ਮਾਨਸ ਜਨਮ ਨੂੰ ਦੁਰਲੱਭ ਕਹਿ ਕੇ ਵਡਿਆਇਆ ਅਤੇ ਸਲਾਹਿਆ ਗਿਆ ਹੈ। ਗੁਰਬਾਣੀ ਦੇ ਨਿਰਣੇ ਮੁਤਾਬਕ ਇਸ ਦੀ ਜਨਮ ਦੀ ਦੁਰਲੱਭਤਾ ਕਾਰਨ ਹੀ ਇਸ ਦੀ ਪ੍ਰਾਪਤੀ ਲਈ ਦੇਵੀ-ਦੇਵਤੇ ਅਤੇ ਰਿਸ਼ੀ-ਮੁਨੀ ਵੀ ਤਰਸਦੇ ਰਹਿੰਦੇ ਹਨ ਪਰ ਬਹੁਤ ਸਾਰੇ ਮਨੁੱਖ ਅਜਿਹੇ ਵੀ ਹੁੰਦੇ ਹਨ ਜੋ ਇਸ ਜਨਮ ਦੀ ਕਦਰ ਨਾ ਕਰਦੇ ਹੋਏ ਇਸ ਦਾ ਭਰਪੂਰ ਲਾਹਾ ਨਹੀਂ ਲੈਂਦੇ। ਆਪਣੇ ਪਰਿਵਾਰਕ ਅਤੇ ਸੰਸਾਰਿਕ ਝਮੇਲਿਆਂ ਵਿਚ ਉਲਝ ਕੇ ਉਹ ਆਪਣੇ ਜੀਵਨ ਦੇ ਬੇਸ਼ਕੀਮਤੀ ਪਲਾਂ ਨੂੰ ਅਜਾੲੀਂ ਹੀ ਗੁਆ ਦਿੰਦੇ ਹਨ। ਇਸ ਤਰ੍ਹਾਂ ਗੁਆਏ ਹੋਏ ਪਲ ਬਦਕਿਸਮਤੀ ਦੇ ਖਾਤੇ ਵਿਚ ਜਮ੍ਹਾਂ ਹੋ ਜਾਂਦੇ ਹਨ ਅਤੇ ਬੰਦਾ ਆਪਣੇ ਆਪ ਨੂੰ ਕੋਸਦਾ ਹੋਇਆ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ। ਮਨੁੱਖੀ ਜਨਮ ਦੀ ਮੁੜ ਪ੍ਰਾਪਤੀ ਨਾ ਹੋਣ ਕਰਕੇ ਹੀ ਭਗਤ ਕਬੀਰ ਜੀ ਜੀਵ ਨੂੰ ਸਮਝਾਉਣਾ ਕਰਦੇ ਹੋਏ ਲਿਖਦੇ ਹਨ :-

ਕਬੀਰ ਮਾਨਸ ਜਨਮ ਦੁਲੰਭੁ ਹੈ ਹੋਇ ਨਾ ਬਾਰੈ ਬਾਰ।।

ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ।।

ਇਨ੍ਹਾਂ ਸਤਰਾਂ ਦੀ ਰੋਸ਼ਨੀ ਵਿਚ ਜੇਕਰ ਦੇਖਿਆ ਜਾਵੇ ਤਾਂ ਇਨਸਾਨੀ ਜ਼ਿੰਦਗੀ ਦਾ ਮਨੋਰਥ ਕੇਵਲ ਖਾਣ-ਪੀਣ ਅਤੇ ਐਸ਼ ਕਰਨ ਤਕ ਹੀ ਸੀਮਤ ਨਹੀਂ ਰਹਿ ਜਾਂਦਾ ਸਗੋਂ ਇਸ ਦਾ ਇਕ ਉੱਚਾ ਅਤੇ ਸੁੱਚਾ ਮਨੋਰਥ ਖ਼ਲਕਤ ਦੀ ਸੇਵਾ ਕਰਨਾ ਵੀ ਹੁੰਦਾ ਹੈ। ਇਸ ਮਨੋਰਥ ਨੂੰ ਤਸਦੀਕ ਕਰਦੇ ਹੋਏ ਗੁਰੂ ਸਾਹਿਬ ਆਪਣੀ ਬਾਣੀ ਵਿਚ ਇਸ ਤਰ੍ਹਾਂ ਫੁਰਮਾਉਂਦੇ ਹਨ :-

ਆਪੁ ਗਵਾਇ ਸੇਵਾ ਕਰੇ,

ਤਾ ਕਿਛੁ ਪਾਏ ਮਾਨੁ॥

ਨਾਨਕ ਜਿਸ ਨੋ ਲਗਾ ਤਿਸੁ ਮਿਲੈ,

ਲਗਾ ਸੋ ਪਰਵਾਨੁ॥

ਇਸੇ ਤਰ੍ਹਾਂ ਹੀ ਆਪਣਾ ਆਪ ਗੁਆ (ਸਖ਼ਤ ਮਿਹਨਤ ਕਰਕੇ) ਕੇ ਲੋਕਾਈ ਦਾ ਪਿਆਰ ਤੇ ਸਤਿਕਾਰ ਹਾਸਲ ਕਰਨ ਵਾਲਿਆਂ ਵਿਚ ਸ਼ਾਮਲ ਹੈ ਪੰਥਕ ਢਾਡੀ ਅਤੇ ਉੱਚਕੋਟੀ ਦੇ ਸਾਹਿਤਕਾਰ ਗਿਆਨੀ ਸੋਹਣ ਸਿੰਘ ਸੀਤਲ ਦਾ ਨਾਮ। ਇਹ ਪਿਆਰ ਅਤੇ ਸਤਿਕਾਰ ਕਿਸੇ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ਦਾ ਵੱਡਮੁੱਲਾ ਸਰਮਾਇਆ ਹੁੰਦਾ ਹੈ ਜਿਸ ਨੂੰ ਹਾਸਲ ਕਰਨ ਲਈ ਉਸ ਵਿਅਕਤੀ ਨੂੰ ਵਿਸ਼ੇਸ਼ ਘਾਲਣਾ ਘਾਲਣੀ ਪੈਂਦੀ ਹੈ। ਗਿਆਨੀ ਸੋਹਣ ਸਿੰਘ ਸੀਤਲ ਨੂੰ ਵੀ ਆਮ ਤੋਂ ਖ਼ਾਸ ਵਿਅਕਤੀ ਦਾ ਸਫ਼ਰ ਤੈਅ ਕਰਨ ਲਈ ਇਕ ਲੰਮੀ ਅਤੇ ਅਣਥੱਕ ਘਾਲਣਾ ਘਾਲਣੀ ਪਈ ਹੈ। ਬਹੁਪਰਤੀ ਸ਼ਖ਼ਸੀਅਤ (ਢਾਡੀ, ਕਵੀ, ਪ੍ਰਚਾਰਕ, ਕਹਾਣੀਕਾਰ, ਗੀਤਕਾਰ, ਨਾਵਲਕਾਰ, ਨਾਟਕਕਾਰ ਅਤੇ ਇਕ ਖੋਜੀ ਇਤਿਹਾਸਕਾਰ) ਦੇ ਮਾਲਕ ਗਿਆਨੀ ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਈ. ਨੂੰ ਪਿੰਡ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਖ਼ੁਸ਼ਹਾਲ ਸਿੰਘ ਪੰਨੂ ਅਤੇ ਮਾਤਾ ਦਿਆਲ ਕੌਰ ਦੇ ਗ੍ਰਹਿ ਵਿਖੇ ਹੋਇਆ। ਭਾਵੇਂ ਰਸਮੀ ਤਾਲੀਮ ਹਾਸਲ ਕਰਨ ਲਈ ਸੀਤਲ ਦੇ ਮਨ ਵਿਚ ਇਕ ਤੀਬਰ ਤਾਂਘ ਸੀ ਪਰ ਉਸ ਸਮੇਂ ਸੰਸਥਾਗਤ ਵਿੱਦਿਆ (ਖ਼ਾਸ ਕਰ ਕੇ ਪਿੰਡਾਂ ’ਚ) ਦੀ ਕਾਫੀ ਘਾਟ ਸੀ। ਇਸ ਘਾਟ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਇਸ ਤਾਂਘ ਨੂੰ ਮੱਠੀ ਨਹੀਂ ਪੈਣ ਦਿੱਤਾ। ਕੁਝ ਵਿਸ਼ੇਸ਼ ਯਤਨਾਂ ਸਦਕਾ ਸੀਤਲ ਨੇ ਆਪਣੇ ਪਿੰਡ ਦੇ ਸਾਧੂ/ਗ੍ਰੰਥੀ ਹਰੀ ਦਾਸ ਪਾਸੋਂ ਗੁਰਮੁਖੀ ਵਰਣਾਂ ਦੀ ਪਛਾਣ ਕਰਨੀ ਸਿੱਖ ਲਈ। ਇਸ ਪਛਾਣ ਨੇ ਉਸ ਦੇ ਹੌਂਸਲੇ ਨੂੰ ਅਜਿਹਾ ਵਧਾਇਆ ਕਿ ਉਹ ਕੁਝ ਵਡੇਰੀ (14 ਸਾਲ ਦੀ) ਉਮਰ ਦਾ ਹੋ ਜਾਣ ਦੇ ਬਾਵਜੂਦ ਗੁਆਂਢੀ ਪਿੰਡ ‘ਵਰਨ’ ਦੀ ਪਾਠਸ਼ਾਲਾ ਵਿਚ ਪ੍ਰਵੇਸ਼ ਕਰ ਗਿਆ। ਪੜ੍ਹਾਈ ਵਿਚ ਉਸ ਦੀ ਲਗਨ ਨੂੰ ਦੇਖਦਿਆਂ ਪਾਠਸ਼ਾਲਾ ਦੇ ਸੰਚਾਲਕਾਂ ਵੱਲੋਂ ਉਸ ਨੂੰ ਕੁਝ ਜਮਾਤਾਂ ਸਾਲਾਂ ਦੀ ਬਜਾਏ ਛਿਮਾਹੀਆਂ ਵਿਚ ਹੀ ਪੂਰੀਆਂ ਕਰਵਾ ਦਿੱਤੀਆਂ।

ਉਸਤਾਦ ਲੋਕਾਂ ਵੱਲੋਂ ਮਿਲੇ ਵਿਸ਼ੇਸ਼ ਸਹਿਯੋਗ ਸਦਕਾ ਸੀਤਲ ਨੇ ਮੈਟਿ੍ਰਕ ਪੱਧਰ ਦੀ ਪੜ੍ਹਾਈ ਅੱਵਲ ਦਰਜੇ ਵਿਚ ਰਹਿ ਕੇ ਪਾਸ ਕਰ ਲਈ। ਉਸ ਸਮੇਂ ਮੈਟਿ੍ਰਕ ਵਿਚ ਇਹ ਦਰਜਾ ਕਿਸੇ ਵਿਰਲੇ-ਟਾਵੇਂ ਵਿਦਿਆਰਥੀ ਨੂੰ ਹੀ ਨਸੀਬ ਹੋਇਆ ਕਰਦਾ ਸੀ।

ਇਸ ਸਿੱਖਿਆ ਪ੍ਰਾਪਤੀ ਦੇ ਦੌਰ (ਅੱਠਵੀਂ ਜਮਾਤ ਵਿਚ) ਦੌਰਾਨ ਹੀ ਗਿਆਨੀ ਸੋਹਣ ਸਿੰਘ ਸੀਤਲ ਦੇ ਮਾਪਿਆਂ ਵੱਲੋਂ ਉਸ ਨੂੰ ਸਮਾਜਿਕ/ਪਰਿਵਾਰਕ ਜ਼ਿੰਮੇਵਾਰੀ ਦੀ ਪੰਡ ਚੁਕਾਉਂਦੇ ਹੋਏ ਉਸ ਦਾ ਵਿਆਹ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਭੜਾਣਾ ਦੀ ਵਸਨੀਕ ਬੀਬੀ ਕਰਤਾਰ ਕੌਰ ਨਾਲ ਕਰ ਦਿੱਤਾ। ਇਨ੍ਹਾਂ ਦੇ ਘਰ ਦੋ ਪੁੱਤਰਾਂ (ਰਘਵੀਰ ਸਿੰਘ ਅਤੇ ਸੁਰਜੀਤ ਸਿੰਘ) ਅਤੇ ਇਕ ਪੁੱਤਰੀ ਨੇ ਜਨਮ ਲਿਆ। ਹੁਣ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਸੀਤਲ ਨੂੰ ਆਪਣੇ ਘਰ-ਪਰਿਵਾਰ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪੈਂਦਾ। ਇਸ ਧਿਆਨ ਦੇ ਵੱਧ ਜਾਣ ਕਾਰਨ ਉਨ੍ਹਾਂ ਦਾ ਪੜ੍ਹਾਈ ਵਿਚਲਾ ਧਿਆਨ ਕੁਝ ਪਿੱਛੇ ਪੈਣ ਲੱਗ ਪਿਆ। ਇਸ ਪਿਛੇਤਰ ਕਾਰਨ ੳੇੁਹ ਉਚੇਰੀ ਵਿਦਿਆ ਦੇ ਤੌਰ ’ਤੇ ਸਿਰਫ਼ ਗਿਆਨੀ ਦਾ ਇਮਤਿਹਾਨ ਹੀ ਪਾਸ ਕਰ ਸਕਿਆ।

ਗਿਆਨੀ ਸੋਹਣ ਸਿੰਘ ਸੀਤਲ ਕੁਝ ਸਮਾਂ ਆਪਣੇ ਪਿਤਾ-ਪੁਰਖੀ ਕਿੱਤੇ ਖੇਤੀਬਾੜੀ ਨਾਲ ਵੀ ਜੁੜਿਆ ਰਿਹਾ। ਇਸ ਕਿੱਤੇ ਨੂੰ ਕਰਦਿਆਂ ਹੀ ਉਸ ਦੇ ਅੰਦਰ ਕੁਝ ਵੱਖਰਾ ਕਰ ਕੇ ਦਿਖਾਉਣ ਦੀ ਇੱਛਾ ਵੀ ਜਵਾਨ ਹੁੰਦੀ ਗਈ। ਜੋਬਨ ਉੱਤੇ ਆਈ ਉਸ ਦੀ ਇਸ ਇੱਛਾ ਨੇ ਇਕ ਦਿਨ ਉਸ ਨੂੰ ਢਾਡੀ ਕਲਾ ਵੱਲ ਨੂੰ ਮੋੜ ਦਿੱਤਾ। ਇਸ ਮੋੜ ਵੱਲ ਮੁੜਦਿਆਂ ਉਸ ਨੇ ਆਪਣਿਆਂ ਸਾਥੀਆਂ ਗੁਰਚਰਨ ਸਿੰਘ, ਅਮਰੀਕ ਸਿੰਘ ਅਤੇ ਹਰਨਾਮ ਸਿੰਘ ਨੂੰ ਨਾਲ ਲੈ ਲਿਆ ਅਤੇ ਲਲਿਆਣੀ ਦੇ ਭਰਾਈ ਬਾਬਾ ਚਿਰਾਗ਼ਦੀਨ ਕੋਲੋਂ ਸਾਰੰਗੀ ਅਤੇ ਢੱਡ ਵਜਾਉਣੀ ਸਿੱਖਣ ਲੱਗ ਪਏ। ਉਸਤਾਦ ਜੀ ਕੋਲੋਂ ਢਾਡੀ ਕਲਾ ਦੀਆਂ ਬਰੀਕੀਆਂ ਤੋਂ ਚੰਗੀ ਤਰ੍ਹਾਂ ਗਿਆਤ ਹੋ ਕੇ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ ਜਥਾ ਦੂਰ-ਦੁਰਾਡੇ ਦੀਵਾਨਾਂ ਵਿਚ ਆਪਣੀ ਹਾਜ਼ਰੀ ਭਰਨ ਲੱਗ ਪਿਆ। ਉਸ ਵਕਤ ਢਾਡੀ ਕਲਾ ਦੇ ਖੇਤਰ ਵਿਚ ਸੋਹਣ ਸਿੰਘ ਘੁੱਕੇਵਾਲੀਆ, ਬਾਬਾ ਕਿਸ਼ਨ ਸਿੰਘ, ਸੋਹਣ ਸਿੰਘ ਭੀਲ਼ਾ ਅਤੇ ਨਿਰਵੈਰ ਸਿੰਘ ਦੁਆਬੀਆ ਆਦਿ ਦੇ ਜਥੇ ਪ੍ਰਮੁੱਖ ਰੂਪ ਵਿਚ ਵਿਚਰ ਰਹੇ ਸਨ। ਸਿੱਖ ਸੰਗਤਾਂ ਵਿਚ ਇਨ੍ਹਾਂ ਜਥਿਆਂ ਦੀ ਚੰਗੀ ਭਲ ਸੀ। ਸਰੋਤਿਆਂ/ਦਰਸ਼ਕਾਂ ਦਾ ਧਿਆਨ ਇਨ੍ਹਾਂ ਜਥਿਆਂ ਵੱਲੋਂ ਹਟਾ ਕੇ ਆਪਣੇ ਵੱਲ ਲਗਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਪਰ ਇਹ ਚਮਤਕਾਰ ਗਿਆਨੀ ਜੀ ਦੇ ਜਥੇ ਨੇ ਥੋੜ੍ਹੇ ਹੀ ਸਮੇਂ ਵਿਚ ਕਰ ਦਿਖਾਇਆ। ਇਸ ਚਮਤਕਾਰ ਦੇ ਕਾਰਨਾਂ ਵਿਚ ਸੀਤਲ ਦਾ ਵਧੇਰੇ ਤਲੀਮ-ਯਾਫ਼ਤਾ ਹੋਣਾ ਅਤੇ ਵਿਆਖਿਆ ਦੇ ਨਿਵੇਕਲੇ ਅਤੇ ਨਿਰਾਲੇ ਢੰਗ ਅਪਣਾਉਣਾ ਸੀ। ਦੇਸ਼ ਵਿਦੇਸ਼ ਵਿਚ ਇਸ ਢਾਡੀ ਜਥੇ ਦੀ ਇੰਨੀ ਵਡਿਆਈ ਹੋਈ ਕਿ ਸ਼ਰੀਕਾਂ ਦੀ ਨਫ਼ਰਤ ਵੀ ਪਿਆਰ ਵਿਚ ਬਦਲ ਗਈ। ਸੋਹਣ ਸਿੰਘ ਸੀਤਲ ਨੇ ਆਪਣੇ ਢਾਡੀ ਜਥੇ ਨਾਲ ਲਗਪਗ ਛੇ ਦਹਾਕਿਆਂ ਤਕ ਪੰਥ ਅਤੇ ਪੰਜਾਬ ਦੀ ਰੱਜਵੀਂ ਸੇਵਾ ਕੀਤੀ ਲੋਕਾਂ ਨੂੰ ਆਪਣੇ ਵਿਰਸੇ ਤੋਂ ਵਾਕਿਫ਼ ਕਰਵਾਇਆ।

ਮਨੋਵਿਗਿਆਨੀਆਂ ਨੇ ਕਿਸ਼ੋਰ ਅਵਸਥਾ ਨੂੰ ਇਕ ਤੂਫ਼ਾਨੀ ਅਵਸਥਾ ਮੰਨਿਆ ਹੈ। ਇਸ ਅਵਸਥਾ ਵਿਚ ਜਵਾਨੀ ਅੱਥਰੀ ਹੋ ਜਾਂਦੀ ਹੈ ਅਤੇ ਕਈ ਵਾਰ ਲੀਹੋਂ ਵੀ ਲਹਿ ਜਾਂਦੀ ਹੈ। ਪਰ ਗਿਆਨੀ ਸੋਹਣ ਸਿੰਘ ਸੀਤਲ ਨੇ ਇਸ ਤੂਫ਼ਾਨੀ ਅਵਸਥਾ ਨੂੰ ਠੱਲ੍ਹ ਪਾਉਣ ਲਈ ਕਲਮ ਦਾ ਸਹਾਰਾ ਲੈ ਲਿਆ। ਇਸ ਕਲਮ ਨੇ ਸੀਤਲ ਦੀਆਂ ਭਾਵਨਾਵਾਂ ਨੂੰ ਕਵਿਤਾ ਵਿਚ ਪਰੋ ਦਿੱਤਾ। ਉਸ ਦੀ ਪਹਿਲੀ ਕਵਿਤਾ 1924 ਈ. ਨੂੰ ‘ਅਕਾਲੀ’ ਅਖ਼ਬਾਰ ਵਿਚ ਛਪ ਗਈ। ਇਸ ਕਵਿਤਾ ਦੇ ਨਾਲ ਹੀ ਸੀਤਲ ਦੇ ਸਾਹਿਤਕ ਸਫ਼ਰ ਦਾ ਆਗ਼ਾਜ਼ ਹੋ ਜਾਂਦਾ ਹੈ। ਇਸ ਸਫ਼ਰ ਦੇ ਸਿੱਟੇ ਵਜੋਂ ਉਸ ਨੇ ਇਕ ਕਾਵਿ ਸੰਗਿ੍ਰਹ ‘ਸੱਜਰੇ ਹੰਝੂ’ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਦਿੱਤਾ।

ਕਵਿਤਾ ਦੇ ਨਾਲ-ਨਾਲ ਸੋਹਣ ਸਿੰਘ ਸੀਤਲ ਨੇ ਕੁਝ ਕਹਾਣੀਆਂ ਵੀ ਲਿਖੀਆਂ ਹਨ ਜਿਨ੍ਹਾਂ ਵਿਚ ‘ਕਦਰਾਂ ਬਦਲ ਗਈਆਂ’, ‘ਅਜੇ ਦੀਵਾ ਬਲ ਰਿਹਾ ਸੀ’ ਅਤੇ ‘ਜੇਬ ਕੱਟੀ ਗਈ’ ਕਾਫ਼ੀ ਚਰਚਿਤ ਹੋਈਆਂ ਹਨ। ਇਹ ਸਿਰਜਣਾ ਭਾਵੇ ਉਨ੍ਹਾਂ ਦੇ ਸਾਹਿਤਕ ਜੀਵਨ ਦੇ ਪ੍ਰਾਇਮਰੀ ਪੜਾਅ ਦੀ ਹੀ ਸੀ ਪਰ ਉਸ ਦੇ ਚੰਗੇਰੇ ਅਤੇ ਪਕੇਰੇ ਕੱਲ੍ਹ ਨੂੰ ਤਸਦੀਕ ਕਰਦੀ ਸੀ।

ਇਕ ਨਾਵਲਕਾਰ ਦੇ ਤੌਰ ’ਤੇ ਵੀ ਗਿਆਨੀ ਸੋਹਣ ਸਿੰਘ ਸੀਤਲ ਦੀ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਮਹਾਨ ਦੇਣ ਰਹੀ ਹੈ। ਉਸ ਦੁਆਰਾ ਲਿਖੇ ਨਾਵਲਾਂ ਦੀ ਤਦਾਦ ਦੋ ਦਰਜਨਾਂ ਦੇ ਕਰੀਬ ਬਣਦੀ ਹੈ। ਸੈਕੰਡਰੀ ਜਮਾਤਾਂ ਨੂੰ ਇਕ ਪਾਠਕ੍ਰਮ ਦੇ ਤੌਰ ’ਤੇ ਪੜ੍ਹਾਇਆ ਗਿਆ ਉਨ੍ਹਾਂ ਦਾ ਨਾਵਲ ‘ਤੂਤਾਂ ਵਾਲਾ ਖੂਹ’ ਆਪਣੀ ਮਿਸਾਲ ਆਪ ਹੈ ਜੋ ਦੇਸ਼ ਦੀ ਵੰਡ ਨੂੰ ਕੁਰਣਾਮਈ ਢੰਗ ਨਾਲ ਬਿਆਨ ਕਰਦਾ ਹੈ। ‘ਜੁੱਗ ਬਦਲ ਗਿਆ’ ਸੀਤਲ ਦਾ ਇਕ ਹੋਰ ਚਰਚਿਤ ਨਾਵਲ ਹੈ ਜਿਸ ਨੂੰ 1974 ਈ. ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰਿਤ ਕੀਤਾ ਗਿਆ ਸੀ। ਇਨ੍ਹਾਂ ਦੋ ਨਾਵਲਾਂ ਤੋਂ ਛੁੱਟ ‘ਮੁੱਲ ਦਾ ਮਾਸ’, ‘ਜੰਗ ਜਾਂ ਅਮਨ, ‘ਈਚੋਗਿਲ ਦੀ ਨਹਿਰ ਤਕ’, ‘ਵਿਯੋਗਣ’, ਅਤੇ ‘ਅੰਨੀ ਸੁੰਦਰਤਾ’ ਆਦਿ ਸੀਤਲ ਦੁਆਰਾ ਰਚਿਤ ਨਾਵਲ ਹਨ ਜਿਨ੍ਹਾਂ ਨੇ ਪੰਜਾਬੀ ਬੋਲੀ ਅਤੇ ਸਾਹਿਤ ਦਾ ਮਾਣ ਵਧਾਇਆ ਹੈ।

ਸੀਤਲ ਦੇ ਨਾਵਲਾਂ ਦੀ ਇਹ ਵੀ ਇਕ ਵਿਸ਼ੇਸ਼ਤਾ ਰਹੀ ਹੈ ਕਿ ਉਸ ਦੇ ਨਾਵਲਾਂ ਦੇ ਪਾਤਰ ਕਿਸੇ ਕਲਪਨਾ ਦੇ ਕਾਰਖਾਨੇ ਵਿਚ ਤਿਆਰ ਨਾ ਹੋ ਕੇ ਹਕੀਕੀ ਹਾਲਾਤ ’ਚੋਂ ਉਪਜਦੇ ਹਨ। ਇਕ ਖੋਜੀ (ਸਿੱਖ) ਇਤਿਹਾਸਕਾਰ ਦੇ ਤੌਰ ’ਤੇ ਸੋਹਣ ਸਿੰਘ ਸੀਤਲ ਦਾ ਇਕ ਅਹਿਮਤਰੀਨ ਸਥਾਨ ਹੈ। ਉਸ ਨੇ ਪਹਿਲਾਂ ਆਪ ਨਿੱਠ ਕੇ ਸਿੱਖ ਇਤਿਹਾਸ ਦਾ ਵਿਸ਼ਲੇਸ਼ਣ ਕੀਤਾ ਬਾਅਦ ਵਿਚ ਕੁਝ ਨਵੀਆਂ ਛੋਹਾਂ ਦੇ ਕੇ ਕਿਤਾਬੀ ਰੂਪ ਵਿਚ ਮੁੜ ਪ੍ਰਕਾਸ਼ਿਤ ਕਰਵਾਇਆ। ਉਸ ਦੇ ਇਸ ਉਪਰਾਲੇ ਨੇ ਜਿੱਥੇ ਸਿੱਖ ਇਤਿਹਾਸ ਬਾਰੇ ਪਾਏ ਜਾਂਦੇ ਕੁਝ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਉੱਥੇ ਸਿੱਖ ਇਤਿਹਾਸ ਨੂੰ ਨਵੀਂ ਦਿੱਖ ਵੀ ਪ੍ਰਦਾਨ ਕੀਤੀ। ਸੀਤਲ ਦੀਆਂ ਇਤਿਹਾਸਕ ਲਿਖਤਾਂ ਵਿਚ ‘ਸਿੱਖ ਰਾਜ ਕਿਵੇਂ ਗਿਆ’ ਇਕ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ‘ਦੁਖੀਏ ਮਾਂ ਦੇ ਪੁੱਤ’ ‘ਬੰਦਾ ਸਿੰਘ ਸ਼ਹੀਦ’, ‘ਸਿੱਖ ਮਿਸਲਾਂ ਦੇ ਸਰਦਾਰ ਘਰਾਣੇ’, ‘ਸਿੱਖ ਰਾਜ ਅਤੇ ਸ਼ੇਰੇ ਪੰਜਾਬ’ ਅਤੇ ‘ਸਿੱਖ ਸ਼ਹੀਦ ਅਤੇ ਯੋਧੇ’ ਉਸ ਦੀਆਂ ਵਰਨਣਯੋਗ ਇਤਿਹਾਸਕ ਕਿਤਾਬਾਂ ਹਨ।

ਓਪਰੋਕਤ ਚਰਚਾ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਗਿਆਨੀ ਸੋਹਣ ਸਿੰਘ ਸੀਤਲ ਵਰਗੇ ਬਹੁਪੱਖੀ ਪ੍ਰਤਿਭਾ ਦੇ ਮਾਲਿਕ ਅਤੇ ਨੇਕ ਦਿਲ ਵਿਅਕਤੀ ਵਿਰਲੇ ਹੀ ਪੈਦਾ ਹੁੰਦੇ ਹਨ। ਪੰਥ ਦਾ ਅਮੋਲਕ ਢਾਡੀ ਅਤੇ ਪੰਜਾਬੀ ਸਾਹਿਤ ਦਾ ਅਮਿੱਟ ਹਸਤਾਖ਼ਰ ਗਿਆਨੀ ਸੋਹਣ ਸਿੰਘ ਸੀਤਲ ਆਪਣਾ ਨੌਂ ਦਹਾਕਿਆਂ ਦਾ ਜੀਵਨ ਪੰਧ ਮੁਕਾ ਕੇ ਅਖੀਰ 23 ਸਤੰਬਰ 1998 ਈ. ਵਾਲੇ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਸੀਤਲ ਦੇ ਆਪਣੇ ਬੋਲ ਸਨ :- ‘ਸੀਤਲ ਸਦਾ ਜਹਾਨ ਜੀਂਵਦਾ ਏ, ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ’।

- ਰਮੇਸ਼ ਬੱਗਾ ਚੋਹਲਾ

Posted By: Harjinder Sodhi