- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੀ ਸਦੀ ਦੇ ਨੱਬਵੇਂ ਦਹਾਕੇ ਦਾ ਪਹਿਲਾ ਵਰ੍ਹਾ ਸੀ। ਪੰਜਾਬ ਦਾ ਕੋਈ ਹੀ ਪਿੰਡ ਹੋਊ, ਜਿੱਥੇ ਸੂਰਜ ਡੁੱਬਦਿਆਂ ਹੀ ਬੂਹੇ ਨਾ ਢੁੱਪਦੇ ਹੋਣ। ਇਹ ਉਹ ਮੰਦਭਾਗਾ ਵੇਲਾ ਸੀ, ਜਦੋਂ ਕਿਤੇ ਨਾ ਕਿਤੇ ਸੱਥਰ ਵਿਛਿਆ ਹੀ ਰਹਿੰਦਾ ਸੀ। ਮੈਂ ਫ਼ੌਜ ਵਿੱਚੋਂ ਦੋ ਮਹੀਨਿਆਂ ਦੀ ਛੁੱਟੀ ਕੱਟਣ ਆਇਆ ਹੋਇਆ ਸਾਂ। ਸਾਡੀ ਪੱਤੀ ਦਾ ਕਰਨ ਸਿੰਘ ਨਾਂ ਦਾ ਨੌਜਵਾਨ ਮੁੰਡਾ ਅੰਮ੍ਰਿਤਸਰ ਕਾਲਜ ’ਚ ਪੜ੍ਹਦਾ ਸੀ।

ਬੀਤੀ ਸਦੀ ਦੇ ਨੱਬਵੇਂ ਦਹਾਕੇ ਦਾ ਪਹਿਲਾ ਵਰ੍ਹਾ ਸੀ। ਪੰਜਾਬ ਦਾ ਕੋਈ ਹੀ ਪਿੰਡ ਹੋਊ, ਜਿੱਥੇ ਸੂਰਜ ਡੁੱਬਦਿਆਂ ਹੀ ਬੂਹੇ ਨਾ ਢੁੱਪਦੇ ਹੋਣ। ਇਹ ਉਹ ਮੰਦਭਾਗਾ ਵੇਲਾ ਸੀ, ਜਦੋਂ ਕਿਤੇ ਨਾ ਕਿਤੇ ਸੱਥਰ ਵਿਛਿਆ ਹੀ ਰਹਿੰਦਾ ਸੀ। ਮੈਂ ਫ਼ੌਜ ਵਿੱਚੋਂ ਦੋ ਮਹੀਨਿਆਂ ਦੀ ਛੁੱਟੀ ਕੱਟਣ ਆਇਆ ਹੋਇਆ ਸਾਂ। ਸਾਡੀ ਪੱਤੀ ਦਾ ਕਰਨ ਸਿੰਘ ਨਾਂ ਦਾ ਨੌਜਵਾਨ ਮੁੰਡਾ ਅੰਮ੍ਰਿਤਸਰ ਕਾਲਜ ’ਚ ਪੜ੍ਹਦਾ ਸੀ। ਉਹ ਮੇਰੇ ਤੋਂ ਸੱਤ-ਅੱਠ ਸਾਲ ਛੋਟਾ ਸੀ। ਉਸ ਬਾਰੇ ਸਿਰਫ਼ ਏਨਾ ਹੀ ਪਤਾ ਸੀ ਕਿ ਫਲਾਣਿਆਂ ਦਾ ਮੁੰਡਾ ਕਾਲਜ ਪੜ੍ਹਦਾ ਹੈ। ਉਨ੍ਹਾਂ ਵੇਲਿਆਂ ’ਚ ਕਾਲਜ ਦੀ ਪੜ੍ਹਾਈ ਬੜੇ ਮਾਣ ਵਾਲੀ ਗੱਲ ਹੁੰਦੀ ਸੀ। ਮਾਰਚ ਦੀ ਕੋਸੀ ਧੁੱਪ ਥੋੜ੍ਹੀ ਚੁੱਭਣ ਕਰਕੇ ਬਿਨਾਂ ਬਰਾਂਡੇ ਵਾਲੀ ਬੈਠਕ ’ਚ ਉੱਚਾ ਸਿਰਾਹਣਾ ਲਈ ਲੰਮਾ ਪਿਆ ਜਸਵੰਤ ਸਿੰਘ ਕੰਵਲ ਦਾ ਨਾਵਲ ‘ਲਹੂ ਦੀ ਲੋਅ’ ਪੜ੍ਹ ਰਿਹਾ ਸਾਂ। ਉਦੋਂ ਤੱਕ ਮੇਰੀਆਂ ਵੀ ਤਿੰਨ ਚਾਰ ਕਹਾਣੀਆਂ ਇਕ ਪੰਜਾਬੀ ਅਖ਼ਬਾਰ ’ਚ ਛਪ ਚੁੱਕੀਆਂ ਸਨ। ਇਸ ਲਈ ਮੈਂ ਆਪਣਾ ਜ਼ਿਆਦਾ ਸਮਾਂ ਸਾਹਿਤ ਪੜ੍ਹਨ ਵਿਚ ਹੀ ਗੁਜ਼ਾਰਦਾ ਸਾਂ। ਖੇਤੀਂ ਗੇੜਾ ਵੀ ਮਾਰਦਾ ਪਰ ਬਾਪੂ ਕੰਮ ਨੂੰ ਹੱਥ ਨਾ ਲਾਉਣ ਦਿੰਦਾ।
ਉਸ ਦਿਨ ਪਿੰਡ ਦਾ ਮੁੰਡਾ ਕਰਨ ਤੇ ਉਸ ਦਾ ਹਮਉਮਰ ਲੜਕਾ ਸ਼ਾਇਦ ਉਹ ਵੀ ਉਸ ਵਾਂਗ ਕਾਲਜੀਏਟ ਹੀ ਸੀ, ਇਕ ਝੋਲਾ ਜਿਹਾ ਗਲ਼ੋਂ ਫੜਿਆ ‘ਵੀਰ ਜੀ ਸਤਿ ਸ੍ਰੀ ਅਕਾਲ’ ਕਹਿੰਦਿਆਂ ਬੈਠਕ ’ਚ ਦਾਖ਼ਲ ਹੋਏ। ਮੈਂ ਕਿਤਾਬ ਮੂਧੀ ਮਾਰ ਕੇ ਉੱਠਦਿਆਂ ਫਤਿਹ ਦਾ ਜਵਾਬ ਦੇ ਕੇ ਮੁੰਡਿਆਂ ਨਾਲ ਹੱਥ ਮਿਲਾ ਕੇ ਕੁਰਸੀਆਂ ’ਤੇ ਬੈਠਣ ਦਾ ਇਸ਼ਾਰਾ ਕੀਤਾ। ਛੁੱਟੀ ਆਏ ਫ਼ੌਜੀ ਨੂੰ ਮਿਲਣ ਵਾਲੇ ਦਾ ਪਹਿਲਾ ਸਵਾਲ ਇਹੀ ਹੁੰਦਾ ਹੈ, ‘ਕਿੰਨੀ ਛੁੱਟੀ ਆਏ ਹੋ’? ਮੈਂ ਜਵਾਬ ਦੇ ਕੇ ਕਰਨ ਨੂੰ ਪੜ੍ਹਾਈ ਬਾਰੇ ਪੁੱਛਿਆ ਤੇ ਲਗਨ ਨਾਲ ਪੜ੍ਹਾਈ ਲਈ ਕਹਿ ਕੇ ਆਪਣੇ ਸਿਆਣੇ ਹੋਣ ਦਾ ਸਬੂਤ ਦਿੱਤਾ। ਕਰਨ ਨੇ ਦੂਜੇ ਸਾਥੀ ਕੋਲੋਂ ਝੋਲ਼ਾ ਫੜਦਿਆਂ, ‘ਵੀਰ ਜੀ ਅਸੀਂ ਤੁਹਾਡੇ ਕੋਲੋਂ ਕੋਈ ਜਾਣਕਾਰੀ ਲੈਣ ਆਏ ਹਾਂ ਕਹਿੰਦਿਆਂ ਝੋਲੇ ਵਿੱਚੋਂ ਦੋ ਛੱਤੀ ਨੰਬਰ ਹੈਂਡ ਗ੍ਰਨੇਡ ਕੱਢ ਕੇ ਮੇਜ਼ ’ਤੇ ਰੱਖ ਦਿੱਤੇ। ਮੇਰੀ ਤਾਂ ਜਿਵੇਂ ਜ਼ੁਬਾਨ ਹੀ ਠਾਕੀ ਗਈ ਹੋਵੇ। ਕਦੇ ਮੈਂ ਨੌਜਵਾਨ ਮੁੰਡਿਆਂ ਵੱਲ ਤੇ ਕਦੇ ਜੰਗਾਲ ਲੱਗੀਆਂ ਸੇਫਟੀ ਪਿੰਨਾਂ ਲੱਗੇ ਗ੍ਰਨੇਡਾਂ ਵੱਲ ਵੇਖ ਰਿਹਾ ਸੀ।
‘ਵੀਰ ਜੀ ਤੁਸੀਂ ਫ਼ੌਜੀ ਹੋ, ਇਹ ਕਿਸ ਤਰ੍ਹਾਂ ਚੱਲਦੇ ਹਨ, ਤੁਹਾਡੇ ਤੋਂ ਜਾਣਕਾਰੀ ਹਾਸਿਲ ਕਰਨੀ ਚਾਹੁੰਦੇ ਹਾਂ’, ਦੀ ਆਵਾਜ਼ ਨੇ ਮੈਨੂੰ ਆਪਣੇ ਆਪ ਨੂੰ ਬੈਠਕ ਵਿਚ ਬੈਠੇ ਹੋਣ ਦਾ ਅਹਿਸਾਸ ਕਰਵਾਇਆ। ਮੈਂ ਥੋੜ੍ਹਾ ਸੰਭਲਦਿਆਂ ਕਿਹਾ, ‘ਕਰਨ ਇਹ ਗ੍ਰਨੇਡ ਮੌਤ ਦਾ ਉਹ ਪਲ ਨੇ, ਜੋ ਕਦੇ ਵੀ ਆ ਸਕਦਾ ਹੈ।’‘ਉਹ ਕਿਵੇਂ ਵੀਰੇ, ਜਿੰਨਾ ਚਿਰ ਚਲਾਈਏ ਨਾ ਕਿਵੇਂ ਚੱਲ ਜਾਣਗੇ’? ਬੇਸ਼ੱਕ ਕਰਨ ਕਾਲਜ ਦਾ ਵਿਦਿਆਰਥੀ ਸੀ ਪਰ ਉਸ ਵੇਲੇ ਉਸ ਦਾ ਸਵਾਲ ਮਾਸੂਮਾਂ ਵਾਲਾ ਸੀ। ਭਾਵੇਂ ਮੈਂ ਫ਼ੌਜੀ ਸੀ, ਅਸਲੇ ਬਾਰੇ ਸਭ ਕੁਝ ਜਾਣਦਾ ਸੀ, ਟ੍ਰੇਨਿੰਗ ਵੇਲੇ ਗ੍ਰਨੇਡ ਸੁੱਟੇ ਵੀ ਸਨ ਪਰ ਮਹੀਨਾ ਭਰ ਉਸਤਾਦਾਂ ਕੋਲੋਂ ਡੰਮੀ ਗ੍ਰਨੇਡਾਂ ਨੂੰ ਸੁੱਟਣ ਦੀ ਮੁਹਰਤ ਹਾਸਿਲ ਕਰਨ ਤੋਂ ਬਾਅਦ। ਨਾਲੇ ਫ਼ੌਜ ’ਚ ਤਾਂ ਕੋਈ ਵੀ ਅਸਲਾ ਤੇ ਹਥਿਆਰ ਬੜੀ ਹਿਫ਼ਾਜ਼ਤ ਨਾਲ ਰੱਖਿਆ ਜਾਂਦਾ ਹੈ। ਸਵੇਰੇ-ਸ਼ਾਮ ਡਿਊਟੀ ਅਫ਼ਸਰ ਦੀ ਨਿਗਰਾਨੀ ’ਚ ਬਕਾਇਦਾ ਗਿਣਤੀ ਕਰ ਕੇ ਸੀਲ ਕੀਤਾ ਜਾਂਦਾ ਹੈ। ਇਹ ਮੁੰਡੇ ਤਾਂ ਗ੍ਰਨੇਡ ਅਲਸੀ ਦੇ ਲੱਡੂਆਂ ਵਾਂਗ ਝੋਲ਼ੇ ’ਚ ਪਾਈ ਬੇਖ਼ੌਫ਼ ਫਿਰ ਰਹੇ ਸਨ, ਜਿਸ ਦਾ ਕੋਈ ਪਤਾ ਨਹੀਂ ਸੀ ਕਿ ਇਨ੍ਹਾਂ ਵਿਚ ਫਿਊਜ਼ ਤੇ ਡਾਟੋਨੇਟਰ ਫਿੱਟ ਹੈ ਕਿ ਨਹੀਂ। ਇਹ ਵੇਖਣ ਲਈ ਖ਼ਾਸ ਕਿਸਮ ਦੀ ਚਾਬੀ ਹੁੰਦੀ ਹੈ, ਸੇਫਟੀ ਪਿੰਨਾਂ ਦੀ ਇਹ ਹਾਲਤ ਸੀ ਕਿ ਗ੍ਰਨੇਡ ਵਿਚਲਾ ਤਾਕਤਵਰ ਸਪਰਿੰਗ ਕਦੇ ਵੀ ਪਿੰਨ ਤੋੜ ਕੇ ਆਜ਼ਾਦ ਹੋ ਸਕਦਾ ਸੀ ਤੇ ਅਣਕਿਆਸੀ ਤਬਾਹੀ ਦਾ ਕਾਰਨ ਬਣ ਸਕਦਾ ਸੀ। ਉਸ ਵੇਲੇ ਮੁੰਡਿਆਂ ਸਮੇਤ ਮੈਂ ਵੀ ਤਬਾਹੀ ਦਾ ਸ਼ਿਕਾਰ ਹੋ ਸਕਦਾ ਸਾਂ। ਮੈਂ ਤਾਂ ਮੁੰਡਿਆਂ ਨੂੰ ਸ਼ਿਸ਼ਟਾਚਾਰ ਵਜੋਂ ਪਾਣੀ ਪੁੱਛਣਾ ਵੀ ਭੁੱਲ ਗਿਆ ਸੀ। ਪੰਜਾਬ ਦੀ ਸ਼ਾਂਤੀ ਤੇ ਇੱਕਾ-ਦੁੱਕਾ ਮੁਕਾਬਲੇ ਜਾਂ ਬੈਂਕ ਲੁੱਟਣ ਦੀਆਂ ਵਾਰਦਾਤਾਂ ਅਖ਼ਬਾਰ 'ਚ ਪੜ੍ਹਨ-ਤੇ ਸੁਣਨ ਨੂੰ ਮਿਲਦੀਆਂ ਸਨ। ਅੱਜ ਪ੍ਰਤੱਖ ਹੋ ਗਿਆ ਸੀ। ਮੈਂ ਨਹੀਂ ਸੀ ਚਾਹੁੰਦਾ ਕਿ ਮੁੰਡੇ ਮੇਰੇ ਕੋਲ ਹੋਰ ਰੁਕਣ। ਮੈਂ ਉਨ੍ਹਾਂ ਨੂੰ ਜਲਦੀ-ਜਲਦੀ ਗ੍ਰਨੇਡ ਕਿਵੇਂ ਕੰਮ ਕਰਦਾ ਹੈ ਸਮਝਾਉਂਦਿਆਂ ਕਿਹਾ, ‘ਤੁਹਾਨੂੰ ਇਸ ਦਾ ਪਤਾ ਨਹੀਂ ਕਿ ਇਸ ਵਿਚ ਫਿਊਜ਼ ਫਿੱਟ ਹੈ ਜਾਂ ਨਹੀਂ, ਜੇ ਤੁਹਾਨੂੰ ਜਾਣਕਾਰੀ ਹੈ ਕਿ ਇਨ੍ਹਾਂ ਵਿਚ ਫਿਊਜ਼ ਨਹੀਂ ਹੈ ਤਾਂ ਇਹ ਸੇਫ ਹਨ, ਨਹੀਂ ਤਾਂ ਇਹ ਕਦੇ ਵੀ ਜੰਗਾਲੀ ਪਿੰਨ ਤੋੜ ਕੇ ਫਟ ਸਕਦੇ ਹਨ। 'ਤੁਸੀਂ ਕਿੱਥੋਂ ਲਿਆਂਦੇ ਹਨ। ਮੈਂ ਇਹ ਪੁੱਛਣ ਦੀ ਲੋੜ ਹੀ ਨਹੀਂ ਸਮਝੀ।’
‘ਠੀਕ ਹੈ ਵੀਰ ਜੀ’ ਕਹਿ ਕੇ ਮੁੰਡੇ ਗ੍ਰਨੇਡ ਝੋਲੇ ਵਿਚ ਪਾ ਕੇ ਚਲੇ ਗਏ। ਕਾਲਜ ਪੜ੍ਹਦੇ ਕਰਨ ਦੇ ਕਾਮੇ ਬਾਪ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਘੁੰਮ ਗਿਆ, ਜੋ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋਇਆ ਆਪਣੇ ਪੁੱਤਰ ਨੂੰ ਇਸ ਲਈ ਚੰਗੀ ਵਿੱਦਿਆ ਦਿਵਾਉਣ ਦਾ ਉਪਰਾਲਾ ਕਰ ਰਿਹਾ ਸੀ, ਜਿਸ ਤੋਂ ਉਹ ਆਪ ਵਾਂਝਾ ਸੀ। ਸੱਪਾਂ ਦੀਆਂ ਸਿਰੀਆਂ ਮਿੱਧਦਾ ਪੁੱਤਰ ਤੋਂ ਪਤਾ ਨਹੀਂ ਕੀ-ਕੀ ਉਮੀਦਾਂ ਲਾਈ ਬੈਠਾ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਉਸ ਦਾ ਪੁੱਤ ਉਨ੍ਹਾਂ ਬਿਖੜੇ ਰਾਹੀਂ ਚੱਲ ਪਿਆ ਸੀ, ਜੋ ਸਿੱਧੇ ਮੌਤ ਦੇ ਦਰ ’ਤੇ ਜਾ ਕੇ ਖ਼ਤਮ ਹੁੰਦੇ ਹਨ। ਮੁੰਡਿਆਂ ਦੇ ਜਾਣ ਤੋਂ ਬਾਅਦ ਮੈਂ ਸੁੱਖ ਦਾ ਸਾਹ ਲਿਆ। ਥੋੜ੍ਹੀ ਦੇਰ ਬਾਅਦ ਮੈਂ ਬਾਹਰ ਨਿਕਲ ਕੇ ਵੇਖਿਆ ਦੋਵੇਂ ਗੱਭਰੂ ਪਿੰਡ ਦੀ ਫਿਰਨੀ ਤੋਂ ਸਿੱਧੇ ਹੀ ਸਿੱਟੇ ਕੱਢ ਰਹੀਆਂ ਹਰੀਆਂ ਕਣਕਾਂ ਦੇ ਵਿਚ ਦੀ ਡਾਂਡੇ-ਮੀਂਡੇ ਹੋ ਗਏ ਸਨ। ਮੈਂ ਉਨ੍ਹਾਂ ਨੂੰ ਓਨਾ ਚਿਰ ਤੱਕ ਵੇਖਦਾ ਰਿਹਾ, ਜਿੰਨਾ ਚਿਰ ਮੈਨੂੰ ਦਿਸਣੋਂ ਨਾ ਹਟ ਗਏ।
ਕੁਝ ਹੀ ਦਿਨਾਂ ਬਾਅਦ ਇਕ ਦਿਨ ਬੀਬੀ ਨੇ ਸਵੇਰੇ ਦਸ ਕੁ ਵਜੇ ਆ ਕੇ ਦੱਸਿਆ, ‘ਸ਼ਿੰਦੇ! ਆਪਣੀ ਪੱਤੀ ਵਾਲੇ ਮਹੈਣ ਸਿਉਂ ਦਾ ਮੁੰਡਾ ਜਿਹੜਾ ਕਾਲਜ ਪੜ੍ਹਦਾ ਸੀ, ਕਹਿੰਦੇ ਰਾਤ ਦਾ ਪੂਰਾ ਹੋ ਗਿਆ। ਆਖਦੇ ਨੇ ਕਿ ਕੋਈ ਗੋਲ਼ਾ-ਗੂਲ਼ਾ ਚੱਲ ਗਿਆ ਸੀ।’ ਮੈਨੂੰ ਜਿਵੇਂ ਚਾਰ ਸੌ ਚਾਲ਼ੀ ਵੋਲਟ ਦਾ ਝਟਕਾ ਲੱਗਾ ਹੋਵੇ। ‘ਮੌਤ ਤਾਂ ਉਹ ਨਾਲ ਚੁੱਕੀ ਫਿਰਦੇ ਸਨ’, ਮੈਂ ਬੁੜ-ਬੜਾਇਆ। ‘ਮੈਂ ਕੁਝ ਕਿਹਾ? ਬੀਬੀ ਚੌਂਕੇ ’ਚੋਂ ਹੀ ਬੋਲੀ, ਜਿਵੇਂ ਉਸ ਨੂੰ ਸੁਣੀ ਗੱਲ ਦੀ ਸਮਝ ਨਾ ਪਈ ਹੋਵੇ।’ ‘ਲੋਕ ਹਿਰਖ਼ ਨੂੰ ਗੁਰਦੁਆਰੇ ਬੈਠੇ ਨੇ, ਤੂੰ ਵੀ ਜਾ ਜਦੋਂ ਤੇਰਾ ਭਾ ਆ'ਜੂ ਫਿਰ ਆਜੀਂ ਸਸਕਾਰ ਤਾਂ ਸ਼ਾਮ ਨੂੰ ਈ ਹੋਊ’ ਬੀਬੀ ਮੈਨੂੰ ਆਖ ਆਪ ਘਰ ਦੇ ਕੰਮਾਂ ’ਚ ਲੱਗ ਗਈ।
ਮੈਂ ਕੁੜਤਾ ਪਜ਼ਾਮਾ ਪਾ ਕੇ ਸਿਰ ’ਤੇ ਪਰਨਾ ਲਪੇਟ ਗੁਰਦੁਆਰੇ ਚਲਾ ਗਿਆ। ਜਦੋਂ ਮੈਂ ਗੁਰਦੁਆਰੇ ਪਹੁੰਚਿਆ ਤਾਂ ਉੱਥੇ ਕਾਫ਼ੀ ਸਿਆਣੇ ਆਦਮੀਆਂ ਦੇ ਵਿਚਕਾਰ ਕਰਨ ਦਾ ਬਾਪ ਚੁੱਪਚਾਪ ਬੈਠਾ ਹੋਇਆ ਸੀ। ਉੱਥੇ ਬੈਠਿਆਂ ਉਨ੍ਹਾਂ ਦੀ ਗੱਲਬਾਤ ਦੌਰਾਨ ਕਿਸੇ ਵੀ ਸਾਫ਼ ਗੱਲ ਦਾ ਪਤਾ ਨਾ ਲੱਗਿਆ ਕਿ ਕੀ ਅਤੇ ਕਿਵੇਂ ਹੋਇਆ ਹੈ। ਕੁਝ ਓਪਰੇ ਮੁੰਡੇ ਹੀ ਕਰਨ ਦੀ ਚੀਥੜੇ ਹੋਈ ਲਾਸ਼ ਲੈ ਕੇ ਤੜਕੇ ਆਏ ਸਨ ਤੇ ਲਾਸ਼ ਦੇ ਕੇ ਮੁੜ ਗਏ ਸਨ। ਗੁਰਦੁਆਰੇ ਬੈਠਿਆਂ ਮੇਰੇ ਤਸੱਵਰ ’ਚ ਦੋਵੇਂ ਚੜ੍ਹਦੀ ਜਵਾਨੀ ਮੁੰਡਿਆਂ ਦੇ ਚਿਹਰੇ ਸਨ, ਜੋ ਮੈਥੋਂ ਕੁਝ ਦਿਨ ਪਹਿਲਾਂ ਹੀ ‘ਗ੍ਰਨੇਡ ਕਿਵੇਂ ਚੱਲਦੇ ਨੇ’ ਦੀ ਜਾਣਕਾਰੀ ਲੈਣ ਆਏ ਸਨ। ਕਰਨ ਦੇ ਬੋਲ ਯਾਦ ਕਰ ਕੇ ਮੈਂ ਭਾਵੁਕ ਹੋ ਗਿਆ ਸੀ। ਦਸਵੇਂ ’ਤੇ ਭੋਗ ਵੇਲੇ ਪੀਲੇ ਰੰਗ ਦਾ ਹੜ੍ਹ ਕਰਨ ਦੇ ਉਸ ਵੇਲੇ ਚੱਲ ਰਹੀ ਗਰਮ ਲਹਿਰ ਦੀ ਕਿਸੇ ਨਾ-ਮਾਲੂਮ ਜਥੇਬੰਦੀ ਨਾਲ ਜੁੜਨ ਦਾ ਸਬੂਤ ਸੀ। ਛੁੱਟੀ ਦੌਰਾਨ ਮੈਂ ਅਕਸਰ ਆਦਤਨ ਸਵੇਰੇ-ਸਵੇਰੇ ਖੂਹ ’ਤੇ ਚਲਾ ਜਾਂਦਾ ਸੀ। ਦਾਤਣ ਕਰਦਾ ਇਧਰ-ਉਧਰ ਟਹਿਲ ਰਿਹਾ ਸੀ ਕਿ ਸਕਿਆਂ ’ਚੋਂ ਚਾਚੇ ਦਾ ਪੁੱਤ ਜੋ ਮੇਰਾ ਦੋਸਤ ਵੀ ਸੀ ਚਾਹ ਵਾਲਾ ਡੋਲੂ ਫੜੀ ਆਉਂਦਾ ਦਿਸਿਆ। ਟਰੈਕਟਰ ਚਲਾਉਂਦੇ ਚਾਚੇ ਦੀ ਚਾਹ ਅਕਸਰ ਖੂਹ ’ਤੇ ਹੀ ਆਉਂਦੀ ਹੁੰਦੀ ਸੀ ਪਰ ਅੱਜ ਤਾਂ ਚਾਚਾ ਮੈਨੂੰ ਪਿੰਡ ਨੂੰ ਤੁਰਿਆ ਜਾਂਦਾ ਰਾਹ ’ਚ ਮਿਲਿਆ ਸੀ।
ਚਾਚੇ ਦੇ ਪੁੱਤ ਸ਼ੀਰੇ ਦੀ ਮੇਰੇ ਨਾਲ ਵਾਵ੍ਹਾ ਬਣਦੀ ਸੀ ਕਿਉਂਕਿ ਅਸੀਂ ਕਦੇ-ਕਦੇ ਉਸ ਵੱਲੋਂ ਹੱਥ ਦੀ ਕੱਢੀ ਤੇ ਮੇਰੇ ਵੱਲੋਂ ਲਿਆਂਦੀ ਫ਼ੌਜੀ ਰੰਮ ਦੇ ਪੈੱਗਾਂ ਦੀ ਸਾਂਝ ਪਾਉਂਦੇ ਹੀ ਰਹਿੰਦੇ ਸਾਂ।‘ਹੋਰ ਭਾਊ ਕਿੱਦਾਂ ਫਿਰ? ਲੱਗਦਾ ਹੈ ਐਤਕੀਂ ਵੀ ਵਾਜ਼ਾ ਨਹੀਂ ਵੱਜਦਾ, ਮੇਰਾ ਲੌਂਗ-ਲਾਚੀਆਂ ਵਾਲਾ ਪਾਇਆ ਡਰੰਮ ਐਂ ਈ ਲੱਗ ਜਾਣਾ ਆ।’ ਉਸ ਦਾ ਭਾਵ ਮੇਰੇ ਵਿਆਹ ਤੋਂ ਸੀ। ‘ਕਿੱਥੇ ਰਹਿੰਦਾਂ, ਕਈ ਦਿਨ ਲੱਭਾ ਈ ਨਹੀਂ’, ਮੈਂ ਚਿੱਥੀ ਦਾਤਣ ਇਕ ਪਾਸੇ ਵਗਾਹ ਕੇ ਲੱਗੇ ਨਲਕੇ ਵੱਲ ਔਹਲਦੇ ਹੋਏ ਸਿਰਫ਼ ਇਨਾ ਹੀ ਕਿਹਾ। ‘ਇਹ ਵੀ ਦੱਸਦਾਂ’ ਕਹਿ ਕੇ ਚਾਹ ਵਾਲਾ ਡੋਲੂ ਬੰਬੀ ਦੇ ਚੁਬੱਚੇ ’ਤੇ ਰੱਖ ਚਾਰ-ਚੁਫੇਰੇ ਝਾਕਦਿਆਂ ਕਮਾਦ ਦੇ ਖੇਤ ਵੱਲ ਮੂੰਹ ਕਰਕੇ ਸ਼ੀਰੇ ਨੇ ਹੌਲੀ ਜਿਹੀ ਆਵਾਜ਼ ਮਾਰੀ, ‘ਮੀਕੇ ਆ ਜਾ।’ ਥੋੜ੍ਹੀ ਦੇਰ ਬਾਅਦ ਕਮਾਦ ’ਚ ਛੇੜ ਹੋਣੀ ਸ਼ੁਰੂ ਹੋ ਗਈ ਤੇ ਹੌਲੀ-ਹੌਲੀ ਸੱਜੇ ਖੱਬੇ ਵੇਖਦਾ ਗੋਰਾ ਨਿਸ਼ੋਹ, ਤਿੱਖੇ ਨੈਣ ਨਕਸ਼, ਗਲ਼ ਕਾਲੀ ਡੋਰੀ ’ਚ ਸੋਨੇ ਦਾ ਤਵੀਤ, ਕਰੀਮ ਸ਼ੇਡ ਦਾ ਚਾਦਰਾ ਕੁੜਤਾ ਤੇ ਤਿੱਲੇਦਾਰ ਲੱਕੀ ਜੁੱਤੀ ਵਾਲੇ ਇੱਕੀ-ਬਾਈ ਸਾਲ ਦੇ ਓਪਰੇ ਜਿਹੇ ਗੱਭਰੂ ਨੇ ਨੇੜੇ ਆ ਕੇ ਝਕਦੇ-ਝਕਦੇ ‘ਭਾਅ ਜੀ ਸਤਿ ਸ਼੍ਰੀ ਅਕਾਲ’ ਬੁਲਾਈ।
ਭਾਅ ਤੈਥੋਂ ਹੁਣ ਕਾਹਦਾ ਓਹਲਾ! ਇਹ ਮੁੰਡਾ ਪਾਰੋਂ ਆ, ਰਾਤੀਂ ਆਇਆ ਸੀ ਮੇਰੇ ਨਾਲ, ਭਾਰ ਜ਼ਿਆਦਾ ਸੀ, ਹੁਣ ਦੋ-ਚਾਰ ਦਿਨ ਰਹਿ ਕੇ ਇਧਰੋਂ ਵੀ ਮਾਲ ਲੈ ਕੇ ਈ ਜਾਊ। ਚਾਰ ਪੰਜ ਦਿਨ ਸ਼ੀਰੇ ਦੇ ਨਜ਼ਰ ਨਾ ਪੈਣ ਦੀ ਸਾਰੀ ਕਹਾਣੀ ਸਮਝ ਪੈ ਰਹੀ ਸੀ। ਸ਼ੀਰਾ ਪਿੰਡ ਦੇ ਇਕ ਹੋਰ ਮੁੰਡੇ ਨਾਲ ਸ਼ਰਾਬ ਕੱਢ ਕੇ ਤਾਂ ਵੇਚ ਲੈਂਦਾ ਸੀ ਪਰ ਉਹ ਪਾਰ ਵੀ ਜਾਣ ਲੱਗ ਪਿਆ ਹੈ, ਇਸ ਦੀ ਖ਼ਬਰ ਨਹੀਂ ਸੀ। ਮੈਂ ਸੋਚ ਰਿਹਾ ਸੀ ਕਿ ਏਹ ਕਿਹੜੇ ਰਾਹੀਂ ਤੁਰ ਪਿਆ ਹੈ। ਇਸ ਸੁਨੱਖੇ ਗੱਭਰੂ ਦੀ ਮਾਂ ਸੋਚਦੀ ਹੋਵੇਗੀ ਕਿ ਉਹਦਾ ਪੁੱਤ ਕਮਾਈ ਕਰਨ ਗਿਆ ਹੋਇਆ ਹੈ। ਸ਼ੀਰੇ ਨੇ ਦੱਸਿਆ ਕਿ ਏਧਰ ਆ ਕੇ ਇਹ ਆਪਣਾ ਨਾਂ ਬਦਲ ਲੈਂਦੇ ਨੇ ਤੇ ਉਧਰ ਜਾ ਕੇ ਅਸੀਂ।’ ਮੈਂ ਛੁੱਟੀ ਕੱਟ ਕੇ ਚਲਾ ਗਿਆ। ਘਰੋਂ ਆਈ ਚਿੱਠੀ ਵਿਚ ਮੇਰੇ ਛੋਟੇ ਭਰਾ ਨੇ ਲਿਖਿਆ ਸੀ, ‘ਵੀਰ ਜੀ ਚਾਚੇ ਦਾ ਮੁੰਡਾ ਸ਼ੀਰਾ ਤੇ ਚੜ੍ਹਦੀ ਪੱਤੀ ਦਾ ਇਕ ਹੋਰ ਮੁੰਡਾ, ਮੁੰਡਿਆਂ 'ਚ ਰਲ਼ ਗਏ ਨੇ, ਰਾਤ ਨੂੰ ਲੁਕ-ਛਿਪ ਕੇ ਗੇੜਾ ਮਾਰਦੇ ਨੇ, ਚਾਚਾ ਤੇ ਚਾਚੀ ਬੜੇ ਪਰੇਸ਼ਾਨ ਹਨ।’ ਅਜਿਹੇ ਹਾਲਾਤ ’ਚ ਮਾਂ-ਬਾਪ ਦਾ ਚਿੰਤਾਗ੍ਰਸਤ ਹੋਣਾ ਕੁਦਰਤੀ ਹੁੰਦਾ ਹੈ।
ਮੈਂ ਦੁਬਾਰਾ ਛੁੱਟੀ ਆਇਆ ਹੋਇਆ ਸਾਂ। ਸਵੇਰੇ-ਸਵੇਰੇ ਜਦੋਂ ਬਾਹਰੋਂ ਹੋ ਕੇ ਆਇਆ ਤਾਂ ਢੱਠੀ ਕੰਧ ਵਾਲੇ ਸਾਡੇ ਵਿਹੜੇ ਅਤੇ ਨਾਲ ਲੱਗਦੇ ਚਾਚੇ ਦੇ ਘਰ ਨੂੰ ਸੀਆਰਪੀਐੱਫ ਦੇ ਜਵਾਨਾਂ ਨੇ ਘੇਰਾ ਪਾਇਆ ਹੋਇਆ ਸੀ। ਮੈਨੂੰ ਬਾਹਰੋਂ ਆਉਂਦੇ ਨੂੰ ’ਹੈਂਜਡ ਅੱਪ! ਕਹਿ ਕੇ ਰੋਕਿਆ ਗਿਆ। ਮੈਂ ਹੈਰਾਨ ਸਾਂ। ਮੈਂ ਆਪਣੀ ਪਛਾਣ ਦੱਸੀ ਤਾਂ ਉਨ੍ਹਾਂ ਮੈਨੂੰ ਹੱਥ ਖੜ੍ਹੇ ਕਰ ਕੇ ਹੀ ਅੱਗੇ ਆਉਣ ਨੂੰ ਕਿਹਾ। ਇਕ ਜਵਾਨ ਨੇ ਮੇਰੀ ਤਲਾਸ਼ੀ ਲਈ। ਏਨੇ ਨੂੰ ਦੋ ਥਾਣੇਦਾਰ ਹੱਥਾਂ ’ਚ ਰਿਵਾਲਵਰ ਫੜੀ ਫਿਲਮੀ ਅੰਦਾਜ਼ ਵਿਚ ਸਾਡੇ ਘਰ ’ਚ ਚਾਰ-ਚੁਫੇਰੇ ਝਾਕਦੇ ਇੰਜ ਦਾਖ਼ਲ ਹੋਏ ਜਿਵੇਂ ਸਾਡੇ ਘਰ ਕੋਈ ਮਸ਼ਕੂਕ ਬੰਦਾ ਲੁਕਿਆ ਹੋਵੇ। ਬਾਹਰ ਆ ਕੇ ‘ਏਹ ਕੌਣ ਆ’? ਉਨ੍ਹਾਂ ਦਾ ਇਸ਼ਾਰਾ ਮੇਰੇ ਵੱਲ ਸੀ। ਮੈਂ ਜਦੋਂ ਦੱਸਿਆ ਕਿ ਫ਼ੌਜੀ ਹਾਂ ਤਾਂ ਥਾਣੇਦਾਰ ਦਾ ਵਿਅੰਗ ਸੀ, ‘ਫਿਰ ਤਾਂ ਗੋਲ਼ੀ-ਸਿੱਕਾ ਤੂੰ ਵੀ ਲਿਆ ਦਿੰਦਾ ਹੋਵੇਗਾ।’ ਉਸ ਵੇਲੇ ਮੈਂ ਬੋਲਣਾ ਮੁਨਾਸਿਬ ਨਾ ਸਮਝਿਆ ਕਿਉਂਕਿ ਮੈਂ ਪੰਜਾਬ ਪੁਲਿਸ ਦੀ ਮਿੱਠੀ ਬੋਲ-ਬਾਣੀ ਤੋਂ ਭਲੀ-ਭਾਂਤ ਜਾਣੂ ਸਾਂ। ਏਨੇ ਨੂੰ ਸਾਡੀ ਪੱਤੀ ਦਾ ਆਪਣੇ ਆਪ ਨੂੰ ਮੁਹਤਬਰ ਅਖਵਾਉਂਦੇ ਟਾਊਟ ਕਿਸਮ ਦੇ ਮੈਂਬਰ ਪੰਚਾਇਤ ਨੂੰ ਵੀ ਚੌਕੀਦਾਰ ਸੱਦ ਲਿਆਇਆ ਸੀ। ਥਾਣੇਦਾਰ ਕਹਿ ਰਿਹਾ ਸੀ, ‘ਮੈਂਬਰਾ! ਭੱਠੇ ’ਤੇ ਹੋਈ ਆ ਲੁੱਟ-ਖੋਹ, ਮੁੰਡਾ ਪੇਸ਼ ਕਰਵਾਓ, ਨਹੀਂ ਤਾਂ ਮੈਂ ਸਾਰੇ ਬੰਨ੍ਹ ਕੇ ਲੈ ਜਾਣੇ ਨੇ।’
ਸਬੱਬ ਨਾਲ ਚਾਚਾ ਕਿਧਰੇ ਗਿਆ ਹੋਇਆ ਸੀ। ਕੁੜੀਆਂ ਵੇਲਾ ਵੇਖ ਕੇ ਆਂਢ-ਗੁਆਂਢ ਜਾ ਵੜੀਆਂ ਸਨ। ਮੈਂਬਰ ਨੇ ਅਪਣੱਤ ਜਿਹੀ ਵਿਖਾਉਂਦੇ ਹੋਏ ਕਿਹਾ, ‘ਸਰਦਾਰ ਜੀ ਭਾਵੇਂ ਘਰ ਦਾ ਸਭ ਕੁਝ ਚੁੱਕ ਕੇ ਲੈ ਜਾਓ ਪਰ ਅਸਾਂ ਭਰਜਾਈ ਨੂੰ ਨਹੀਂ ਜਾਣ ਦੇਣਾ।’ ਥਾਣੇਦਾਰ ਮੈਨੂੰ ਸੰਬੋਧਨ ਹੋਇਆ, ‘ਚੱਲ ਫ਼ੌਜੀਆ, ਬੈਠ ਟਰੈਕਟਰ ’ਤੇ ਸਟਾਰਟ ਕਰਕੇ ਦੇ।’ ਮੈਂ ਵੀ ਥੋੜ੍ਹਾ ਸੰਭਲ ਚੁੱਕਾ ਸਾਂ। ਮੈਂ ਹੌਸਲੇ ਜਿਹੇ ਨਾਲ ਕਿਹਾ, ‘ਸਾਬ੍ਹ ਬਹਾਦਰ ਸਾਡਾ ਸ਼ਰੀਕਾ ਆ, ਅਗਲਾ ਕਹੂ ਇਨ੍ਹਾਂ ਜਾਣਬੁੱਝ ਕੇ ਟਰੈਕਟਰ ਪੁਲਿਸ ਅੱਗੇ ਲਾਇਆ ਹੈ।’ ਖ਼ੈਰ ਪੁਲਿਸ ਵਾਲੇ ਟਰੈਕਟਰ ਨੂੰ ਧੱਕਾ ਲਾ ਕੇ ਸਟਾਰਟ ਕਰ ਕੇ ਲੈ ਗਏ। ਪੁਲਿਸ ਦੇ ਜਾਣ ਤੋਂ ਬਾਅਦ ਚਾਚੀ ਸਾਡੇ ਘਰ ਆ ਗਈ। ਰੋਂਦੀ ਹੋਈ ਕਹਿਣ ਲੱਗੀ, ‘ਸ਼ਿੰਦੇ! ਮਰਨਾ ਸ਼ੀਰਾ ਅਜਨਾਲੇ ਖੇਹ ਖਾਂਦਾ ਫਿਰਦਾ ਹੋਣਾ ਆ, ਜਾਹ ਉਹਨੂੰ ਕਹਿ ਪੇਸ਼ ਹੋ ਜਾ ਕਿਉਂ ਬੁੱਢੇਵਾਰੇ ਸਾਡੇ ਧੇਲ਼ੇ ਰੋਲਣ ਲੱਗਾ ਆਂ।’ ਠੀਕ ਹੀ ਸ਼ੀਰਾ ਤੀਜੇ ਦਿਨ ਸ਼ਹਿਰ ਮਿਲ ਪਿਆ। ਮੈਂ ਦੱਸਣ ਲੱਗਾ ਤਾਂ ਮੈਨੂੰ ਕਹਿੰਦਾ, ‘ਭਾਊ ਮੈਨੂੰ ਸਾਰੀ ਖ਼ਬਰ ਮਿਲ ਗਈ ਆ, ਲੁੱਟ ਤਾਂ ਮੈਂ ਨਹੀਂ ਕੀਤੀ ਪਰ ਜੀਹਨੇ ਮੇਰੀ ਮੁਖ਼ਬਰੀ ਕੀਤੀ ਆ ਉਹਦੇ ਨਾਲ ਜ਼ਰੂਰ ਸਿੱਝ ਲਊਂ।’
ਪਤਾ ਨਹੀਂ ਉਹ ਸੱਚ ਬੋਲ ਰਿਹਾ ਸੀ ਜਾਂ ਨਹੀਂ ਮੈਂ ਸਿਰਫ ਏਨਾ ਹੀ ਕਿਹਾ, ‘ਜਿਹੜੇ ਰਾਹੀਂ ਤੁਰ ਪਿਆ ਏਂ ਠੀਕ ਨਹੀਂ।’ ਸ਼ੀਰੇ ਨੇ ਮੈਨੂੰ ਛੋਟਾ ਹੁੰਦਿਆਂ ਵੀ ਨਸੀਹਤ ਕੀਤੀ, ‘ਭਾਊ ਮੈਨੂੰ ਇੰਝ ਮਿਲਣ ਦੀ ਦੁਬਾਰਾ ਕੋਸ਼ਿਸ਼ ਨਾ ਕਰੀਂ, ਅੱਜ-ਕੱਲ੍ਹ ਫੌਜੀਆਂ ਨੂੰ ਚੁੱਕਣ ਲੱਗਿਆਂ ਪੁਲਿਸ ਮਿੰਟ ਨਹੀਂ ਲਾਉਂਦੀ। ਇਹ ਗੱਲ ਉਸਦੀ ਸੌ ਫੀਸਦ ਸੱਚ ਵੀ ਸੀ। ਥਾਣੇਦਾਰ ਦੇ ਬੋਲ ਵੀ ਸੁਣ ਚੁੱਕਾ ਸਾਂ। ਏਹਨੀਂ ਦਿਨੀ ਹੀ ਸਾਡੇ ਨੇੜਲੇ ਪਿੰਡ ਖੇਤਾਂ 'ਚ ਇੱਕ ਡੇਰੇ 'ਤੇ ਖਾੜਕੂ ਲੁਕੇ ਹੋਣ ਦੀ ਸੂਚਨਾ ਮਿਲਣ ’ਤੇ ਸੀਆਰਪੀ ਅਤੇ ਪੁਲਿਸ ਦਾ ਘੇਰਾ ਪੈ ਗਿਆ। ਸਤਾਰਾਂ ਘੰਟੇ ਮੁਕਾਬਲਾ ਚੱਲਿਆ ਇੱਕੋ ਮੁੰਡਾ ਸੀ ਉਸੇ ਹੀ ਪਿੰਡ ਦੇ ਇੱਕ ਟਾਂਗਾ ਚਾਲਕ ਦਾ ਬੇਰੁਜ਼ਗਾਰ ਭਰਾ। ਮੁਕਾਬਲੇ ’ਚ ਡੇਰੇ ਨੂੰ ਮਾਰਟਰਾਂ ਦੇ ਗੋਲਿਆਂ ਨਾਲ ਤਕਰੀਬਨ ਲੂਹ ਹੀ ਦਿੱਤਾ। ਮੁੰਡਾ ਵੀ ਮਾਰਿਆ ਗਿਆ। ਲੋਕਾਂ ਦੀ ਜ਼ੁਬਾਨ ’ਤੇ ਇਹ ਤਾਂ ਸੀ ਕਿ ਮੁੰਡੇ ਨੇ ਸਤਾਰਾਂ ਘੰਟੇ ਫੋਰਸ ਨੇੜੇ ਨਹੀਂ ਢੁੱਕਣ ਦਿੱਤੀ। ਜਵਾਨਾਂ ਵਾਂਗ ਲੜ ਕੇ ਸ਼ਹੀਦ ਹੋਇਆ ਹੈ ਪਰ ਕਿਸੇ ਨੇ ਏਹ ਨਹੀਂ ਕਿਹਾ ਕਿ ਇਸ ਰਾਹ ’ਤੇ ਮੁੰਡਾ ਤੁਰਿਆ ਕਿਉਂ! ਇਸ ਦਾ ਜ਼ਿੰਮੇਵਾਰ ਕੌਣ ਹੈ’? ਸ਼ੀਰਾ ਵੀ ਭਗੌੜਾ ਹੋਣ ਕਰਕੇ ਉਸਦਾ ਛੋਟਾ ਭਰਾ ਗੀਤਾ ਜੋ ਬਾਰ੍ਹਵੀਂ 'ਚ ਪੜ੍ਹਦਾ ਸੀ ਨੂੰ ਇੱਕ ਦਿਨ ਪੁਲਿਸ ਫੜ ਕੇ ਲੈ ਗਈ ‘ਅਖੇ ਇਸ ਨੂੰ ਸ਼ੀਰੇ ਦਾ ਸਾਰਾ ਪਤਾ ਹੈ।’
ਥਾਣੇ ਪਹੁੰਚ ਕੀਤੀ ਤਾਂ ਸੱਤ ਦਿਨ ਮੁੰਡਾ ਕਿੱਥੇ ਹੈ ਕਿਸੇ ਮੁਲਾਜ਼ਮ ਨੇ ਕੋਈ ਸੂਹ ਤੱਕ ਨਾ ਦਿੱਤੀ। ਸਾਰੇ ਹੀ ਕਹਿੰਦੇ ਰਹੇ, ‘ਸਰਦਾਰ ਨੂੰ ਪਤਾ ਹੋਊ।’ ਇੰਜ ਮਹਿਸੂਸ ਹੋਣ ਲੱਗਾ ਜਿਵੇਂ ਮੁੰਡਾ ਮਾਰ ਦਿੱਤਾ ਗਿਆ ਹੋਵੇ। ਅਖ਼ੀਰ ਦੂਰ ਦੀ ਰਿਸ਼ਤੇਦਾਰੀ ’ਚੋਂ ਇਕ ਸੇਵਾਮੁਕਤ ਡੀਐੱਸਪੀ ਨੇ ਆਪਣਾ ਰਸੂਖ਼ ਵਰਤ ਕੇ ਕੁਝ ਸੌਦੇਬਾਜ਼ੀ ਕਰ ਕੇ ਮੁੰਡਾ ਘਰ ਮੁੜਦਾ ਕੀਤਾ ਪਰ ਠਾਣੇਦਾਰ ਨੇ ਸ਼ੀਰੇ ਦੇ ਪੇਸ਼ ਕਰਾਉਣ ਦੀ ਗੱਲ ਨਹੀਂ ਭੁੱਲੀ।
ਪਤਾ ਨਹੀਂ ਗੀਤੇ ਨਾਲ ਪੁਲਿਸ ਨੇ ਹਿਰਾਸਤ ਦੌਰਾਨ ਕਿਹੋ ਜਿਹਾ ਸਲੂਕ ਕੀਤਾ ਸੀ ਉਸ ਦੇ ਦਿਮਾਗ ਵਿਚ ਕੀ ਰਿੱਝਦਾ ਰਿਹਾ ਹੋਵੇਗਾ। ਬਾਰ੍ਹਵੀਂ ਕਰਨ ਤੋਂ ਬਾਅਦ ਗੀਤਾ ਕਿਸੇ ਵਾਕਫ਼ਕਾਰ ਦੀ ਸਿਫਾਰਸ਼ ’ਤੇ ਐੱਸਪੀਓ ਭਰਤੀ ਹੋ ਗਿਆ। ਨਤੀਜਾ ਇਹ ਹੋਇਆ ਕਿ ਗੀਤਾ ਠੀਕ ਦੋ ਮਹੀਨੇ ਬਾਅਦ ਸਟੇਨਗੰਨ ਅਤੇ ਰੌਂਦਾਂ ਦਾ ਭਰਿਆ ਮੈਗਜ਼ੀਨ ਲੈ ਕੇ ਭਗੌੜਾ ਹੋ ਗਿਆ। ਮੈਨੂੰ ਦੁਬਾਰਾ ਦੋਵੇਂ ਮੁੰਡੇ ਹੀ ਨਹੀਂ ਮਿਲੇ। ਪੁਲਿਸ ਨਾਲ ਲੁਕਣ-ਮੀਟੀ ਖੇਡਦਿਆਂ ਉਮੀਦਾਂ ਲਾਈ ਬੈਠੇ ਇਕ ਹੋਰ ਮਾਂ-ਬਾਪ ਦਾ ਲੱਕ ਟੁੱਟ ਗਿਆ ਸੀ। ਵਿੱਦਿਆ, ਰਾਜਨੀਤੀ ਤੇ ਧਾਰਮਿਕ ਸਿੱਖਿਆ ਤੋਂ ਕੋਰੇ ਅਤੇ ਛੋਟੇ-ਮੋਟੇ ਅਪਰਾਧਕ ਪਿਛੋਕੜ ਵਾਲੇ ਨੌਜਵਾਨਾਂ ਨੂੰ ਇਕ ਜਨੂੰਨ ਤਹਿਤ ਬਿਖੜੇ ਪੈਂਡਿਆਂ ਉੱਤੇ ਜਾਣ ਦਾ ਦੁਖਾਂਤ ਅੱਜ ਵੀ ਮੇਰੀ ਸੋਚ ਦਾ ਪਿੱਛਾ ਨਹੀਂ ਛੱਡ ਰਿਹਾ।
- ਤਰਸੇਮ ਸਿੰਘ ਭੰਗੂ