- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸਾਹਿਤ ਦੀ ਵਿਧਾ ‘ਨਾਵਲ’ ਦਾ ਸਾਹਿਤ ’ਚ ਆਪਣਾ ਮੁਕਾਮ ਹੈ। ਗਲਪ ਦੇ ਘੇਰੇ ਵਿਚ ਸਮਾਜ ਦਾ ਹਰ ਉਹ ਖੇਤਰ ਸ਼ਾਮਿਲ ਹੈ, ਜਿਸ ਨੇ ਪੰਜਾਬੀ ਜਨਜੀਵਨ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਪ੍ਰਭਾਵਿਤ ਕੀਤਾ ਹੈ। ਨਾਵਲ ਦੀ ਦੁਨੀਆ ਦਾ ਘੇਰਾ ਵਸੀਹ ਕਰਦਿਆਂ ਨਾਵਲ ਦੇ ਖੇਤਰ ਵਿਚ ਨਾਵਲ ‘ਤਲਾਸ਼’ (ਨਾਵਲਕਾਰ ਬਰਜਿੰਦਰ ਸਿੰਘ ਵਾਲੀਆ) ਦੀ ਮੁੱਢਲੀ ਪੈੜ ਹੈ।

ਨਾਵਲ- ਤਲਾਸ਼
ਲੇਖਕ- ਬਰਜਿੰਦਰ ਸਿੰਘ ਵਾਲੀਆ
ਪ੍ਰਕਾਸ਼ਕ - ‘ਤਾਲਿਫ ਪ੍ਰਕਾਸ਼ਨ ਬਰਨਾਲਾ’
ਸਫ਼ੇ - 106, ਮੁੱਲ - 325 ਰੁਪਏ
ਪੰਜਾਬੀ ਸਾਹਿਤ ਦੀ ਵਿਧਾ ‘ਨਾਵਲ’ ਦਾ ਸਾਹਿਤ ’ਚ ਆਪਣਾ ਮੁਕਾਮ ਹੈ। ਗਲਪ ਦੇ ਘੇਰੇ ਵਿਚ ਸਮਾਜ ਦਾ ਹਰ ਉਹ ਖੇਤਰ ਸ਼ਾਮਿਲ ਹੈ, ਜਿਸ ਨੇ ਪੰਜਾਬੀ ਜਨਜੀਵਨ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਪ੍ਰਭਾਵਿਤ ਕੀਤਾ ਹੈ। ਨਾਵਲ ਦੀ ਦੁਨੀਆ ਦਾ ਘੇਰਾ ਵਸੀਹ ਕਰਦਿਆਂ ਨਾਵਲ ਦੇ ਖੇਤਰ ਵਿਚ ਨਾਵਲ ‘ਤਲਾਸ਼’ (ਨਾਵਲਕਾਰ ਬਰਜਿੰਦਰ ਸਿੰਘ ਵਾਲੀਆ) ਦੀ ਮੁੱਢਲੀ ਪੈੜ ਹੈ। ਗਲਪ ਦੇ ਖੇਤਰ ਵਿਚ ਬਰਜਿੰਦਰ ਸਿੰਘ ਵਾਲੀਆ ਅਸਲੋਂ ਨਵਾਂ ਨਾਂ ਹੈ। ਇਹ ਉਸ ਦਾ ਪਲੇਠਾ ਕਾਰਜ ਹੈ। ਇਸ ਦਾ ਵਿਸ਼ਾ ਪੇਂਡੂ ਜਨ ਜੀਵਨ ਦੀ ਪਿੱਠ ਭੂਮੀ ਵਿਚ ਪਲ਼ਦਾ ਹੈ। ਨਾਵਲ ਦੀ ਕਹਾਣੀ ਨਾਵਲ ਦੇ ਹੀਰੋ ਪਾਤਰ ਪ੍ਰਭਦੀਪ ਦੇ ਦੁਆਲੇ ਘੁੰਮਦੀ ਹੈ। ਪ੍ਰਭਦੀਪ ਦੇ ਬਚਪਨ ਤੋਂ ਸ਼ੁਰੂ ਹੁੰਦੀ ਕਹਾਣੀ ਉਸ ਦੇ ਅੰਤਲੇ ਸਮੇਂ ’ਤੇ ਖ਼ਤਮ ਹੁੰਦੀ ਹੈ। ਨਾਵਲ ਦੇ ਮੱਧ ਵਿਚ ਉਸ ਦੀ ਮੁਹੱਬਤ ਪਨਪਦੀ ਹੈ। ਰਿਸ਼ਤਿਆਂ ਦੀ ਟੁੱਟ-ਭੱਜ ਜੀਵਨ ਨੂੰ ਅੱਗੇ ਤੋਰਦੀ ਹੈ। ਨਾਵਲ ਦਾ ਹਰ ਪਾਤਰ ਆਪਣੀ ਸਥਿਤੀ ਤੇ ਸਮੇਂ ਅਨੁਸਾਰ ਨਾਵਲ ਦੇ ਕਾਰਜਾਂ ਨੂੰ ਅੱਗੇ ਵਧਾਉਂਦਾ ਹੈ। ਉਹ ਚਾਹੇ ਵੀਰਪਾਲ ਹੋਵੇ, ਜਸਲੀਨ, ਬਚਨ ਸਿੰਘ ,ਕਰਤਾਰੋ ਭਾਬੀ, ਚਤਰ ਸਿੰਘ, ਹਰਜੀਤ ਆਦਿ। ਪੇਂਡੂ ਜਨਜੀਵਨ ਦੇ ਕਾਰਜ, ਰਹਿਣ-ਸਹਿਣ, ਚਾਦਰ ਤੋਂ ਵੱਧ ਪੈਰ ਪਸਾਰਨੇ, ਨਿੱਕੀਆਂ ਦੁਸ਼ਮਣੀਆਂ ਸਮੇਂ ਦੇ ਨਾਲ ਜਨਮਦੀਆਂ ਵੱਡੀਆਂ ਹੁੰਦੀਆਂ ਜਾਂਦੀਆਂ ਆਦਿ ਘਟਨਾਵਾਂ ਨਾਵਲ ਦੀ ਨਿੱਗਰ ਗੋਂਦ ਗੁੰਦਦੀਆਂ ਹਨ।
ਸਮਾਜ ਦੀਆਂ ਭੈੜੀਆਂ ਅਲਾਮਤਾਂ ਸ਼ਰਾਬ ਤੋਂ ਚਿੱਟੇ ਦੀ ਸਮਗਲਿੰਗ, ਆਪਸੀ ਦੁਸ਼ਮਣੀਆਂ, ਸਮਾਜਿਕ ਵਰਤਾਰੇ ਆਦਿ ਤੱਕ ਕਿਵੇਂ ਅਪੜਦੀ ਹੈ, ਇਹ ਸਮੁੱਚੇ ਨਾਵਲ ਦਾ ਹਾਸਲ ਹੈ। ਨਾਵਲ ਵਿੱਚੋਂ ਜਗੀਰਦਾਰੀ ਤਾਣਾ-ਬਾਣਾ ਵੀ ਦਿਖਾਈ ਦਿੰਦਾ ਹੈ। ਪੰਜਾਬ ਦੇ ਪੇਂਡੂ ਧਰਾਤਲ ਵਿੱਚੋਂ ਮੁਹੱਬਤ ਦੀ ਝਲਕ ਵੀ ਸਾਹਮਣੇ ਆਉਂਦੀ ਹੈ। ਨਾਵਲ ਵਿਚ ਜਾਤੀਵਾਦੀ ਵਿਤਕਰੇ ਸਮੇਂ ਦੇ ਨਾਲ ਕਿਵੇਂ ਕਰੂਰ ਰੂਪ ਧਾਰਨ ਕਰਦੇ ਹਨ, ਇਸ ਦਾ ਅੰਦਾਜ਼ਾ ਨਾਵਲ ਦਾ ਪਾਠ ਕਰਦਿਆਂ ਸਹਿਜੇ ਹੀ ਲੱਗਦਾ ਹੈ। ਨਾਵਲ ਵਿਚਲੇ ਪਾਤਰ ਲੇਖਕ ਦੇ ਹੱਥਾਂ ਦੀ ਕਠਪੁਤਲੀ ਨਾ ਹੋ ਕੇ ਸਮੇਂ ਅਤੇ ਸਥਿਤੀਆਂ ਵਿੱਚੋਂ ਜਨਮ ਲੈਂਦੇ ਹਨ। ਨਾਵਲ ਵਿਚ ਜਾਤੀ ਵਿਰੋਧ ਦੀ ਭਾਵਨਾ ਨਾਵਲ ਦੇ ਛੁਪੇ ਸੰਕਲਪ ਨੂੰ ਉਭਾਰਦੀ ਹੈ, ਜਿਸ ਨਾਲ ਨਾਵਲ ਦਾ ਅਖ਼ੀਰ ਜਾਤੀ ਵਿਰੋਧ ਭਾਵ ’ਚੋਂ ਉਪਜਦਾ ਹੋਇਆ ਕਤਲ ਤੱਕ ਪਹੁੰਚ ਜਾਂਦਾ ਹੈ। ਨਾਵਲ ਵਿਚਲੇ ਪਾਤਰਾਂ ਦਾ ਵਾਰਤਾਲਾਪ ਮਲਵਈ ਹੋਣ ਕਰਕੇ ਪਾਠਕ ਦੀ ਰੌਚਕਤਾ ਕਾਇਮ ਰੱਖਦਾ ਹੈ। ਕਿਤੇ-ਕਿਤੇ ਪਾਤਰਾਂ ਦੀ ਵਾਰਤਾਲਾਪ ਗਲਪਕਾਰ ਦੀ ਸਿੱਧੀ ਬਿਆਨਬਾਜ਼ੀ ਵੀ ਲੱਗਦੀ ਹੈ। ਸਮੇਂ ਦੀ ਮੰਗ ਕਹਿ ਲਓ ਜਾਂ ਵਕਤ ਦੀ ਨਜਾਕਤ ਹੱਥੋਂ ਬੇਗਾਨੀ ਭਾਸ਼ਾ ਦੇ ਸ਼ਬਦਾਂ ਦੀ ਭਰਮਾਰ ਹੈ, ਜਿਵੇਂ ਹੂਟਰ, ਡਿਊਟੀਆਂ, ਟਾਊਟ ਆਦਿ ਬਹੁਤ ਸਾਰੇ ਸ਼ਬਦ ਵਰਤੇ ਹਨ। ਸਮੁੱਚੇ ਨਾਵਲ ਦੀ ਭਾਸ਼ਾ ਸਰਲ ਤੇ ਰੌਚਕ ਹੈ। ਨਾਵਲਕਾਰ ਬਰਜਿੰਦਰ ਸਿੰਘ ਵਾਲੀਆ ਦੁਆਰਾ ਨਾਵਲ ਵਿਚ ਸਿਰਜੇ ਸਥਾਨਕ ਚਿਤਰਨ ਵੀ ਪਾਠਕ ਨੂੰ ਆਪਣੇ ਨਾਲ ਜੋੜ ਲੈਂਦੇ ਹਨ। ਨਾਵਲ ਪੜ੍ਹਦਿਆਂ ਪਾਠਕ ਕਦੇ ਵੀ ਅਕਾਊਪੁਣਾ ਮਹਿਸੂਸ ਨਹੀਂ ਕਰਦਾ। ਸਥਾਨਕ ਮੁਹਾਵਰੇ ਤੇ ਅਖਾਣਾਂ ਦੀ ਘਾਟ ਨਾਵਲ ਵਿਚ ਜ਼ਰੂਰ ਰੜਕਦੀ ਹੈ। ਨਾਵਲ ਦੀ ਭਾਸ਼ਾ ਬੜੀ ਸਰਲ ਤੇ ਸਧਾਰਨ ਪਾਠਕ ਦੇ ਬਹੁਤ ਨੇੜੇ ਹੈ। ਅੱਗੇ ਕੀ ਹੋਵੇਗਾ? ਦੀ ਰੌਚਿਕਤਾ ਗਲਪਕਾਰ ਨੇ ਸਮੁੱਚੇ ਨਾਵਲ ਵਿਚ ਬਣਾਈ ਰੱਖੀ ਹੈ। ਪਾਤਰਾਂ ਦੀ ਵਾਰਤਾਲਾਪ ਸਥਾਨਕ ਭਾਸ਼ਾ ਵਿਚ ਹੋਣ ਕਰਕੇ ਪਾਠਕ ਨੂੰ ਅੰਤ ਤੱਕ ਆਪਣੀਆਂ ਜੋੜੀ ਰੱਖਦੀ ਹੈ। ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਨਾਵਲ ਵਿਚ ਭਾਸ਼ਾ ਦੇ ਹੋਰ ਸ਼ਬਦਾਂ ਦਾ ਭਰਮਾਰ ਵੀ ਹੈ। ਨਾਵਲਕਾਰ ਦੁਆਰਾ ਸਥਾਨਕ ਚਿਤਰਨ ਸਿਰਜਣਾ ਨਾਵਲ ਦੀ ਖ਼ੂਬਸੂਰਤੀ ਹੋ ਨਿੱਬੜਦਾ ਹੈ।
- ਅੰਮ੍ਰਿਤਪਾਲ ਕਲੇਰ