
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਣਖੀ ਦੀ ਰਚਨਾ ਦਾ ਲੋਕ ਮਨਾਂ ਦੀਆਂ ਤੰਗੀਆਂ-ਤੁਰਸ਼ੀਆਂ ਨਾਲ ਗੂੜ੍ਹਾ ਰਿਸ਼ਤਾ ਹੈ। ਅਣਖੀ ਨੇ ਜ਼ਿੰਦਗੀ ਨੂੰ ਦੂਰੋਂ ਖਲੋਅ ਕੇ ਨਹੀਂ ਵੇਖਿਆ, ਸਗੋਂ ਉਸ ਦੇ ਅੰਦਰ ਉਤਰ ਕੇ ਮਨੁੱਖ ਦੀਆਂ ਮੁਸ਼ਕਲਾਂ, ਮਜਬੂਰੀਆਂ, ਇੱਛਾਵਾਂ ਅਤੇ ਸੁਪਨਿਆਂ ਦੀਆਂ ਤੈਹਾਂ ਫਰੋਲੀਆਂ ਹਨ। ਉਨ੍ਹਾਂ ਦੇ ਪਾਤਰ ਕਿਸੇ ਕਾਲਪਨਿਕ ਦੁਨੀਆ ਦੇ ਬਾਸ਼ਿੰਦੇ ਨਹੀਂ, ਸਗੋਂ ਸਾਡੇ ਆਲੇ-ਦੁਆਲੇ ਵਿਚਰਦੇ ਆਮ ਕਿਰਦਾਰ ਹਨ।

ਪੰਜਾਬੀ ਸਾਹਿਤ ਦੇ ਵਿਸ਼ਾਲ ਵਿਹੜੇ ’ਚ ਸਾਹਿਤਕਾਰ ਰਾਮ ਸਰੂਪ ਅਣਖੀ ਦਾ ਨਾਂ ਉਸ ਸ਼ਖ਼ਸੀਅਤ ਵਜੋਂ ਲਿਆ ਜਾਂਦਾ ਹੈ, ਜਿਸ ਨੇ ਪੰਜਾਬ ਦੇ ਪਿੰਡਾਂ, ਖੇਤਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਜੀਵਨ ਨੂੰ ਬਹੁਤ ਨੇੜਿਓਂ ਤੱਕਿਆ ਅਤੇ ਉਸ ਨੂੰ ਆਪਣੀਆਂ ਲਿਖਤਾਂ ਦਾ ਹਿੱਸਾ ਬਣਾਇਆ। ਉਨ੍ਹਾਂ ਦੀ ਕਲਮ ’ਚ ਪੰਜਾਬ ਦੀ ਮਿੱਟੀ ਦੀ ਮਹਿਕ ਵੀ ਹੈ ਅਤੇ ਪੇਂਡੂ ਜੀਵਨ ਦੇ ਦੁੱਖ-ਸੁੱਖ ਦੀ ਸੱਚੀ ਤਸਵੀਰ ਵੀ।
ਰਾਮ ਸਰੂਪ ਅਣਖੀ ਦਾ ਜਨਮ 28 ਅਗਸਤ 1932 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ’ਚ ਹੋਇਆ। ਉਨ੍ਹਾਂ ਨੇ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹਿੰਦਿਆਂ ਸਾਹਿਤ ਸਿਰਜਣਾ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਮਕਸਦ ਬਣਾਇਆ। ਕਵਿਤਾ ਤੋਂ ਆਪਣਾ ਸਾਹਿਤਿਕ ਸਫ਼ਰ ਸ਼ੁਰੂ ਕਰਨ ਵਾਲੇ ਅਣਖੀ ਨੇ ਇਸ ਤੋਂ ਬਾਅਦ ਕਹਾਣੀ ਅਤੇ ਨਾਵਲ ਦੇ ਖੇਤਰ ’ਚ ਆਪਣੀ ਕਲਮ ਆਜ਼ਮਾਈ। ਇਹੀ ਵਿਧਾ ਉਨ੍ਹਾਂ ਦੀ ਪਛਾਣ ਬਣੀ।
ਅਣਖੀ ਦੀ ਰਚਨਾ ਦਾ ਲੋਕ ਮਨਾਂ ਦੀਆਂ ਤੰਗੀਆਂ-ਤੁਰਸ਼ੀਆਂ ਨਾਲ ਗੂੜ੍ਹਾ ਰਿਸ਼ਤਾ ਹੈ। ਅਣਖੀ ਨੇ ਜ਼ਿੰਦਗੀ ਨੂੰ ਦੂਰੋਂ ਖਲੋਅ ਕੇ ਨਹੀਂ ਵੇਖਿਆ, ਸਗੋਂ ਉਸ ਦੇ ਅੰਦਰ ਉਤਰ ਕੇ ਮਨੁੱਖ ਦੀਆਂ ਮੁਸ਼ਕਲਾਂ, ਮਜਬੂਰੀਆਂ, ਇੱਛਾਵਾਂ ਅਤੇ ਸੁਪਨਿਆਂ ਦੀਆਂ ਤੈਹਾਂ ਫਰੋਲੀਆਂ ਹਨ। ਉਨ੍ਹਾਂ ਦੇ ਪਾਤਰ ਕਿਸੇ ਕਾਲਪਨਿਕ ਦੁਨੀਆ ਦੇ ਬਾਸ਼ਿੰਦੇ ਨਹੀਂ, ਸਗੋਂ ਸਾਡੇ ਆਲੇ-ਦੁਆਲੇ ਵਿਚਰਦੇ ਆਮ ਕਿਰਦਾਰ ਹਨ। ਉਨ੍ਹਾਂ ਦੀਆਂ ਖੁਸ਼ੀਆਂ ਛੋਟੀਆਂ ਹਨ, ਦੁੱਖ ਡੂੰਘੇ ਹਨ ਅਤੇ ਜੀਵਨ ਨਾਲ ਜੂਝਣ ਦੀ ਸਮਰੱਥਾ ਬੇਮਿਸਾਲ ਹੈ।
ਰਾਮ ਸਰੂਪ ਅਣਖੀ ਦੇ ਨਾਵਲ ‘ਕੋਠੇ ਖੜਕ ਸਿੰਘ’ ਨੂੰ ਪੰਜਾਬੀ ਨਾਵਲ ਦੀਆਂ ਮਹੱਤਵਪੂਰਨ ਕਿਰਤਾਂ ’ਚੋਂ ਇਕ ਗਿਣਿਆ ਜਾਂਦਾ ਹੈ। ਇਸ ਰਚਨਾ ਲਈ ਉਨ੍ਹਾਂ ਨੂੰ 1987 ’ਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜ਼ਿਆ ਗਿਆ। ਰਾਮ ਸਰੂਪ ਅਣਖੀ ਨੇ ਪੰਜਾਬ ਦੇ ਪੇਂਡੂ ਜੀਵਨ ਦੇ ਬਦਲਦੇ ਸਮਾਜਿਕ ਅਤੇ ਆਰਥਿਕ ਸਰੋਕਾਰਾਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ। ਉਨ੍ਹਾਂ ਦੀਆਂ ਰਚਨਾਵਾਂ ’ਚ ਜ਼ਮੀਨ ਨਾਲ ਜੁੜੇ ਮਨੁੱਖ ਦੀ ਮਾਨਸਿਕਤਾ, ਰਿਸ਼ਤਿਆਂ ਦੀਆਂ ਗੁੰਝਲਾਂ ਅਤੇ ਸਮਾਜਿਕ ਤਬਦੀਲੀਆਂ ਦੇ ਪ੍ਰਭਾਵ ਸਪਸ਼ਟ ਰੂਪ ਨਾਲ ਦੇਖੇ ਜਾ ਸਕਦੇ ਹਨ।
ਅਣਖੀ ਅਸਲ ’ਚ ਲੋਕਾਂ ਦੀ ਭਾਸ਼ਾ ਦਾ ਸਾਹਿਤਕਾਰ ਹੈ। ਇਹੀ ਉਨ੍ਹਾਂ ਦੀ ਰਚਨਾ ਦੀ ਵਡਮੁੱਲੀ ਤਾਕਤ ਹੈ। ਉਹ ਪੰਜਾਬੀ ਬੋਲੀ ਨੂੰ ਸਾਹਿਤਕ ਸੁੰਦਰਤਾ ਨਾਲ ਵਰਤਦੇ ਹਨ। ਉਨ੍ਹਾਂ ਦੀਆਂ ਲਿਖਤਾਂ ਵਿਚ ਪੰਜਾਬ ਦੇ ਪਿੰਡਾਂ ਦੀ ਬੋਲੀ, ਮੁਹਾਵਰੇ ਅਤੇ ਲੋਕ-ਜੀਵਨ ਦੀ ਸਹਿਜਤਾ ਸਪੱਸ਼ਟ ਦੇਖੀ ਜਾ ਸਕਦੀ ਹੈ। ਇਸੇ ਕਰਕੇ ਉਨ੍ਹਾਂ ਦੀਆਂ ਰਚਨਾਵਾਂ ਪੜ੍ਹਦਿਆਂ ਪਾਠਕ ਨੂੰ ਲੱਗਦਾ ਹੈ ਕਿ ਉਹ ਕੋਈ ਕਹਾਣੀ ਨੂੰ ਪੜ੍ਹ ਨਹੀਂ ਰਿਹਾ, ਸਗੋਂ ਆਪਣੇ ਹੀ ਆਲੇ-ਦੁਆਲੇ ਦੇ ਜੀਵਨ ਨੂੰ ਦੇਖ ਰਿਹਾ ਹੈ।
ਅਣਖੀ ਸਿਰਫ਼ ਪੇਂਡੂ ਜੀਵਨ ਦੇ ਚਿੱਤਰਕਾਰ ਨਹੀਂ ਸਨ। ਉਨ੍ਹਾਂ ਨੇ ਮਨੁੱਖੀ ਮਨ ਦੀਆਂ ਬਾਰੀਕ ਪਰਤਾਂ ਨੂੰ ਆਪਣੀ ਕਲਮ ਨਾਲ ਫਰੋਲਿਆ ਹੈ। ਉਨ੍ਹਾਂ ਦੇ ਪਾਤਰਾਂ ’ਚ ਪਿਆਰ ਹੈ, ਈਰਖਾ ਹੈ, ਲਾਲਸਾ ਹੈ, ਮਜਬੂਰੀ ਹੈ, ਵਿਰੋਧ ਹੈ ਅਤੇ ਬਦਲਦੇ ਸਮੇਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਵੀ ਹੈ। ਇਸੇ ਲਈ ਉਨ੍ਹਾਂ ਦਾ ਸਾਹਿਤ ਕਿਸੇ ਇਕ ਵਰਗ ਜਾਂ ਇਕ ਸਮੇਂ ਦੀ ਕਹਾਣੀ ਬਣ ਕੇ ਨਹੀਂ ਰਹਿ ਜਾਂਦਾ, ਬਲਕਿ ਮਨੁੱਖੀ ਜੀਵਨ ਦੀ ਅਸਲ ਤਸਵੀਰ ਨੂੰ ਰੂਪਮਾਨ ਕਰਦਾ ਹੈ।
ਅਣਖੀ ਦੀ ਸਾਹਿਤਕ ਮਹੱਤਤਾ ਇਸ ਗੱਲ ’ਚ ਵੀ ਹੈ ਕਿ ਉਨ੍ਹਾਂ ਨੇ ਆਮ ਮਨੁੱਖ ਨੂੰ ਸਾਹਿਤ ਦਾ ਕੇਂਦਰ ਬਣਾਇਆ। ਉਨ੍ਹਾਂ ਦੀ ਕਲਮ ਨੇ ਉਨ੍ਹਾਂ ਲੋਕਾਂ ਨੂੰ ਆਵਾਜ਼ ਦਿੱਤੀ, ਜਿਨ੍ਹਾਂ ਦੀ ਆਵਾਜ਼ ਦੱਬ ਜਾਂਦੀ ਹੈ। ਉਨ੍ਹਾਂ ਦੇ ਸਾਹਿਤ ’ਚ ਪੰਜਾਬ ਦੀ ਧਰਤੀ ਬੋਲਦੀ ਹੈ, ਪਿੰਡ ਬੋਲਦੇ ਹਨ, ਖੇਤ ਬੋਲਦੇ ਹਨ ਅਤੇ ਸਭ ਤੋਂ ਵੱਧ, ਉਹ ਆਮ ਮਨੁੱਖ ਬੋਲਦਾ ਹੈ, ਜੋ ਆਪਣੀ ਹੋਂਦ ਲਈ ਹਰ ਰੋਜ਼ ਸੰਘਰਸ਼ ਕਰਦਾ ਹੈ।
ਅੱਜ ਜਦੋਂ ਪੰਜਾਬੀ ਸਮਾਜ ਤੇ ਸਰੋਕਾਰ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਪੇਂਡੂ ਜੀਵਨ ਵੀ ਨਵੀਆਂ ਚੁਣੌਤੀਆਂ ’ਚੋਂ ਲੰਘ ਰਿਹਾ ਹੈ, ਅਣਖੀ ਦੀਆਂ ਰਚਨਾਵਾਂ ਹੋਰ ਵੀ ਪ੍ਰਸੰਗਿਕ ਲੱਗਦੀਆਂ ਹਨ। ਉਹ ਸਾਨੂੰ ਸਿਰਫ਼ ਬੀਤੇ ਪੰਜਾਬ ਦੀ ਯਾਦ ਨਹੀਂ ਦਿਵਾਉਂਦੀਆਂ, ਸਗੋਂ ਇਹ ਵੀ ਪੁੱਛਦੀਆਂ ਹਨ ਕਿ ਵਿਕਾਸ ਅਤੇ ਤਬਦੀਲੀ ਦੇ ਦੌਰ ’ਚ ਆਮ ਮਨੁੱਖ, ਉਸ ਦੀਆਂ ਭਾਵਨਾਵਾਂ ਅਤੇ ਉਸ ਦੀ ਮਿੱਟੀ ਨਾਲ ਜੁੜੀ ਪਛਾਣ ਕੀ ਰੂਪ ਲੈ ਰਹੀ ਹੈ?
ਆਉਣ ਵਾਲੀ 28 ਅਗਸਤ ਨੂੰ ਰਾਮ ਸਰੂਪ ਅਣਖੀ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਯਾਦ ਕਰਨਾ ਸਿਰਫ਼ ਇਕ ਸਾਹਿਤਕਾਰ ਨੂੰ ਯਾਦ ਕਰਨਾ ਨਹੀਂ, ਸਗੋਂ ਉਸ ਪੰਜਾਬ ਨੂੰ ਯਾਦ ਕਰਨਾ ਹੈ ਜਿਸ ਦੀ ਮਿੱਟੀ, ਬੋਲੀ ਅਤੇ ਮਨੁੱਖੀ ਸੰਵੇਦਨਾ ਨੂੰ ਉਨ੍ਹਾਂ ਨੇ ਆਪਣੀ ਕਲਮ ਨਾਲ ਅਮਰ ਕਰ ਦਿੱਤਾ। ਉਨ੍ਹਾਂ ਦਾ ਸਾਹਿਤ ਪੰਜਾਬੀ ਪਾਠਕ ਨੂੰ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਸੱਚਾ ਸਾਹਿਤ ਉਹੀ ਹੈ ਜੋ ਸਮੇਂ ਦੇ ਬਦਲ ਜਾਣ ਤੋਂ ਬਾਅਦ ਵੀ ਮਨੁੱਖ ਦੇ ਅੰਦਰ ਆਪਣੀ ਆਵਾਜ਼ ਜਿਉਂਦੀ ਰੱਖੇ।
ਅਣਖੀ ਦਾ ਮੁੱਖ ਨਾਵਲ ਕੋਠੇ ਖੜਕ ਸਿੰਘ, ਉਨ੍ਹਾਂ ਦਾ ਸਭ ਤੋਂ ਚਰਚਿਤ ਨਾਵਲ ਹੈ। ਇਸ ਲਈ ਉਨ੍ਹਾਂ ਨੂੰ 1987 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਇਸੇ ਤਰ੍ਹਾਂ ਸੁਲਗਦੀ ਰਾਤ, ਪਰਦੇਸੀ, ਸਲਾਮੀ, ਪਤਝੜ ਦੇ ਪੰਛੀ ਹਨ। ਕਹਾਣੀ-ਸੰਗ੍ਰਹਿ ’ਚ ਅਣਖੀ ਨੇ ਪੰਜਾਬੀ ਕਹਾਣੀ ਦੇ ਖੇਤਰ ’ਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੇ ਕਹਾਣੀ-ਸੰਗ੍ਰਹਿਆਂ ’ਚ ਪੇਂਡੂ ਜੀਵਨ, ਕਿਸਾਨੀ, ਮਜ਼ਦੂਰ ਵਰਗ, ਪਰਵਾਸ ਅਤੇ ਬਦਲਦੇ ਸਮਾਜਿਕ ਰਿਸ਼ਤੇ ਮੁੱਖ ਵਿਸ਼ੇ ਰਹੇ ਹਨ।
ਅਣਖੀ ਦੀਆਂ ਸਾਹਿਤਿਕ ਕਿਰਤਾਂ ਬੇਹੱਦ ਮਕਬੂਲ ਹਨ, ਇਨ੍ਹਾ ਵਿਚ ਕਵਿਤਾ ਮਟਕ ਚਾਨਣਾ (1957) ਅਤੇ ਮੇਰੇ ਕਮਰੇ ਦਾ ਸੂਰਜ (1966) ’ਚ ਪ੍ਰਕਾਸ਼ਿਤ ਹੋਈ ਸੀ। ਇਸ ਤੋਂ ਇਲਾਵਾ ਨਾਵਲ ’ਚ ਪਰਦਾ ਤੇ ਰੌਸ਼ਨੀ (1970), ਸੁਲਘਦੀ ਰਾਤ (1978), ਪਰਤਾਪੀ, ਦੁੱਲੇ ਦੀ ਢਾਬ, ਕੋਠੇ ਖੜਕ ਸਿੰਘ, ਭੀਮਾ, ਜ਼ਮੀਨਾਂ ਵਾਲੇ, ਢਿੱਡ ਦੀ ਆਂਦਰ, ਸਰਦਾਰੋ, ਹਮੀਰਗੜ੍ਹ,ਨਾਵਲ, ਜੱਸੀ ਸਰਪੰਚ, ਅੱਛਰਾ ਦਾਂਦੂ, ਸਲਫਾਸ, ਜ਼ਖਮੀ ਅਤੀਤ, ਕੱਖਾਂ ਕਾਨਿਆਂ ਦੇ ਪੁਲ, ਜਿਨੀ ਸਿਰਿ ਸੋਹਨਿ ਪਟੀਆਂ, ਕਣਕਾਂ ਦਾ ਕਤਲਾਮ, ਬਸ ਹੋਰ ਨਹੀਂ ਅਤੇ ਗੇਲੋ ਵੀ ਲੋਕ ਮਨਾਂ ’ਤੇ ਉਕਰੀਆਂ ਹੋਈਆਂ ਹਨ। ਇਸੇ ਤਰ੍ਹਾਂ ਕਹਾਣੀ ਸੰਗ੍ਰਹਿ ’ਚ ਸੁੱਤਾ ਨਾਗ (1966), ਕੱਚਾ ਧਾਗਾ (1967), ਮਨੁੱਖ ਦੀ ਮੌਤ (1968), ਟੀਸੀ ਦਾ ਬੇਰ (1970), ਖਾਰਾ ਦੁੱਧ (1973), ਕ
ੈਦਣ, ਅੱਧਾ ਆਦਮੀ (1977), ਕਦੋਂ ਫਿਰਨਗੇ ਦਿਨ (1985), ਕਿਧਰ ਜਾਵਾਂ (1992), ਛੱਡ ਕੇ ਨਾ ਜਾ (1994), ਮਿੱਟੀ ਦੀ ਜਾਤ (1989), ਹੱਡੀਆਂ (1991) ਪ੍ਰਕਾਸ਼ਿਤ ਹੋਈਆਂ।
ਰਾਮ ਸਰੂਪ ਅਣਖੀ ਦੀ ਮੌਤ 14 ਫਰਵਰੀ 2010 ਨੂੰ ਹੋਈ ਸੀ