- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਪਨੇ ਉਨ੍ਹਾਂ ਖ਼ਿਆਲਾਂ ਦੇ ਈ ਆਉਂਦੇ ਹੁੰਦੇ ਨੇ, ਜਿਹੜੇ ਜਾਗਦੇ ਮਨ ’ਚ ਕਦੇ ਅਹੁੜੇ ਹੋਣ। ਤੇ ਫੇਰ ਭਾਵੇਂ ਕੁਝ ਖ਼ਿਆਲ ਅੱਧ-ਸੁਚੇਤ ਮਨ ਵਿਚ ਪਹੁੰਚ ਜਾਣ ਪਰ ਮਨ ਦੇ ‘ਹਨੇਰ ਕਮਰੇ’ ਦੀਆਂ ਹੇਠਲੀਆਂ ਤੈਹਾਂ ਵਿਚ ਕਿਤੇ ਨਾ ਕਿਤੇ ਉਹ ਖ਼ਿਆਲ ਮੌਜੂਦ ਰਹਿੰਦੇ ਨੇ। ਖ਼ੈਰ ਇਸੇ ਤਰ੍ਹਾਂ ਦਾ ਪਾਤਰ ਜਾਂ ਖ਼ਿਆਲ ‘ਖਾਜ ਬਦਨਵੀ’ ਏ, ਦਰਹਕੀਕਤ...ਅਸੀਂ ਇਹ ਪਾਤਰ ਘੜ ਲਿਆ ਹੋਇਆ ਹੈ।

ਸੁਪਨੇ ਉਨ੍ਹਾਂ ਖ਼ਿਆਲਾਂ ਦੇ ਈ ਆਉਂਦੇ ਹੁੰਦੇ ਨੇ, ਜਿਹੜੇ ਜਾਗਦੇ ਮਨ ’ਚ ਕਦੇ ਅਹੁੜੇ ਹੋਣ। ਤੇ ਫੇਰ ਭਾਵੇਂ ਕੁਝ ਖ਼ਿਆਲ ਅੱਧ-ਸੁਚੇਤ ਮਨ ਵਿਚ ਪਹੁੰਚ ਜਾਣ ਪਰ ਮਨ ਦੇ ‘ਹਨੇਰ ਕਮਰੇ’ ਦੀਆਂ ਹੇਠਲੀਆਂ ਤੈਹਾਂ ਵਿਚ ਕਿਤੇ ਨਾ ਕਿਤੇ ਉਹ ਖ਼ਿਆਲ ਮੌਜੂਦ ਰਹਿੰਦੇ ਨੇ। ਖ਼ੈਰ ਇਸੇ ਤਰ੍ਹਾਂ ਦਾ ਪਾਤਰ ਜਾਂ ਖ਼ਿਆਲ ‘ਖਾਜ ਬਦਨਵੀ’ ਏ, ਦਰਹਕੀਕਤ...ਅਸੀਂ ਇਹ ਪਾਤਰ ਘੜ ਲਿਆ ਹੋਇਆ ਹੈ। ਇਹ ਗਾਉਣ-ਵਜਾਉਣ ਵਾਲਿਆਂ ਦੀ ਮੰਡੀ ਦਾ ਪੁਰਜ਼ਾ ਹੈ ਤੇ ਗਾਣੇ-ਗੂਣੇ ਲਿਖਦੈ ਤੇ ਹੋਰ ਵੀ ਕਈ ਕੁਝ ਕਰਦੈ। ਇਹ ‘ਖਾਜ ਬਦਨਵੀ’ ਕੌਣ ਏ? ਤੇ ਏਸ ਬੰਦੇ ਦਾ ਇਹ ਨਾਂ ਕਿਵੇਂ ਪਿਆ? ਵਗੈਰਾ-ਵਗੈਰਾ ਬਾਰੇ ਅਸੀਂ ਇਹ ਮਜ਼ਾਹੀਆ ਲਿਖਤ ਪੇਸ਼ ਕਰ ਰਹੇ ਹਾਂ।
ਬੇਲੀਓ, ਸੁਪਨਾ ਇਉਂ ਅੱਗੇ ਤੁਰਿਆ ਕਿ ਕਲਾ ਦੀ ਮੰਡੀ ਨਾਲ ਜੁੜੇ ਮਿੱਤਰ ਨੇ ਕਲਮਘੜੀਸ (ਤੁੱਕਬਾਜ਼) ਖਾਜ ਬਦਨਵੀ ਬਾਰੇ ਕਈ ਗੱਲਾਂ ਕੀਤੀਆਂ ਤੇ ਸਗੋਂ ਵਾਵ੍ਹਾ ਵਧਾ-ਚੜ੍ਹਾ ਕੇ ਕੀਤੀਆਂ। ਉਹਦਾ ਕਹਿਣ ਸੀ ਕਿ ਇਕ ਵਾਰੀ ਖਾਜ ਬਦਨਵੀ ਨੂੰ ਮਿਲ ਲਓ। ਮਿਲ ਕੇ ਨਜ਼ਾਰਾ ਆਊਗਾ।’
ਅਸੀਂ ਪੁੱਛਿਆ, ‘ਕਿਹੜੀ ਗੱਲ ਦਾ ਨਜ਼ਾਰਾ?’ ਉਹ ਕਹਿੰਦਾ, ‘ਇਹ ਤਾਂ ਮਿਲ ਕੇ ਪਤਾ ਲੱਗੂ’।
ਆਖ਼ਰ ਇਕ ਦਿਨ ਉਸ ਸਾਂਝੇ ਦੋਸਤ ਨੇ ਬਿਨਾਂ ਪੁੱਛੇ ਸਾਡਾ ਸੰਪਰਕ ਨੰਬਰ ਖਾਜ ਬਦਨਵੀ ਨੂੰ ਦੇ ਦਿੱਤਾ। ਅਗਲੇ ਹੀ ਦਿਨ ਤੁੱਕਬਾਜ਼ ਦਾ ਫੋਨ ਆ ਗਿਆ ਕਿ ‘ਪਾਜ਼ੀ ਮੈਂ ਖਾਜ ਬਦਨਵੀ ਬੋਲਦੈ, ਤੁਹਾਨੂੰ ਮਿਲਣ ਦੀ ਚਿਰਾਂ ਦੀ ਤਮੰਨਾ ਹੈ, ਮੈਂ ਆ ਕੇ ਮਿਲ ਸਕਦਾ?’
ਅਸੀਂ ਹੈਰਾਨ-ਪਰੇਸ਼ਾਨ ਹੋਏ ਪਰ ਉਹ ’ਚਾਣਚੱਕ ਘਰੇ ਆ ਵੜਿਆ। ਉਹ ਇਕ ਕੈਂਪਰ ਵੈਨ ਵਿਚ ਘਰ ਪੁੱਜਾ, ਜਿਹੜੀ ਅੰਦਰੋਂ ਕਿਸੇ ਦਫ਼ਤਰ ਵਰਗੀ ਜਾਪ ਰਹੀ ਸੀ। ਅੰਦਰ ਲਿਖਿਆ ਸੀ ‘ਖਾਜ ਬਦਨਵੀ ਇੰਟਰਨੈਸ਼ਨਲ ਲਿਰਿਕਸ ਕਾਰਪੋਰੇਸ਼ਨ’ ਤੇ ਹੇਠਾਂ ਉੱਘੜਵੇਂ ਅੱਖਰਾਂ ਵਿਚ ਲਿਖਿਆ ਸੀ ‘ਹਿੱਟ ਗੀਤ, ਵਾਇਰਲ ਰੀਲਾਂ, ਸਨਮਾਨ ਸਮਾਗਮ, ਪਰਦੇਸਾਂ ਵਿਚ ਸ਼ੋਅ, ਇੰਟਰਵਿਊ, ਪ੍ਰਸ਼ੰਸਾ ਪੱਤਰ ਤੇ ਲੋੜ ਪੈਣ ‘ਤੇ ਭਾਵੁਕ ਪੋਸਟਾਂ ਵੀ ਤਿਆਰ ਕੀਤੀਆਂ ਜਾਂਦੀਆਂ ਨੇ।’ ਜ਼ੁਲਮ ਇਹ ਸੀ ਕਿ ਉਸ ਨੇ ਖਾਜ ਨੂੰ ‘ਖ਼ਾਜ਼’ ਬਣਾ ਕੇ ਲਿਖਿਆ ਸੀ, ਜਿਵੇਂ ਪੰਜਾਬ ਦੇ ਥਾਣਿਆਂ ਵਿਚ ਜੀ ਆਇਆਂ ਨੂੰ ਦੀ ਬਜਾਏ ‘ਜੀ ਆਈਆਂ ਨੂ’ ਵੀ ਲਿਖਿਆ ਹੁੰਦੈ! ਖ਼ੈਰ ਤੁਸੀਂ-ਅਸੀਂ ਕੀ ਕਰ ਸਕਦੇ ਹਾਂ। ਅਸੀਂ ਉਹਦੇ ਵੱਲ ਵੇਖਿਆ, ਉਹਦੇ ਰੰਗ-ਢੰਗ ਤੇ ਮੜ੍ਹੰਗਾ ਦੇਖਿਆ ਤਾਂ ਮਸਾਂ ਆਪਣਾ ਹਾਸਾ ਰੋਕ ਸਕੇ।
ਕੈਂਪਰ ਵੈਨ ਦੇ ਅੰਦਰ ਵੜੇ ਤਾਂ ਕੰਧਾਂ ਉੱਤੇ ਖਾਜ ਦੀਆਂ ਤਸਵੀਰਾਂ ਹੀ ਤਸਵੀਰਾਂ ਸਨ। ਕਿਸੇ ਵਿਚ ਉਹ ਆਪਣੇ ਆਪ ਨੂੰ ਸ਼ਾਲ ਪੁਆ ਰਿਹਾ ਸੀ। ਦੂਜੀ ਵਿਚ ਟਰਾਫ਼ੀ ਪ੍ਰਾਪਤ ਕਰ ਰਿਹਾ ਸੀ। ਤੀਜੀ ਵਿਚ ਆਪਣੇ ਹੀ ਪੋਸਟਰ ਉੱਤੇ ਦਸਤਖ਼ਤ ਕਰ ਰਿਹਾ ਸੀ। ਸਾਹਮਣੇ ਮੇਜ਼ ਪਿੱਛੇ ਅਨੋਖੀ ਜਿਹੀ ਸ਼ਕਲ ਵਾਲਾ ਇਕ ਮੁੰਡਾ
ਬੈਠਾ ਸੀ, ਜਿਵੇਂ ਖਾਜ ਦਾ ਵਸੂਲੀ-ਕਾਮਾ ਜਾਂ ਪੀਏ ਹੋਵੇ।
ਅਸੀਂ ਖਾਜ ਬਦਨਵੀ ਨੂੰ ਕਿਹਾ ਕਿ ਹੁਣ ਸਾਡੇ ਘਰ ਤੀਕ ਪੁੱਜ ਗਏ ਹੋ ਤਾਂ ਅੰਦਰ ਵੀ ਆਓ, ਕਹਿਣ ਲੱਗਾ ਕਿ ਨਹੀਂ ਇਹ ਮੁਲਾਕਾਤ ਤਾਂ ਕੈਂਪਰ ਵੈਨ ਵਿਚ ਕਰੋ, ਇਸ ਤੋਂ ਬਾਅਦ ਤੁਹਾਡਾ ‘ਗ਼ਰੀਬਖ਼ਾਨਾ’ ਵੀ ਦੇਖ ਲਾਂਗੇ।
ਅਸੀਂ ਸੁਣ ਕੇ ਦੰਗ ਰਹਿ ਗਏ, ਸੱਚ ਤਾਂ ਇਹ ਹੈ ਕਿ ਜੇ ਅਦਬੀ ਭਾਸ਼ਾ ਵਿਚ ਗੱਲ ਕਰਨੀ ਏ ਤਾਂ ਤਮੀਜ਼ ਦੇ ਅਸੂਲਾਂ ਮੁਤਾਬਕ ਆਪਣੇ ਘਰ ਨੂੰ ‘ਗ਼ਰੀਬਖ਼ਾਨਾ’ ਕਹੀਦੈ ਤੇ ਦੂਜੇ ਦੇ ਘਰ ਨੂੰ ‘ਦੌਲਤਖ਼ਾਨਾ’ ਪਰ ਇਹ ਤਾਂ ਖਾਜ ਨੇ ਵਰਤਾਰਾ ਹੀ ਉਲਟਾਅ ਦਿੱਤਾ ਸੀ, ਆਉਂਦੇ ਸਾਰ ਸਾਡੇ ਵਸੇਬਖ਼ਾਨੇ ਨੂੰ ‘ਗ਼ਰੀਬਖ਼ਾਨਾ’ ਆਖ ਦਿੱਤਾ।
ਅਸੀਂ ਉਹਦੀ ਮੋਡੀਫਾਈਡ ਵੈਨ ਵਿਚ ਬੈਠਣ ਹੀ ਲੱਗੇ ਸੀ ਕਿ ਉਸ ਨੇ ਪਹਿਲਾ ਸਵਾਲ ਕਰ ਦਿੱਤਾ, ‘ਅਖੇ ਦੱਸੋ ਪਹਿਲਾਂ ਮੇਰੇ ਨਾਲ ਸੈਲਫ਼ੀ ਲਓਗੇ ਜਾਂ ਇੰਟਰਵਿਊ ਕਰੋਗੇ’?
ਅਸੀਂ ਹੱਸ ਕੇ ਕਿਹਾ, ‘ਪਹਿਲਾਂ ਮਿਲ ਤਾਂ ਲਈਏ।’
ਖਾਜ ਨੇ ਖਿਝ ਕੇ ਜਵਾਬ ਦਿੱਤਾ, ‘ਮਿਲਣਾ-ਗਿਲਣਾ ਤਾਂ ਬਾਅਦ ’ਚ ਵੀ ਹੋ ਜਾਊ ਪਰ ਹਾਲੇ ਤੀਕ ਜਿਹੜਾ ਵੀ ਇਸ ‘ਕੈਂਪਰ’ ’ਚ ਆਇਆ ਸੀ, ਪਹਿਲਾਂ ਸੈਲਫੀ ਲਈ ਤੇ ਫੇਰ ਅੱਗੇ ਵੱਧ ਸਕਿਆ।’
ਸਵਾਲ : ਖਾਜ, ਇਹ ਦੱਸੋ ਕਿ ਤੁਕਬਾਜ਼ੀ ਜਾਂ ਕਲਮਘੜੀਸੀ ਦੀ ਚੇਟਕ ਕਿੱਥੋਂ ਲੱਗੀ ਸੀ? ਕੀ ਤੁਹਾਡੇ ਟੱਬਰ ਦਾ ਕੋਈ ਜੀਅ, ਕੱਚਘਰੜ ਲਿਖਣ ਦੇ ਕੰਮ ’ਚ ਪਿਆ ਸੀ?
ਖਾਜ ਬਦਨਵੀ : (ਰੋਂਦੜ੍ਹ ਜਿਹਾ ਅਜੀਬ ਹਾਸਾ ਹੱਸਦਿਆਂ) ਓ ਪਾਜ਼ੀ (ਭਾਅਜੀ ਨਹੀਂ) ਹਾਂਜੀ-ਹਾਂਜੀ, ਸਾਡੇ ਦੂਰੋਂ-ਪਾਰੋਂ ਲੱਗਦੇ ਚਾਚਾ ਜੀ ਤੇ ਮੇਰੇ ਉਸਤਾਦ ਜਨਾਬ ਹੈਪੀ ਉਦਾਸ ਵੱਡੇ ਮਛੂਰ ਬੰਦੇ ਨੇ। ਉਹ ਕਹਿੰਦੇ ਨੇ, ‘ਲਿਖਣਾ-ਪੜ੍ਹਨਾ ਬਾਅਦ ਦੀ ਗੱਲ ਏ, ਪਹਿਲਾਂ ਬੰਦੇ ਨੂੰ ਤੁੱਕ ਜੋੜਨੀ ਆਉਣੀ ਚਾਹੀਦੀ ਏ।’ ਬੱਸ ਅਸੀਂ ਵੀ ਤੁੱਕਾਂ ਜੋੜਦੇ-ਜੋੜਦੇ ਗੀਤਕਾਰ ਬਣ ਗਏ। (ਸ਼ਾਇਦ ਉਹ ਮਸ਼ਹੂਰ ਲਫਜ਼ ਨੂੰ ਮਛੂਰ ਕਹਿ ਗਿਆ ਸੀ)।
ਸਵਾਲ : ਖਾਜ ਸਾਬ੍ਹ, ਬੜਾ ਈ ਅਨੋਖਾ ਨਾਂ ਏ ‘ਖਾਜ ਬਦਨਵੀ’, ਇਹ ਨਾਂ ਕਿਵੇਂ ਪਿਆ?
ਖਾਜ : ਦੇਖੋ ਪਾਜ਼ੀ ਇਹ ਨਾਂ ਮੈਂ ਕਿੱਥੇ ਰੱਖਣਾ ਸੀ। ਇਹ ਤਾਂ ਹਾਲਾਤ ਨੇ ਰਖਾ ਦਿੱਤਾ। ਪੂਰਾ ਕਿੱਸਾ ਇੰਜ ਹੈ ਕਿ ਨਿੱਕੇ ਹੁੰਦੇ ਅਸੀਂ ਨਹਾਉਣ ਤੋਂ ਬੜਾ ਪਰਹੇਜ਼ ਕਰਦੇ ਸੀ। ਦੂਜਾ ਸਾਨੂੰ ਖੁਰਕ ਪਈ ਰਹਿੰਦੀ ਸੀ, ਘਰਦਿਆਂ ਨੇ ਅਸਲੀ ਨਾਂ ਤਾਂ ਕਦੇ ਲਿਆ ਈ ਨਹੀਂ ਤੇ ਖਾਜੂ ਕਹਿਣਾ ਸ਼ੁਰੂ ਕਰ ਦਿੱਤਾ। ਸਕੂਲ ਗਏ ਤਾਂ ਮਾਸਟਰਨੀ ਅੰਟੀ ਕਹਿੰਦੀ, ‘ਹੈਂਅ-ਹੈਂਅ ਭਲਾ ਖਾਜੂ ਕੀ ਨਾਂ ਹੋਇਆ।’ ਉਹਨੇ ਖਾਜਵੀਰ ਰੱਖ ਦਿੱਤਾ। ਅਸੀਂ ਵੀ ਸੋਚਿਆ, ਚੱਲੋ ਬਿਹਤਰੀ ਹੋ ਗਈ।
ਸਵਾਲ : ਫਿਰ ‘ਖਾਜ ਬਦਨਵੀ’ ਕਿਵੇਂ ਬਣਿਆ?
ਖਾਜ ਬਦਨਵੀ : ਦੇਖੋ ਜਦੋਂ ਸ਼ੁਰੂ ਵਿਚ ਸਟੇਜਾਂ ਉੱਤੇ ਚੜ੍ਹਨਾ ਸ਼ੁਰੂ ਕੀਤਾ ਤਾਂ ਇਕ ਦਿਨ ਮੈਂ ਕੋਈ ਤੁੱਕ ਸੁਣਾ ਰਿਹਾ ਸਾਂ, ਨਾਲੇ ਮੈਂ ਆਦਤਨ ਆਪਣਾ ਪਿੰਡਾ ਖੁਰਕੀ ਜਾਵਾਂ। ਲੋਕ ਤੁੱਕ ਘੱਟ ਸੁਣਦੇ ਸੀ, ਮੈਨੂੰ ਖੁਰਕਦੇ ਨੂੰ ਵੱਧ ਵੇਖਦੇ ਤੇ ਹੱਸਦੇ ਰਹਿੰਦੇ ਸੀ। ਪ੍ਰੋਗਰਾਮ ਤੋਂ ਬਾਅਦ ਮੇਰੇ ਉਸਤਾਦ ਜਨਾਬ ਹੈਪੀ ਉਦਾਸ ਮੈਨੂੰ ਇਕ ਪਾਸੇ ਲੈ ਗਏ ਤੇ ਆਖਣ ਲੱਗੇ ਕਿ ‘ਖਾਜਿਆ ਜੇ ਇਵੇਂ ਹੀ ਖੁਰਕਦਾ ਰਹੇਗਾ ਤਾਂ ਲੋਕ ਤੇਰੀ ਪੇਸ਼ਕਾਰੀ ਨਹੀਂ, ਤੇਰੇ ਖਾਜ ਵਾਲੇ ਲੱਛਣ ਯਾਦ ਰੱਖਣਗੇ।’ ਮੈਂ ਕਿਹਾ, ‘ਉਸਤਾਦ ਜੀ! ਫੇਰ ਕੀ ਕਰਾਂ?’ ਕਹਿੰਦੇ, ‘ਜਦੋਂ ਆਦਤ ਛੱਡੀ ਨਹੀਂ ਜਾਂਦੀ ਤਾਂ ਉਹਨੂੰ ਹੀ ਨਿੱਜ ਦੀ ਪਛਾਣ ਬਣਾ ਲਈਦੈ।’ ਮੈਂ ਪੁੱਛਿਆ, ‘ਮਤਲਬ?’ ਆਖਣ
ਲੱਗੇ ਕਿ ਹੁਣ ਤੋਂ ਤੂੰ ਖਾਜ ਬਦਨਵੀ’ ਵਜੋਂ ਇਸ ਜੱਗ ’ਤੇ ਨਾਮਣਾ ਖੱਟੇਗਾ। ਲੋਕ ਨਾਂ ਸੁਣ ਕੇ ਪਹਿਲਾਂ ਹੱਸਿਆ ਕਰਨਗੇ ਤੇ ਫਿਰ ਤਰਲੋਮੱਛੀ ਜਿਹੇ ਹੋ ਕੇ ਤੇਰੀ ਪੇਸ਼ਕਾਰੀ ਸੁਣਨਗੇ।’ ਉਸਤਾਦ ਨੇ ਇਕ ਹੋਰ ਗੱਲ ਵੀ ਆਖੀ ਸੀ, ‘ਪੁੱਤ ਕਲਾ ਦੀ ਮੰਡੀ ਵਿਚ ਨਾਂ ਅਜੀਬ ਓ ਗ਼ਰੀਬ ਹੋਵੇ ਤਾਂ ਅੱਧੀ ਮਸ਼ਹੂਰੀ ਆਪਣੇ ਆਪ ਮਿਲ ਜਾਂਦੀ ਏ।’..ਤੇ ਪਾਜ਼ੀ ਉਸ ਦਿਨ ਤੋਂ ਅਸੀਂ ਇਹ ਨਾਂ ਅਪਣਾ ਲਿਆ।
ਸਵਾਲ : ਕਿਤੇ ਏਦਾਂ ਤਾਂ ਨਹੀਂ ਕਿ ਨਿੱਕੇ ਹੁੰਦਿਆਂ ਖਾਜ ਨੂੰ ਕਿਸੇ ਖੁਰਕ-ਖਾਧੇ ਕੁੱਤੇ ਨੇ ਚੱਕ ਮਾਰ ਦਿੱਤਾ ਹੋਵੇ ਜਾਂ ਫੇਰ ਘਰਦਿਆਂ ਨੇ ਹੀ ਸੋਚਿਆ ਹੋਵੇ ਕਿ ਬਿਮਾਰੀ ਵੀ ਪੱਕੀ ਤੇ ਇਹ ਨਾਂ ਵੀ ਰੱਖ ਦੇਈਏ, ਏਦਾਂ ਤਾਂ ਨਹੀਂ?
ਖਾਜ ਬਦਨਵੀ : (ਅਜੀਬ ਤਰੀਕੇ ਨਾਲ ਹੱਸਦਾ ਹੋਇਆ) ਕਦੇ ਸੋਚਿਆ ਨਈ ਪਾਜ਼ੀ। ਸਾਡੇ ਉਸਤਾਦ ਹੈਪੀ ਉਦਾਸ ਦਾ ਇੱਕੋ ਫੰਡਾ ਆ, ‘ਟੈਨਸ਼ਨ ਲੈਣੀ ਨਹੀਂ... ਦੇਣੀ ਆ।’ ਅਸੀਂ ਬਾਹਲਾ ਸੋਚਦੇ ਵੀ ਨਈ। ਸੋਚਣ ਨਾਲ ਕਦੇ ਕਿਸੇ ਨੇ ਤਰੱਕੀ ਕੀਤੀ ਏ? ‘ਪੈਸਾ ਆਵੇ, ਬਾਕੀ ਦੁਨੀਆ ਖੂਹ ਵਿਚ ਜਾਵੇ, ਇਹੀ ਸਾਡਾ ਗੁੱਝਾ ਮਕਸਦ ਐ।
ਸਵਾਲ : ਉਸਤਾਦ ਹੈਪੀ ਉਦਾਸ ਤੁਕਬਾਜ਼ੀ ਤੋਂ ਇਲਾਵਾ ਹੋਰ ਕੀ ਕਰਦੇ ਨੇ? ਲਿਖਾਰੀ ਬਣ ਕੇ ਘਰ ਤਾਂ ਨਹੀਂ ਚਲਾਏ ਜਾ ਸਕਦੇ ਕਿ ਨਹੀਂ?
ਖਾਜ : ਹਾਂਜੀ ਉਹ ਆਪਣਾ ਕਾਰੋਬਾਰ ਕਰਦੇ ਨੇ, ਮਤਲਬ ਝਟਕਈ ਨੇ। ਸਾਡੇ ਦਫ਼ਤਰ ਦੇ ਨਾਲ ਹੀ ਕੁੱਕੜ ਤੇ ਬੱਕਰੇ ਵੱਢਣ ਲਈ ਉਨ੍ਹਾਂ ਨੇ ਖੋਖਾ ਪਾਇਆ ਹੋਇਐ। ਜਦੋਂ ਕੋਈ ਗਾਹਕ ਨਾ ਆਵੇ, ਓਦੋਂ ਗਾਣੇ ਲਿਖਦੇ ਨੇ। ਕਈ ਵਾਰ ਤਾਂ ਲਿਖਣ ਦੇ ਜਨੂੰਨ ਵੇਲੇ ਇਕ ਹੱਥ ਨਾਲ ਬੱਕਰਾ ਫੜਿਆ ਹੁੰਦਾ ਤੇ ਦੂਜੇ ਨਾਲ ਗੀਤ ਦਾ ਅੰਤਰਾ ਲਿਖ ਰਹੇ ਹੁੰਦੇ ਨੇ। ਪ੍ਰੇਰਣਾ ਓਥੋਂ ਹੀ ਮਿਲੀ ਏ।
ਸਵਾਲ : ਹੈਪੀ ਉਦਾਸ ਦੇ ਗਾਣੇ ਕਿਹੜੇ-ਕਿਹੜੇ ਗਵੰਤਰੀਆਂ ਨੇ ਗਾਏ ਨੇ?
ਖਾਜ : ਉਸਤਾਦ ਦੇ ਗਾਣੇ ਗੋਨੀ ਡੀ, ਨਿਰਵੈਲ ਵੈਲੀ, ਮਿੰਟਾ ਮੋਹਾਲੀਵਾਲਾ, ਚਿੰਕਾ ਚੰਡੀਗੜ੍ਹੀਆ, ਬਿਟੇਸ਼ਵਰ ਬਿੱਟੂ ਤੇ ਇਹੋ-ਜਿਹੇ ਹੋਰ ਕਈਆਂ ਨੇ ਗਾਏ ਨੇ।
(ਜਾਰੀ...)
• ਯਾਦਵਿੰਦਰ ਵਾਹਦ