- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹ ਨਸ਼ਾ ਛੁਡਾਊ ਕੇਂਦਰ ਵਿਚ ਸਾਜਰੇ ਹੀ ਪਹੁੰਚ ਗਿਆ ਸੀ। ਦਸ ਕੁ ਕਿਲੋਮੀਟਰ ਦਾ ਸਫ਼ਰ ਉਸ ਨੇ ਆਪਣੇ ਵਰਗੇ ਮਾੜਚੂ ਜਿਹੇ ਸਾਈਕਲ ’ਤੇ ਤੈਅ ਕੀਤਾ ਸੀ। ਬੈਂਚ ’ਤੇ ਬਹਿੰਦਿਆਂ ਉਸ ਨੇ ਆਲੇ-ਦੁਆਲੇ ਨਜ਼ਰ ਮਾਰੀ। ਇੱਕਾ-ਦੁੱਕਾ ਕਰਮਚਾਰੀ ਪਹੁੰਚ ਗਏ ਸਨ। ਨਸ਼ੱਈ ਮਰੀਜ਼ ਵੀ ਹੱਥਾਂ ’ਚ ਪਰਚੀਆਂ ਫੜੀਂ ਪਹੁੰਚ ਰਹੇ ਸਨ।

ਉਹ ਨਸ਼ਾ ਛੁਡਾਊ ਕੇਂਦਰ ਵਿਚ ਸਾਜਰੇ ਹੀ ਪਹੁੰਚ ਗਿਆ ਸੀ। ਦਸ ਕੁ ਕਿਲੋਮੀਟਰ ਦਾ ਸਫ਼ਰ ਉਸ ਨੇ ਆਪਣੇ ਵਰਗੇ ਮਾੜਚੂ ਜਿਹੇ ਸਾਈਕਲ ’ਤੇ ਤੈਅ ਕੀਤਾ ਸੀ। ਬੈਂਚ ’ਤੇ ਬਹਿੰਦਿਆਂ ਉਸ ਨੇ ਆਲੇ-ਦੁਆਲੇ ਨਜ਼ਰ ਮਾਰੀ। ਇੱਕਾ-ਦੁੱਕਾ ਕਰਮਚਾਰੀ ਪਹੁੰਚ ਗਏ ਸਨ। ਨਸ਼ੱਈ ਮਰੀਜ਼ ਵੀ ਹੱਥਾਂ ’ਚ ਪਰਚੀਆਂ ਫੜੀਂ ਪਹੁੰਚ ਰਹੇ ਸਨ। ਉਸ ਵਾਲੇ ਬੈਂਚ ’ਤੇ ਉਸ ਦੀ ਉਮਰ ਦਾ ਹੀ ਵਿਅਕਤੀ ਕੁਝ ਪਲ ਸੋਚਣ ਤੋਂ ਬਾਅਦ ਉਸ ਦੇ ਲਾਗੇ ਹੋ ਕੇ ਬਹਿ ਗਿਆ। ਦੋਵਾਂ ਦਰਮਿਆਨ ਕੁਝ ਪਲ ਖ਼ਾਮੋਸ਼ੀ ਛਾਈ ਰਹੀ। ਫਿਰ ਪਿੱਛੋਂ ਆਏ ਵਿਅਕਤੀ ਨੇ ਪਹਿਲਾਂ ਬੈਠੇ ਵਿਅਕਤੀ ਨੂੰ ਪੁੱਛਿਆ, ‘ਕਿਹੜਾ ਪਿੰਡ ਐ ਤੁਹਾਡਾ’? ‘ਘੜੌਲੀ ਪਿੰਡ ਤੋਂ ਆਇਆ ਹਾਂ’, ਉਸ ਨੇ ਉਦਾਸ ਲਹਿਜ਼ੇ ’ਚ ਜਵਾਬ ਦਿੱਤਾ। ਫਿਰ ਦੂਜੇ ਵਿਅਕਤੀ ਨੇ ਜਦੋਂ ਇਹੀ ਪ੍ਰਸ਼ਨ ਉਸ ਕੋਲੋਂ ਪੁੱਛਿਆ ਤਾਂ ਉਸ ਦਾ ਜਵਾਬ ਸੀ, ‘ਮੈਂ ਵੀ ਨਨਹੇੜੇ ਪਿੰਡ ਤੋਂ ਆਇਆ, ਡਾਕਟਰ ਸਾਹਿਬ ਨੂੰ ਮਿਲਣੈ।’
ਕੁਝ ਪਲ ਦੋਵਾਂ ਦਰਮਿਆਨ ਖ਼ਾਮੋਸ਼ੀ ਛਾਈ ਰਹੀ ਪਰ ਦੋਵਾਂ ਦੀ ਹਾਲਤ ਖੰਡਰ ਹੋਈ ਇਮਾਰਤ ਵਰਗੀ ਸੀ। ਵੀਰਾਨ ਅੱਖਾਂ, ਚਿਹਰੇ ’ਤੇ ਛਾਈ ਘੋਰ ਉਦਾਸੀ। ਵਢੂੰ-ਵਢੂੰ ਖਾਂਦੀਆਂ ਸੋਚਾਂ ਦੋਵਾਂ ਦਾ ਹੀ ਨਸੀਬ ਬਣੀਆਂ ਲੱਗਦੀਆਂ ਸਨ। ਫਿਰ ਪਿੱਛੋਂ ਆਏ ਵਿਅਕਤੀ ਨੇ ਪਹਿਲਾਂ ਬੈਠੇ ਵਿਅਕਤੀ ਤੋਂ ਹਮਦਰਦੀ ਨਾਲ ਪੁੱਛਿਆ, ‘ਡਾਕਟਰ ਸਾਹਿਬ ਨੂੰ ਕਿਵੇਂ ਮਿਲਣੈ? ਘਰ ਸੁਖ ਐ’? ਇਹ ਸੁਣਦਿਆਂ ਹੀ ਪਹਿਲੇ ਦਾ ਮਨ ਛਲਕ ਉਠਿਆ, ‘ਕੀ ਪੁੱਛਦੈਂ ਭਰਾਵਾ, ਪੋਟਾ-ਪੋਟਾ ਦੁਖੀ ਹਾਂ ਮੈਂ। ਘਰ-ਬਾਰ ਸਭ ਉੱਜੜ ਗਿਆ’, ਇਹ ਕਹਿੰਦਿਆ ਉਹਦੇ ਨੈਣਾਂ ਦੇ ਕੋਇਆਂ ’ਚੋਂ ਮਤਲਬ ਪਰਲ ਪਰਲ ਹੰਝੂ ਵਹਿਣ ਲੱਗੇ। ਆਪਣੇ ਪੋਟਿਆਂ ਨਾਲ ਅੱਥਰੂ ਪੂੰਝਦਿਆਂ ਉਸ ਨੇ ਦਰਦ ਭਰੀ ਆਵਾਜ਼ ਵਿਚ ਦੱਸਿਆ, ‘ਚਾਰ ਸਤੀਰਾਂ ਵਰਗੇ ਪੁੱਤਾਂ ਦਾ ਬਾਪ ਸੀ ਮੈਂ। ਪਹਿਲਾਂ ਦੋ ਮੁੰਡੇ ਚਿੱਟੇ ’ਤੇ ਲੱਗ ਗਏ। ਬਥੇਰੀ ਭੱਜ-ਦੌੜ ਕੀਤੀ, ਉਨ੍ਹਾਂ ਨੂੰ ਬਚਾਉਣ ਦੀ। ਪਿੰਡ ਵਿਚ ਹਰਲ-ਹਰਲ ਕਰਦੇ ਨਸ਼ੇੜੀ ਤੇ ਰਿਉੜੀਆਂ ਵਾਂਗ ਵੇਚਣ ਵਾਲੇ ਚਿੱਟੇ ਦੇ ਸੁਦਾਗਰਾਂ ਸਾਹਮਣੇ ਮੇਰੀ ਕੋਈ ਪੇਸ਼ ਨਾ ਗਈ। ਜੇ ਨਸ਼ਾ ਵੇਚਣ ਵਾਲਿਆਂ ਨੂੰ ਪਿੰਡ ਦੇ ਮੁਹਤਬਰਾਂ ਨੂੰ ਨਾਲ ਲੈ ਕੇ ਨਸ਼ਾ ਵੇਚਣ ਤੋਂ ਰੋਕਣ ਲਈ ਕਹਿੰਦੇ ਤਾਂ ਉਹ ਉਲਟਾ ਸਾਡੇ ਗਲ ਪੈਂਦਿਆਂ ਜਵਾਬ ਦਿੰਦੇ, ‘ਅਸੀਂ ਥੋਡੇ ਮੁੰਡਿਆਂ ਨੂੰ ਨਿਉਂਦਾ ਦੇ ਕੇ ਬੁਲਾਉਣੇ ਆਂ? ਉਨ੍ਹਾਂ ਨੂੰ ਰੋਕੋ। ਉਹ ਨਾ ਆਉਣ ਸਾਡੇ ਕੋਲ ਨਸ਼ਾ ਪੱਤਾ ਲੈਣ।’ ਏਧਰ ਜੇ ਮੁੰਡਿਆਂ ਨੂੰ ਟੋਕਦੇ ਤਾਂ ਉਹ ਗਲ ਨੂੰ ਹੱਥ ਪਾਉਣ ਆਉਂਦੇ। ਮੁੰਡਿਆਂ ਦੀ ਮਾਂ ਵੀ ਬਥੇਰਾ ਕਲਪਦੀ ਪਰ ਉਨ੍ਹਾਂ ਨੂੰ ਕਿਸੇ ਦੀ ਵੀ ਲਹੀ ਤਹੀ ਦੀ ਨਹੀਂ ਸੀ।’ ਕੁਝ ਪਲ ਰੁਕਣ ਤੋਂ ਬਾਅਦ ਉਸ ਨੇ ਗੱਲ ਦੀ ਲੜੀ ਨੂੰ ਅਗਾਂਹ ਤੋਰਿਆ, ‘ਘਰੋਂ ਜਿਹੜਾ ਕੁਝ ਵੀ ਹੱਥ ਲੱਗਦਾ, ਉਹ ਲੈ ਜਾਂਦੇ। ਇਕ ਦਿਨ ਮੈਂ ਤਾਂ ਕੰਮ ’ਤੇ ਗਿਆ ਹੋਇਆ ਸੀ। ਮੁੰਡਿਆਂ ਦੀ ਮਾਂ ਗੁਆਂਢੀਆਂ ਦੇ ਆਟਾ ਉਧਾਰ ਲੈਣ ਗਈ ਹੋਈ ਸੀ। ਪਿੱਛਿਓਂ ਉਨ੍ਹਾਂ ਨੇ ਕੁਝ ਸਮਾਂ ਪਹਿਲਾ ਲਿਆਂਦਾ ਫਰਿੱਜ ਤਸਕਰ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ। ਫਰਿੱਜ ਦੇ ਮਿਲੇ ਪੈਸਿਆਂ ਦੀ ਵੰਡ ਵੰਡਾਈ ਵੇਲੇ ਦੋਨੋਂ ਭਰਾਵਾਂ ਦੀ ਲੜਾਈ ਹੋ ਗਈ। ਵੱਡੇ ਨੇ ਰਸੋਈ ਵਿੱਚੋਂ ਘੋਟਨਾ ਲੈ ਕੇ ਛੋਟੇ ਦੇ ਸਿਰ ’ਤੇ ਅਜਿਹੀ ਸੱਟ ਮਾਰੀ ਕਿ ਉਹ ਮੁੜ ਕੇ ਉੱਠ ਨਹੀਂ ਸਕਿਆ। ਉਹ ਥਾਈਂ ਦਮ ਤੋੜ ਗਿਆ। ਵੱਡਾ ਮੁੰਡਾ ਹੁਣ ਜੇਲ੍ਹ ਵਿਚ ਹੈ।’ ਇਹ ਕਹਿੰਦਿਆਂ ਉਹਦੀ ਭੁੱਬ ਨਿਕਲ ਗਈ। ਦੂਜਾ ਵਿਅਕਤੀ ਉਸ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਉਸ ਨੂੰ ਪਾਣੀ ਦਾ ਗਿਲਾਸ ਪਿਲਾਇਆ। ਥੋੜਾ ਜਿਹਾ ਥਹੁ-ਸਿਰ ਹੋਣ ’ਤੇ ਉਸ ਨੇ ਆਪਣੀ ਦਰਦ ਵਿੱਥਿਆ ਫਿਰ ਸੁਣਾਉਣੀ ਸ਼ੁਰੂ ਕਰ ਦਿੱਤੀ। ਦੂਹਰੇ ਮਾਰੂ ਗ਼ਮ ਨੇ ਮੈਨੂੰ ਤਾਂ ਮਾੜਾ ਮੋਟਾ ਸੂਤ ਹੀ ਰੱਖਿਆ ਪਰ ਘਰ ਵਾਲੀ ਵੱਡੇ ਪੁੱਤ ਦਾ ਜੇਲ੍ਹ ਜਾਣਾ ਅਤੇ ਛੋਟੇ ਪੁੱਤ ਦੀ ਮੌਤ ਦੇ ਵਿਗੋਚੇ ਨੂੰ ਝੱਲ ਨਹੀਂ ਸਕੀ। ਬਸ ਇਕ ਰਾਤ ਨੂੰ ਸੁੱਤੀ ਪਈ ਰਹਿ ਗਈ। ਜਵਾਨ ਪੁੱਤ ਦੀ ਅਰਥੀ ਨੂੰ ਮੋਢਾ, ਪਤਨੀ ਦਾ ਹਮੇਸ਼ਾ ਲਈ ਸਾਥ ਛੱਡ ਜਾਣਾ ਅਤੇ ਵੱਡੇ ਮੁੰਡੇ ਦਾ ਜੇਲ੍ਹ ਵਿਚ ਭੱਠ ਝੋਕਣਾ, ਇਹ ਸਦਮਿਆਂ ਨੇ ਮੈਨੂੰ ਅੱਧ ਮਰਿਆ ਜਿਹਾ ਕਰ ਦਿੱਤੈ।’ ਨਾਲ ਵਾਲੇ ਦੇ ਹਮਦਰਦੀ ਦੇ ਬੋਲ ਵੀ ਊਣੇ ਪੈ ਗਏ ਸਨ। ਪਰਲ-ਪਰਲ ਵਗਦੇ ਅੱਥਰੂਆਂ ਕਾਰਨ ਉਸ ਦੀ ਦਾੜੀ ਵੀ ਭਿੱਜ ਗਈ ਸੀ। ਉਸ ਨੇ ਗੱਲ ਪੂਰੀ ਕਰਦਿਆਂ ਕਿਹਾ, ‘ਹੁਣ ਦੋਨੋਂ ਛੋਟੇ ਮੁੰਡੇ ਵੀ ਵੱਡੇ ਮੁੰਡਿਆਂ ਵਾਲੇ ਲੱਛਣਾਂ ’ਤੇ ਆ ਗਏ ਨੇ। ਹਰ ਰੋਜ਼ ਮੇਰੇ ਗਲ ਅੰਗੂਠਾ ਦਿੰਦੇ ਨੇ ਬਈ ਜ਼ਮੀਨ ਗਹਿਣੇ ਰੱਖ ਕੇ ਸਾਨੂੰ ਚਿੱਟੇ ਲਈ ਪੈਸੇ ਦੇ। ਅੱਜ ਡਾਕਟਰ ਕੋਲ ਇਸੇ ਕਰਕੇ ਆਇਆਂ ਬਈ ਇਹਨਾਂ ਦਾ ਕੋਈ ਬੰਨ੍ਹ ਸੁਬ੍ਹ ਹੋ ਜੇ। ਜੇ ਡਾਕਟਰ ਰਹਿਮ ਕਰ ਕੇ ਇਨ੍ਹਾਂ ਨੂੰ ਦਾਖ਼ਲ ਕਰ ਲੈਣ। ਦੇਖਦਾ ਉਨ੍ਹਾਂ ਨੂੰ ਅਰਜ਼ ਕਰ ਕੇ...।’ ਫਿਰ ਉਸ ਨੇ ਨਾਲ ਵਾਲੇ ਨੂੰ ਪੁੱਛਿਆ, ‘ਇੱਥੇ ਤੇਰਾ ਕਿਵੇਂ ਆਉਣਾ ਹੋਇਆ’?
ਉਸ ਨੇ ਗੱਚ ਭਰ ਕੇ ਆਪਣਾ ਦੁੱਖ ਦੱਸਣਾ ਸ਼ੁਰੂ ਕੀਤਾ, ‘ਕੀ ਪੁੱਛਦੈਂ, ਚਿੱਟੇ ਨੇ ਸਾਡਾ ਘਰ ਵੀ ਉਜਾੜ ਦਿੱਤੈ। ਮੇਰਾ ਜਵਾਨ ਪੁੱਤ, ਕਬੱਡੀ ਦਾ ਕਹਿੰਦਾ ਕਹਾਉਂਦਾ ਖਿਡਾਰੀ ਸੀ ਉਹ। ਇਲਾਕੇ ਵਿਚ ਨਾਮ ਸੀ ਉਹਦਾ। ਉਹਦੀਆਂ ਜਿੱਤੀਆਂ ਸ਼ੀਲਡਾਂ ਨਾਲ ਕਮਰਾ ਭਰਿਆ ਪਿਐ ਪਰ ਉਹ ਹਾਣੀਆਂ ਨਾਲ ਰਲ ਕੇ ਚਿੱਟਾ ਲਾਉਣ ਲੱਗ ਪਿਆ। ਹਾਲਾਂ ਪੰਜ ਦਿਨ ਪਹਿਲਾਂ ਹੀ ਉਸ ਦਾ ਭੋਗ ਪਿਐ। ਵਿਆਹਿਆ ਵਰ੍ਹਿਆ ਸੀ। ਨੂੰਹ ਕੋਲ ਛੇ ਮਹੀਨਿਆਂ ਦਾ ਪੁੱਤ ਐ...।’ ਕੁਝ ਦੇਰ ਲਈ ਉਦਾਸ ਖ਼ਾਮੋਸ਼ੀ ਉਨ੍ਹਾਂ ਦੇ ਦਰਮਿਆਨ ਛਾਈ ਰਹੀ। ਫਿਰ ਉਸ ਨੇ ਖ਼ਾਮੋਸ਼ੀ ਤੋੜਦਿਆ ਗੱਲ ਨੂੰ ਅਗਾਂਹ ਤੋਰਿਆ, ‘ਭੋਗ ’ਤੇ ਹੀ ਮੈਨੂੰ ਪਤਾ ਲੱਗਿਆ ਬਈ ਛੋਟਾ ਵੀ ਚਿੱਟੇ ਦੀ ਲਪੇਟ ਵਿਚ ਆਇਆ ਹੋਇਐ। ਸਾਡੇ ਪਿੰਡ ਵੀ ਚਿੱਟਾ ਸ਼ਰੇਆਮ ਵਿਕਦਾ। 16 ਕੁ ਵਰ੍ਹਿਆਂ ਦਾ ਮੁੰਡਾ ਹੈ ਮੇਰਾ। ਜਦੋਂ ਉਹਨੂੰ ਰਿਸ਼ਤੇਦਾਰਾਂ ਵਿਚ ਬਿਠਾ ਕੇ ਪੁੱਛਿਆ ਤਾਂ ਉਹ ਮੰਨ ਗਿਆ ਕਿ ਮੈਨੂੰ ਚਿੱਟੇ ਦਾ ਕੋਹੜ ਚਿੰਬੜ ਗਿਆ। ਉਹਦੇ ਇਲਾਜ ਲਈ ਮੈਂ ਵੀ ਡਾਕਟਰ ਸਾਹਿਬ ਤੋਂ ਪੁੱਛਣ ਆਇਆਂ।’ ਦੋਵਾਂ ਨੇ ਇਕ-ਦੂਜੇ ਦੇ ਹੱਥ ਘੁੱਟ ਕੇ ਫੜੇ ਹੋਏ ਸਨ। ਉਨ੍ਹਂ ਦੇ ਨੈਣਾਂ ’ਚੋਂ ਵਹਿੰਦੇ ਖ਼ੂਨ ਦੇ ਅੱਥਰੂ ਇਕ-ਦੂਜੇ ਦੀਆਂ ਤਲੀਆਂ ਨੂੰ ਭਿਉਂ ਰਹੇ ਸਨ।ਡਾਕਟਰ ਸਾਹਿਬ ਹਾਲੇ ਆਏ ਨਹੀਂ ਸਨ। ਪੀੜਤ ਲੋਕ ਅਤੇ ਨਸ਼ਈ ਮਰੀਜ਼ਾਂ ਨਾਲ ਨਸ਼ਾ ਛੁਡਾਊ ਕੇਂਦਰ ਦਾ ਵਿਹੜਾ ਭਰ ਗਿਆ ਸੀ।
- ਮੋਹਨ ਸ਼ਰਮਾ