- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਸਾਲਾਂ ਦੀ ਪੜ੍ਹਾਈ, ਅਧਿਆਪਕ ਯੋਗਤਾ ਤੇ ਸਰਕਾਰ ਵੱਲੋਂ ਰੱਖੀ ਸ਼ਰਤ ਟੈਟ ਨੂੰ ਪੂਰਾ ਕਰਨ ਦੇ ਬਾਵਜੂਦ ਅੰਮ੍ਰਿਤਪਾਲ ਨੂੰ ਨੌਕਰੀ ਨਹੀਂ ਮਿਲ ਰਹੀ ਸੀ। ਬਜ਼ੁਰਗ ਮਾਪਿਆਂ ਦਾ ’ਕੱਲਾ-’ਕੱਲਾ ਮੁੰਡਾ ਹੋਣ ਕਰਕੇ ਘਰ ਦੀ ਜ਼ਿੰਮੇਵਾਰੀ ਉਸੇ ’ਤੇ ਹੀ ਸੀ। ਉਹ ਰੋਜ਼ ਬਿਨ ਨਾਗੇ ਅਖ਼ਬਾਰ ’ਚ ਨੌਕਰੀਆਂ ਦੇ ਇਸ਼ਤਿਹਾਰ ਦੇਖਦਾ।

ਕਈ ਸਾਲਾਂ ਦੀ ਪੜ੍ਹਾਈ, ਅਧਿਆਪਕ ਯੋਗਤਾ ਤੇ ਸਰਕਾਰ ਵੱਲੋਂ ਰੱਖੀ ਸ਼ਰਤ ਟੈਟ ਨੂੰ ਪੂਰਾ ਕਰਨ ਦੇ ਬਾਵਜੂਦ ਅੰਮ੍ਰਿਤਪਾਲ ਨੂੰ ਨੌਕਰੀ ਨਹੀਂ ਮਿਲ ਰਹੀ ਸੀ। ਬਜ਼ੁਰਗ ਮਾਪਿਆਂ ਦਾ ’ਕੱਲਾ-’ਕੱਲਾ ਮੁੰਡਾ ਹੋਣ ਕਰਕੇ ਘਰ ਦੀ ਜ਼ਿੰਮੇਵਾਰੀ ਉਸੇ ’ਤੇ ਹੀ ਸੀ। ਉਹ ਰੋਜ਼ ਬਿਨ ਨਾਗੇ ਅਖ਼ਬਾਰ ’ਚ ਨੌਕਰੀਆਂ ਦੇ ਇਸ਼ਤਿਹਾਰ ਦੇਖਦਾ। ਹਰ ਰੋਜ਼ ਨਿਰਾਸ਼ਾ ਹੱਥ ਲੱਗਦੀ ਪਰ ਅੱਜ ਅੰਮ੍ਰਿਤਪਾਲ ਬਹੁਤ ਖ਼ੁਸ਼ ਸੀ। ਔੜਾਂ ਮਾਰੀ ਧਰਤੀ ’ਤੇ ਜਿਵੇਂ ਬੱਦਲ ਵਰ੍ਹਿਆ ਹੋਵੇ। ਵੋਟਾਂ ਨੇੜੇ ਆਉਣ ਕਰਕੇ ਸਰਕਾਰਾਂ ਵੀ ਜਾਗੀਆਂ ਤੇ ਨੌਕਰੀਆਂ ਦਾ ਐਲਾਨ ਹੋਇਆ। ਅੰਮ੍ਰਿਤਪਾਲ ਦਾ ਨਾਂ ਮੈਰਿਟ ਲਿਸਟ ’ਚ ਆ ਗਿਆ ਪਰ ਇਹ ਭਰਤੀ ਠੇਕੇ ’ਤੇ ਸੀ। ਸਰਕਾਰਾਂ ਨੂੰ ਇਹ ਪਤਾ ਹੁੰਦਾ ਕਿ ਪੰਜ ਸਾਲ ਬਾਅਦ ਪੱਕੇ ਕਰਨ ਦਾ ਲੌਲੀਪੋਪ ਦੇ ਕੇ ਲੋਕਾਂ ਕੋਲੋਂ ਵੋਟਾਂ ਵੀ ਲੈਣੀਆਂ ਨੇ। ਅੰਮ੍ਰਿਤਪਾਲ ਦੀ ਪੋਸਟਿੰਗ ਸ਼ਹਿਰ ਤੋਂ ਥੋੜ੍ਹੀ ਦੂਰ ਇਕ ਪਿੰਡ ਦੇ ਪ੍ਰਾਇਮਰੀ ਸਕੂਲ ’ਚ ਹੋ ਗਈ ਸੀ। ਟਿਊਸ਼ਨ ਪੜ੍ਹਾ ਕੇ ਉਸ ਨੇ ਜੋ ਪੈਸੇ ਜੋੜੇ ਸੀ, ਉਸ ਨਾਲ ਅੰਮ੍ਰਿਤਪਾਲ ਨੇ ਕਿਸ਼ਤਾਂ ’ਤੇ ਸਕੂਟਰ ਲੈ ਲਿਆ ਤੇ ਸਕੂਲ ਉਸ ’ਤੇ ਜਾਣਾ ਸ਼ੁਰੂ ਕਰ ਦਿੱਤਾ।
ਭਾਵੇਂ ਨੌਕਰੀ ਠੇਕੇ ’ਤੇ ਸੀ ਪਰ ਨੌਕਰੀ ਸਰਕਾਰੀ ਸੀ, ਇਸੇ ਕਰਕੇ ਅੰਮ੍ਰਿਤਪਾਲ ਬਹੁਤ ਖ਼ੁਸ਼ ਸੀ। ਥੋੜ੍ਹੇ ਦਿਨਾਂ ’ਚ ਹੀ ਸਕੂਲ ਦੇ ਬੱਚੇ ਉਸ ਨੂੰ ਬਹੁਤ ਪਿਆਰ ਕਰਨ ਲੱਗੇ ਕਿਉਂਕਿ ਉਸ ਦੇ ਪੜ੍ਹਾਉਣ ਦਾ ਢੰਗ ਬਾਕੀਆਂ ਨਾਲੋਂ ਵੱਖਰਾ ਸੀ। ਛੋਟੇ ਬੱਚਿਆਂ ਨੂੰ ਮੁਹਾਰਨੀ ਉਹ ਖੇਡ-ਖੇਡ ’ਚ ਆਸਾਨੀ ਨਾਲ ਸਿਖਾ ਦਿੰਦਾ। ਸਰਕਾਰੀ ਸਕੂਲ ’ਚ ਪੜ੍ਹਦੇ ਜ਼ਿਆਦਾਤਰ ਬੱਚਿਆਂ ਦੇ ਮਾਪੇ ਆਰਥਿਕ ਰੇਖਾ ਤੋਂ ਥੱਲੇ ਸਨ। ਅੰਮ੍ਰਿਤਪਾਲ ਨੂੰ ਪਤਾ ਸੀ ਕਿ ਜਮਾਤ ਦੇ ਕਈ ਬੱਚੇ ਗ਼ੁਰਬਤ ’ਚ ਪਲ ਰਹੇ ਹਨ। ਵਸੀਲੇ ਘੱਟ ਹੋਣ ਕਰਕੇ ਜ਼ਿੰਦਗੀ ਨਾਲ ਪਤਾ ਨਹੀਂ ਰੋਜ਼ ਕਿੰਨੀਆਂ ਲੜਾਈਆਂ ਲੜਦੇ ਸਕੂਲ ਆਉਂਦੇ ਪਰ ਅੰਮ੍ਰਿਤਪਾਲ ਉਨ੍ਹਾਂ ਨੂੰ ਹਮੇਸ਼ਾ ਆਸ਼ਾਵਾਦੀ ਤੇ ਆਪਣੇ ਆਪ ’ਚ ਆਤਮ-ਨਿਰਭਰ ਹੋਣ ਦੀ ਸਿੱਖਿਆ ਦਿੰਦਾ। ਪੰਜਵੀਂ ਜਮਾਤ ਦਾ ਅੰਬਰਵੀਰ ਉਸ ਨੂੰ ਬਹੁਤ ਹੀ ਭੋਲਾ ਤੇ ਪਿਆਰਾ ਲੱਗਦਾ। ਉਸ ਨੇ ਅੰਮ੍ਰਿਤਪਾਲ ਦਾ ਮਨ ਆਪਣੀਆਂ ਭੋਲੀਆਂ ਤੇ ਮਿੱਠੀਆਂ ਗੱਲਾਂ ਨਾਲ ਮੋਹ ਲਿਆ ਸੀ। ਇਕ ਦਿਨ ਸਵੇਰ ਦੀ ਪ੍ਰਾਰਥਨਾ ਸਭਾ ਤੋਂ ਬਾਅਦ ਜਦੋਂ ਅੰਮ੍ਰਿਤਪਾਲ ਆਪਣੇ ਜਮਾਤ ਦੇ ਕਮਰੇ ’ਚ ਜਾਣ ਲੱਗਾ ਤਾਂ ਅਧਿਆਪਕ ਗੁਰਬਾਜ਼ ਜੋ ਬਾਕੀ ਅਧਿਆਪਕਾਂ ਵਿਚ ਖੜ੍ਹਾ ਸੀ, ਅੰਮ੍ਰਿਤਪਾਲ ਨੂੰ ਕਹਿਣ ਲੱਗਿਆ,‘ਮਾਸਟਰ ਜੀ ਹਾਲੇ ਤਾਂ ਬੱਚੇ ਕਲਾਸਾਂ ’ਚ ਹੀ ਜਾ ਰਹੇ ਹਨ। ਹੁਣੇ ਜਮਾਤ ਵਿਚ ਜਾ ਕੇ ਤੁਸੀਂ ਕੀ ਕਰਨਾ ਹੈ। ਸਾਡੇ ਕੋਲ ਵੀ ਥੋੜ੍ਹਾ ਖੜ੍ਹ ਜਾਇਆ ਕਰੋ। ਆਫ਼ਟਰ ਔਲ ਅਸੀਂ ਤੁਹਾਡੇ ਸੀਨੀਅਰ ਹਾਂ ਜਾਂ ਫ਼ਿਰ ਇੰਜ ਤਾਂ ਨਹੀਂ ਕਿ ਤੁਸੀ ਸਾਡੇ ਕੋਲ ਬੈਠਣਾ-ਉੱਠਣਾ ਪਸੰਦ ਨਹੀਂ ਕਰਦੇ।’‘ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਸਰ, ਅਸਲ ’ਚ ਅਧਿਆਪਕ ਜਮਾਤ ਵਿਚ ਨਾ ਹੋਵੇ ਤਾਂ ਬੱਚੇ ਬਹੁਤ ਸ਼ਰਾਰਤਾਂ ਕਰਦੇ ਤੇ ਸੱਟ ਲਵਾ ਲੈਂਦੇ, ਨਾਲੇ ਤੁਸੀਂ ਤਾਂ ਸਾਡੇ ਤੋਂ ਬਹੁਤ ਸੀਨੀਅਰ ਹੋ ਸਰ, ਅਸੀਂ ਤੁਹਾਡੇ ਕੋਲ ਕਿਉਂ ਨਹੀਂ ਖੜ੍ਹਨਾ। ਅਜੇ ਤਾਂ ਅਸੀਂ ਤੁਹਾਡੇ ਤੋਂ ਬਹੁਤ ਕੁੱਝ ਸਿੱਖਣਾ ਹੈ’, ਅੰਮ੍ਰਿਤਪਾਲ ਨੇ ਬੜੀ ਨਿਮਰਤਾ ਨਾਲ ਕਿਹਾ।
ਆਪਣੀ ਵਡਿਆਈ ਸੁਣ ਕੇ ਗੁਰਬਾਜ਼ ਬਹੁਤ ਖ਼ੁਸ਼ ਹੋਇਆ, ਜਿਵੇਂ ਉਸ ਦੇ ਹੰਕਾਰ ਰੂਪੀ ਜਾਨਵਰ ਨੂੰ ਪੱਠੇ ਪੈ ਗਏ ਹੋਣ ਤੇ ਹੱਸ ਕੇ ਕਹਿਣ ਲੱਗਿਆ,‘ਤੀਹ ਸਾਲ ਹੋ ਗਏ ਮੈਨੂੰ ਅਧਿਆਪਕ ਬਣਿਆਂ। ਸਾਡੇ ਕੋਲ ਤਾਂ ਪੁਰਾਣਾ ਤਜਰਬਾ ਹੈ। ਤੂੰ ਨਵਾਂ-ਨਵਾਂ ਆਇਆ ਏਂ, ਉਹ ਵੀ ਠੇਕੇ ’ਤੇ। ਸਾਡੇ ਵਰਗੇ ਰੈਗੂਲਰਾਂ ਨੂੰ ਪੁੱਛੋ ਕਿੰਨੀ ਮਿਹਨਤ ਕਰ ਕੇ ਇੱਥੇ ਪੁੱਜੇ ਹਾਂ। ਅਜੇ ਤਾਂ ਤੈਨੂੰ ਬਸ ਪੜ੍ਹਾਉਣ ਦਾ ਹੀ ਸ਼ੌਕ ਹੈ। ਜਲਦੀ ਹੀ ਇਹ ਜਨੂੰਨ ਉਤਰ ਜਾਵੇਗਾ, ਜਦੋਂ ਦਫ਼ਤਰੀ ਡਾਕਾਂ ਤਿਆਰ ਕਰਨੀਆਂ ਪੈਣਗੀਆਂ ਤੇ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਦਿਆਂ-ਕਰਦਿਆਂ ਉਧਲ ਜਾਵੇਗਾ ਤਾਂ ਸਾਡਾ ਚੇਤਾ ਆਉੂ ਤੈਨੂੰ। ਇੱਥੇ ਸਿਰਫ਼ ਪੜ੍ਹਾਉਣ ਨਾਲ ਕੰਮ ਨਹੀਂ ਸਰਦਾ, ਅਧਿਆਪਕ ਨੂੰ ਕਲਰਕੀ ਦਾ ਕੰਮ ਵੀ ਆਪ ਹੀ ਕਰਨਾ ਪੈਂਦਾ। ਮਿਡ ਡੇ ਮੀਲ, ਵਜ਼ੀਫ਼ੇ ਤੇ ਗ੍ਰਾਂਟਾਂ ਦਾ ਹਿਸਾਬ-ਕਿਤਾਬ ਪੂਰਾ ਟਿੱਚ ਕਰ ਕੇ ਰੱਖਣਾ ਪੈਂਦਾ।’ ਇਹ ਸਭ ਸੁਣ ਕੇ ਮੈਡਮ ਨਿਰਮਲ ਜੋ ਆਪਣੇ ਨਾਂ ਦੀ ਤਰ੍ਹਾਂ ਸੁਭਾਅ ਦੀ ਵੀ ਬਹੁਤ ਨਿਰਮਲ ਸੀ, ਬੋਲ ਪਈ। ਗੁਰਬਾਜ਼ ਸਰ ਕੋਈ ਨਾ ਅੰਮ੍ਰਿਤਪਾਲ ਹੋਣਹਾਰ ਅਤੇ ਉੱਦਮੀ ਮੁੰਡਾ ਹੈ। ਇਹ ਸਭ ਕੁਝ ਜਲਦੀ ਸਿੱਖ ਜਾਵੇਗਾ। ਨਾਲੇ ਐਵੈਂ ਭੁੱਬਲ ’ਚ ਸੋਟਾ ਮਾਰ ਕੇ ਧੂੰਆਂ ਉਡਾਉਣ ਦਾ ਕੀ ਫ਼ਾਇਦਾ। ਅੰਮ੍ਰਿਤਪਾਲ ਸਰ ਵੀ ਜਲਦੀ ਰੈਗੂਲਰ ਹੋ ਜਾਣਗੇ। ਵੈਸੇ ਮੈਂ ਦੇਖਿਆ ਕਿ ਕਈਆਂ ਨੂੰ ਰੈਗੂਲਰੀ ਦਿਮਾਗ਼ ’ਤੇ ਇਸ ਹੱਦ ਤੱਕ ਚੜ੍ਹ ਜਾਂਦੀ ਹੈ ਕਿ ਉਹ ਖ਼ੁਦ ਨੂੰ ਮਹਾਪੁਰਖ ਸਮਝਣ ਲੱਗ ਪੈਂਦੇ ਹਨ। ਅੰਮ੍ਰਿਤਪਾਲ ਇਹ ਸਭ ਕੁਝ ਸੁਣ ਹੀ ਰਿਹਾ ਸੀ ਕਿ ਇੰਨੇ ਚਿਰ ਨੂੰ ਇਕ ਬੱਚਾ ਦੌੜਦਾ ਆਇਆ ਤੇ ਅੰਮ੍ਰਿਤਪਾਲ ਨੂੰ ਕਹਿਣ ਲੱਗਾ, ‘ਸਰ ਜੀ ਅੰਬਰਵੀਰ ਰੋ ਰਿਹਾ ਹੈ। ਕਿਸੇ ਨੇ ਉਸ ਨੂੰ ਧੱਕਾ ਮਾਰਿਆ ਤੇ ਉਹ ਭੁੰਜੇ ਡਿੱਗ ਪਿਆ।’ ਇਹ ਸੁਣ ਕੇ ਅੰਮ੍ਰਿਤਪਾਲ ਛੇਤੀ-ਛੇਤੀ ਆਪਣੀ ਜਮਾਤ ਵੱਲ ਭੱਜਿਆ।
ਅੰਬਰਵੀਰ ਭੁੰਜੇ ਬੈਠਾ ਰੋ ਰਿਹਾ ਸੀ। ਕੱਪੜੇ ਝਾੜ ਕੇ ਅੰਮ੍ਰਿਤਪਾਲ ਨੇ ਉਸ ਨੂੰ ਖੜ੍ਹਾ ਕੀਤਾ ਤੇ ਪਿਆਰ ਨਾਲ ਕਿਹਾ, ਲੈ ਕੁਝ ਨਹੀਂ ਹੋਇਆ, ਉੱਠੋ ਸ਼ਾਬਾਸ਼, ਰੋਈ’ਦਾ ਨਹੀਂ। ਉਹ ਦੇਖ, ਕੀੜੀ ਦਾ ਆਟਾ ਡੁੱਲ੍ਹ ਗਿਆ।’ ਇਹ ਸੁਣ ਕੇ ਅੰਬਰਵੀਰ ਜ਼ਮੀਨ ਵੱਲ ਦੇਖਣ ਲੱਗ ਪਿਆ ਤੇ ਕਹਿਣ ਲੱਗਾ, ‘ਸਰ ਜੀ ਮੇਰੀ ਬੀਜੀ ਵੀ ਇਹੋ ਹੀ ਕਹਿੰਦੀ ਏ ਜਦੋਂ ਵੀ ਮੈਂ ਘਰੇ ਡਿੱਗ ਜਾਂਦਾ ਹਾਂ ਪਰ ਮੈਨੂੰ ਤਾਂ ਕਦੇ ਵੀ ਕੋਈ ਕੀੜੀ ਦਾ ਆਟਾ ਨਜ਼ਰ ਨਹੀਂ ਆਉਂਦਾ।’ ਅੰਮ੍ਰਿਤਪਾਲ ਮੁਸਕਰਾ ਕੇ ਸਾਰਿਆਂ ਨੂੰ ਜਮਾਤ ’ਚ ਲੈ ਗਿਆ ਤੇ ਬੈਂਚ ’ਤੇ ਬਿਠਾ ਕੇ ਕਹਿਣ ਲੱਗਿਆ, ‘ਬੱਚਿਓ ਕੀ ਤੁਹਾਨੂੰ ਪਤਾ ਹੈ ਕੀੜੀ ਆਪਣੇ ਭਾਰ ਨਾਲੋਂ 20 ਤੋਂ 50 ਗੁਣਾਂ ਭਾਰ ਢੋਹ ਲੈਂਦੀ ਹੈ। ਆਪਣਾ ਭੋਜਨ ਇਕੱਠਾ ਕਰਦੀ-ਕਰਦੀ ਉਹ ਕਈ ਵਾਰ ਡਿੱਗਦੀ-ਢਹਿੰਦੀ ਹੈ ਪਰ ਹੌਸਲਾ ਨਹੀਂ ਹਾਰਦੀ ਤੇ ਮੁੜ ਆਪਣੇ ਕੰਮ ’ਚ ਰੁੱਝ ਜਾਂਦੀ ਹੈ। ਉਹ ਬੜੀ ਹਿੰਮਤ ਵਾਲੀ ਹੈ, ਜਿਵੇਂ ਸਾਡਾ ਅੰਬਰਵੀਰ।’ ਇੰਜ ਆਖ ਕੇ ਅੰਮ੍ਰਿਤਪਾਲ ਨੇ ਗੱਲ ਨੂੰ ਦੂਜੇ ਪਾਸੇ ਪਾ ਦਿੱਤਾ। ਬੱਚਿਆਂ ਨੂੰ ਕੰਮ ਲਾ ਕੇ ਉਹ ਫਿਰ ਸੋਚੀਂ ਪੈ ਗਿਆ।
ਗੁਰਬਾਜ਼ ਸਰ ਦੀਆਂ ਗੱਲਾਂ ਨੇ ਜਿਵੇਂ ਸ਼ਾਂਤ ਪਾਣੀ ਦੀ ਝੀਲ ’ਚ ਪੱਥਰ ਦਾ ਕੰਮ ਕੀਤਾ ਹੋਵੇ। ਸੋਚਾਂ ਦੀਆਂ ਲਹਿਰਾਂ ਉਸ ਦੀ ਰੂਹ ਦੇ ਤਲਾਬ ਉੱਤੇ ਉੱਠ ਰਹੀਆਂ ਸਨ। ਇੰਨੇ ’ਚ ਅੰਮ੍ਰਿਤਪਾਲ ਦੀ ਨਜ਼ਰ ਨਿਰਮਲ ਮੈਡਮ ’ਤੇ ਪਈ, ਜੋ ਜਮਾਤ ਦੇ ਅੱਗੋਂ ਗੁਜ਼ਰ ਰਹੇ ਸਨ। ‘ਨਿਰਮਲ ਮੈਡਮ।’ ਅੰਮ੍ਰਿਤਪਾਲ ਦੀ ਆਵਾਜ਼ ਸੁਣ ਕੇ ਉਹ ਜਾਂਦੇ-ਜਾਂਦੇ ਰੁਕ ਗਏ। ਸਵੇਰੇ ਗੁਰਬਾਜ਼ ਸਰ ਕਿਸ ਗਰਾਂਟਾਂ ਦੀ ਗੱਲ ਕਰ ਰਹੇ ਸਨ। ਸੁਣਦਿਆਂ ਹੀ ਨਿਰਮਲ ਮੈਡਮ ਬੋਲੇ, ਸਰ ਤੁਸੀਂ ਡਿਪਾਰਟਮੈਂਟ ’ਚ ਨਵੇਂ ਆਏ ਹੋ, ਤੁਹਾਨੂੰ ਅਜੇ ਪੂਰਾ ਪਤਾ ਨਹੀਂ ਹੈ। ਸਾਡੇ ਕਈ ਸਰਕਾਰੀ ਸਕੂਲਾਂ ’ਚ ਕਲਰਕ ਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਖ਼ਾਲੀ ਅਸਾਮੀਆਂ ਹਨ। ਭਰਤੀ ਪਤਾ ਨਹੀਂ ਕਦੋ ਹੋਣੀ ਹੈ। ਕਲਰਕ ਦੀ ਪੋਸਟ ਖ਼ਾਲੀ ਹੋਣ ਕਰਕੇ ਅਧਿਆਪਕ ਨੂੰ ਪੜ੍ਹਾਉਣ ਦੇ ਨਾਲ-ਨਾਲ ਕਈ ਕਲਰਕੀ ਦੇ ਕੰਮ ਵੀ ਕਰਨੇ ਪੈਂਦੇ ਹਨ। ‘ਚਲੋ ਕੋਈ ਨਾ ਮੈਮ, ਮੈਂ ਵੀ ਹੌਲੀ-ਹੌਲੀ ਤੁਹਾਡੇ ਸਭ
ਦਾਨਿਸ਼ਮੰਦਾਂ ਤੋਂ ਇਹ ਵੀ ਸਿੱਖ ਜਾਵਾਂਗਾ’, ਅੰਮ੍ਰਿਤਪਾਲ ਬੋਲਿਆ। ‘ਪੁੱਤਰ ਜੀ ਉਹ ਕੀ ਕਹਿੰਦੇ ਨੇ ਕੱਲ੍ਹ ਕਰੇ ਸੋ ਅੱਜ ਕਰ, ਅੱਜ ਵਰਦੀ ਦੀ ਗਰਾਂਟ ਆਈ ਹੋਈ ਹੈ। ਮੈਂ ਤੁਹਾਨੂੰ ਚਿੱਠੀ ਕਢਾ ਕੇ ਦੇ ਦਿੰਦੀ ਹਾਂ। ਬਾਕੀ ਤੁਸੀ ਇਹ ਰਜਿਸਟਰ ਦੇਖ ਲੈਣਾ ਤੇ ਹੋ ਸਕੇ ਤਾਂ ਕੱਲ੍ਹ ਨੂੰ ਥੋੜ੍ਹਾ ਜਲਦੀ ਆ ਜਾਣਾ, ਮੈਂ ਸਕੂਲ ਲੱਗਣ ਤੋਂ ਪਹਿਲਾਂ ਇਸ ਗ੍ਰਾਂਟ ਬਾਰੇ ਤੁਹਾਨੂੰ ਸਮਝਾ ਦਵਾਂਗੀ। ਨਾਲੇ ਇਕ ਗੱਲ ਹੋਰ, ਤੁਸੀ ਵੀ ਜਲਦੀ ਹੀ ਰੈਗੂਲਰ ਹੋ ਜਾਣਾ ਸਰ, ਮੈਂ ਵੀ ਪਹਿਲੋਂ ਐਡਹਾਕ ’ਤੇ ਹੀ ਆਈ ਸੀ ਤੇ ਜਲਦੀ ਹੀ ਰੈਗੂਲਰ ਹੋ ਗਈ। ਤੁਸੀ ਬਸ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਜਾਓ। ਨਿਰਮਲ ਮੈਡਮ ਗੁਰਬਾਜ਼ ਸਰ ਦੀ ਗੱਲ ਤੋਂ ਸ਼ਰਮਿੰਦਾ ਸੀ। ਉਹ ਨਹੀਂ ਚਾਹੁੰਦੀ ਸੀ ਕਿ ਅੰਮ੍ਰਿਤਪਾਲ ਠੇਕੇ ’ਤੇ ਹੋਣ ਕਰਕੇ ਰੈਗੂਲਰ ਅਧਿਆਪਕ ਦੀ ਸਿੱਤਮ-ਜ਼ਰੀਫੀ ਦਾ ਸ਼ਿਕਾਰ ਹੋਵੇ।
ਏਨੇ ਨੂੰ ਸਕੂਲ ’ਚ ਇਕ ਕਾਰ ਆ ਕੇ ਰੁਕੀ, ਜਿਸ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਸੀ। ਉਹ ਗੱਡੀ ’ਚੋਂ ਉੱਤਰ ਕੇ ਮੈਡਮ ਨਿਰਮਲ ਨਾਲ ਸਿੱਧਾ ਅੰਮ੍ਰਿਤਪਾਲ ਦੀ ਜਮਾਤ ਵਿਚ ਆ ਗਏ। ਅੰਮ੍ਰਿਤਪਾਲ ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਸਿੱਖਿਆ ਅਫ਼ਸਰ ਨੂੰ ਜਮਾਤ ’ਚ ਵੇਖ ਕੇ ਅੰਮ੍ਰਿਤਪਾਲ ਨੇ ਉਨ੍ਹਾਂ ਨੂੰ ਨਮਸਕਾਰ ਕੀਤਾ ਤੇ ਬੱਚਿਆਂ ਨੇ ਵੀ ਗੁੱਡ ਮਾਰਨਿੰਗ ਬੜੇ ਸਲੀਕੇ ਨਾਲ ਬੁਲਾਈ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵੀ ਬੜੇ ਸਲੀਕੇ ਨਾਲ ਬੱਚਿਆਂ ਨੂੰ ਗੁੱਡ ਮਾਰਨਿੰਗ ਦਾ ਜਵਾਬ ਦੇ ਕੇ ਬਿਠਾ ਦਿੱਤਾ। ਚਲੋ ਬੱਚਿਓ ਅੱਜ ਮੈਂ ਤੁਹਾਨੂੰ ਗਣਿਤ ਦਾ ਇਕ ਸਵਾਲ ਪੁੱਛਦਾ ਹਾਂ, ਤੁਸੀਂ ਮੈਨੂੰ ਸੋਚ ਕੇ ਜਵਾਬ ਦੇਣਾ। ਕੀ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓਗੇ? ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬੱਚਿਆਂ ਨੂੰ ਪੁੱਛਿਆ। ਸਾਰੇ ਬੱਚਿਆਂ ਨੇ ਮਿਲ ਕੇ ਜਵਾਬ ਦਿੱਤਾ, ‘ਯੈੱਸ ਸਰ।’ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਨਜ਼ਰ ਸਭ ਤੋਂ ਮੂਹਰੇ ਬੈਂਚ ’ਤੇ ਬੈਠੇ ਅੰਬਰਵੀਰ ’ਤੇ ਚਲੇ ਗਈ।
ਪੁੱਤਰ ਜੀ ਤੁਸੀਂ ਦੱਸੋ। ਜੇ ਤੁਹਾਨੂੰ ਇਕ ਸੇਬ ਤੁਹਾਡੇ ਸਰ ਦੇਣ, ਇਕ ਸੇਬ ਮੈਂ ਦੇਵਾਂ ਤੇ ਇਕ ਸੇਬ ਤੁਹਾਡੇ ਮੈਡਮ ਦੇਣ ਤਾਂ ਤੁਹਾਡੇ ਕੋਲ਼ ਕੁੱਲ ਮਿਲਾ ਕੇ ਕਿੰਨੇ ਸੇਬ ਹੋਣਗੇ। ਸਾਰੇ ਸੋਚ ਰਹੇ ਸਨ ਕਿ ਇਹ ਸਵਾਲ ਬਹੁਤ ਸੌਖਾ ਹੈ ਤੇ ਅੰਬਰਵੀਰ ਝੱਟ ਨਾਲ ਸਹੀ ਜਵਾਬ ਦੇ ਦੇਵੇਗਾ ਪਰ ਉਸ ਨੇ ਉੱਤਰ ਦਿੱਤਾ, ‘ਜੀ ਚਾਰ।’ ਅੰਬਰਵੀਰ ਦਾ ਜਵਾਬ ਸੁਣ ਕੇ ਅੰਮ੍ਰਿਤਪਾਲ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਿਹਾ, ਸਰ ਲੱਗਦਾ ਬੱਚੇ ਨੂੰ ਤੁਹਾਡਾ ਸਵਾਲ ਸਮਝ ਨਹੀਂ ਆਇਆ। ਸ਼ਾਇਦ ਇਹ ਤੁਹਾਡੇ ਤੋਂ ਡਰ ਗਿਆ ਹੈ। ਕੋਈ ਨਹੀਂ ਤੁਸੀ ਦੁਬਾਰਾ ਪੁੱਛ ਕੇ ਦੇਖ ਲਵੋ ਜੀ’, ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ। ਇਸ ਵਾਰ ਅੰਮ੍ਰਿਤਪਾਲ ਬੱਚੇ ਨੂੰ ਖ਼ੁਦ ਸਵਾਲ ਕਰਨ ਲੱਗਿਆ। ਅੰਬਰਵੀਰ ਤੁਸੀਂ ਧਿਆਨ ਨਾਲ ਸੁਣੋ ,ਜੇ ਤੁਹਾਨੂੰ ਇਕ ਸੇਬ ਮੈਂ ਦੇਵਾਂ, ਇਕ ਸੇਬ ਸਰ ਦੇਣ ਤੇ ਇਕ ਸੇਬ ਤੁਹਾਡੇ ਮੈਡਮ ਦੇਣ ਤਾਂ ਤੁਹਾਡੇ ਕੋਲ਼ ਕੁੱਲ ਕਿੰਨੇ ਸੇਬ ਹੋਣਗੇ। ਅੰਬਰਵੀਰ ਨੇ ਇਕ ਵਾਰ ਫਿਰ ਜਵਾਬ ਦਿੱਤਾ, ਜੀ ਸਰ ਚਾਰ ਹੋਣਗੇ। ਇਹ ਸੁਣ ਕੇ ਬਾਕੀ ਬੱਚਿਆਂ ਨੇ ਹੱਥ ਖੜ੍ਹਾ ਕਰ ਕੇ ਕਿਹਾ ਜੀ ਅਸੀਂ ਦੱਸੀਏ। ਅੰਬਰਵੀਰ ਦੇ ਨਾਲ ਬੈਠੇ ਹਰਸ਼ਦੀਪ ਨੇ ਕਿਹਾ ਸਰ ਤਿੰਨ ਹੋਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਸ਼ਾਬਾਸ਼। ਤੁਸੀ ਸਹੀ ਜਵਾਬ ਦਿੱਤਾ ਹੈ, ਤਿੰਨ ਹੋਣਗੇ। ਇੰਨੇ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਨਿਰਮਲ ਮੈਡਮ ਨਾਲ ਅਗਲੀ ਜਮਾਤ ’ਚ ਚਲੇ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਜਾਣ ਤੋਂ ਮਗਰੋਂ ਅੰਮ੍ਰਿਤਪਾਲ ਨੇ ਅੰਬਰਵੀਰ ਨੂੰ ਖੜ੍ਹੇ ਕਰ ਕੇ ਪੁੱਛਿਆ ਪੁੱਤਰ ਜੀ ਚਾਰ ਕਿਸ ਤਰ੍ਹਾਂ ਹੋਣਗੇ। ਜੇ ਇਕ ਸੇਬ ਮੈਂ ਦਿੱਤਾ ਤੇ ਇੱਕ ਮੈਡਮ ਨੇ ਦਿੱਤਾ ਤੇ ਇੱਕ ਸਰ ਨੇ। ਤਾਂ ਦੱਸੋ ਚਾਰ ਕਿਸ ਤਰ੍ਹਾਂ ਹੋਣਗੇ? ਅੰਬਰਵੀਰ ਨੇ ਜਵਾਬ ਦਿੱਤਾ, ਜੀ ਇਕ ਸੇਬ ਮੇਰੇ ਬੈਗ ਵਿਚ ਮੇਰੀ ਮੰਮੀ ਨੇ ਵੀ ਦਿੱਤਾ ਹੋਇਆ ਹੈ, ਇਸ ਲਈ ਜੇ ਤੁਸੀਂ ਤਿੰਨ ਦੇਵੋਗੇ ਤਾਂ ਮੇਰੇ ਕੋਲ ਕੁੱਲ ਚਾਰ ਹੀ ਤਾਂ ਹੋਣਗੇ ਸਰ। ਇਹ ਸੁਣ ਕੇ ਸਾਰੇ ਬੱਚੇ ਹੱਸ ਪਏ ਤੇ ਅੰਮ੍ਰਿਤਪਾਲ ਦੇ ਮਨ ’ਚ ਅੰਬਰਵੀਰ ਲਈ ਮੋਹ ਨੱਕੋ-ਨੱਕ ਭਰ ਆਇਆ।
ਅੰਮ੍ਰਿਤਪਾਲ ਨੇ ਰੋਜ਼ ਵਾਂਗੂ ਦੂਸਰੇ ਦਿਨ ਸਕੂਲ ਆ ਕੇ ਬੱਚਿਆਂ ਨੂੰ ਸਬਕ ਪਾਇਆ ਤੇ ਉਨ੍ਹਾਂ ਨੂੰ ਆਪਣੀ ਆਪਣੀ ਕਾਪੀ ’ਤੇ ਕੰਮ ਕਰਨ ਲਈ ਕਹਿ ਦਿੱਤਾ। ਆਪ ਉਹ ਨਿਰਮਲ ਮੈਡਮ ਦੇ ਦਿੱਤੇ ਹੋਈ ਵਰਦੀ ਵਾਲੇ ਰਜਿਸਟਰ ਨੂੰ ਜਾਚਣ ਲੱਗਾ। ਗਰਾਂਟ ਵਾਲੀ ਚਿੱਠੀ ਰਜਿਸਟਰ ਤੋਂ ਕੱਢ ਕੇ ਜਦੋਂ ਅੰਮ੍ਰਿਤਪਾਲ ਨੇ ਪੜ੍ਹੀ ਤਾਂ ਉਹ ਹੈਰਾਨ ਹੋਇਆ ਮਨ ’ਚ ਬੋਲਿਆ, ਇਹ ਕੀ, ਵਰਦੀ ਖ਼ਰੀਦਣ ਲਈ ਹਰ ਬੱਚੇ ਲਈ ਸਿਰਫ਼ 400 ਰੁਪਏ ਦੀ ਗਰਾਂਟ। ਇਹ ਕਿਵੇਂ ਹੋ ਸਕਦਾ ਹੈ। ਏਨੀ ਥੋੜ੍ਹੀ ਰਾਸ਼ੀ ਵਿਚ ਕਮੀਜ਼ ਪੈਂਟ/ਸਲਵਾਰ, ਬੂਟ, ਕੋਟੀ, ਜੁਰਾਬਾਂ,ਟੋਪੀ/ਪਟਕਾ ਕਿੰਜ ਖ਼ਰੀਦੀਆਂ ਜਾ ਸਕਦੀਆਂ ਹਨ। ਉਪਰੋਂ ਬਲਾਕ ਅਫ਼ਸਰ ਚਿੱਠੀ ’ਚ ਕਹਿ ਰਿਹਾ ਹੈ ਕਿ ਵਰਦੀ ਮਿਆਰੀ ਤੇ ਵਧੀਆ ਹੋਣੀ ਚਾਹੀਦੀ ਹੈ। ਏਨੇ ’ਚ ਮਨਦੀਪ ਨਾਂ ਦਾ ਵਿਦਿਆਰਥੀ ਉੱਠ ਕੇ ਸਵਾਲ ਚੈੱਕ ਕਰਵਾਉਣ ਆ ਗਿਆ। ਦੇਖੋ ਸਰ ਜੀ ਮੈਂ ਸਭ ਤੋਂ ਪਹਿਲਾ ਸਵਾਲ ਕਰ ਦਿੱਤਾ। ਸ਼ਾਬਾਸ਼ ਬੇਟਾ ਜੀ। ਜੇ ਤੁਸੀਂ ਇਸ ਤਰ੍ਹਾਂ ਹੀ ਮਿਹਨਤ ਕਰਦੇ ਰਹੋਗੇ ਤਾਂ ਦੇਖਣਾ ਜਮਾਤ ਵਿਚ ਸਭ ਤੋਂ ਪਹਿਲੇ ਨੰਬਰ ’ਤੇ ਆ ਜਾਵੋਗੇ। ਤੁਹਾਡਾ ਸਵਾਲ ਬਿਲਕੁਲ ਠੀਕ ਹੈ। ਹੁਣ ਤੁਸੀਂ ਇਸ ਤੋਂ ਅਗਲਾ ਸਵਾਲ ਕੱਢ ਕੇ ਵਿਖਾਓ। ਅੰਮ੍ਰਿਤਪਾਲ ਨੇ ਬਾਕੀ ਬੱਚਿਆਂ ਨੂੰ ਵੀ ਜਲਦੀ-ਜਲਦੀ ਸਵਾਲ ਕੱਢਣ ਨੂੰ ਕਿਹਾ।
ਅੱਧੀ ਛੁੱਟੀ ਵੇਲੇ ਖਾਣਾ ਖਾਣ ਮਗਰੋਂ ਅੰਮ੍ਰਿਤਪਾਲ ਨੇ ਨਿਰਮਲ ਮੈਡਮ ਨੂੰ ਇਕ ਪਾਸੇ ਖੜ੍ਹਿਆ ਵੇਖ ਪੁੱਛਿਆ, ‘ਮੈਡਮ ਜੀ ਇਹ ਵਰਦੀਆਂ ਦੀ ਗ੍ਰਾਂਟ ਤਾਂ ਬਹੁਤ ਘੱਟ ਆਈ ਹੈ। ਨਾਲੇ ਮੈਡਮ ਜੀ ਬਸ ਕੁੜੀਆਂ ਦੀ ਹੀ ਗ੍ਰਾਂਟ ਹੈ, ਮੁੰਡਿਆਂ ਦੀ ਨਹੀਂ। ਉਪਰੋਂ 400 ਰੁਪਏ ਵਿਚ ਏਨੀਆਂ ਆਈਟਮਜ਼। ਮੈਮ ਬੂਟ ਹੀ 200 ਤੋਂ ਘੱਟ ਨਹੀਂ ਮਿਲਣੇ ਤੇ ਬਾਕੀ ਸਾਮਾਨ ਕਿਸ ਤਰ੍ਹਾਂ। ਗੱਲ ਸੁਣਦਿਆਂ ਹੀ ਨਿਰਮਲ ਮੈਡਮ ਹੱਸ ਪਈ ਤੇ ਬੋਲੀ,
‘ਇਹੀ ਤਾਂ ਸਾਰਾ ਰੌਲਾ ਹੈ। ਥੁੱਕ ਨਾਲ ਵੜੇ ਪਕਾਉਣਾ ਇਸ ਨੂੰ ਹੀ ਕਹਿੰਦੇ। ਕੋਈ ਨਾ ਤੁਸੀ ਘਬਰਾਓ ਨਾ। ਕਰਦੇ ਕੋਈ ਇਸ ਦਾ ਵੀ ਹੱਲ। ਮੈਂ ਪਿੰਡ ਦੇ ਕਿਸੇ ਐੱਨਆਰਆਈ ਦੀ ਮਦਦ ਲੈਣ ਦੀ ਸੋਚ ਰਹੀ ਹਾਂ। ਮੁੰਡਿਆ ਨੂੰ ਤਾਂ 400 ਰੁਪਏ ਵੀ ਨਹੀਂ ਆਏ ਮੈਮ। ‘ਕੋਈ ਨਾ ਸਰ, ਮੁੰਡਿਆਂ ਦੀ ਇਕ-ਇਕ ਆਈਟਮ ਘਟਾ ਦੇਵਾਂਗੇ ਪਰ ਇਨ੍ਹਾਂ ਨੂੰ ਵੀ ਦੇਵਾਂਗੇ ਜ਼ਰੂਰ।’ਚਲੋ ਠੀਕ ਹੈ ਮੈਡਮ, ਇਹ ਗੱਲ ਵੀ ਸਹੀ ਹੈ। ਮੈਂ ਅੱਜ ਪਹਿਲੋਂ ਬੱਚਿਆਂ ਦਾ ਨਾਪ ਲੈ ਲੈਂਦਾ ਹਾਂ। ਹਾਂ ਇਹ ਠੀਕ ਰਹੇਗਾ, ਤੂੰ ਨਾਪ ਲੈ ਤੇ ਮੈਂ ਇਕ ਦੋ ਐੱਨਆਰਆਈਜ਼ ਦੇ ਘਰ ਜਾ ਆਉਂਦੀ ਹਾਂ। ਛੁੱਟੀ ਹੋਣ ਤੋਂ ਪਹਿਲਾਂ ਵਾਪਸ ਆਉਣ ਦੀ ਕੋਸ਼ਿਸ਼ ਕਰਾਂਗੀ। ਪਿੰਡ ’ਚ ਮਰਦਮਸ਼ੁਮਾਰੀ ਦੀ ਡਿਊਟੀ ਕਰਨ ਨਾਲ ਮੈਨੂੰ ਪਿੰਡ ਦੇ ’ਕੱਲੇ-’ਕੱਲੇ ਘਰ ਦੀ ਜਾਣਕਾਰੀ ਹੈ। ਕਈ ਜੁਆਕਾਂ ਦੇ ਜੁਆਕ ਵੀ ਮੇਰੇ ਤੋਂ ਪੜ੍ਹੇ ਹੋਏ ਹਨ। ਮੈਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਕਿਸੇ ਕੰਮ ਦੀ ਜ਼ਰੂਰਤ ਹੋਈ ਤਾਂ ਸਾਨੂੰ ਜ਼ਰੂਰ ਦੱਸਣਾ। ਮੈਨੂੰ ਮੂਵਮੈਂਟ ਰਜਿਸਟਰ ਆਫਿਸ ਤੋਂ ਲਿਆ ਕੇ ਦੇ ਦਿਓ, ਮੈਂ ਉਸ ਉੱਤੇ ਮੂਵਮੈਂਟ ਪਾ ਪਿੰਡ ’ਚ ਜਾ ਆਉਂਦੀ ਹਾਂ।
ਦੋ ਘੰਟੇ ਬੀਤ ਚੁੱਕੇ ਸਨ। ਅੰਮ੍ਰਿਤਪਾਲ ਦੀ ਨਜ਼ਰ ਵਾਰ-ਵਾਰ ਗੇਟ ਵੱਲ ਤੇ ਆਪਣੀ ਘੜੀ ਵੱਲ ਜਾ ਰਹੀ ਸੀ । ਪਤਾ ਨਹੀਂ ਨਿਰਮਲ ਮੈਮ ਨੇ ਏਨੀ ਦੇਰ ਕਿਉਂ ਲਗਾ ਦਿੱਤੀ। ਫਿਰ ਆਪੇ ਹੀ ਸੋਚਣ ਲੱਗਿਆ, ‘ਕਿਸੇ ਤੋਂ ਮਦਦ ਮੰਗਣੀ ਕਿਹੜਾ ਸੁਖਾਲੀ ਹੁੰਦੀ। ਸਾਡੇ ਦੁਆਬੇ ’ਚ ਵੈਸੇ ਐੱਨਆਰਆਈਜ਼ ਗੁਰਦਵਾਰੇ ਤੇ ਮੰਦਰਾਂ ਨੂੰ ਕਾਫ਼ੀ ਦਾਨ ਦਿੰਦੇ ਨੇ ਤਾਂ ਸਕੂਲ ਨੂੰ ਕਿਉਂ ਨਾ ਦੇਣਗੇ। ਚਾਹੇ ਉਹ ਸੱਤ ਸਮੁੰਦਰ ਪਾਰ ਬੈਠੇ ਹਨ ਪਰ ਉਹ ਆਪਣੇ ਪਿੰਡ ਵਾਲਿਆਂ ਨਾਲ ਮੋਹ ਵੀ ਵਾਲ੍ਹਾ ਰੱਖਦੇ ਨੇ। ਮੈਮ ਦੀ ਉਹ ਜ਼ਰੂਰ ਮਦਦ ਕਰਨਗੇ।’ ਫਿਰ ਆਪ ਹੀ ਬੁੜਬੁੜਾਉਂਦਾ ਹੈ ‘ਪਰ ਸਮਾਂ ਕਾਫ਼ੀ ਹੋ ਗਿਆ। ਛੁੱਟੀ ਵੀ ਹੋਣ ਵਾਲ਼ੀ ਏ।’ਇੰਨੇ ’ਚ ਅੰਮ੍ਰਿਤਪਾਲ ਨਿਰਮਲ ਮੈਮ ਨੂੰ ਆਉਂਦਿਆਂ ਵੇਖਦਾ ਹੈ। ਕੰਮ ਤਾਂ ਹੋ ਗਿਆ ਸਰ। ਨਿਰਮਲ ਮੈਡਮ ਨੇ ਆਪਣੇ ਹੱਥ ’ਚ ਫੜਿਆ ਚੈੱਕ ਅੰਮ੍ਰਿਤਪਾਲ ਨੂੰ ਦਿੰਦਿਆਂ ਕਿਹਾ।
ਅੰਮ੍ਰਿਤਪਾਲ ਨੇ ਚੈਕ ’ਤੇ ਨਜ਼ਰ ਮਾਰਦਿਆਂ ਕਿਹਾ, ‘ਪਰ ਇਹ ਚੈੱਕ ਦੀ ਅਮਾਊਂਟ ਮਿਲ ਕੇ ਵੀ ਰਕਮ ਪੂਰੀ ਨਹੀਂ ਬਣ ਰਹੀ।’ ਕੁਝ ਸੋਚ ਕੇ ਨਿਰਮਲ ਮੈਡਮ ਬੋਲੇ, ‘ਕੋਈ ਹੋਰ ਜੁਗਤ ਲੜਾ ਕੇ ਕਰਦੇ ਹਾਂ ਘਰ ਪੂਰਾ।’ ਫਿਰ ਥੋੜ੍ਹਾ ਸੋਚ ਕੇ ਨਿਰਮਲ ਮੈਡਮ ਬੋਲੇ, ‘ਆਪਾਂ ਸਾਰੇ ਰਲ ਕੇ ਥੋੜ੍ਹੀ-ਥੋੜ੍ਹੀ ਰਕਮ ਆਪਣੀ ਤਨਖ਼ਾਹ ’ਚੋਂ ਇਕੱਠਾ ਕਰ ਕੇ ਹਿੱਸਾ ਪਾ ਲੈਂਦੇ ਹਾਂ। ਨਾਲੇ ਮੁੰਡਿਆਂ ਨੂੰ ਹਾਲੇ ਪੈਂਟ-ਕਮੀਜ਼ ਤੇ ਕੋਟੀ ਲਿਆ ਦਿੰਦੇ। ਬਾਕੀ ਸਾਮਾਨ ਇਕ-ਦੋ ਮਹੀਨੇ ਬਾਅਦ ਲੈ ਦੇਵਾਂਗੇ। ਕੀ ਪਤਾ ਜਦ ਤੱਕ ਮੁੰਡਿਆਂ ਲਈ ਗਰਾਂਟ ਵੀ ਆ ਜਾਵੇ। ਕੁਝ ਸੋਚ ਕੇ ਨਿਰਮਲ ਮੈਡਮ ਬੋਲੇ, ਸਰ ਤੁਸੀ ਐਡਹਾਕ ’ਤੇ ਹੋ। ਰੈਗੂਲਰ ਵਾਲਿਆਂ ਤੋਂ ਹੀ ਮਦਦ ਲੈ ਲਵਾਂਗੇ। ਤੁਸੀ ਇਸ ਵਿਚ ਹਿੱਸਾ ਨਹੀਂ ਪਾਉਣਾ।’ ਨਹੀਂ-ਨਹੀਂ ਮੈਡਮ। ਇਨ੍ਹਾਂ ਬੱਚਿਆਂ ਦੇ ਸਿਰ ’ਤੇ ਤਾਂ ਸਾਡੀ ਨੌਕਰੀ ਹੈ। ਤੁਸੀ ਮੇਰੇ ਤੋਂ ਵੀ ਹਿੱਸਾ ਜ਼ਰੂਰ ਲਵੋ। ਨਾਲ਼ੇ ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਵੀ ਜਲਦੀ ਰੈਗੂਲਰ ਹੋ ਜਾਵਾਂਗਾ। ਮੁਸਕਰਾ ਕੇ ਨਿਰਮਲ ਮੈਡਮ ਬੋਲੇ, ਠੀਕ ਹੈ,ਠੀਕ ਹੈ।’ ਇਕ-ਦੂਜੇ ਦਾ ਸਾਥ ਦੇਣਾ ਬਹੁਤ ਚੰਗੀ ਗੱਲ ਹੈ। ਅੰਮ੍ਰਿਤਪਾਲ ਖ਼ੁਸ਼ ਹੋ ਗਿਆ।
ਇੰਨੇ ’ਚ ਪੂਰੀ ਛੁੱਟੀ ਦੀ ਘੰਟੀ ਵੱਜ ਗਈ। ਵਿਦਿਆਰਥੀ ਬਸਤੇ ਚੁੱਕ ਕੇ ਭੱਜਣ ਲੱਗੇ ਤਾਂ ਇਸ ਬਾਰ ਪੰਜਵੀਂ ਜਮਾਤ ਦੇ ਲਾਲ ਬਾਬੂ ਦਾ ਪੈਰ ਅੰਬਰਵੀਰ ਦੇ ਬਸਤੇ ਦੀਆਂ ਤਣੀਆਂ ਵਿਚ ਫਸ ਜਾਂਦਾ ਹੈ ਤੇ ਉਹ ਡਿੱਗ ਜਾਂਦਾ ਹੈ। ਜਮਾਤ ਦੇ ਸ਼ਰਾਰਤੀ ਜੁਆਕ ਲਾਲ ਬਾਬੂ ਨੂੰ ਦੇਖ ਹੱਸਣ ਲੱਗਦੇ ਹਨ। ਅੰਬਰਵੀਰ ਤੇ ਉਸ ਦੇ ਦੋਸਤ ਲਾਲ ਬਾਬੂ ਨੂੰ ਉਠਾਉਂਦੇ ਹਨ। ਨਜ਼ਰ ਪੈਂਦਿਆਂ ਸਾਰ ਹੀ ਅੰਮ੍ਰਿਤਪਾਲ ਉਨ੍ਹਾਂ ਵੱਲ ਦੌੜਦਾ ਹੈ ਤੇ ਬੱਚੇ ਨੂੰ ਖੜ੍ਹਾ ਕਰ ਕੇ ਕੱਪੜੇ ਝਾੜਦਾ ਹੋਇਆ ਕਹਿੰਦਾ ਹੈ, ਕੋਈ ਨਾ ਕੁਝ ਨਹੀਂ ਹੋਇਆ। ਬੱਚੇ ਡਿੱਗ-ਡਿੱਗ ਕੇ ਹੀ ਜਵਾਨ ਹੁੰਦੇ। ਉਠੋ-ਉੱਠੋ ਦੇਖੋ ਕੀੜੀ ਦਾ ਆਟਾ ਤਾਂ ਨਹੀਂ ਡੁੱਲ੍ਹ ਗਿਆ। ਲਾਲ ਬਾਬੂ ਉੱਠ ਕੇ ਘਰ ਨੂੰ ਦੌੜ ਜਾਂਦਾ ਹੈ।
ਅਗਲੇ ਦਿਨ ਸਵੇਰੇ ਹੀ ਲਾਲ ਬਾਬੂ ਦੀ ਮੰਮੀ ਦੋ-ਤਿੰਨ ਔਰਤਾਂ ਨਾਲ ਨਿਰਮਲ ਮੈਡਮ ਕੋਲ ਖੜ੍ਹੀ ਉੱਚੀ-ਉੱਚੀ ਬੋਲਦੀ ਨਜ਼ਰ ਆਉਂਦੀ ਹੈ। ਯੇ ਮਾਸਟਰ ਲੋਗ ਪਤਾ ਨਹੀਂ ਸਕੂਲ ਮੇਂ ਕਿਆ ਕਰਤੇ ਹੈਂ। ਕੱਲ੍ਹ ਹਮਾਰੇ ਬੇਟੇ ਕੋ ਬੱਚੋਂ ਨੇ ਗਿਰਾ ਦੀਆ। ਖ਼ੂਬ ਰੋਇਆ ਘਰ ਜਾ ਕਰ। ਦੇਖੋ ਤੋ ਇਸਕੇ ਪੈਰ ਪਰ ਕਿਤਨੀ ਚੋਟ ਲਗੀ ਹੈ। ਹਮਾਰੇ ਬੱਚੋਂ ਕਾ ਧਿਆਨ ਨਹੀਂ ਰਖਤੇ। ਪਤਾ ਨਹੀਂ ਸਾਰਾ ਦਿਨ ਸਕੂਲ ਮੇਂ ਕਿਆ ਕਰਤੇ ਹੋ ਆਪ ਸਭ ਲੋਗ। ਹਮੇਂ ਸਭ ਮਾਲੂਮ ਆਪ ਲੋਗ ਹਮਾਰੇ ਬੱਚੋਂ ਕੋ ਪਸੰਦ ਨਹੀਂ ਕਰਤੇ। ਹਮਾਰੇ ਬੱਚੋਂ ਸੇ ਫਰਕ ਕਰਤੇ ਹੋ। ਹਮ ਗ਼ਰੀਬ ਹੈਂ ਤੋਂ ਕਿਆ। ਸਰਕਾਰ ਆਪ ਸਭ ਕੋ ਤਨਖ਼ਾਹ ਦੇਤੀ ਹੈ, ਫ੍ਰੀ ਮੇਂ ਨਹੀਂ ਪੜ੍ਹਾਤੇ ਆਪ। ਨਿਰਮਲ ਮੈਡਮ ਨੇ ਬੱਚੇ ਦਾ ਹੱਥ ਆਪਣੇ ਹੱਥ ’ਚ ਲਿਆ ਤੇ ਕਹਿਣ ਲੱਗੇ, ਕੱਲ੍ਹ ਛੁੱਟੀ ਵੇਲੇ ਬੱਚੇ ਦਾ ਪੈਰ ਕਿਸੇ ਦੂਸਰੇ ਬੱਚੇ ਦੇ ਬਸਤੇ ਵਿਚ ਫਸ ਗਿਆ ਸੀ, ਇਸ ਕਰਕੇ ਬੱਚਾ ਗਿਰ ਗਿਆ। ਤੁਸੀ ਫ਼ਿਕਰ ਨਾ ਕਰੋ, ਨਾਲੇ ਸਾਨੂੰ ਸਾਰੇ ਬੱਚੇ ਬਰਾਬਰ ਨੇ। ਨਿਰਮਲ ਮੈਡਮ ਨੇ ਬੱਚੇ ਦਾ ਪੈਰ ਦੇਖਿਆ ਤੇ ਸਮਝ ਗਏ ਕਿ ਸੱਟ ਕੋਈ ਖ਼ਾਸ ਨਹੀਂ ਹੈ। ਤੁਸੀਂ ਕੋਈ ਚਿੰਤਾ ਨ ਕਰੋ। ਮਾਮੂਲੀ ਜਹੀ ਸੱਟ ਹੈ, ਠੀਕ ਹੋ ਜਾਵੇਗੀ। ਆਪਕੇ ਲੀਏ ਮਾਮੂਲੀ ਚੋਟ ਹੈ। ਬੱਚਾ ਘਰ ਜਾ ਕਰ ਕਲ ਰੋਤਾ ਰਹਾ। ਇੰਨੇ ’ਚ ਅੰਮ੍ਰਿਤਪਾਲ ਕੋਲ ਆ ਕੇ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਹੈ ਪਰ ਨਿਰਮਲ ਮੈਡਮ ਇਸ਼ਾਰਾ ਕਰ ਕੇ ਅੰਮ੍ਰਿਤਪਾਲ ਨੂੰ ਚੁੱਪ ਕਰਵਾ ਦਿੰਦੀ ਹੈ। ਕੋਈ ਗੱਲ ਨਹੀਂ ਭੈਣ ਜੀ, ਤੁਸੀਂ ਫਿਕਰ ਨਾ ਕਰੋ। ਅਸੀਂ ਆਪੇ ਇਸ ਦਾ ਧਿਆਨ ਰੱਖ ਲਵਾਂਗੇ। ਨਿਰਮਲ ਮੈਡਮ ਨੇ ਗੱਲ ਰਫ਼ਾ-ਦਫ਼ਾ ਕੀਤੀ। ਲਾਲ ਬਾਬੂ ਦੀ ਮੰਮੀ ਅੰਮ੍ਰਿਤਪਾਲ ਨੂੰ ਘੂਰਦੀ-ਘੂਰਦੀ ਚਲੇ ਜਾਂਦੀ ਹੈ। ਮੈਮ ਤੁਸੀ ਮੈਨੂੰ ਚੁੱਪ ਰਹਿਣ ਦਾ ਕਿਉਂ ਇਸ਼ਾਰਾ ਕੀਤਾ ਸੀ, ਅੰਮ੍ਰਿਤਪਾਲ ਨੇ ਨਿਰਮਲ ਮੈਡਮ ਨੂੰ ਕਿਹਾ। ਸਰ ਮੈਂ ਸੋਚਿਆ ਲੇਡੀਜ਼ ਦਾ ਮਾਮਲਾ ਲੇਡੀ ਹੀ ਸੁਲਝਾ ਦੇਵੇ ਤਾਂ ਠੀਕ ਹੈ। ਤੁਹਾਨੂੰ ਨਹੀਂ ਪਤਾ, ਇਹ ਔਰਤ ਛੋਟੀ-ਛੋਟੀ ਗੱਲ ’ਤੇ ਅਕਸਰ ਲੜਦੀ ਤੇ ਪੰਚਾਇਤ ਕਰਨ ਦੀਆਂ ਧਮਕੀਆਂ ਦਿੰਦੀ ਰਹਿੰਦੀ। ਚਲੋ ਤੁਸੀਂ ਛੱਡੋ। ਨਿਰਮਲ ਮੈਡਮ ਆਪਣੀ ਹੀ ਗੱਲ ਕੱਟਦੀ ਹੋਈ ਕੁਝ ਜਿਵੇਂ ਯਾਦ ਆਉਣ ਤੇ ਬੋਲਦੀ ਹੈ, ਥੋੜ੍ਹੀ ਦੇਰ ਤੱਕ ਵਰਦੀਆਂ ਵਾਲਾ ਟੈਂਪੂ ਆ ਜਾਵੇਗਾ ਸਰ। ਤੁਸੀਂ ਧਿਆਨ ਨਾਲ ਸਾਮਾਨ ਉਤਾਰ ਲੈਣਾ ਤੇ ਬੱਚਿਆਂ ਨੂੰ ਵਰਦੀ ਵੰਡ ਦੇਣੀ।
ਥੋੜ੍ਹੀ ਦੇਰ ਤੱਕ ਵਰਦੀਆਂ ਦਾ ਸਾਮਾਨ ਬਾਜ਼ਾਰ ਤੋਂ ਆ ਜਾਂਦਾ ਹੈ। ਅੰਮ੍ਰਿਤਪਾਲ ਸਾਰਾ ਸਮਾਨ ਧਿਆਨ ਨਾਲ਼ ਉਤਰਵਾ ਕੇ ਵਿਦਿਆਰਥੀਆਂ ਨੂੰ ਵੰਡਣ ਲੱਗ ਪੈਂਦਾ ਹੈ। ਮੁੰਡਿਆਂ ਨੂੰ ਸਿਰਫ਼ ਕੋਟੀ ਅਤੇ ਪੈਂਟ-ਕਮੀਜ਼ ਮਿਲੀ। ਆਪਣੀ-ਆਪਣੀ ਵਰਦੀ ਲੈ ਕੇ ਬੱਚੇ ਬੜੇ ਖ਼ੁਸ਼ ਹੋਏ, ਜਿਵੇਂ ਤਿਤਲੀਆਂ ਰੰਗ-ਬਿਰੰਗੇ ਫੁੱਲਾਂ ਨੂੰ ਦੇਖ ਕੇ ਖ਼ੁਸ਼ ਹੁੰਦੀਆਂ ਨੇ ਤੇ ਅੰਮ੍ਰਿਤਪਾਲ ਉਨ੍ਹਾਂ ਬੱਚਿਆਂ ਦੇ ਚਿਹਰੇ ਦੀ ਮੁਸਕਾਨ ਦੇਖ ਕੇ ਖ਼ੁਸ਼ ਹੋ ਰਿਹਾ ਸੀ। ਰੋਜ਼ ਵਾਂਗ ਅਗਲੇ ਦਿਨ ਅੰਮ੍ਰਿਤਪਾਲ ਸਕੂਟਰ ਸਾਫ਼ ਕਰ ਕੇ ਸਕੂਲ ਨੂੰ ਤੁਰ ਪਿਆ। ਆਸਮਾਨ ਕਾਲੇ ਬੱਦਲਾਂ ਨਾਲ ਘਿਰਿਆ ਹੋਇਆ ਸੀ ਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਅੰਮ੍ਰਿਤਪਾਲ ਮੂੰਹ ਵਿਚ ਬੁੜਬੁੜਾਉਂਦਾ ਆਪਣੇ ਆਪ ਨੂੰ ਕਹਿ ਰਿਹਾ ਸੀ,‘ਮੀਂਹ ਪੈਣ ਤੋਂ ਪਹਿਲਾਂ ਸਕੂਲ ਪਹੁੰਚ ਹੀ ਜਾਵਾਂਗਾ।’ ਠੰਢੀ-ਠੰਢੀ ਹਵਾ ਉਸ ਨੂੰ ਸੋਹਣੀ ਵੀ ਲੱਗ ਰਹੀ ਸੀ। ਉਹ ਸਮੇਂ ਸਿਰ ਸਕੂਲ ਪਹੁੰਚ ਗਿਆ ਤੇ ਸਕੂਲ ਤੋਂ ਬਾਹਰ ਸ਼ੈੱਡ ਥੱਲੇ ਸਕੂਟਰ ਖੜ੍ਹਾ ਕਰ ਕੇ ਜਿਵੇਂ ਹੀ ਅੰਦਰ ਜਾਣ ਲੱਗਾ ਤਾਂ ਇਕ ਜ਼ੋਰ ਦਾ ਪੱਥਰ ਸਕੂਟਰ ’ਤੇ ਆ ਵੱਜਦਾ ਹੈ। ਅੰਮ੍ਰਿਤਪਾਲ ਅਜੇ ਸੋਚ ਹੀ ਰਿਹਾ ਹੁੰਦਾ ਕਿ ਪੱਥਰ ਕਿਧਰੋਂ ਆਇਆ ਤਾਂ ਇੱਕ ਹੋਰ ਪੱਥਰ ਸਕੂਟਰ ਦੇ ਹੈਂਡਲ ਤੇ ਵੱਜ ਕੇ ਉਸ ਦੇ ਕੋਲ਼ੋਂ ਲੰਘ ਜਾਂਦਾ ਹੈ। ਅੰਮ੍ਰਿਤਪਾਲ ਨੂੰ ਸਮਝ ਨਹੀਂ ਆ ਰਹੀ ਰਹੀ ਸੀ ਕਿ ਇੰਨੇ ਵਿਚ ਦੋ ਔਰਤਾਂ ਸਾਹਮਣੇ ਆ ਗਈਆਂ। ਇਕ ਨੂੰ ਅਮ੍ਰਿਤਪਾਲ ਨੇ ਪਛਾਣ ਲਿਆ। ਇਹ ਪੰਜਵੀਂ ਜਮਾਤ ਦੇ ਵਿਦਿਆਰਥੀ ਲਾਲ ਬਾਬੂ ਦੀ ਮਾਤਾ ਜੀ ਸਨ। ਉਹ ਬੋਲੀ, ਅਰੇ ਭਗਵਾਨ ਤੁਮ ਕੋ ਕਭੀ ਮਾਫ਼ ਨਹੀਂ ਕਰੇਗਾ। ਤੁਮ ਮਾਸਟਰ ਲੋਗੋਂ ਨੇ ਹਮਾਰੇ ਬੱਚੋਂ ਕੇ ਬੂਟ ਜਰਾਬੋਂ ਕੇ ਪੈਸੇ ਖਾ ਲੀਏ। ਸਿਰਫ਼ ਪੈਂਟ-ਕਮੀਜ਼ ਦੀ ਹੈ। ਭਗਵਾਨ ਸਭ ਦੇਖਤਾ ਹੈ। ਤੁਮ ਕੋ ਪਾਪ ਲਗੇਗਾ। ਤੁਮਾਰੇ ਕੀੜੇ ਪੜੇਂਗੇ। ਲਾਲ ਬਾਬੂ ਦੇ ਪਿਤਾ ਜੀ ਦੇ ਮਨ੍ਹਾ ਕਰਨ ’ਤੇ ਵੀ ਉਹ ਅੰਮ੍ਰਿਤਪਾਲ ਨੂੰ ਬੋਲ-ਕੁਬੋਲ ਬੋਲੀ ਜਾ ਰਹੀ ਸੀ। ਉਸ ਔਰਤ ’ਤੇ ਜਿਵੇਂ ਭੂਤ ਸਵਾਰ ਹੋਇਆ ਸੀ। ਅੰਮ੍ਰਿਤਪਾਲ ਨੂੰ ਹੁਣ ਸਾਰੀ ਗੱਲ ਸਮਝ ਆ ਗਈ। ਉਹ ਜਲਦੀ-ਜਲਦੀ ਸਕੂਲ ਦੇ ਅੰਦਰ ਜਾਣ ਲਈ ਪੈਰ ਪੁੱਟ ਹੀ ਰਿਹਾ ਸੀ ਕਿ ਅੰਮ੍ਰਿਤਪਾਲ ਤੇਜ਼ ਪੈਰ ਪੁੱਟਣ ਕਾਰਨ ਠੋਕਰ ਖਾ ਕੇ ਲੜਖੜਾ ਜਾਂਦਾ ਹੈ। ਅੰਮ੍ਰਿਤਪਾਲ ਨੂੰ ਇੰਜ ਲੱਗਾ, ਜਿਵੇਂ ਉਹ ਪੱਥਰ ਉਸ ਨੂੰ ਕਹਿ ਰਿਹਾ ਹੋਵੇ, ਕੋਈ ਨਾ ਡਿੱਗ-ਡਿੱਗ ਕੇ ਹੀ ਬੰਦੇ ਜਵਾਨ ਹੁੰਦੇ। ਉਧਰੋਂ ਅੰਬਰਵੀਰ ਆਪਣਾ ਬਸਤਾ ਚੁੱਕੀ ਸਕੂਲ ਵੱਲ ਆ ਗਿਆ ਤੇ ਆਪਣੇ ਮਾਸਟਰ ਨੂੰ ਵੇਖ ਕੇ ਕਹਿਣ ਲੱਗਾ, ਸਰ ਜੀ ਸੱਟ ਤਾਂ ਨਹੀਂ ਲੱਗੀ।’ ਅੰਮ੍ਰਿਤਪਾਲ ਸੰਭਲ ਕੇ ਬੋਲਿਆ ਨਹੀਂ-ਨਹੀਂ ਪੁੱਤ ਕੁਝ ਨਹੀਂ ਹੋਇਆ। ਪਰ ਸਰ ਕੀੜੀ ਦਾ ਆਟਾ ਡੁੱਲ੍ਹ ਗਿਆ ਹੋਣਾ। ਅੰਮ੍ਰਿਤਪਾਲ ਅੰਬਰਵੀਰ ਵੱਲ ਦੇਖ ਕੇ ਮੁਸਕਰਾਇਆ ਤੇ ਅੰਬਰਵੀਰ ਦਾ ਹੱਥ ਫੜ ਕੇ ਸਕੂਲ ਅੰਦਰ ਚਲਾ ਗਿਆ। ਪ੍ਰਾਰਥਨਾ ਸਭਾ ਸ਼ੁਰੂ ਹੋ ਜਾਂਦੀ, ‘ਦੇਹ ਸਿਵਾ ਬਰ ਮੋਹਿ ਇਹੈ।’
- ਰਜਨੀ ਸ਼ਰਮਾ