- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਰੰਗਮੰਚ ਦੇ ਪ੍ਰਸਿੱਧ ਨਾਟਕਕਾਰ, ਨਿਰਦੇਸ਼ਕ ਤੇ ਕਲਾਕਾਰ ਡਾ. ਸਾਹਿਬ ਸਿੰਘ ਦਾ ਸੋਲੋ ਨਾਟਕ 'ਸੰਦੂਕੜੀ ਖੋਲ੍ਹ ਨਰੈਣਿਆਂ' ਪੰਜਾਬ ਦੀਆਂ ਅਜੋਕੀਆਂ ਸਭ ਤੋਂ ਦੁਖਦਾਈ ਸਮੱਸਿਆਵਾਂ, ਨੌਜਵਾਨਾਂ ਦੇ ਪਰਵਾਸ ਤੇ ਉਨ੍ਹਾਂ ਦੀਆਂ ਖ਼ੁਦਕੁਸ਼ੀਆਂ ’ਤੇ ਆਧਾਰਿਤ ਬੇਹੱਦ ਸੰਵੇਦਨਸ਼ੀਲ ਤੇ ਝੰਜੋੜਨ ਵਾਲੀ ਨਾਟ-ਕ੍ਰਿਤ ਹੈ।

ਪੁਸਤਕ : ਸੰਦੂਕੜੀ ਖੋਲ੍ਹ ਨਰੈਣਿਆਂ
ਲੇਖਕ : ਡਾ. ਸਾਹਿਬ ਸਿੰਘ
ਪੰਨੇ : 60 ਮੁੱਲ : 200
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਲੁਧਿਆਣਾ
ਪੰਜਾਬੀ ਰੰਗਮੰਚ ਦੇ ਪ੍ਰਸਿੱਧ ਨਾਟਕਕਾਰ, ਨਿਰਦੇਸ਼ਕ ਤੇ ਕਲਾਕਾਰ ਡਾ. ਸਾਹਿਬ ਸਿੰਘ ਦਾ ਸੋਲੋ ਨਾਟਕ 'ਸੰਦੂਕੜੀ ਖੋਲ੍ਹ ਨਰੈਣਿਆਂ' ਪੰਜਾਬ ਦੀਆਂ ਅਜੋਕੀਆਂ ਸਭ ਤੋਂ ਦੁਖਦਾਈ ਸਮੱਸਿਆਵਾਂ, ਨੌਜਵਾਨਾਂ ਦੇ ਪਰਵਾਸ ਤੇ ਉਨ੍ਹਾਂ ਦੀਆਂ ਖ਼ੁਦਕੁਸ਼ੀਆਂ ’ਤੇ ਆਧਾਰਿਤ ਬੇਹੱਦ ਸੰਵੇਦਨਸ਼ੀਲ ਤੇ ਝੰਜੋੜਨ ਵਾਲੀ ਨਾਟ-ਕ੍ਰਿਤ ਹੈ। ਇਸ ਨਾਟ-ਕਥਾ ਦਾ ਮੁੱਖ ਪਾਤਰ ਹਰਨੇਕ ਸਿੰਘ ਹੈ, ਜਿਸ ਦੁਆਲੇ ਕਥਾ ਘੁੰਮਦੀ ਹੈ, ਜੋ ਕੈਨੇਡਾ ਜਾ ਕੇ ਆਪਣੀ ਧਰਤੀ ਤੋਂ ਟੁੱਟਣ ਦੀ ਬੇਗ਼ਾਨਗੀ ਤੇ ਇਕਲਾਪਾ ਮਹਿਸੂਸ ਕਰਦਾ ਹੈ। ਲੇਖਕ ਸਿਰਫ਼ ਵਿਦੇਸ਼ਾਂ ਦੀਆਂ ਘਟਨਾਵਾਂ ਜਾਂ ਨੌਜਵਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਜ਼ਿਕਰ ਹੀ ਨਹੀਂ ਕਰਦਾ ਸਗੋਂ ਇਸ ਗੱਲ ਦੀ ਡੂੰਘੀ ਪੜਚੋਲ ਕਰਦਾ ਹੈ ਕਿ ਪੰਜਾਬ ਦੀ ਧਰਤੀ ’ਤੇ ਜਵਾਨੀ ਕਿਵੇਂ ਦਿਸ਼ਾਹੀਣ ਹੋ ਰਹੀ ਹੈ।
‘ਸੰਦੂਕੜੀ ਖੋਲ੍ਹ ਨਰੈਣਿਆਂ’ ਦੇ ਇਕ-ਇਕ ਪਾਤਰ ਦੀ ਕਥਾ ਦਾ ਢਾਂਚਾ ਸੇਵਾਮੁਕਤ ਅਧਿਆਪਕ ਦੇ ਇਰਦ-ਗਿਰਦ ਘੁੰਮਦਾ ਹੈ। ਉਹ ਹਰ ਸਾਲ ਆਪਣੇ ਪੁਰਾਣੇ ਸਕੂਲ ਵਾਪਸ ਆਉਂਦਾ ਹੈ, ਆਪਣੀ ਸੰਦੂਕੜੀ ਵਿੱਚੋਂ ਵਿਦਿਆਰਥੀਆਂ ਦੀਆਂ ਨਿਸ਼ਾਨੀਆਂ ਕੱਢਦਾ ਹੈ ਤੇ ਹਰ ਵਸਤੂ ਇਕ ਵਿਦਿਆਰਥੀ ਦੀ ਕਹਾਣੀ ਜਗਾਉਂਦੀ ਹੈ। ਮੁੱਖ ਪਾਤਰ ਨੇਕਾ ਕੈਨੇਡਾ ਜਾਂਦਾ ਹੈ ਪਰ ਕੁਝ ਹੀ ਮਹੀਨਿਆਂ ਬਾਅਦ ਦਿਲ ਦੇ ਦੌਰੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ। ਨਾਟਕ ਉਸ ਦੇ ਸਕੂਲੀ ਜੀਵਨ, ਕਾਲਜ ਜੀਵਨ ਤੇ ਖੇਤੀਬਾੜੀ ਦੇ ਦ੍ਰਿਸ਼ ਯਾਦਾਂ ਰਾਹੀਂ ਪੇਸ਼ ਕਰਦਾ ਹੈ ਤੇ ਇਹ ਵੀ ਦਿਖਾਉਂਦਾ ਹੈ ਕਿ ਉਸ ਨੇ ਨਾ ਪੜ੍ਹਾਈ ਵੱਲ ਧਿਆਨ ਦਿੱਤਾ, ਨਾ ਕੰਮ ਵੱਲ, ਜਿਸ ਕਾਰਨ ਉਹ ਕੈਨੇਡਾ ਵਿਚ ਸਫਲ ਨਹੀਂ ਹੋ ਸਕਿਆ ਤੇ ਮਰਨ ਤੋਂ ਪਹਿਲਾਂ ਉਹ ਮਾਫ਼ੀ ਮੰਗਦਾ ਹੈ। ਇਸ ਤਰ੍ਹਾਂ ਲੇਖਕ ਦੁਆਰਾ ਕਿਸ਼ੀ, ਜੌਬਨ ਤੇ ਨਰੈਣੇ ਵਰਗੇ ਪਾਤਰਾਂ ਨੂੰ ਬਹੁਤ ਸੰਜੀਦਗੀ ਨਾਲ ਪੇਸ਼ ਕੀਤਾ ਹੈ। ਨਾਟਕ ਦੀ ਖ਼ਾਸੀਅਤ ਇਹ ਹੈ ਕਿ ਇਹ ਅਸਲੀਅਤ ਦੇ ਬੇਹੱਦ ਨੇੜੇ ਹੈ, ਇਹ ਅੱਜ ਦੇ ਹਰ ਪੰਜਾਬੀ ਘਰ ਦੀ ਕਹਾਣੀ ਲੱਗਦੀ ਹੈ। ਡਾ. ਸਾਹਿਬ ਸਿੰਘ ਦੀ ਭਾਵੁਕ ਤੇ ਝੰਜੋੜਨ ਵਾਲੀ ਸ਼ੈਲੀ ਦਰਸ਼ਕ ਨੂੰ ਸਮਾਜਿਕ ਹਾਲਾਤਾਂ ਬਾਰੇ ਸੋਚਣ ਸਮਝਣ ਲਈ ਮਜਬੂਰ ਕਰਦੀ ਹੈ। ਠੇਠ ਪੰਜਾਬੀ ਮੁਹਾਵਰਿਆਂ ਤੇ ਸਧਾਰਨ ਸ਼ਬਦਾਂ ਰਾਹੀਂ ਬਹੁਤ ਡੂੰਘਾ ਤੇ ਗੰਭੀਰ ਸੁਨੇਹਾ ਦਿੱਤਾ ਗਿਆ ਹੈ। ਹਾਲਾਂਕਿ ਵਿਸ਼ੇ ਦੀ ਗੰਭੀਰਤਾ ਕਾਰਨ ਇਹ ਨਾਟਕ ਕਾਫ਼ੀ ਭਾਵੁਕ ਤੇ ਤਣਾਅਪੂਰਨ ਮਹਿਸੂਸ ਹੋ ਸਕਦਾ ਹੈ, ਇਸ ਲਈ ਹਲਕੇ-ਫੁਲਕੇ ਮਨੋਰੰਜਨ ਦੀ ਉਮੀਦ ਰੱਖਣ ਵਾਲੇ ਪਾਠਕਾਂ ਲਈ ਇਹ ਥੋੜ੍ਹਾ ਭਾਰੀ ਹੋ ਸਕਦਾ ਹੈ। ਸਮੁੱਚੇ ਰੂਪ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਜੇ ਪੰਜਾਬ ਦੇ ਮੌਜੂਦਾ ਸਮਾਜਿਕ ਹਾਲਾਤਾਂ, ਨੌਜਵਾਨ ਪੀੜ੍ਹੀ ਦੇ ਭਵਿੱਖ ਤੇ ਪਰਵਾਸ ਦੇ ਅਣਕਹੀ ਪੀੜ ਨੂੰ ਸਮਝਣਾ ਚਾਹੁੰਦੇ ਹੋ, ਤਾਂ ਇਹ ਨਾਟਕ ਤੁਹਾਨੂੰ ਜ਼ਰੂਰ ਪੜ੍ਹਨਾ ਤੇ ਮੰਚਿਤ ਹੁੰਦੇ ਦੇਖਣਾ ਚਾਹੀਦਾ ਹੈ।
- ਹਰਪ੍ਰੀਤ ਕੌਰ, ਰੱਲਾ