- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਕਨਾਲੋਜੀ ਨੇ ਸਿੱਖਿਆ ਦੇ ਖੇਤਰ ਵਿਚ ਵੀ ਨਵੇਂ ਰਾਹ ਖੋਲ੍ਹੇ ਹਨ ਪਰ ਸਵਾਲ ਇਹ ਹੈ ਕਿ ਕੀ ਇਸ ਸਹੂਲਤ ਦੀ ਵਰਤੋਂ ਕਰਦਿਆਂ ਅਸੀਂ ਆਪਣੇ ਬੱਚਿਆਂ ਨੂੰ ਕਿਤਾਬਾਂ ਤੋਂ ਦੂਰ ਤਾਂ ਨਹੀਂ ਕਰ ਰਹੇ? ਕਿਹਾ ਜਾਂਦਾ ਹੈ ਕਿ ਕਿਤਾਬਾਂ ਗਿਆਨ ਦਾ ਭੰਡਾਰ ਹਨ। ਇਤਿਹਾਸ, ਵਿਗਿਆਨ, ਭੂਗੋਲ, ਸਾਹਿਤ ਤੇ ਜੀਵਨ ਦੀਆਂ ਅਣਗਿਣਤ ਸਿੱਖਿਆਵਾਂ ਸਾਨੂੰ ਕਿਤਾਬਾਂ ਰਾਹੀਂ ਮਿਲਦੀਆਂ ਹਨ। ਕਿਤਾਬਾਂ ਸਿਰਫ਼ ਜਾਣਕਾਰੀ ਨਹੀਂ ਦਿੰਦੀਆਂ ਸਗੋਂ ਸੋਚਣ, ਸਮਝਣ, ਸਵਾਲ ਕਰਨ ਅਤੇ ਸਹੀ-ਗ਼ਲਤ ਵਿਚ ਫ਼ਰਕ ਪਛਾਣਨ ਦੀ ਸਮਰੱਥਾ ਵੀ ਵਿਕਸਤ ਕਰਦੀਆਂ ਹਨ।

ਅੱਜ ਦਾ ਯੁੱਗ ਤਕਨਾਲੋਜੀ ਦਾ ਹੈ। ਮੋਬਾਈਲ, ਇੰਟਰਨੈੱਟ ਤੇ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਬਦਲ ਦਿੱਤਾ ਹੈ। ਜਾਣਕਾਰੀ ਹਾਸਿਲ ਕਰਨੀ ਹੋਵੇ, ਕਿਸੇ ਨਾਲ ਗੱਲਬਾਤ ਕਰਨੀ ਹੋਵੇ ਜਾਂ ਦੁਨੀਆ ਭਰ ਦੀਆਂ ਘਟਨਾਵਾਂ ਬਾਰੇ ਜਾਣਨਾ ਹੋਵੇ, ਸਭ ਕੁਝ ਕੁ ਪਲਾਂ ’ਚ ਸਾਡੇ ਸਾਹਮਣੇ ਆ ਜਾਂਦਾ ਹੈ। ਤਕਨਾਲੋਜੀ ਨੇ ਸਿੱਖਿਆ ਦੇ ਖੇਤਰ ਵਿਚ ਵੀ ਨਵੇਂ ਰਾਹ ਖੋਲ੍ਹੇ ਹਨ ਪਰ ਸਵਾਲ ਇਹ ਹੈ ਕਿ ਕੀ ਇਸ ਸਹੂਲਤ ਦੀ ਵਰਤੋਂ ਕਰਦਿਆਂ ਅਸੀਂ ਆਪਣੇ ਬੱਚਿਆਂ ਨੂੰ ਕਿਤਾਬਾਂ ਤੋਂ ਦੂਰ ਤਾਂ ਨਹੀਂ ਕਰ ਰਹੇ? ਕਿਹਾ ਜਾਂਦਾ ਹੈ ਕਿ ਕਿਤਾਬਾਂ ਗਿਆਨ ਦਾ ਭੰਡਾਰ ਹਨ। ਇਤਿਹਾਸ, ਵਿਗਿਆਨ, ਭੂਗੋਲ, ਸਾਹਿਤ ਤੇ ਜੀਵਨ ਦੀਆਂ ਅਣਗਿਣਤ ਸਿੱਖਿਆਵਾਂ ਸਾਨੂੰ ਕਿਤਾਬਾਂ ਰਾਹੀਂ ਮਿਲਦੀਆਂ ਹਨ। ਕਿਤਾਬਾਂ ਸਿਰਫ਼ ਜਾਣਕਾਰੀ ਨਹੀਂ ਦਿੰਦੀਆਂ ਸਗੋਂ ਸੋਚਣ, ਸਮਝਣ, ਸਵਾਲ ਕਰਨ ਅਤੇ ਸਹੀ-ਗ਼ਲਤ ਵਿਚ ਫ਼ਰਕ ਪਛਾਣਨ ਦੀ ਸਮਰੱਥਾ ਵੀ ਵਿਕਸਤ ਕਰਦੀਆਂ ਹਨ। ਪੜ੍ਹਨ ਨਾਲ ਬੱਚਿਆਂ ਦੀ ਸ਼ਬਦਾਵਲੀ, ਕਲਪਨਾ, ਇਕਾਗਰਤਾ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਯੋਗਤਾ ਨਿਖਰਦੀ ਹੈ। ਇਸੇ ਕਰਕੇ ਬੱਚਿਆਂ ਦੇ ਸਰਬਪੱਖੀ ਵਿਕਾਸ ’ਚ ਕਿਤਾਬਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ।
ਕਦੋਂ ਪੈਦਾ ਹੁੰਦੀ ਸਮੱਸਿਆ?
ਮੋਬਾਈਲ ਰਾਹੀਂ ਬੱਚੇ ਪੜ੍ਹਾਈ ਨਾਲ ਸਬੰਧਤ ਸਮੱਗਰੀ, ਵਿੱਦਿਅਕ ਵੀਡੀਓ ਤੇ ਨਵੀਆਂ ਜਾਣਕਾਰੀਆਂ ਹਾਸਲ ਕਰ ਸਕਦੇ ਹਨ। ਇਸ ਲਈ ਮੋਬਾਈਲ ਨੂੰ ਪੂਰੀ ਤਰ੍ਹਾਂ ਮਾੜਾ ਕਹਿਣਾ ਠੀਕ ਨਹੀਂ। ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਇਸ ਦੀ ਵਰਤੋਂ ਬੇਲੋੜੀ ਤੇ ਬੇਕਾਬੂ ਹੋ ਜਾਂਦੀ ਹੈ। ਲਗਾਤਾਰ ਛੋਟੀਆਂ ਵੀਡੀਓਜ਼ ਦੇਖਣ ਤੇ ਮਨੋਰੰਜਨ ਵਾਲੀ ਸਮੱਗਰੀ ਵਿਚ ਰੁੱਝੇ ਰਹਿਣ ਕਾਰਨ ਬੱਚਿਆਂ ਦਾ ਪੜ੍ਹਨ, ਖੇਡਣ, ਪਰਿਵਾਰ ਨਾਲ ਸਮਾਂ ਬਿਤਾਉਣ ਤੇ ਹੋਰ ਰਚਨਾਤਮਕ ਗਤੀਵਿਧੀਆਂ ਲਈ ਸਮਾਂ ਘਟ ਸਕਦਾ ਹੈ। ਕਿਤਾਬ ਪੜ੍ਹਨ ਸਮੇਂ ਬੱਚਾ ਕਿਸੇ ਵਿਸ਼ੇ ਜਾਂ ਕਹਾਣੀ ਨਾਲ ਲਗਾਤਾਰ ਜੁੜਦਾ ਹੈ। ਉਹ ਘਟਨਾਵਾਂ ਨੂੰ ਸਮਝਦਾ, ਪਾਤਰਾਂ ਬਾਰੇ ਸੋਚਦਾ ਤੇ ਆਪਣੇ ਮਨ ਵਿਚ ਨਵੇਂ ਦ੍ਰਿਸ਼ ਸਿਰਜਦਾ ਹੈ। ਇਸ ਦੇ ਉਲਟ ਬੇਲੋੜੀ ਸਕਰੀਨ ਵਰਤੋਂ ਬੱਚੇ ਦਾ ਧਿਆਨ ਵਾਰ-ਵਾਰ ਭਟਕਾ ਸਕਦੀ ਹੈ। ਇਸ ਲਈ ਲੋੜ ਮੋਬਾਈਲ ਖੋਹਣ ਦੀ ਨਹੀਂ ਸਗੋਂ ਇਸ ਦੀ ਸੂਝ-ਬੂਝ ਨਾਲ ਵਰਤੋਂ ਸਿਖਾਉਣ ਤੇ ਕਿਤਾਬਾਂ ਲਈ ਵੀ ਨਿਯਮਿਤ ਸਮਾਂ ਰੱਖਣ ਦੀ ਹੈ।
ਜ਼ਿੰਦਗੀ ਨੂੰ ਦਿੰਦੀਆਂ ਸਹੀ ਦਿਸ਼ਾ
ਚੰਗੀਆਂ ਕਿਤਾਬਾਂ ਬੱਚਿਆਂ ਨੂੰ ਸਿਰਫ਼ ਇਮਤਿਹਾਨਾਂ ਲਈ ਤਿਆਰ ਨਹੀਂ ਕਰਦੀਆਂ ਸਗੋਂ ਭਵਿੱਖ ਲਈ ਵੀ ਤਿਆਰ ਕਰਦੀਆਂ ਹਨ। ਸਾਹਿਤ ਪੜ੍ਹਨ ਨਾਲ ਦੂਜਿਆਂ ਦੇ ਦੁੱਖ-ਸੁੱਖ ਨੂੰ ਸਮਝਣ, ਸਹਿਣਸ਼ੀਲਤਾ ਵਿਕਸਤ ਕਰਨ ਤੇ ਮਨੁੱਖੀ ਰਿਸ਼ਤਿਆਂ ਦੀ ਕਦਰ ਕਰਨ ਦੀ ਸਿੱਖਿਆ ਮਿਲਦੀ ਹੈ। ਕਹਾਣੀਆਂ ਦੇ ਪਾਤਰਾਂ ਦੇ ਤਜਰਬਿਆਂ ਰਾਹੀਂ ਬੱਚੇ ਹਿੰਮਤ, ਇਮਾਨਦਾਰੀ, ਮਿਹਨਤ, ਸਾਂਝ ਤੇ ਜ਼ਿੰਮੇਵਾਰੀ ਵਰਗੇ ਗੁਣਾਂ ਬਾਰੇ ਸਿੱਖਦੇ ਹਨ।
ਧਾਰਮਿਕ ਅਤੇ ਇਤਿਹਾਸਕ ਸਾਹਿਤ ਬੱਚਿਆਂ ਨੂੰ ਆਪਣੇ ਗੁਰੂਆਂ, ਪੀਰਾਂ, ਮਹਾਨ ਸ਼ਖ਼ਸੀਅਤਾਂ ਅਤੇ ਵਿਰਸੇ ਨਾਲ ਜੋੜਦਾ ਹੈ। ਗੁਰਬਾਣੀ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਵਿਚ ਦਰਜ ਸੇਵਾ, ਨਿਮਰਤਾ, ਸੱਚਾਈ, ਬਰਾਬਰੀ ਤੇ ਮਨੁੱਖਤਾ ਦੇ ਸੰਦੇਸ਼ ਬੱਚਿਆਂ ਦੇ ਜੀਵਨ ਨੂੰ ਸਹੀ ਦਿਸ਼ਾ ਦੇ ਸਕਦੇ ਹਨ। ਇਨ੍ਹਾਂ ਸਿੱਖਿਆਵਾਂ ਦਾ ਅਸਲ ਮਹੱਤਵ ਉਦੋਂ ਹੈ, ਜਦੋਂ ਬੱਚੇ ਇਨ੍ਹਾਂ ਨੂੰ ਪੜ੍ਹਨ ਦੇ ਨਾਲ ਆਪਣੇ ਵਿਹਾਰ ਵਿਚ ਵੀ ਅਪਣਾਉਣ।
ਦਾਦਾ-ਦਾਦੀ ਦੀਆਂ ਕਹਾਣੀਆਂ ਵਿਰਸੇ ਦੀ ਜਿਉਂਦੀ ਕਿਤਾਬ
ਪਹਿਲਾਂ ਘਰਾਂ ਵਿਚ ਦਾਦਾ-ਦਾਦੀ ਤੇ ਨਾਨਾ-ਨਾਨੀ ਬੱਚਿਆਂ ਨੂੰ ਆਪਣੇ ਜੀਵਨ ਦੇ ਤਜਰਬੇ, ਪੁਰਾਣੇ ਸਮਿਆਂ ਦੀਆਂ ਕਹਾਣੀਆਂ ਅਤੇ ਪਰਿਵਾਰਕ ਯਾਦਾਂ ਸੁਣਾਉਂਦੇ ਸਨ। ਇਨ੍ਹਾਂ ਕਹਾਣੀਆਂ ਵਿਚ ਮਨੋਰੰਜਨ ਦੇ ਨਾਲ ਜੀਵਨ ਦੀਆਂ ਸਿੱਖਿਆਵਾਂ ਵੀ ਹੁੰਦੀਆਂ ਸਨ। ਬੱਚੇ ਬਜ਼ੁਰਗਾਂ ਕੋਲ ਬੈਠ ਕੇ ਸਬਰ, ਸਾਂਝ, ਮਿਹਨਤ ਅਤੇ ਰਿਸ਼ਤਿਆਂ ਦੀ ਅਹਿਮੀਅਤ ਸਿੱਖਦੇ ਸਨ। ਇਹ ਸਾਂਝ ਬੱਚਿਆਂ ਨੂੰ ਆਪਣੇ ਪਰਿਵਾਰਕ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਦੀ ਸੀ। ਅੱਜ ਰੁਝੇਵਿਆਂ ਤੇ ਮੋਬਾਈਲ ਦੀ ਵਧਦੀ ਵਰਤੋਂ ਕਾਰਨ ਕਈ ਘਰਾਂ ਵਿਚ ਇਹ ਸਾਂਝ ਘਟਦੀ ਜਾ ਰਹੀ ਹੈ। ਬੱਚਿਆਂ ਨੂੰ ਦਾਦਾ-ਦਾਦੀ ਦੀਆਂ ਕਹਾਣੀਆਂ ਸੁਣਨ ਲਈ ਸਮਾਂ ਦੇਣਾ ਚਾਹੀਦਾ ਹੈ। ਇਹ ਕਹਾਣੀਆਂ ਵੀ ਇਕ ਤਰ੍ਹਾਂ ਦੀਆਂ ਜਿਉਂਦੀਆਂ ਕਿਤਾਬਾਂ ਹਨ, ਜਿਨ੍ਹਾਂ ਵਿਚ ਬਜ਼ੁਰਗਾਂ ਦੇ ਅਨੁਭਵ, ਪਰਿਵਾਰ ਦਾ ਇਤਿਹਾਸ ਤੇ ਜੀਵਨ ਦੇ ਅਨਮੋਲ ਸਬਕ ਸੰਭਾਲੇ ਹੁੰਦੇ ਹਨ। ਜਦੋਂ ਬੱਚੇ ਇਨ੍ਹਾਂ ਨਾਲ ਜੁੜਦੇ ਹਨ, ਤਾਂ ਉਹ ਆਪਣੀਆਂ ਜੜ੍ਹਾਂ ਨੂੰ ਹੋਰ ਚੰਗੀ ਤਰ੍ਹਾਂ ਪਛਾਣਦੇ ਹਨ।
ਘਰ ਤੋਂ ਸ਼ੁਰੂ ਹੁੰਦੀ ਪੜ੍ਹਨ ਦੀ ਆਦਤ
ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਦੀ ਜ਼ਿੰਮੇਵਾਰੀ ਸਿਰਫ਼ ਸਕੂਲ ਜਾਂ ਅਧਿਆਪਕਾਂ ਦੀ ਨਹੀਂ, ਮਾਪਿਆਂ ਦੀ ਵੀ ਹੈ। ਜੇ ਮਾਪੇ ਖ਼ੁਦ ਸਾਰਾ ਸਮਾਂ ਮੋਬਾਈਲ ਵਿਚ ਬਿਤਾਉਣਗੇ ਤਾਂ ਬੱਚਿਆਂ ਤੋਂ ਕਿਤਾਬਾਂ ਪੜ੍ਹਨ ਦੀ ਉਮੀਦ ਕਰਨਾ ਔਖਾ ਹੋਵੇਗਾ। ਬੱਚੇ ਸਿਰਫ਼ ਸਲਾਹਾਂ ਨਾਲ ਨਹੀਂ ਸਗੋਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਦੇਖ ਕੇ ਵੀ ਸਿੱਖਦੇ ਹਨ। ਘਰ ਵਿਚ ਛੋਟੀ ਜਿਹੀ ਲਾਇਬ੍ਰੇਰੀ ਬਣਾਈ ਜਾ ਸਕਦੀ ਹੈ। ਬੱਚਿਆਂ ਦੀ ਉਮਰ ਤੇ ਰੁਚੀ ਅਨੁਸਾਰ ਕਹਾਣੀਆਂ, ਬਾਲ ਸਾਹਿਤ, ਜੀਵਨੀਆਂ ਤੇ ਗਿਆਨ-ਵਿਗਿਆਨ ਦੀਆਂ ਕਿਤਾਬਾਂ ਲਿਆ ਕੇ ਦਿੱਤੀਆਂ ਜਾਣ। ਹਰ ਰੋਜ਼ ਕੁਝ ਸਮਾਂ ਪਰਿਵਾਰ ਵੱਲੋਂ ਇਕੱਠੇ ਬੈਠ ਕੇ ਪੜ੍ਹਨ ਲਈ ਰੱਖਿਆ ਜਾਵੇ। ਬੱਚਿਆਂ ਨੂੰ ਆਪਣੀ ਪਸੰਦ ਦੀ ਕਿਤਾਬ ਚੁਣਨ ਅਤੇ ਪੜ੍ਹੀ ਹੋਈ ਕਹਾਣੀ ਬਾਰੇ ਗੱਲ ਕਰਨ ਦਾ ਮੌਕਾ ਵੀ ਮਿਲਣਾ ਚਾਹੀਦਾ ਹੈ। ਮਾਪਿਆਂ ਨੂੰ ਬੱਚਿਆਂ ਉੱਤੇ ਬੇਲੋੜਾ ਦਬਾਅ ਪਾਉਣ ਦੀ ਬਜਾਏ ਉਨ੍ਹਾਂ ਦੀ ਰੁਚੀ ਸਮਝਣੀ ਚਾਹੀਦੀ ਹੈ, ਤਾਂ ਜੋ ਪੜ੍ਹਨਾ ਉਨ੍ਹਾਂ ਲਈ ਬੋਝ ਨਹੀਂ, ਸਗੋਂ ਖ਼ੁਸ਼ੀ ਦਾ ਸਾਧਨ ਬਣੇ।
ਕਰਵਾਉਣੇ ਚਾਹੀਦੇ ਸਾਹਿਤਕ ਮੁਕਾਬਲੇ
ਸਕੂਲਾਂ ਤੇ ਲਾਇਬ੍ਰੇਰੀਆਂ ਨੂੰ ਵੀ ਪੜ੍ਹਨ ਦੀ ਰੁਚੀ ਵਧਾਉਣ ਲਈ ਕਿਤਾਬ-ਚਰਚਾ, ਕਹਾਣੀ-ਪਾਠ ਅਤੇ ਸਾਹਿਤਕ ਮੁਕਾਬਲੇ ਕਰਵਾਉਣੇ ਚਾਹੀਦੇ ਹਨ। ਪੜ੍ਹਨ ਨੂੰ ਸਿਰਫ਼ ਪਾਠਕ੍ਰਮ ਜਾਂ ਇਮਤਿਹਾਨਾਂ ਤੱਕ ਸੀਮਤ ਨਾ ਰੱਖਿਆ ਜਾਵੇ ਸਗੋਂ ਇਸ ਨੂੰ ਜੀਵਨ ਭਰ ਸਿੱਖਣ ਦੀ ਆਦਤ ਬਣਾਇਆ ਜਾਵੇ। ਵਿਦਿਆਰਥੀ ਹੋਵੇ ਜਾਂ ਡਾਕਟਰ, ਵਕੀਲ, ਅਧਿਆਪਕ ਜਾਂ ਕਿਸੇ ਹੋਰ ਖੇਤਰ ਵਿੱਚ ਕੰਮ ਕਰਨ ਵਾਲਾ ਵਿਅਕਤੀ, ਹਰ ਕਿਸੇ ਲਈ ਪੜ੍ਹਦੇ ਰਹਿਣਾ ਲਾਭਦਾਇਕ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਬੱਚਿਆਂ ਨੂੰ ਡਿਜੀਟਲ ਦੁਨੀਆਂ ਤੋਂ ਪੂਰੀ ਤਰ੍ਹਾਂ ਦੂਰ ਕਰਨ ਦੀ ਬਜਾਏ ਉਨ੍ਹਾਂ ਨੂੰ ਇਸ ਦੀ ਸਹੀ ਵਰਤੋਂ ਸਿਖਾਈਏ। ਨਾਲ ਹੀ ਉਨ੍ਹਾਂ ਦੇ ਹੱਥਾਂ ਵਿਚ ਕਿਤਾਬਾਂ ਵੀ ਦੇਈਏ, ਤਾਂ ਜੋ ਉਹ ਜਾਣਕਾਰੀ ਦੇ ਨਾਲ ਸਮਝ, ਮਨੋਰੰਜਨ ਦੇ ਨਾਲ ਸੰਵੇਦਨਾ ਤੇ ਸਫਲਤਾ ਦੇ ਨਾਲ ਚੰਗੇ ਸੰਸਕਾਰ ਵੀ ਹਾਸਿਲ ਕਰ ਸਕਣ।
ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿਚ ਬੱਚਿਆਂ ਦਾ ਰੁਝਾਨ ਹੌਲੀ-ਹੌਲੀ ਕਿਤਾਬਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੋਬਾਈਲ, ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਨੇ ਉਨ੍ਹਾਂ ਦੇ ਵਿਹਲੇ ਸਮੇਂ ਦਾ ਵੱਡਾ ਹਿੱਸਾ ਆਪਣੇ ਕਬਜ਼ੇ ਵਿਚ ਕਰ ਲਿਆ ਹੈ। ਅਜਿਹੇ ਮਾਹੌਲ ਵਿਚ ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਨਾ ਸਮੇਂ ਦੀ ਵੱਡੀ ਲੋੜ ਹੈ। ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਮਿੱਤਰ ਹੁੰਦੀਆਂ ਹਨ, ਜੋ ਬਿਨਾਂ ਕਿਸੇ ਸਵਾਰਥ ਦੇ ਗਿਆਨ, ਸਮਝ ਤੇ ਜੀਵਨ ਜਿਊਣ ਦੀ ਸੂਝ ਦਿੰਦੀਆਂ ਹਨ। ਬੱਚਿਆਂ ਨੂੰ ਬਚਪਨ ਤੋਂ ਹੀ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਹ ਗਿਆਨਵਾਨ ਹੋਣ ਦੇ ਨਾਲ-ਨਾਲ ਸੰਵੇਦਨਸ਼ੀਲ ਤੇ ਸੂਝਵਾਨ ਨਾਗਰਿਕ ਵੀ ਬਣ ਸਕਣ। ਆਓ, ਬੱਚਿਆਂ ਨੂੰ ਕਿਤਾਬਾਂ ਨਾਲ ਜੋੜੀਏ, ਉਨ੍ਹਾਂ ਨੂੰ ਆਪਣੇ ਵਿਰਸੇ ਤੇ ਬਜ਼ੁਰਗਾਂ ਦੇ ਤਜਰਬਿਆਂ ਨਾਲ ਜਾਣੂ ਕਰਵਾਈਏ। ਕਿਤਾਬਾਂ ਸਿਰਫ਼ ਪੜ੍ਹਨ ਲਈ ਨਹੀਂ ਹੁੰਦੀਆਂ, ਇਹ ਜੀਵਨ ਨੂੰ ਸਮਝਣ ਅਤੇ ਬਿਹਤਰ ਮਨੁੱਖ ਬਣਨ ਦਾ ਰਾਹ ਵੀ ਦਿਖਾਉਂਦੀਆਂ ਹਨ। ਜਿਸ ਘਰ ਵਿਚ ਕਿਤਾਬਾਂ ਲਈ ਥਾਂ ਹੁੰਦੀ ਹੈ, ਉੱਥੇ ਵਿਚਾਰਾਂ ਲਈ ਦਰਵਾਜ਼ੇ ਖੁੱਲ੍ਹਦੇ ਹਨ ਤੇ ਜਿਸ ਸਮਾਜ ਵਿਚ ਪੜ੍ਹਨ ਦੀ ਰੀਤ ਜਿਉਂਦੀ ਰਹਿੰਦੀ ਹੈ, ਉਸ ਸਮਾਜ ਦੀ ਚੇਤਨਾ ਕਦੇ ਬੌਣੀ ਨਹੀਂ ਹੁੰਦੀ।
- ਗੁਰਬਾਜ ਸਿੰਘ