- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸਾਹਿਤ ਜਗਤ ਦੇ ਸਤਿਕਾਰਯੋਗ ਤੇ ਨਾਮਵਰ ਹਸਤਾਖ਼ਰ ਓਮ ਪ੍ਰਕਾਸ਼ ਗਾਸੋ ਜੀ ਦੀ ਨਵੀਂ ਕਾਵਿ-ਪੁਸਤਕ 'ਤਲਖ਼ੀਆਂ ਦੀ ਤਾਸੀਰ' ਹੱਥ ਵਿਚ ਲੈਂਦਿਆਂ ਹੀ ਸਭ ਤੋਂ ਪਹਿਲਾਂ ਇਸ ਦਾ ਸਿਰਲੇਖ ਪਾਠਕ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। 'ਤਲਖ਼ੀ' ਦਾ ਭਾਵ ਹੁੰਦਾ ਹੈ ਕੜਵਾਹਟ ਤੇ 'ਤਾਸੀਰ' ਉਸ ਦੇ ਅਸਰ ਨੂੰ ਦਰਸਾਉਂਦੀ ਹੈ।

ਪੁਸਤਕ : ਤਲਖ਼ੀਆਂ ਦੀ ਤਾਸੀਰ (ਕਾਵਿ-ਧਾਰਾ)
ਲੇਖਕ: ਓਮ ਪ੍ਰਕਾਸ਼ ਗਾਸੋ
ਪੰਨੇ: 104 ਕੀਮਤ: 50/-
ਪ੍ਰਕਾਸ਼ਕ: ਮਿੱਤਰ ਮੰਡਲ ਪ੍ਰਕਾਸ਼ਨ, ਬਰਨਾਲਾ
ਪੰਜਾਬੀ ਸਾਹਿਤ ਜਗਤ ਦੇ ਸਤਿਕਾਰਯੋਗ ਤੇ ਨਾਮਵਰ ਹਸਤਾਖ਼ਰ ਓਮ ਪ੍ਰਕਾਸ਼ ਗਾਸੋ ਜੀ ਦੀ ਨਵੀਂ ਕਾਵਿ-ਪੁਸਤਕ 'ਤਲਖ਼ੀਆਂ ਦੀ ਤਾਸੀਰ' ਹੱਥ ਵਿਚ ਲੈਂਦਿਆਂ ਹੀ ਸਭ ਤੋਂ ਪਹਿਲਾਂ ਇਸ ਦਾ ਸਿਰਲੇਖ ਪਾਠਕ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। 'ਤਲਖ਼ੀ' ਦਾ ਭਾਵ ਹੁੰਦਾ ਹੈ ਕੜਵਾਹਟ ਤੇ 'ਤਾਸੀਰ' ਉਸ ਦੇ ਅਸਰ ਨੂੰ ਦਰਸਾਉਂਦੀ ਹੈ। ਪੁਸਤਕ ਦਾ ਮੁੱਖ ਪੰਨੇ ’ਤੇ ਜਿੱਥੇ ਇਕ ਹੱਥ ਵਿਚ ਦਾਤੀ ਫੜੀ, ਸਿਰ ’ਤੇ ਭਰੀ ਚੁੱਕੀ ਖੇਤਾਂ ਵਿਚ ਖੜ੍ਹੀ ਪੇਂਡੂ ਔਰਤ ਤੇ ਪਿੱਛੇ ਖੜ੍ਹੇ ਆਮ ਲੋਕਾਂ ਨੂੰ ਦਿਖਾਇਆ ਗਿਆ ਹੈ, ਉੱਥੇ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਕਿਤਾਬ ਕਿਸੇ ਵਿੱਤੀ ਤੌਰ ’ਤੇ ਸੰਪੰਨ ਵਰਗ ਦੀ ਬਾਤ ਨਹੀਂ ਪਾਉਂਦੀ ਸਗੋਂ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਆਮ ਸਧਾਰਨ ਲੋਕਾਂ ਦੀ ਜ਼ਿੰਦਗੀ ਦੀ ਕਹਾਣੀ ਹੈ।
ਕਿਤਾਬ ਦੀ ਸ਼ੁਰੂਆਤ ਵਿਚ ਗਾਸੋ ਜੀ ਨੇ ਕਵਿਤਾ ਤੇ ਸਮਾਜ ਦੇ ਰਿਸ਼ਤੇ ਬਾਰੇ ਬਹੁਤ ਹੀ ਗੰਭੀਰ ਵਿਚਾਰ ਸਾਂਝੇ ਕੀਤੇ ਹਨ। ਉਹ ਲਿਖਦੇ ਹਨ ਕਿ ਕਵਿਤਾ ਸਿਰਫ਼ ਦਿਲ ਪਰਚਾਵੇ ਦਾ ਸਾਧਨ ਨਹੀਂ ਹੈ ਸਗੋਂ ਇਹ ਮਨ ਦੀਆਂ ਗੰਢਾਂ ਨੂੰ ਖੋਲ੍ਹਣ ਤੇ ਸਮਾਜ ਨੂੰ ਜਗਾਉਣ ਦਾ ਜ਼ਰੀਆ ਹੈ। ਅੱਜ ਦੇ ਯੁੱਗ ਵਿਚ ਜਿੱਥੇ ਮਨੁੱਖ ਸਿਰਫ਼ ਪਦਾਰਥਾਂ ਤੇ ਦਿਖਾਵੇ ਪਿੱਛੇ ਨੱਠ ਰਿਹਾ ਹੈ, ਉੱਥੇ ਇਹ ਕਵਿਤਾਵਾਂ ਇਨਸਾਨ ਨੂੰ ਮੁੜ ਆਪਣੀ ਸਾਦਗੀ ਤੇ ਸਬਰ ਵੱਲ ਮੁੜਨ ਦਾ ਸੁਨੇਹਾ ਦਿੰਦੀਆਂ ਹਨ।
ਇਸ ਪੁਸਤਕ ਦੀ ਖ਼ੂਬੀ ਇਸ ਦੀ ਭਾਸ਼ਾ ਹੈ। ਗਾਸੋ ਜੀ ਨੇ ਕਿਸੇ ਵੀ ਤਰ੍ਹਾਂ ਦੀ ਔਖੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿਚ ਆਮ ਬੋਲਚਾਲ ਵਾਲੇ ਠੇਠ ਪੰਜਾਬੀ ਸ਼ਬਦ ਹਨ, ਜੋ ਸਿੱਧੇ ਪਾਠਕ ਦੇ ਦਿਲ ’ਤੇ ਆਪਣਾ ਪ੍ਰਭਾਵ ਪਾਉਂਦੇ ਹਨ। 'ਮੁਰਝਾ ਗਈ ਤਮੰਨਾ', 'ਮਨ ਦੀ ਉਦਾਸੀ', 'ਬਨਾਵਟੀ ਬੁਢਾਪਾ' ਅਤੇ 'ਧੋਖੇ ਦੇ ਕਫ਼ਨ' ਵਰਗੇ ਬਿੰਬ ਜਿੱਥੇ ਅੱਜ ਦੇ ਮਨੁੱਖ ਅੰਦਰਲੇ ਖ਼ਾਲੀਪਣ ਨੂੰ ਉਜਾਗਰ ਕਰਦੇ ਹਨ, ਉੱਥੇ ਹੀ 'ਮਿਹਨਤ ਦੀ ਮਕਰੰਦ' ਅਤੇ 'ਚਾਨਣ ਦੀ ਚਾਦਰ' ਵਰਗੇ ਸ਼ਬਦ ਜ਼ਿੰਦਗੀ ਵਿਚ ਨਵੀਂ ਆਸ ਪੈਦਾ ਕਰਦੇ ਹਨ।
ਗਾਸੋ ਜੀ ਦੀਆਂ ਕਾਵਿ ਰਚਨਾਵਾਂ ਸਮਾਜ ਦੇ ਅੱਡ-ਅੱਡ ਪਹਿਲੂਆਂ ਨੂੰ ਬੜੀ ਸੂਖਮਤਾ ਨਾਲ ਵਿਚਾਰਦੀਆਂ ਹਨ। ਉਹ ਅੱਜ ਦੇ ਦੌਰ ਵਿਚ ਰਿਸ਼ਤਿਆਂ ਦੇ ਵਿਚ ਆਉਂਦੀ ਕੜਵਾਹਟ, ਸਮਾਜਿਕ ਕਦਰਾਂ-ਕੀਮਤਾਂ ਤੇ ਮਨੁੱਖੀ ਸੁਭਾਅ ਵਿਚ ਆਈ ਗਿਰਾਵਟ ’ਤੇ ਫ਼ਿਕਰ ਜ਼ਾਹਿਰ ਕਰਦੇ ਹਨ। ਆਪਣੀ ਇਕ ਕਵਿਤਾ ’ਚ ਲਿਖਦੇ ਹਨ ਕਿ ‘ਤਲਖ਼ੀਆਂ ਦੀ ਕੌੜੀ ਤਾਸੀਰ ਮੁਰਝਾ ਗਈ ਤਮੰਨਾ’ ਯਾਨੀ ਸਮਾਜ ਦੀ ਕੁੜੱਤਣ ਇਨਸਾਨ ਦੀਆਂ ਉਮੀਦਾਂ ਨੂੰ ਖ਼ਤਮ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਉਹ ਪਾਠਕ ਨੂੰ ਨਿਰਾਸ਼ਾ ਵਿਚ ਨਹੀਂ ਧੱਕਦੇ ਸਗੋਂ 'ਮਨੁੱਖਤਾ ਦੀ ਕਹਾਣੀ' ਨੂੰ ਜਿਉਂਦਾ ਰੱਖਣ ਲਈ 'ਜਾਗਦਾ ਰਿਹਾ ਵਿਸ਼ਵਾਸ' ਦੀ ਗੱਲ ਕਰਦੇ ਹਨ। ਇਹ ਕਿਤਾਬ ਓਮ ਪ੍ਰਕਾਸ਼ ਗਾਸੋ ਜੀ ਦੀ ਉਸਾਰੂ ਜੀਵਨ-ਸੋਝੀ ਅਤੇ ਲੰਬੀ ਸਾਹਿਤ ਸਾਧਨਾ ਦਾ ਨਿਚੋੜ ਹੈ। 'ਤਲਖ਼ੀਆਂ ਦੀ ਤਾਸੀਰ' ਅੱਜ ਦੇ ਉਲਝੇ ਹੋਏ ਸਮਾਜ ਦਾ ਮਾਰਗ-ਦਰਸ਼ਨ ਕਰਦੀ ਹੈ, ਇਸ ਲਈ ਇਹ ਹਰ ਸਾਹਿਤ ਪ੍ਰੇਮੀ ਲਈ ਪੜ੍ਹਨਯੋਗ ਪੁਸਤਕ ਹੈ।
- ਪਰਮਜੀਤ ਸਿੰਘ ਸੰਸੋਆ