
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਦੋਂ ਗੁੱਸਾ ਤੁਰੰਤ ਉਭਰਦਾ ਹੈ ਅਤੇ ਇੱਛਾਵਾਂ ਦੀ ਕੋਈ ਹੱਦ ਨਹੀਂ ਰਹੀ, ਤਿਵਾੜੀ ਦੀ ਇਹ ਪੁਸਤਕ ਪਾਠਕਾਂ ਲਈ ਰਾਹ ਦਿਖਾਉਣ ਵਾਲੇ ਦੀਵੇ ਵਾਂਗ ਕੰਮ ਕਰਦੀ ਹੈ ਅਤੇ ਉਨ੍ਹਾਂ ਦੇ ਮਨ ਨੂੰ ਸਥਿਰ ਕਰਨ ਵਿੱਚ ਮਦਦ ਕਰਦੀ ਹੈ। ਇਹ ਪੁਸਤਕ ਸਿਰਫ਼ ਲਾਇਬ੍ਰੇਰੀਆਂ ਵਿੱਚ ਹੀ ਨਹੀਂ, ਸਗੋਂ ਲੋਕਾਂ ਦੇ ਨਿੱਜੀ ਪੁਸਤਕ-ਸੰਗ੍ਰਹਿ ਵਿੱਚ ਵੀ ਥਾਂ ਦੀ ਹੱਕਦਾਰ ਹੈ, ਖ਼ਾਸ ਕਰਕੇ ਨੌਜਵਾਨਾਂ ਦੇ ਪੁਸਤਕ-ਸੰਗ੍ਰਹਿ ’ਚ ਇਸ ਦਾ ਅਹਿਮ ਸਥਾਨ ਹੋ ਸਕਦਾ ਹੈ।

ਲੇਖਕ- ਮਨੀਸ਼ ਆਨੰਦ
ਅਨਿਰੁਧ ਤਿਵਾੜੀ ਦੀ 275 ਸਫ਼ਿਆਂ ਦੀ ਪੁਸਤਕ ਲਕਸ਼ਮਣ ਗੀਤਾ, ਪੁਰਜਨ ਗੀਤਾ ਅਤੇ ਕਾਕਭੁਸ਼ੁੰਡੀ ਗੀਤਾ ਨੂੰ ਇਕੱਠਾ ਕਰਦਿਆਂ ਆਸਥਾ, ਗਿਆਨ ਅਤੇ ਆਤਮ-ਖੋਜ ਦੇ ਵਿਸ਼ਿਆਂ ਨੂੰ ਸਮਝਣ ਦਾ ਯਤਨ ਕਰਦੀ ਹੈ। ਭਾਰਤੀ ਮਹਾਂਕਾਵਿ ਦੇ ਸੰਦੇਸ਼ ਸਦੀਆਂ ਤੋਂ ਮੌਖਿਕ ਪਰੰਪਰਾਵਾਂ ਰਾਹੀਂ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦੇ ਰਹੇ ਹਨ। ਸ਼ਰਧਾਲੂਆਂ ਨੇ ਭਗਵਦ ਗੀਤਾ ਅਤੇ ਰਾਮਾਇਣ ਦੇ ਦੋਹਿਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਸੰਦੇਸ਼ਾਂ ਨੂੰ ਆਪਣੇ ਹਾਲਾਤਾਂ ਅਨੁਸਾਰ ਅਪਣਾਇਆ। ਸਮੇਂ ਦੇ ਨਾਲ ਇਹ ਪਰੰਪਰਾ ਅੱਗੇ ਵਧਦੀ ਰਹੀ ਅਤੇ ਦੈਵੀ ਬਾਣੀ ’ਚ ਛੁਪੇ ਰਹੱਸਾਂ ਨੂੰ ਸਮਝਣ ਦੀ ਕੋਸ਼ਿਸ਼ ਹੁੰਦੀ ਰਹੀ।
ਅਨਿਰੁਧ ਤਿਵਾੜੀ ਵੀ ਇਸ ਸਦੀਆਂ ਪੁਰਾਣੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਮਹਾਂਕਾਵਿਆਂ ਦੇ ਮੂਲ ਸੰਦੇਸ਼ਾਂ ਦੀ ਡੂੰਘਾਈ ’ਚ ਜਾਂਦੇ ਹਨ ਅਤੇ ਉਨ੍ਹਾਂ ਦਾ ਸਾਰ ਪੇਸ਼ ਕਰਦੇ ਹਨ। ਆਪਣੀ ਨਵੀਂ ਪੁਸਤਕ ‘Contemplation of Ram Sewak: The Sangam of the Gita and Shri Ramcharitmanas Continues’ ’ਚ ਤਿਵਾੜੀ ਨੇ ਇਕ ਵਿਲੱਖਣ ਕੰਮ ਕੀਤਾ ਹੈ। ਉਨ੍ਹਾਂ ਨੇ ਭਾਰਤ ਦੇ ਦੋ ਮਹੱਤਵਪੂਰਨ ਧਾਰਮਿਕ ਗ੍ਰੰਥਾਂ ਦੇ ਮਹਾਂਕਾਵਿ ਸੰਦੇਸ਼ਾਂ ’ਚ ਮੌਜੂਦ ਸਾਂਝ ਨੂੰ ਸਮਝਾਇਆ ਹੈ ਅਤੇ ਆਪਣੀਆਂ ਵਿਆਖਿਆਵਾਂ ਨੂੰ ਸਰਲ ਭਾਸ਼ਾ ’ਚ ਪਾਠਕਾਂ ਤੱਕ ਪਹੁੰਚਾਇਆ ਹੈ। ਪੁਸਤਕ ਵਿੱਚ ਮੂਲ ਦੋਹਿਆਂ ਨੂੰ ਸ਼ਾਮਲ ਕਰਦਿਆਂ ਤਿਵਾੜੀ ਨੇ ਗੱਲਬਾਤਾਂ ਰਾਹੀਂ ਅੱਗੇ ਮਿਲੀ ਸਿਆਣਪ ਨੂੰ ਵੀ ਪੇਸ਼ ਕੀਤਾ ਹੈ, ਤਾਂ ਜੋ ਪਾਠਕ ਇਨ੍ਹਾਂ ਸੰਦੇਸ਼ਾਂ ਨੂੰ ਹੋਰ ਵਿਸ਼ਾਲ ਰੂਪ ਵਿੱਚ ਸਮਝ ਸਕਣ।
ਇਹ ਦੋਵੇਂ ਪੁਸਤਕਾਂ ਤਿਵਾੜੀ ਵੱਲੋਂ ਆਪਣੇ ਪਿਤਾ ਰਾਮ ਸੇਵਕ ਨੂੰ ਸ਼ਰਧਾਂਜਲੀ ਹਨ। ਉਨ੍ਹਾਂ ਦੇ ਪਿਤਾ ਵੱਲੋਂ ਰਾਮਾਇਣ ਦੇ ਪਾਠ ਦੀ ਜੋ ਪਰੰਪਰਾ ਸ਼ੁਰੂ ਕੀਤੀ ਗਈ ਸੀ, ਉਸ ਨੂੰ ਅੱਗੇ ਵਧਾਉਂਦੇ ਹੋਏ ਤਿਵਾੜੀ ਨਿੱਜੀ ਪੱਧਰ ’ਤੇ ਭਾਰਤ ਦੀਆਂ ਉੱਤਮ ਸੱਭਿਆਚਾਰਕ ਪਰੰਪਰਾਵਾਂ ਦੀ ਨੁਮਾਇੰਦਗੀ ਕਰਦੇ ਹਨ-ਪਰਿਵਾਰਕ ਪਰੰਪਰਾਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਨੂੰ ਵੱਡੇ ਲੋਕ-ਹਿੱਤ ਲਈ ਹੋਰ ਵਿਸ਼ਾਲ ਬਣਾਉਣਾ।
ਭਾਰਤੀ ਧਾਰਮਿਕ ਗ੍ਰੰਥਾਂ ਦੇ ਕੇਂਦਰ ’ਚ ਗਿਆਨ ਮਾਰਗ, ਕਰਮ ਯੋਗ ਅਤੇ ਭਗਤੀ ਮਾਰਗ ’ਚ ਨਿਹਿਤ ਸੰਦੇਸ਼ਾਂ ਨੂੰ ਸਮਝਣ ਦੀ ਕੋਸ਼ਿਸ਼ ਹੈ। ਰਾਮਾਇਣ ਅਤੇ ਗੀਤਾ ਇਨ੍ਹਾਂ ਤਿੰਨਾਂ ਧਾਰਾਵਾਂ ਨੂੰ ਉਜਾਗਰ ਕਰਦੇ ਹਨ। ਜਿਵੇਂ ਉਪਨਿਸ਼ਦ ਪ੍ਰਸ਼ਨਾਂ ਅਤੇ ਸੰਵਾਦਾਂ ਵਿੱਚੋਂ ਉਭਰੇ, ਉਸੇ ਤਰ੍ਹਾਂ ਤਿਵਾੜੀ ਵੀ ਸੰਵਾਦਾਂ ਨੂੰ ਸਾਹਮਣੇ ਲਿਆਉਂਦੇ ਹਨ ਤਾਂ ਜੋ ਰਾਮਾਇਣ ਅਤੇ ਗੀਤਾ ਵਿੱਚੋਂ ਮਿਲੀ ਸਿਆਣਪ ਭਰੀ ਬਾਣੀ ਨੂੰ ਹੋਰ ਸਪਸ਼ਟ ਕੀਤਾ ਜਾ ਸਕੇ। ਆਸਥਾ ਪਰਮਾਤਮਾ ਨਾਲ ਏਕਤਾ ਪ੍ਰਾਪਤ ਕਰਨ ਦਾ ਮਾਰਗ ਹੈ। ਤਿਵਾੜੀ ਦੋਵਾਂ ਗ੍ਰੰਥਾਂ ਦੇ ਹਵਾਲੇ ਨਾਲ ਆਸਥਾ ਦੀ ਅਸਲ ਮਹੱਤਤਾ ਨੂੰ ਉਜਾਗਰ ਕਰਦੇ ਹਨ। ਉਹ ਲਿਖਦੇ ਹਨ ਕਿ ਅੰਧ-ਵਿਸ਼ਵਾਸ ਲਈ ਕੋਈ ਥਾਂ ਨਹੀਂ ਹੈ। ਕਾਕਭੁਸ਼ੁੰਡੀ ਗੀਤਾ ਦੇ ਸੰਦੇਸ਼ਾਂ ਦੀ ਵਿਆਖਿਆ ਕਰਦਿਆਂ ਤਿਵਾੜੀ ਲਿਖਦੇ ਹਨ ਕਿ ‘ਸ਼ਰਧਾ’ ਅੰਧ-ਵਿਸ਼ਵਾਸ ਜਾਂ ਕਿਸੇ ਅਜਿਹੇ ਕਥਨ ਨੂੰ ਬਿਨਾਂ ਸਵਾਲ ਕੀਤੇ ਸਵੀਕਾਰ ਕਰਨਾ ਨਹੀਂ ਹੈ ਜਿਸ ਨੂੰ ਦੈਵੀ ਕਿਹਾ ਗਿਆ ਹੋਵੇ। ਇਹ ਉਹ ਅੰਦਰੂਨੀ ਵਿਸ਼ਵਾਸ ਹੈ ਜਿਸ ਰਾਹੀਂ ਮਨੁੱਖ ਗ੍ਰੰਥਾਂ ਦੇ ਅਸਲ ਅਰਥ ਨੂੰ ਸਪਸ਼ਟ ਤੌਰ ’ਤੇ ਸਮਝਦਾ ਹੈ ਅਤੇ ਗੁਰੂ ਦੇ ਮਾਰਗਦਰਸ਼ਕ ਬਚਨਾਂ ਨੂੰ ਸਤਿਕਾਰ ਨਾਲ ਸਵੀਕਾਰ ਕਰਦਾ ਹੈ। ਤਿਵਾੜੀ ਇਸ ਦੀ ਤੁਲਨਾ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਵੱਲੋਂ ਦਿੱਤੀ ਵਿਆਖਿਆ ਨਾਲ ਕਰਦੇ ਹੋਏ ਲਿਖਦੇ ਹਨ ਕਿ ਆਸਥਾ ਸਾਡੇ ਅੰਦਰਲੇ ਸੂਖਮ ਸੰਸਕਾਰਾਂ ਨੂੰ ਰੂਪ ਦਿੰਦੀ ਹੈ, ਜੋ ਜੀਵਨ ਪ੍ਰਤੀ ਸਾਡੇ ਨਜ਼ਰੀਏ ਨੂੰ ਪ੍ਰਭਾਵਿਤ ਕਰਦੇ ਹਨ।
ਲਕਸ਼ਮਣ ਗੀਤਾ ਦੇ ਸੰਦੇਸ਼ਾਂ ਦੀ ਵਿਆਖਿਆ ਕਰਦਿਆਂ ਤਿਵਾੜੀ ਪਾਠਕਾਂ ਨੂੰ ਆਤਮ-ਖੋਜ ਦੀ ਯਾਤਰਾ ’ਤੇ ਲੈ ਜਾਂਦੇ ਹਨ। ਉਹ ਨਿਸ਼ਾਦਰਾਜ ਵੱਲੋਂ ਉਠਾਏ ਗਏ ਸਵਾਲਾਂ ਨੂੰ ਸਾਹਮਣੇ ਲਿਆਉਂਦੇ ਹਨ, ਜੋ ਭਗਵਾਨ ਰਾਮ ਨੂੰ ਰਾਜ ਤੋਂ ਵਨਵਾਸ ਮਿਲਣ ਕਾਰਨ ਬਹੁਤ ਦੁਖੀ ਸਨ। ਲਕਸ਼ਮਣ ਦੇ ਉੱਚੇ ਵਿਚਾਰਾਂ ਰਾਹੀਂ ਤਿਵਾੜੀ ਵਿਰਕਤੀ ਦੇ ਅਰਥ ਨੂੰ ਉਜਾਗਰ ਕਰਦੇ ਹਨ—ਉਹ ਵਿਰਕਤੀ ਜਿਸ ਨਾਲ ਭਗਵਾਨ ਰਾਮ ਨੇ ਆਪਣੇ ਰਾਜ-ਤਿਲਕ ਅਤੇ ਫਿਰ 14 ਸਾਲਾਂ ਦੇ ਤਪੱਸਵੀ ਜੀਵਨ ਲਈ ਵਨਵਾਸ—ਦੋਵਾਂ ਨੂੰ ਸਵੀਕਾਰ ਕੀਤਾ। 275 ਸਫ਼ਿਆਂ ਦੀ ਇਹ ਪੁਸਤਕ ਤਿੰਨ ਭਾਗਾਂ ਵਿਚ ਵੰਡੀ ਗਈ ਹੈ, ਲਕਸ਼ਮਣ ਗੀਤਾ, ਪੁਰਜਨ ਗੀਤਾ ਅਤੇ ਕਾਕਭੁਸ਼ੁੰਡੀ ਗੀਤਾ।
ਹਰੇਕ ਵਿਸ਼ੇ ’ਤੇ ਚਰਚਾ ਕਰਦਿਆਂ ਮੂਲ ਦੋਹਿਆਂ ਨੂੰ ਵੀ ਸਾਂਝਾ ਕੀਤਾ ਗਿਆ ਹੈ, ਜਿਸ ਨਾਲ ਪੁਸਤਕ ਦੀ ਡੂੰਘਾਈ ਹੋਰ ਵਧ ਜਾਂਦੀ ਹੈ। ਇਨ੍ਹਾਂ ਵਿਸ਼ਿਆਂ ਦੀ ਚੋਣ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਜੀਵਨ ਵਿੱਚ ਸੰਕਟ ਦਾ ਸਾਹਮਣਾ ਕਰ ਰਹੇ ਮਨੁੱਖ ਦੀ ਮਨੋਦਸ਼ਾ ਨੂੰ ਸਮਝਿਆ ਜਾ ਸਕੇ। ਇੱਕੋ ਥਾਂ ’ਤੇ ਰਾਮਾਇਣ ਅਤੇ ਗੀਤਾ ਦੇ ਸਾਂਝੇ ਸੰਦੇਸ਼ਾਂ ਦੀ ਵਿਆਖਿਆ ਹੋਣ ਕਾਰਨ ਇਹ ਪੁਸਤਕ ਇੱਕ ਕੀਮਤੀ ਖ਼ਜ਼ਾਨੇ ਦਾ ਦਰਜਾ ਹਾਸਲ ਕਰ ਲੈਂਦੀ ਹੈ। ਟ੍ਰੀ ਸ਼ੇਡਸ ਬੁਕਸ ਵੱਲੋਂ ਪ੍ਰਕਾਸ਼ਿਤ ਤਿਵਾੜੀ ਦੀ ਇਹ ਪੁਸਤਕ ਪਾਠਕ ਨੂੰ ਇਹ ਸਹੂਲਤ ਵੀ ਦਿੰਦੀ ਹੈ ਕਿ ਉਹ ਕਿਸੇ ਵੀ ਅਧਿਆਇ ਤੋਂ ਪੜ੍ਹਨਾ ਸ਼ੁਰੂ ਕਰ ਸਕਦਾ ਹੈ ਅਤੇ ਫਿਰ ਵੀ ਉਸ ਵਿੱਚ ਪੂਰੀ ਤਰ੍ਹਾਂ ਰੁੱਝਿਆ ਰਹੇਗਾ। ਪੁਸਤਕ ਦਾ ਮੂਲ ਆਧਾਰ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਇੱਕ ਰੋਜ਼ਾਨਾ ਅਖ਼ਬਾਰ ਵਿਚ ਤਿਵਾੜੀ ਵੱਲੋਂ ਲਿਖੇ ਕਾਲਮ ਹਨ। ਪਰ ਲੇਖਕ ਸਿਰਫ਼ ਪਹਿਲਾਂ ਪ੍ਰਕਾਸ਼ਿਤ ਸਮੱਗਰੀ ਤੱਕ ਸੀਮਿਤ ਨਹੀਂ ਰਹੇ। ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਨੂੰ ਉਦਾਹਰਣਾਂ ਅਤੇ ਵਿਸਥਾਰਪੂਰਵਕ ਵਿਆਖਿਆਵਾਂ ਨਾਲ ਹੋਰ ਸਪਸ਼ਟ ਕਰਦਿਆਂ ਇਨ੍ਹਾਂ ਕਾਲਮਾਂ ਨੂੰ ਬੜੀ ਸੁਚੱਜੀ ਤਰ੍ਹਾਂ ਇੱਕ ਪੁਸਤਕ ਦਾ ਰੂਪ ਦਿੱਤਾ ਹੈ। ਪੁਰਜਨ ਗੀਤਾ ’ਚ, ਜੋ ਭਗਵਾਨ ਰਾਮ ਵੱਲੋਂ ਰਾਜ ਤੋਂ ਬਣਵਾਸ ਮਿਲਣ ਤੋਂ ਬਾਅਦ ਅਯੁੱਧਿਆ ਦੇ ਲੋਕਾਂ ਨੂੰ ਦਿੱਤਾ ਗਿਆ ਉਪਦੇਸ਼ ਹੈ, ਤਿਵਾੜੀ ਲਿਖਦੇ ਹਨ ਕਿ ਗਿਆਨ ਦਾ ਮਾਰਗ ਡੂੰਘੇ ਆਤਮ-ਚਿੰਤਨ, ਵਿਚਾਰ ਅਤੇ ਮਨਨ ਦੀ ਮੰਗ ਕਰਦਾ ਹੈ। ਸੱਚ ਦੀ ਖੋਜ ਵਿੱਚ, ਜੋ ਸਾਰੇ ਨਾਮਾਂ, ਰੂਪਾਂ ਅਤੇ ਗੁਣਾਂ ਤੋਂ ਪਰੇ ਹੈ, ਹਰ ਮਨ ਲਈ ਇਸ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਸਮਝਣਾ ਆਸਾਨ ਨਹੀਂ ਹੈ।
ਇਸ ਮਾਰਗ ਨੂੰ ਆਮ ਮਨੁੱਖ ਲਈ ਸੁਖਾਲਾ ਬਣਾਉਣ ਲਈ ਲੇਖਕ ਗੀਤਾ ਦੇ ਸੰਦੇਸ਼ ਦਾ ਹਵਾਲਾ ਦਿੰਦਿਆਂ ਦੱਸਦੇ ਹਨ ਕਿ ਭਗਤੀ ਮਨੁੱਖ ਨੂੰ ਦੇਹ ਦੇ ਭਰਮ ਤੋਂ ਮੁਕਤ ਕਰਦੀ ਹੈ। ਇਹ ਮਨੁੱਖ ਦੀ ਉਸ ਆਮ ਭੁੱਲ ਨੂੰ ਦੂਰ ਕਰਦੀ ਹੈ ਜਿਸ ਵਿਚ ਸਰੀਰ ਨੂੰ ਹੀ ‘ਆਪ’ ਸਮਝ ਲਿਆ ਜਾਂਦਾ ਹੈ। ਇਹੀ ਅਗਿਆਨਤਾ ਦੀ ਜੜ੍ਹ ਹੈ, ਜੋ ਮੋਹ, ਡਰ, ਹੰਕਾਰ ਅਤੇ ਦੁੱਖ ਨੂੰ ਜਨਮ ਦਿੰਦੀ ਹੈ।
ਅਜਿਹੇ ਦੌਰ ਵਿੱਚ ਜਦੋਂ ਗੁੱਸਾ ਤੁਰੰਤ ਉਭਰਦਾ ਹੈ ਅਤੇ ਇੱਛਾਵਾਂ ਦੀ ਕੋਈ ਹੱਦ ਨਹੀਂ ਰਹੀ, ਤਿਵਾੜੀ ਦੀ ਇਹ ਪੁਸਤਕ ਪਾਠਕਾਂ ਲਈ ਰਾਹ ਦਿਖਾਉਣ ਵਾਲੇ ਦੀਵੇ ਵਾਂਗ ਕੰਮ ਕਰਦੀ ਹੈ ਅਤੇ ਉਨ੍ਹਾਂ ਦੇ ਮਨ ਨੂੰ ਸਥਿਰ ਕਰਨ ਵਿੱਚ ਮਦਦ ਕਰਦੀ ਹੈ। ਇਹ ਪੁਸਤਕ ਸਿਰਫ਼ ਲਾਇਬ੍ਰੇਰੀਆਂ ਵਿੱਚ ਹੀ ਨਹੀਂ, ਸਗੋਂ ਲੋਕਾਂ ਦੇ ਨਿੱਜੀ ਪੁਸਤਕ-ਸੰਗ੍ਰਹਿ ਵਿੱਚ ਵੀ ਥਾਂ ਦੀ ਹੱਕਦਾਰ ਹੈ, ਖ਼ਾਸ ਕਰਕੇ ਨੌਜਵਾਨਾਂ ਦੇ ਪੁਸਤਕ-ਸੰਗ੍ਰਹਿ ’ਚ ਇਸ ਦਾ ਅਹਿਮ ਸਥਾਨ ਹੋ ਸਕਦਾ ਹੈ।