- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਪੰਜਾਬੀ ਕਵਿਤਾ ਦੀ ਗੱਲ ਕੀਤੀ ਜਾਵੇ ਤਾਂ ਸੂਫ਼ੀ-ਕਾਵਿ, ਕਿੱਸਾ-ਕਾਵਿ, ਬੀਰਰਸੀ-ਕਾਵਿ, ਵਾਰਾਂ, ਜੰਗਨਾਮੇ ਅਤੇ ਬਾਰਹਮਾਹ ਵਰਣਨਯੋਗ ਹਨ। ਬਾਰਹਮਾਹ ਦਾ ਸ਼ਬਦਿਕ ਅਰਥ ਹੈ, ਹਰ ਸਾਲ ਦੇ ਹਰ ਮਹੀਨੇ ਦਾ ਬਿਆਨ। ਬਾਰਹਮਾਹ ਦਾ ਲੋਕ-ਕਾਵਿ ਵਿਚ ਵਿਸ਼ੇਸ਼ ਥਾਂ ਹੈ। ਖਾਸ ਤੌਰ ’ਤੇ ਇਸ ਲਈ ਕਿ ਬਾਰਹਮਾਹ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹਨ।

ਜੇਕਰ ਪੰਜਾਬੀ ਕਵਿਤਾ ਦੀ ਗੱਲ ਕੀਤੀ ਜਾਵੇ ਤਾਂ ਸੂਫ਼ੀ-ਕਾਵਿ, ਕਿੱਸਾ-ਕਾਵਿ, ਬੀਰਰਸੀ-ਕਾਵਿ, ਵਾਰਾਂ, ਜੰਗਨਾਮੇ ਅਤੇ ਬਾਰਹਮਾਹ ਵਰਣਨਯੋਗ ਹਨ। ਬਾਰਹਮਾਹ ਦਾ ਸ਼ਬਦਿਕ ਅਰਥ ਹੈ, ਹਰ ਸਾਲ ਦੇ ਹਰ ਮਹੀਨੇ ਦਾ ਬਿਆਨ। ਬਾਰਹਮਾਹ ਦਾ ਲੋਕ-ਕਾਵਿ ਵਿਚ ਵਿਸ਼ੇਸ਼ ਥਾਂ ਹੈ। ਖਾਸ ਤੌਰ ’ਤੇ ਇਸ ਲਈ ਕਿ ਬਾਰਹਮਾਹ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹਨ। ਹਰੇਕ ਮਹੀਨੇ ਦੇ ਸ਼ੂਰੂ ’ਚ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬਾਨ ਵਿਚ ਇਸ ਦਾ ਜਾਪ ਤੇ ਵਿਆਖਿਆ ਹੁੰਦੀ ਹੈ। ਬਾਰਹਮਾਹ ਵਿਚ ਦੇਸੀ ਮਹੀਨਿਆਂ ਅਨੁਸਾਰ ਬਿਰਹਾ ਤੇ ਵਿਯੋਗ ਦਾ ਜ਼ਿਕਰ ਹੁੰਦਾ ਹੈ ਤੇ ਆਖ਼ਰੀ ਮਹੀਨੇ ਵਿਚ ਮਿਲਾਪ ਵਿਆਖਿਆ ਜਾਂਦਾ ਹੈ। ਬਾਰਹਮਾਹ ’ਚ ਵਿਯੋਗ ਦੀ ਸਥਿਤੀ ਪੈਦਾ ਕਰਨ ਲਈ ਨਾਇਕ ਨੂੰ ਕਿਸੇ ਕਾਰਨ ਪ੍ਰਦੇਸ਼ ਭੇਜਿਆ ਜਾਂਦਾ ਹੈ ਅਤੇ ਉਸ ਦੀ ਨਾਇਕਾ ਨੂੰ ਵਿਯੋਗ ਦੀ ਅੱਗ ਵਿਚ ਸੜਦੇ ਵਿਖਾਇਆ ਜਾਂਦਾ ਹੈ। ਇਕ ਨਜ਼ਰੀਏ ਤੋ ਬਾਰਹਮਾਹਾ ਲੋਕ ਗੀਤਾਂ ਦੀ ਉਹ ਕਿਸਮ ਹੈ ਜਿਸ ਵਿਚ ਕਿਸੇ ਬਿਰਹਣੀ ਦੇ ਹਰ ਮਹੀਨੇ ’ਚ ਅਨੁਭਵ ਕੀਤੇ ਦੁੱਖਾਂ ਤੇ ਅੰਦਰੂਨੀ ਵੇਦਨਾ ਨੂੰ ਪ੍ਰਗਟਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਬਾਰਹਮਾਹ ਦਾ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਲੋਕ ਗੀਤਾਂ ਨਾਲ ਹੋਇਆ ਹੈ ਜੋ ਕਿਸੇ ਔਰਤ ਨੇ ਪਤੀ ਦੇ ਵਿਯੋਗ ’ਚ ਗਾਇਆ ਹੋਵੇਗਾ। ਸਾਹਿਤ ਤੇ ਸਭਿਆਚਾਰ ਦੇ ਖੋਜੀਆਂ ਅਨੁਸਾਰ ਅਪਭ੍ਰੰਸ਼ ’ਚ ਲਿਖਤ ਪਹਿਲਾ ਬਾਰਹਮਾਹ ਵਿਨਯ ਜੰਤਰ ਸੂਰੀ ਦਾ ਹੈ ਜੋ 1200 ਈ. ’ਚ ਰਚਿਆ ਗਿਆ। ਫਾਰਸੀ ਵਿਚ ਪਹਿਲਾ ਬਾਰਹਮਾਹ ਮਸਊਦ ਸੱਯਦ ਸੁਲੇਮਾਨ (1047-1152) ਨੇ ਲਿਖਿਆ। ਅੰਗ੍ਰੇਜ਼ੀ ਸਾਹਿਤ ਵਿਚ ਪਹਿਲਾ ਬਾਰਹਮਾਹ ਲਿਖਣ ਵਾਲਾ ਕਵੀ ਸਪੈਂਸਰ ਜਿਸ ਨੇ ਬਾਰਹਮਾਹ 1576 ਵਿਚ ਲਿਖਿਆ ਜਿਸ ਨੂੰ ਆਜੜੀ-ਕਾਵਿ ਕਿਹਾ ਜਾਂਦਾ ਹੈ ਕਿਉਂਕਿ ਕਿਸਾਨ ਤੋਂ ਪਹਿਲਾਂ ਆਜੜੀ ਨੂੰ ਆਪਣੇ ਇੱਜੜ ਦੀ ਰਾਖੀ ਅਤੇ ਬਚਾਅ ਲਈ ਹਰ ਮਹੀਨੇ ਦੇ ਮੌਸਮ ਦਾ ਗਿਆਨ ਦੀ ਜ਼ਰੂਰਤ ਸੀ। ਇਸ ਗੀਤ ਵਿਚ ਉਸ ਨੇ ਹਰ ਮਹੀਨੇ ਦੀ ਪ੍ਰਕਿ੍ਰਤੀ ਦਾ ਵਰਣਨ ਕੀਤਾ ਹੈ ਅਤੇ ਆਪਣੀ ਸੰਵੇਦਨਾ ਦਾ ਪ੍ਰਮਾਣ ਦਿੱਤਾ ਹੈ। ਲੱਗਦਾ ਹੈ ਕਿ ਆਜੜੀ ਕਾਵਿ ਨਾਲ ਹੀ ਬਾਰਹਮਾਹ ਦਾ ਸਾਹਿਤ ਵਿਚ ਪ੍ਰਵੇਸ਼ ਹੋਇਆ ਹੈ। ਇਹ ਜਾਨਣਾ ਯੋਗ ਹੋਵੇਗਾ ਕਿ ਬਾਰਹਮਾਹ ਤੋ ਪਹਿਲਾਂ ਖਟਰਿਤੂ ਵਰਣਨ ਦੀ ਪ੍ਰਥਾ ਸੀ। ਸੰਸਕਿ੍ਰਤ ਮਹਾ-ਕਾਵਿ ਵਿਚ ਖਟਰਿਤੂ ਵਰਣਨ ਨੂੰ ਇਕ ਲਾਜ਼ਮੀ ਅੰਗ ਮੰਨਿਆ ਜਾਂਦਾ ਹੈ।
ਸਾਲ ਦੀਆਂ ਛੇ ਰੁੱਤਾਂ ਬਸੰਤ (ਚੇਤ-ਵੈਸਾਖ) ਗਰਮੀ ਚਮਾਸਾ (ਜੇਠ ਹਾੜ) ਬਰਸਾਤਾਂ (ਸਾਵਣ ਭਾਦੋਂ), ਸਰਦ ਰੁੱਤ (ਅੱਸੂ ਕੱਤਕ) ਹੇਮੰਤ (ਮੱਘਰ ਪੋਹ) ਸ਼ਿਸ਼ਰ (ਮਾਘ ਫਗਣ) ਅਨੁਸਾਰ ਮਨੁੱਖੀ ਜੀਵਨ ਦਾ ਦੁੱਖ ਸੁੱਖ ਗਾਇਆ ਜਾਂਦਾ ਰਿਹਾ ਹੈ। ਮਗਰੋਂ ਇਹ ਹਰ ਮਹੀਨੇ ਗਾਉਣ ਦਾ ਰਿਵਾਜ ਚੱਲ ਗਿਆ। ਬਾਰਾਂ ਮਹੀਨਿਆਂ ਅਨੁਸਾਰ ਲਿਖੀ ਜਾਣ ਵਾਲੀ ਕਵਿਤਾ ਨੂੰ ਬਾਰਹਮਾਹ ਦਾ ਨਾਮ ਦਿੱਤਾ ਗਿਆ ਹੈ। ਲੋਕ ਸਾਹਿਤ ਵਿਚ ਪ੍ਰਚਲਿਤ ਬਾਰਹਮਾਹ ਹਾੜ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਜਾਂ ਕਈ ਵਾਰੀ ਬਾਰਹਮਾਹ ਵਰੇ੍ਹ ਦੇ ਪਹਿਲੇ ਮਹੀਨੇ ਚੇਤ ਤੋਂ ਵੀ ਸ਼ੁਰੂ ਹੁੰਦਾ ਹੈ। ਇਨ੍ਹਾਂ ਵਿਚ ਬਿਰਹਣੀ ਦੇ ਦੁੱਖਾਂ ਕਲੇਸ਼ਾਂ ਦਾ ਵਰਣਨ ਮਹੀਨੇ ਕਰਮ ਨਾਲ ਕੀਤਾ ਜਾਂਦਾ ਹੈ। ਕਈ ਵਾਰ 13ਵੇਂ ਮਹੀਨੇ ਦਾ ਜ਼ਿਕਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦੋ ਬਾਰਹਮਾਹ ਮਿਲਦੇ ਹਨ। ਪਹਿਲਾ ਬਾਰਹਮਾਹ ਰਾਗ ਤੁਖਾਹੀ ਵਿਚ ਗੁਰੂ ਨਾਨਕ ਜੀ ਦੀ ਅੰਤਮ ਸਮੇਂ ਦੀ ਰਚਨਾ ਹੈ ਜੋ ਕਰਤਾਰਪੁਰ ਵਿਖੇ ਰਚੀ ਗਈ। ਦੂਜਾ ਮਾਝ ਰਾਗ ਵਿਚ ਗੁਰੂ ਅਰਜਨ ਦੇਵ ਦੀ ਰਚਨਾ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚੇ ਦਸਮ ਗ੍ਰੰਥ ਦੇ ਕਿ੍ਰਸ਼ਨਾਵਤਾਰ ਵਿਚ ਦੋ ਬਾਰਹਮਾਹ ਆਏ ਹਨ।
ਚੇਤੁ ਬਸੰਤ ਭਲਾ ਭਵਰ ਸੁਹਾਵੜੇ॥
ਬਨ-ਫੂਲੇ ਮੰਝਿ ਬਾਰਿ
ਮੈਂ ਪਿਰੁ ਘਰੁ ਬਾਹੁੜੇ॥
ਤੁਖਾਰੀ ਰਾਗ ਮਹਲਾ 1)
ਕਿਰਤਿ ਕਰਮ ਕੇ ਵੀਛੜੇ
ਕਰ ਕਿ੍ਰਪਾ ਮੇਲ ਰਾਮ॥
ਚਾਰਿ ਕੁੰਟ ਦਹਦਿਸਸ ਭ੍ਰਮੇ,
ਥਕ ਆਏ ਪ੍ਰਭੁ ਕੀ ਸਾਮ॥
(ਮਾਝ ਮਹਲਾ 5)
ਪ੍ਰੋ: ਪਿਆਰਾ ਸਿੰਘ ਪਦਮ ਨੇ ਪੰਜਾਬੀ ਵਿਚ 100 ਦੇ ਕਰੀਬ ਕਵੀਆਂ ਵਲੋਂ ਲਿਖੇ ਬਾਰਹਮਾਹ ਨੂੰ ਸੰਗ੍ਰਹਿ ਕਰਕੇ ਉਸਦੀ ਪ੍ਰਕਾਸ਼ਨਾ ਕੀਤੀ ਗਈ। ਬਾਰਹਮਾਹ ਬਾਰੇ ਸਾਹਿਤਕ ਪੜਚੋਲੀਆਂ ਦਾ ਮੱਤ ਹੈ ਕਿ ਬਾਹਰਮਾਹ ਕਿਸੇ ਵਿਸ਼ੇਸ਼ ਛੰਦ ਬਦੰਸ਼ ਜ਼ਰੂਰੀ ਨਹੀਂ। ਦਵੈਯ ਛੰਦ ਤੇ ਬੈਂਤਾਂ ਵਿਚ ਵੀ ਬਾਰਹਮਾਹ ਲਿਖੇ ਮਿਲਦੇ ਹਨ। ਲੋਕ-ਕਾਵਿ ਵਿਚ ਬਾਰਹਮਾਹ ਵਿਚ ਕੇਵਲ ਬਿਰਹਾ ਨੂੰ ਵਿਸ਼ਾ ਬਣਾਇਆ ਗਿਆ ਹੈ।
ਭਵਰੁ ਭਵੰਤਾ ਸਹਿਤ ਸੁਖ ਪਾਵੈ ਜੇ ਹਰਿ ਵਰ ਘਰਿ ਧਨ ਪਾਵੈ।
ਗੁਰੂ ਗੋਬਿੰਦ ਬਾਰੇ ਬੀਰ ਰਸੀ ਕਾਵਿ ਬਾਰਹਮਾਹ ਦੀ ਰਚਨਾ ਕੀਤੀ ਹੈ।
ਪੰਜਾਬੀ ਸਾਹਿਤ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਸੂਫ਼ੀਆਂ, ਕਿੱਸਾਕਾਰਾਂ ਅਤੇ ਹੋਰ ਕਵੀਆਂ ਨੇ ਬਾਰਹਮਾਹ ਲਿਖਿਆ ਹੈ ਜਿੰਨਾਂ ਵਿਚ ਜ਼ਿਕਰਯੋਗ ਹੈ -ਬਾਬਾ ਬੁੱਲੇ੍ਹ ਸ਼ਾਹ, ਫਰਦ ਫ਼ਕੀਰ, ਮੌਲਵੀ ਗੋਲਾਮ ਰਸੂਲ, ਮੀਆਂ ਸਿੰਘ, ਸ਼ਾਹ ਮੁਰਾਦ, ਫਿਰੋਜ਼ਦੀਨ ਸ਼ਰਫ਼, ਹਦਾਇਤ ਉਲਾ, ਮੌਲਾ ਬਖ਼ਸ਼ ਕਸ਼ਤਾ, ਕਿਸ਼ਨ ਸਿੰਘ ਆਰਿਫ਼, ਮੁਹੰਮਦ ਬੂਟਾ, ਮੀਆਂ ਸ਼ਾਹ ਜਲੰਧਰੀ, ਬੁੱਧ ਸਿੰਘ, ਪ੍ਰੇਮ ਬਖ਼ਸ਼, ਭਗਵਾਨ ਸਿੰਘ ਅਤੇ ਭਾਈ ਵੀਰ ਸਿੰਘ ਵਲੋਂ ਬਾਰਹਮਾਹ ਲਿਖਿਆ ਹੈ। ਪੰਜਾਬੀ ਲੋਕ-ਕਾਵਿ ਸਾਹਿਤ ਵਿਚ ਬਾਰਹਮਾਹ ਦਾ ਜ਼ਿਕਰ ਕੁਝ ਇਸ ਤਰ੍ਹਾਂ ਵੀ ਹੋਇਆ ਹੈ :
ਚੇਤ ਮਹੀਨੇ ਚੜ੍ਹਦਾ ਹੈ,
ਕਣਕੀ ਸੋਕਾ ਮੁੜਦਾ ਹੈ,
ਵਿਸਾਖ ਵਿਸਾਖੀ ਚਾਹੁੰਦੇ ਹਾਂ,
ਦਾਣੇ ਘਰ ਲਿਆਉਂਦੇ ਹਾਂ
ਜੇਠ ਮਹੀਨਾ ਲੂਆਂ ਦਾ,
ਪਾਣੀ ਸੁਕਦਾ ਖੂਹਾਂ ਦਾ,
ਹਾੜ ਮਹੀਨਾ ਤੱਪਦਾ ਹੈ,
ਸਾਨੂੰ ਅੰਦਰ ਰੱਖਦਾ ਹੈ,
ਸਾਵਣ ਬੱਦਲ ਵੱਸਦੇ ਨੇ,
ਅੰਬ ਜਮੋਏ ਰਸਦੇ ਨੇ
ਭਾਦੋਂ ਧੁੱਪਾਂ ਕਹਿਰ ਦੀਆਂ, ਝੜੀਆ ਕਈ ਕਈ ਪਹਿਰ ਦੀਆਂ,
ਅੱਸੂ ਮਾਹ ਨਿਰਾਲਾ ਹੈ,
ਨਾ ਗਰਮੀ ਨਾ ਪਾਲਾ ਹੈ
ਕੱਤਕ ਵੰਡੇ ਚਾਨਣੀਆਂ ਰਾਤਾਂ ਬਹਿ ਕੇ ਮਾਨਣੀਆਂ
ਮੱਘਰ ਨੂੰ ਗੱਲ ਲਾਉਂਦੇ ਹਾਂ, ਕੋਟ ਸਵੈਟਰ ਪਾਉਂਦੇ ਹਾਂ
ਪੋਹ ਵਿਚ ਪਾਲਾ ਖੇਸੀ ਦਾ ਧੂਣੀਆਂ ਲਾ ਲਾ ਸੇਕੀ ਦਾ
ਮਾਘ ਨਜ਼ਾਰੇ ਧੁੱਪਾਂ ਦੇ, ਪੱਤੇ ਝੜਦੇ ਰੁੱਖਾਂ ਦੇ
ਫੱਗਣ ਫੁੱਲ ਖਿੜਾਉਂਦਾ ਹੈ, ਸਭ ਦੇ ਮਨ ਨੂੰ ਭਾਉਂਦਾ ਹੈ।
ਅਤੇ
‘ਚੜ੍ਹਿਆ ਮਹੀਨਾ ਚੇਤ ਦਿਲਾਂ ਦੇ ਭੇਤ ਕੋਈ ਨਹੀਂ ਜਾਣਦਾ
ਉਹ ਗਿਆ ਪਰਦੇਸ ਜੋ ਸਾਡੇ ਹਾਣ ਦਾ।
‘ਚੜ੍ਹਿਆ ਮਹੀਨਾ ਵਿਸਾਖ,
ਅੰਬੇ ਪੱਕੀ ਦਾ,
ਅੰਬੇ ਰਸ ਚੋ ਪਿਆ
ਪੀਆ ਗਿਆ ਪ੍ਰਦੇਸ ਕਿ
ਜੀਉੜਾ ਰੋ ਪਿਆ।
ਚੜ੍ਹਿਆ ਮਹੀਨਾ ਹਾੜ ਤਪਣ ਪਹਾੜ ਕਿ ਬਲਣ ਅੰਗੀਠੀਆਂ
ਪੀਆ ਵਸੇ ਪਰਦੇਸ
ਸਭੋ ਗੱਲਾਂ ਝੂਠੀਆਂ।
ਚੜ੍ਹਿਆ ਮਹੀਨਾ ਸਾਉਣ ਮੀਂਹ ਵਰ ਸੋਣ ਕਿ ਉਡਣ ਭੰਬੀਰੀਆਂ
ਪੀਆ ਵਸੇ ਪਰਦੇਸ ਕਿ ਮਨ ਦਿਲਗੀਰੀਆਂ।
ਚੜ੍ਹਿਆ ਮਹੀਨਾ ਪੋਹ ਹਥੀਂ ਪੈਰੀ,ਂ ਖੋਹ ਕਿ ਚੋਲ ਮੇਰੇ ਡੁੱਲ ਜਾਵਣ।
ਨਣਦੇ! ਘਰ ਆਵੇ ਤੇਰਾ ਵੀਰ , ਸਭੇ ਦੁੱਖ ਭੁੱਲ ਜਾਵਣ।
ਚੜ੍ਹਿਆ ਮਹੀਨਾ ਫੱਗਣ ਕਿ ’ਵਾਂ ’ਵਾਂ ਵਗਣ, ਪਤਾ ਨਹੀਂ ਢੋਲ ਦਾ
ਪੀਆ ਵਸੇ ਪਰਦੇਸ ਕਿ ਜੀਉੜਾ ਡੋਲਦਾ।’
ਸੋ ਕਿਹਾ ਜਾ ਸਕਦਾ ਹੈ ਕਿ ਬਾਰਹ ਮਾਹ ਇਕ ਲੋਕ-ਕਾਵਿ ਵੰਨਗੀ ਹੈ ਜਿਸ ਵਿਚ ਦੇਸੀ ਬਾਰਾਂ ਮਹੀਨਿਆਂ ਦੇ ਬਦਲ ਦੇ ਕੁਦਰਤੀ ਵਾਤਾਵਰਨ ਨੂੰ ਪਿਛੋਕੜ ਵਿਚ ਰੱਖ ਕੇ ਪ੍ਰੀਤਮ ਤੋਂ ਵਿਛੜੀ ਬਿਰਹਣੀ ਦੀ ਪ੍ਰੇਮ ਪੀੜਾ ਨੂੰ ਪੇਸ਼ ਕੀਤਾ ਜਾਂਦਾ ਹੈ। ਗੂਰੂਆਂ, ਸੂਫ਼ੀ ਅਤੇ ਸੰਤ ਭਗਤਾਂ ਨੇ ਆਪਣੇ ਆਪ ਨੂੰ ਹਮੇਸ਼ਾ ਪ੍ਰਭੂ ਤੋਂ ਵਿਛੜੇ ਹੋਏ ਸਮਝਿਆ, ਇਸ ਲਈ ਉਹਨਾਂ ਦੀ ਤੜਪ ਅਤੇ ਬਿਰਹਾ ਨੂੰ ਬਾਰਹ ਮਾਹ ਕਾਵਿ ਰੂਪ ਵਿਚ ਰਚਨਾ ਕੀਤੀ ਹੈ। ਪ੍ਰੋ: ਸਾਹਿਬ ਸਿੰਘ, ਪ੍ਰੋ: ਕੁਲਵੰਤ ਸਿੰਘ ਅਤੇ ਵਣਜਾਰਾ ਬੇਦੀ, ਡਾ. ਰਤਨ ਸਿੰਘ ਜੱਗੀ ਨੇ ਪੰਜਾਬੀ ਬਾਰਹਮਾਹਾ ਬਾਰੇ ਖੋਜ ਵਿਚਾਰ ਕੀਤੀ ਹੈ। ਜਿਸ ਤਰ੍ਹਾਂ ਬਾਰਹਮਾਹ ਵਿਚ ਬਾਰਾਂ ਮਹੀਨਿਆਂ ਦਾ ਵਰਣਨ ਮਿਲਦਾ ਹੈ, ਉਸੇ ਤਰ੍ਹਾਂ ਅਠਵਾਰੇ ਵਿਚ ਮਹੀਨਿਆਂ ਹਫ਼ਤੇ ਦੇ ਦਿਨਾਂ ਦੇ ਨਾਵਾਂ ਨੂੰ ਅਧਾਰ ਬਣਾ ਕੇ ਕਾਵਿ ਰਚਨਾ ਕੀਤੀ ਗਈ ਹੈ ਜਿਸ ਵਿਚ ਬਾਬਾ ਬੁੱਲ੍ਹੇ ਸ਼ਾਹ ਦੀ ਰਚਨਾ ਵਰਣਨਯੋਗ ਹੈ।
‘ਸੋਮਵਾਰ ਦੋਹਰਾਂ’ ਬੁੱਲਾ
ਰੋਜ਼ ਸੋਮਵਾਰ ਦਾ,
ਕਿਆ ਚਲ ਚਲ ਕਰੇ ਪੁਕਾਰ।
ਅੱਗੇ ਲੱਖ ਕਰੋੜ ਸਹੇਲੀਆਂ,
ਮੈਂ ਕਿਸ ਦੀ ਪਾਣੀਹਾਰ।
ਮੈਂ ਦੁਖਿਆਰੀ ਦੁੱਖ ਸਵਾਰ,
ਰੋਣਾਂ ਅੱਖੀਆਂ ਦਾ ਰੁਜ਼ਗਾਰ।
ਗੁਰੂ ਅਮਰਦਾਸ ਜੀ ਨੇ ਰਾਗ ਬਿਲਾਵਲ ’ਚ ਇਕ ਸਤਵਾਰਾ ਲਿਖਿਆ ਹੈ।
ਸੋਮਵਾਰਿ ਸਚ ਰਹਿਆ ਸਮਾਇ।
ਤਿਸ ਕੀ ਕੀਮਤ ਕਹੀ ਨਾ ਜਾਇ।
ਆਖਿ ਆਖਿ ਰਹੇ ਸਭਿ ਲਿਵ ਲਾਇ।
ਜਿਸ ਦੇਵੈ ਤਿਸ ਪਲ ਪਾਇ।
ਅਗਰ ਅਗੋਚਰ ਲਖਿਆ ਨਾ ਜਾਇ
ਗੁਰ ਕੈ ਸਬਦ ਹਰਿ ਰਹਿਆ ਸਮਾਇ ॥
ਸੋ ਕਿਹਾ ਜਾ ਸਕਦਾ ਹੈ ਬਾਰਹਮਾਹ, ਅਠਵਾਰਾ ਤੇ ਸਤਵਾਰਾ ਕਾਵਿ-ਰੂਪਾਂ ਨੇ ਮਨੱੁਖ ਦੀ ਸੰਵੇਦਨਾ ਦੇ ਪ੍ਰਗਟਾਵੇ ਨੂੰ ਲੋਕ ਚੇਤਿਆਂ ਦਾ ਹਾਣੀ ਬਣਾਇਆ ਹੋਇਆ ਹੈ।
- ਤਰਲੋਚਨ ਸਿੰਘ ਭੱਟੀ