- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਸਤਕ ਦਾ ਸਭ ਤੋਂ ਦਰਦਨਾਕ ਪਹਿਲੂ ਰਿਸ਼ਤਿਆਂ ’ਚ ਆਈ ਕੜਵਾਹਟ ਹੈ। ਲੇਖਕ ਦਰਸਾਉਂਦਾ ਹੈ ਕਿ ਜਦੋਂ ਸੁੱਖਾ ਆਪਣੀ ਕਮਾਈ ਨਾਲ ਪੰਜਾਬ ਵਿਚ 180 ਏਕੜ ਜ਼ਮੀਨ ਤੇ ਸ਼ਾਨਦਾਰ ਕੋਠੀ ਬਣਾ ਲੈਂਦਾ ਹੈ, ਤਾਂ ਉਸ ਦੇ ਆਪਣੇ ਹੀ ਭਰਾ ਅਤੇ ਭਤੀਜੇ ਉਸ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। 5 ਲੱਖ ਦੀ ‘ਸੁਪਾਰੀ’ ਵਾਲੀ ਘਟਨਾ ਮਨੁੱਖੀ ਰਿਸ਼ਤਿਆਂ ਦੀ ਤ੍ਰਾਸਦੀ ਨੂੰ ਨੰਗਾ ਕਰਦੀ ਹੈ।

ਪੁਸਤਕ : ‘ਉਦਰੇਵਾਂ’
ਲੇਖਕ : ਗੁਰਦੇਵ ਸਿੰਘ ਬਰਾੜ
ਪੰਨੇ : 164, ਮੁੱਲ : 300 ਰੁਪਏ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਦੋ ਪੁਸਤਕਾਂ ਤੇ ਚਾਰ ਸੋਵੀਨੀਅਰ ਦੇ ਰਚੇਤਾ ਗੁਰਦੇਵ ਸਿੰਘ ਬਰਾੜ ਦੀ ਛਪੀ ਹੁਣ ਨਵੀਂ ਪੁਸਤਕ ‘ਉਦਰੇਵਾਂ’ ਪਰਵਾਸੀ ਪੰਜਾਬੀਆਂ ਦੇ ਜੀਵਨ, ਉਨ੍ਹਾਂ ਦੀ ਹੱਡ-ਭੰਨਵੀਂ ਮਿਹਨਤ ਤੇ ਪੰਜਾਬ ਵਿਚ ਬਦਲਦੇ ਰਿਸ਼ਤਿਆਂ ਦਾ ਬਹੁਤ ਹੀ ਸੰਵੇਦਨਸ਼ੀਲ ਚਿਤਰਨ ਹੈ। ਲੇਖਕ ਪਿੰਡ ਆਲਮਵਾਲਾ ਕਲਾਂ ਜ਼ਿਲ੍ਹਾ ਮੋਗਾ ਦੇ ਜੰਮਪਲ ਤੇ ਹੁਣ ਕੈਨੇਡਾ ਦੇ ਵਸਨੀਕ ਦੇ ਇਹ ਕੇਵਲ 19 ਲੇਖ ਤੇ ਕਹਾਣੀਆਂ ਦਾ ਸੰਗ੍ਰਹਿ ਨਹੀਂ ਸਗੋਂ ਸਾਡੇ ਸਮਾਜ ’ਚ ਪੈਦਾ ਹੋ ਰਹੀ ਨੈਤਿਕ ਗਿਰਾਵਟ ਤੇ ਪਦਾਰਥਵਾਦ ਦਾ ਗੰਭੀਰ ਵਿਸ਼ਲੇਸ਼ਣ ਹੈ। ਲੇਖਕ ਨੇ ਕੈਨੇਡਾ ਵਰਗੇ ਮੁਲਕ ਵਿਚ ਪੰਜਾਬੀਆਂ ਦੁਆਰਾ ਕੀਤੇ ਜਾਂਦੇ ਜੋਖ਼ਮ ਭਰੇ ਕੰਮਾਂ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਸੁੱਖੇ ਦੇ ਪਾਤਰ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਇਨਸਾਨ 17 ਸਾਲ ਦੀ ਉਮਰ ’ਚ ਵਿਦੇਸ਼ ਜਾ ਕੇ ਜ਼ਹਿਰੀਲੀ ਧੂੜ ਤੇ ਖ਼ਤਰਨਾਕ ਮਸ਼ੀਨਾਂ ਨਾਲ ਜੂਝਦਾ ਹੈ ਤਾਂ ਜੋ ਉਸ ਦਾ ਪਰਿਵਾਰ ਪੰਜਾਬ ਵਿਚ ਸੁਖੀ ਰਹਿ ਸਕੇ।
ਪੁਸਤਕ ਦਾ ਸਭ ਤੋਂ ਦਰਦਨਾਕ ਪਹਿਲੂ ਰਿਸ਼ਤਿਆਂ ’ਚ ਆਈ ਕੜਵਾਹਟ ਹੈ। ਲੇਖਕ ਦਰਸਾਉਂਦਾ ਹੈ ਕਿ ਜਦੋਂ ਸੁੱਖਾ ਆਪਣੀ ਕਮਾਈ ਨਾਲ ਪੰਜਾਬ ਵਿਚ 180 ਏਕੜ ਜ਼ਮੀਨ ਤੇ ਸ਼ਾਨਦਾਰ ਕੋਠੀ ਬਣਾ ਲੈਂਦਾ ਹੈ, ਤਾਂ ਉਸ ਦੇ ਆਪਣੇ ਹੀ ਭਰਾ ਅਤੇ ਭਤੀਜੇ ਉਸ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। 5 ਲੱਖ ਦੀ ‘ਸੁਪਾਰੀ’ ਵਾਲੀ ਘਟਨਾ ਮਨੁੱਖੀ ਰਿਸ਼ਤਿਆਂ ਦੀ ਤ੍ਰਾਸਦੀ ਨੂੰ ਨੰਗਾ ਕਰਦੀ ਹੈ। ਲੇਖਕ ਪੁਰਾਤਨ ਪੰਜਾਬੀ ਵਿਰਸੇ (ਨਾਨਕਸ਼ਾਹੀ ਇੱਟਾਂ, ਕੱਚੇ ਕੋਠੇ) ਅਤੇ ਅਜੋਕੇ ਆਧੁਨਿਕ ਪਰ ਖ਼ਾਲੀ ਮਹਿਲਾਂ ਦੀ ਤੁਲਨਾ ਕਰਦਾ ਹੈ। ਇਹ ‘ਉਦਰੇਵਾਂ’ ਉਸ ਮਾਨਸਿਕ ਪੀੜ ਨੂੰ ਦਰਸਾਉਂਦਾ ਹੈ, ਜਿੱਥੇ ਬੰਦੇ ਕੋਲ ਸੁੱਖ-ਸਹੂਲਤਾਂ ਤਾਂ ਹਨ ਪਰ ਰਿਸ਼ਤਿਆਂ ਦੀ ਉਹ ਨਿੱਘ ਅਤੇ ਸਾਂਝ ਗਾਇਬ ਹੈ, ਜੋ ਕਦੇ ਸਾਡੇ ਪਿਛੋਕੜ ਦਾ ਹਿੱਸਾ ਸੀ। ਗੁਰਦੇਵ ਸਿੰਘ ਬਰਾੜ ਦੀ ਲਿਖਣ ਸ਼ੈਲੀ ਬਹੁਤ ਹੀ ਪ੍ਰਵਾਹਮਈ ਤੇ ਮੁਹਾਵਰੇਦਾਰ ਹੈ। ਉਨ੍ਹਾਂ ਨੇ ਠੇਠ ਪੰਜਾਬੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਪਾਠਕ ਨੂੰ ਕਹਾਣੀ ਦੇ ਨਾਲ-ਨਾਲ ਤੋਰਿਆ ਹੈ। ਕੁੱਲ ਮਿਲਾ ਕੇ ‘ਉਦਰੇਵਾਂ’ ਪਾਠਕ ਦੇ ਮਨ ’ਤੇ ਡੂੰਘਾ ਅਸਰ ਛੱਡਦੀ ਹੈ ਤੇ ਸਵੈ-ਪੜਚੋਲ ਕਰਨ ਲਈ ਮਜਬੂਰ ਕਰਦੀ ਹੈ। ਇਹ ਪੁਸਤਕ ਸਾਨੂੰ ਸੁਚੇਤ ਕਰਦੀ ਹੈ ਕਿ ਪੈਸੇ ਦੀ ਹਵਸ ਵਿਚ ਅਸੀਂ ਆਪਣੀ ‘ਜ਼ਮੀਰ’ ਤੇ ‘ਪੰਜਾਬੀਅਤ’ ਨੂੰ ਦਾਅ ’ਤੇ ਨਾ ਲਗਾਈਏ। ਹਰ ਉਸ ਪੰਜਾਬੀ ਲਈ ਇਹ ਪੁਸਤਕ ਪੜ੍ਹਨੀ ਲਾਜ਼ਮੀ ਹੈ, ਜੋ ਰਿਸ਼ਤਿਆਂ ਦੀ ਅਸਲ ਕੀਮਤ ਤੇ ਪਰਵਾਸ ਦੇ ਸੱਚ ਨੂੰ ਸਮਝਣਾ ਚਾਹੁੰਦਾ ਹੈ।
- ਜਸਵਿੰਦਰ ਸਿੰਘ ਕਾਈਨੌਰ