ਪੰਜਾਬੀ ਨੂੰ ਵਿਦਿਅਕ ਅਤੇ ਰਾਜ ਪ੍ਰਬੰਧਕ ਢਾਂਚੇ ਵਿਚ ਆਪਣੀ ਯੋਗ ਥਾਂ ਦਿਵਾਉਣ ਲਈ ਬਹੁਤ ਯਤਨ ਕੀਤੇ। ਉਹਨਾਂ ਨੇ ਯੂਨੀਵਰਸਿਟੀ ਤੇ ਬਾਹਰ ਪੰਜਾਬੀ ਬੋਲੀ ਦੇ ਪੱਖ ਵਿਚ ਕਈ ਲੜਾਈਆਂ ਲੜੀਆਂ। ਚੀਫ ਖ਼ਾਲਸਾ ਦੀਵਾਨ ਜੋ ਕਿ ਸਿੱਖਾਂ ਦੀ ਮਹਾਨ ਸੰਸਥਾ ਹੈ। ਇਸ ਰਾਹੀਂ ਭਾਈ ਸਾਹਿਬ ਨੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਕਰਾਉਣ ਲਈ ਕਾਫ਼ੀ ਜ਼ੋਰ ਲਾਇਆ।

ਗੁਰਬਾਣੀ ਦੇ ਪ੍ਰਸਿੱਧ ਖੋਜਕਾਰ ਅਤੇ ਵਿਆਖਿਆਕਾਰ ਡਾਕਟਰ ਭਾਈ ਜੋਧ ਸਿੰਘ ਅਜਿਹੀ ਸ਼ਖ਼ਸੀਅਤ ਸਨ, ਜਿਨਾਂ ਨੂੰ ਸਿੱਖਿਆ ਸ਼ਾਸਤਰੀ, ਧਰਮ ਸ਼ਾਸਤਰੀ, ਪ੍ਰਬੰਧਕ ਅਤੇ ਲੇਖਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਪ ਨੇ ਆਪਣੇ ਜੀਵਨ ’ਚ ਕਈ ਸਰਕਾਰੀ ਉਪਾਧੀਆਂ ਪ੍ਰਾਪਤ ਕੀਤੀਆਂ। ਭਾਈ ਜੋਧ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਡਾਕਟਰ ਅਤਰ ਸਿੰਘ ਕਹਿੰਦੇ ਹਨ, ‘ਉਹਨਾਂ ਨੇ ਜੀਵਨ ਵਿਚ ਜੋ ਆਦਰਸ਼ ਮਿੱਥੇ ਸਨ, ਸਾਰੀ ਉਮਰ ਪੂਰੀ ਦ੍ਰਿੜਤਾ ਨਾਲ ਉਹਨਾਂ ਉੱਤੇ ਤੁਰੇ।’ ਭਾਈ ਜੋਧ ਸਿੰਘ ਦੀ ਸ਼ਖ਼ਸੀਅਤ ਤੋਂ ਸਾਰਾ ਪੰਜਾਬ ਜਾਣੂ ਹੈ। ਉਹ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਉਹਨਾਂ ਦੀਆਂ ਲਗਪਗ ਸਾਰੀਆਂ ਰਚਨਾਵਾਂ ਧਾਰਮਿਕ ਅਤੇ ਅਧਿਆਤਮਿਕ ਵਿਸ਼ਿਆਂ ਉੱਤੇ ਅਧਾਰਿਤ ਹਨ। ਕੁਝ ਲੇਖ ਰਾਜਨੀਤਿਕ ਤੇ ਵਿਦਿਆਕ ਵਿਸ਼ਿਆਂ ਬਾਰੇ ਵੀ ਲਿਖੇ ਹਨ ਪਰ ਮੁੱਖ ਵਿਸ਼ਾ ਧਾਰਮਿਕ ਹੀ ਸੀ। ਉਹਨਾਂ ਦਾ ਸਬੰਧ ਕਈ ਅੰਦੋਲਨਾਂ ਨਾਲ ਰਿਹਾ ਜਿਵੇਂ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਚੀਫ ਖ਼ਾਲਸਾ ਦੀਵਾਨ ਆਦਿ ਇਸ ਤੋਂ ਇਲਾਵਾ ਖ਼ਾਲਸਾ ਕਾਲਜ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਲਾਹੌਰ, ਸੋਲਨ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਨਾਲ ਵੀ ਗੂੜਾ ਨਾਤਾ ਰਿਹਾ। ਉਹਨਾਂ ਨੇ ਆਪਣੇ ਸਮੇਂ ਕਈ ਉਤਾਰਾ ਚੜਾਅ ਦੇਖੇ। ਪੰਜਾਬ ਦੇ ਵਿੱਦਿਆ ਖੇਤਰ ਵਿਚ ਭਾਈ ਜੋਧ ਸਿੰਘ ਦਾ ਸਥਾਨ ਉੱਚਾ ਹੈ। ਭਾਈ ਜੋਧ ਸਿੰਘ ਨੇ ਪੰਜਾਬੀ ਬੋਲੀ ਦੇ ਸਾਹਿਤ ਨੂੰ ਭਰਪੂਰ ਕਰਨ ਲਈ ਨਵੇਂ ਲਿਖਾਰੀਆਂ ਨੂੰ ਉਤਸਾਹ ਦਿੱਤਾ। ਪੰਜਾਬੀ ਨੂੰ ਵਿਦਿਅਕ ਅਤੇ ਰਾਜ ਪ੍ਰਬੰਧਕ ਢਾਂਚੇ ਵਿਚ ਆਪਣੀ ਯੋਗ ਥਾਂ ਦਿਵਾਉਣ ਲਈ ਬਹੁਤ ਯਤਨ ਕੀਤੇ। ਉਹਨਾਂ ਨੇ ਯੂਨੀਵਰਸਿਟੀ ਤੇ ਬਾਹਰ ਪੰਜਾਬੀ ਬੋਲੀ ਦੇ ਪੱਖ ਵਿਚ ਕਈ ਲੜਾਈਆਂ ਲੜੀਆਂ। ਚੀਫ ਖ਼ਾਲਸਾ ਦੀਵਾਨ ਜੋ ਕਿ ਸਿੱਖਾਂ ਦੀ ਮਹਾਨ ਸੰਸਥਾ ਹੈ। ਇਸ ਰਾਹੀਂ ਭਾਈ ਸਾਹਿਬ ਨੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਕਰਾਉਣ ਲਈ ਕਾਫ਼ੀ ਜ਼ੋਰ ਲਾਇਆ। ਇਸ ਤੋਂ ਬਾਅਦ ਯੂਨੀਵਰਸਿਟੀ ਵਿਚ ਵੀ ਜੱਦੋ-ਜਹਿਦ ਜਾਰੀ ਰੱਖੀ। ਉਹਨਾਂ ਦਿਨਾਂ ਵਿਚ ਯੂਨੀਵਰਸਿਟੀ ਵਿਚ ਪੰਜਾਬੀ ਲਈ ਕੋਈ ਹਮਦਰਦੀ ਨਹੀਂ ਸੀ ਪਰ ਇਹਨਾਂ ਦੇ ਯਤਨਾ ਸਦਕਾ ਪੰਜਾਬੀ ਦਾ ਡਿਗਰੀ ਕੋਰਸਾਂ ਵਿਚ ਲਾਜ਼ਮੀ ਅਤੇ ਚੋਣਵਾਂ ਮਜਮੂਨ ਪਰਵਾਨ ਹੋਇਆ। ਇਸੇ ਤਰ੍ਹਾਂ ਪੰਜਾਬੀ ਵਿਚ ਐੱਮਏ ਸ਼ੁਰੂ ਕਰਵਾਉਣ ਵਿਚ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਬਿਨਾਂ ਪੰਜਾਬ ਨੂੰ ਸਕੂਲਾਂ ਤੇ ਯੂਨੀਵਰਸਿਟੀ ਦੇ ਪੱਧਰ ਤੋਂ ਸਿੱਖਿਆ ਦਾ ਮਾਧਿਅਮ ਬਣਾਉਣ ਲਈ ਸਲਾਘਾਯੋਗ ਯਤਨ ਕੀਤੇ, ਜਿਨ੍ਹਾਂ ਸਦਕੇ ਵਿਦਿਅਕ ਖੇਤਰ ਵਿਚ ਪੰਜਾਬੀ ਦਾ ਉਹ ਸਥਾਨ ਹੈ ਜੋ ਹੋਰ ਪ੍ਰਾਂਤ ਦੀਆਂ ਬੋਲੀਆਂ ਦਾ ਹੈ। ਨਵੇਂ ਲੇਖਕਾਂ ਦੀਆਂ ਕਿਰਤਾਂ ਨੂੰ ਯੂਨੀਵਰਸਿਟੀ ਦੇ ਕੋਰਸ ਵਿਚ ਲਗਵਾ ਕੇ ਉਹਨਾਂ ਦੀ ਕਲਾ ਨੂੰ ਉਭਾਰਿਆ। ਭਾਈ ਸਾਹਿਬ ਨੇ ਪੰਜਾਬੀ ਬੋਲੀ ਦੇ ਵਾਧੇ ਲਈ ਕੰਮ ਕਰ ਰਹੀਆਂ ਸੰਸਥਾਵਾਂ ਨੈਸ਼ਨਲ ਅਕੈਡਮੀ ਆਫ ਲੇਟਰਜ਼, ਦਿੱਲੀ ਐਡਵਾਈਜ਼ਰੀ ਬੋਰਡ, ਭਾਸ਼ਾ ਵਿਭਾਗ ਬੋਰਡ ਆਫ ਸਟਡੀਜ਼ ਇਨ ਪੰਜਾਬੀ ਰਿਸਰਚ ਕਮੇਟੀ, ਰਿਸਰਚ ਬੋਰਡ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਉੱਘੇ ਮੈਂਬਰ ਹੋਣ ਦੇ ਨਾਲ ਉਹਨਾਂ ਦੀ ਵੱਧ ਚੜ੍ਹ ਕੇ ਅਗਵਾਈ ਵੀ ਕੀਤੀ ਸੀ। ਆਪਣੇ ਅੰਗਰੇਜ਼ੀ ਭਾਸ਼ਾ ਵਿਚ ਜਪਜੀ ਲਾਈਫ ਆਫ ਸ੍ਰੀ ਗੁਰੂ ਅਮਰਦਾਸ ਜੀ, ਸਟਡੀਜ਼ ਇਨ ਸਿੱਖਿਜ਼ਮ, 33 ਸਵਈਏ, ਕਬੀਰ ਆਦਿ ਪੁਸਤਕਾਂ ਲਿਖੀਆਂ। ਇਹਨਾਂ ਸਾਰੀਆਂ ਗੱਲਾਂ ਤੋਂ ਸਪਸ਼ਟ ਹੈ ਭਾਈ ਜੋਧ ਸਿੰਘ ਜੀ ਨੇ ਪੰਜਾਬ ਦੀ ਵਿਦਿਅਕ ਸੇਵਾ ਤੇ ਪੰਜਾਬੀ ਬੋਲ ਤੇ ਸਾਹਿਤ ਨੂੰ ਆਪਣਾ ਸਾਰਾ ਜੀਵਨ ਸਮਰਪਣ ਕੀਤਾ ਹੈ। ਇਸ ਤੋਂ ਇਲਾਵਾ ਕਈ ਵਿਸ਼ਵ ਕੌਮਾਂ ’ਤੇ ਪੁਸਤਕਾਂ ਵਿਚ ਉਹਨਾਂ ਵੱਲੋਂ ਕੀਤੇ ਗਏ ਇੰਦਰਾਜ਼ ਤੇ ਲੇਖ ਵੀ ਯਾਦਗਾਰੀ ਕੰਮ ਲਈ ਸਤਿਕਾਰੇ ਜਾਂਦੇ ਹਨ। ਭਾਈ ਜੋਧ ਸਿੰਘ ਦੀ ਸਿੱਖ ਜਗਤ ਨੂੰ ਦੇਣ ਗੁਰਬਾਣੀ ਦੀ ਆਧੁਨਿਕ ਢੰਗ ਨਾਲ ਵਿਆਖਿਆ ਕਰਨਾ ਹੈ। ਆਪ ਨੇ ਗੁਰਮਤਿ ਦੀ ਵਿਆਖਿਆ ਨੂੰ ਆਪਣਾ ਜੀਵਨ ਦਾ ਟੀਚਾ ਬਣਾਇਆ। ਗੁਰਮਤਿ ਦੇ ਪ੍ਰਚਾਰ ਲਈ ਕਈ ਲੇਖ ਇਹਨਾਂ ਵੱਲੋਂ ਛਾਪੇ ਗਏ, ਸੈਮੀਨਾਰਾਂ ਵਿਚ ਖੋਜ ਪੱਤਰ ਪੜ੍ਹੇ ਗਏ, ਪ੍ਰਧਾਨਗੀਆਂ ਕੀਤੀਆਂ ਗਈਆਂ। ਪੰਜਾਬੀ ਵਿਚ ਸਿੱਖੀ ਕੀ ਹੈ, ਟੀਕਾ ਜਪੁਜੀ ਸਾਹਿਬ, ਭਗਤ ਬਾਣੀ ਸਟੀਕ, ਗੁਰਮਤ ਨਿਰਣੈ, ਸ਼੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ ਆਦਿ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਉਹਨਾਂ ਦੇ ਜੀਵਨ ਦੀ ਤਾਂ ਭਾਈ ਸਾਹਿਬ ਦੇ ਜੀਵਨ ਵਿਚ ਸਿੱਖ ਜੀਵਨ ਜਾਂਚ ਦੇ ਉੱਚੇ ਆਦਰਸ਼ ਮੁੱਖ ਸਨ। ਯਥਾਰਥਵਾਦੀ ਦ੍ਰਿਸ਼ਟੀਕੋਣ, ਵਿਵੇਕਵਾਦੀ ਸੋਚਣੀ ਤੇ ਗੁਰਬਾਣੀ ਦੇ ਉੱਚੇ ਆਦਰਸ਼ਾਂ ਨੇ ਮਿਲ ਕੇ ਭਾਈ ਸਾਹਿਬ ਨੂੰ ਆਪਣੇ ਸਮੇਂ ਦਾ ਅਦੁੱਤੀ ਇਨਸਾਨ ਬਣਾਇਆ। ਉਹ ਤਾਂ ਆਪਣੇ ਆਪ ਵਿਚ ਇਕ ਸੰਸਥਾ ਸਨ ਤੇ ਉਹਨਾਂ ਦੇ ਨਿੱਜੀ ਗੁਣ ਸਮੂਹ ਤੇ ਹਾਵੀ ਰਹਿੰਦੇ ਸਨ। ਆਪ ਦੇ ਨਿੱਜੀ ਗੁਣਾਂ ਵਿਚ ਸੰਜਮ ਤੇ ਵਕਤ ਦੀ ਪਾਬੰਦੀ ਦੇ ਖ਼ਾਸ ਸਥਾਨ ਹਾਸਿਲ ਸਨ। ਇਹ ਦੋਵੇਂ ਗੁਣ ਆਪ ਨੇ ਆਪਣੇ ਜੀਵਨ ਦੀਆਂ ਵਿਸ਼ੇਸ਼ ਸਥਿਤੀਆਂ ਤੋਂ ਹਾਸਿਲ ਕੀਤੇ ਸਨ। ਵਕਤ ਦੇ ਤਾਂ ਆਪ ਇੰਨੇ ਪਾਬੰਦ ਸਨ ਕਿ ਇਹਨਾਂ ਦੇ ਨਿੱਤ ਦੇ ਕੰਮਾਂ ਤੋਂ ਜਾਣੂ ਕੋਈ ਇਨਸਾਨ ਦੱਸ ਸਕਦਾ ਸੀ ਕਿ ਇਸ ਵਕਤ ਭਾਈ ਸਾਹਿਬ ਸੈਰ ਕਰਨ ਲਈ ਬਾਹਰ ਗਏ ਹੋਣਗੇ ਤੇ ਇਸ ਵਕਤ ਪ੍ਰਸ਼ਾਦ ਪਾਨ ਕਰ ਰਹੇ ਹੋਣਗੇ। ਸੈਰ ਲਈ ਆਪ ਨਹਿਰ ਵੱਲ ਜਾਇਆ ਕਰਦੇ ਸੀ ਤੇ ਵਾਪਸੀ ਤੇ ਰਹਿਰਾਸ ਸਾਹਿਬ ਦਾ ਪਾਠ ਕਰਦੇ ਆਉਂਦੇ। ਜਦੋਂ ਆਪ ਕਿਸੇ ਵਿਸ਼ੇਸ਼ ਮੋੜ ਤੋਂ ਲੰਘਦੇ ਤਾਂ ਘੜੀ ਉੱਪਰ ਸਮਾਂ ਵੀ ਉਹੀ ਹੁੰਦਾ ਤੇ ਪਾਠ ਦੀ ਤੁੱਕ ਵੀ ਉਹੀ ਹੁੰਦੀ ਜੋ ਪਿਛਲੇ ਦਿਨਾਂ ਵੇਲੇ ਹੁੰਦੀ ਸੀ। ਭਾਈ ਸਾਹਿਬ ਦਾ ਜੀਵਨ ਪੂਰੇ ਦਾ ਪੂਰਾ ਸਾਧਿਆ ਹੋਇਆ ਸੀ। ਸਾਲ 1952 ਵਿਚ ਪੈਪਸੂ ਦੇ ਮਹਿਕਮਾ ਪੰਜਾਬੀ ਵੱਲੋਂ ਭਾਈ ਸਾਹਿਬ ਨੂੰ ਪੰਜ ਰਤਨਾਂ ਵਿੱਚੋਂ ਇਕ ਸਨਮਾਨਿਤ ਕਰਨ ਦੇ ਮੌਕੇ ’ਤੇ ਗਿਆਨੀ ਲਾਲ ਸਿੰਘ ਨੇ ਕਿਹਾ ਸੀ, ‘ਲਿਖਣਾ ਭਾਈ ਜੋਧ ਸਿੰਘ ਦਾ ਪੇਸ਼ਾ ਨਹੀਂ, ਇਹਨਾਂ ਜੋ ਕੁਝ ਵੀ ਲਿਖਿਆ ਹੈ, ਉਹ ਵੱਖ-ਵੱਖ ਸਮੇਂ ਆਪਣੇ ਜ਼ਿੰਮੇ ਲੱਗੇ ਫ਼ਰਜ਼ ਭੁਗਤਾਨ ਲਈ ਲਿਖਿਆ ਹੈ, ਇਸ ਲਈ ਇਹਨਾਂ ਦੀ ਲਿਖਤ ਵਿਚ ਪੇਸ਼ਾਵਰ ਲੇਖਕਾਂ ਵਾਂਗ ਸ਼ਬਦਾਂ ਦਾ ਤਾਣਾ-ਬਾਣਾ ਵਾਯੂਮੰਡਲ ਪੈਦਾ ਕਰਨ ਲਈ ਸਾਹਿਤਕ ਰੰਗੀਨੀਆਂ ਦੀ ਭਰਮਾਰ ਨਹੀਂ ਹੁੰਦੀ। ਆਪਣੇ ਅੰਤਿਮ ਦਿਨ ਲੁਧਿਆਣਾ ਵਿਖੇ ਆਪਣੀ ਰਿਹਾਇਸ਼ ਕੀਤੀ। ਇਸ ਸਮੇਂ ਦੌਰਾਨ ਪ੍ਰੋਫੈਸਰ ਗੁਰਬਚਨ ਸਿੰਘ ਤਾਲਿਬ ਵੱਲੋਂ ਤਿਆਰ ਕੀਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਰੇਜ਼ੀ ਅਨੁਵਾਦ ਦੀ ਸੁਧਾਈ ਦਾ ਕਾਰਜ ਵੀ ਕੀਤਾ। ਉਹ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੂਰਾ ਜੀਵਨ ਸਮਰਪਿਤ ਰਹੇ।
-ਇੰਦਰਪ੍ਰੀਤ ਕੌਰ
98886-90280