣ ਮਾਂ-ਪੁੱਤ ਘਰ ’ਚ ਰਹਿ ਗਏ ਸਨ। ਮਾਂ ਆਸਵੰਦ ਨਜ਼ਰਾਂ ਨਾਲ ਪੁੱਤ ਵੱਲ ਵੇਖਦੀ। ਉਸ ਕੋਲ ਇੱਕੋ ਇਕ ਸਹਾਰਾ ਬਚਿਆ ਸੀ। ਉਹ ਹੁਣ ਸਕੂਲ ਜਾਣ ਤੋਂ ਵਿੱਟਰ ਗਿਆ ਸੀ। ਮਾਂ ਨੇ ਹਓਕਾ ਭਰ ਕੇ ਸੋਚਿਆ, ‘ਨਾ ਜਾਵੇ ਸਕੂਲ। ਮੇਰੀਆਂ ਅੱਖਾਂ ਦੇ ਸਾਹਮਣੇ ਰਹੇ। ਇਹਨੂੰ ਵੇਖ-ਵੇਖ ਕੇ ਦਿਨ ਕਟੀ ਹੋਜੂ’ ਪਰ ਇਹ ਤੀਜਾ ਮੁੰਡਾ ਵੀ ਘਰ ਟਿਕ ਕੇ ਨਹੀਂ ਸੀ ਬੈਠਦਾ। ਚੌਦਵੇਂ ਸਾਲ ’ਚ ਪੈਰ ਧਰਿਆ ਸੀ ਉਸ ਨੇ। ਡੱਕਾ ਦੂਹਰਾ ਨਹੀਂ ਸੀ ਕਰਦਾ। ਫਿਰ ਹੌਲੀ-ਹੌਲੀ ਆਪਣੇ ਭਰਾਵਾਂ ਵਾਂਗ ਉਹ ਵੀ ਦੂਜੇ ਨਸ਼ੇੜੀਆਂ ਦੇ ਧੱਕੇ ਚੜ੍ਹ ਗਿਆ। ਚਿੱਟੇ ਦੇ ਝੂਟੇ ਉਹਦੀ ਛੋਟੀ ਉਮਰ ਦਾ ਹਿੱਸਾ ਬਣ ਗਏ। ਕਿਰਪਾਲੋ ਵਿਲਕਦੀ ਰਹੀ। ਉਸ ਨੂੰ ਰੋਕਦੀ ਵੀ ਰਹੀ ਪਰ ਉਸ ’ਤੇ ਨਸ਼ਾ ਭਾਰੂ ਹੋ ਗਿਆ ਸੀ।
ਉਹਦਾ 14 ਵਰ੍ਹਿਆਂ ਦਾ ਤੀਜਾ ਪੁੱਤ ਵੀ ਨਸ਼ੇ ਨੇ ਨਿਗਲ ਲਿਆ। ਵਿਚਾਰੀ ਕਿਰਪਾਲੋ ਦੇ ਪਤੀ ਅਤੇ ਤਿੰਨ ਪੁੱਤਰਾਂ ਦੀ ਨਸ਼ੇ ਨੇ ਬਲੀ ਲੈ ਲਈ। ਥੋੜ੍ਹੇ ਸਮੇਂ ਅੰਦਰ ਹੀ ਘਰ ਵਿਚ ਚੌਥਾ ਸੱਥਰ ਵਿਛਿਆ ਸੀ। ਸਸਕਾਰ ਤੋਂ ਅਗਲੇ ਦਿਨ ਪਿੰਡ ਦੀਆਂ ਔਰਤਾਂ ਤੇ ਕੁਝ ਵਿਅਕਤੀ ਸੱਥਰ ’ਤੇ ਬੈਠੇ ਸਨ। ਉਦਾਸੀ ਦਾ ਬੁੱਤ ਬਣਿਆ ਇਕ ਵਿਅਕਤੀ ਕਿਰਪਾਲੋ ਕੋਲ ਜਾ ਕੇ ਖ਼ੂਨ ਦੇ ਅੱਥਰੂ ਵਹਾਉਂਦਿਆਂ ਕਹਿਣ ਲੱਗਿਆ, ‘ਕਿਰਪਾਲੋ ਚਾਚੀ, ਜੇ ਮੁੰਡੇ ਦੇ ਫੁੱਲ ਕੱਲ੍ਹ ਦੀ ਥਾਂ ਅੱਜ ਚੁੱਗ ਲਵੋਂ। ਮੇਰਾ ਪੁੱਤ ਵੀ ਨਸ਼ੇ ਨੇ ਖਾ ਲਿਆ। ਸਿਵਾ ਖ਼ਾਲੀ ਹੋਵੇ ਤਾਂ ਮੈਂ ਆਪਣੇ ਪੁੱਤ ਨੂੰ ਉੱਥੇ ਅਗਨ ਭੇਟ ਕਰ ਦੇਵਾਂ।’ ਹੁਣ ਸੱਥਰ ’ਤੇ ਬੈਠੇ ਲੋਕ ਪਿੰਡ ਦੇ ਸਿਵੇ ਨੂੰ ਹੋਰ ਮੋਕਲਾ ਕਰਨ ਲਈ ਵਿਚਾਰ-ਵਟਾਂਦਰਾ ਕਰਨ ਲੱਗ ਪਏ।
- ਮੋਹਨ ਸ਼ਰਮਾ