- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਾਮੋਸ਼ ਮੁਹੱਬਤ ਨਾਵਲ ਜਸ਼ਨਦੀਪ ਸਿੱਧੂ ਦੁਆਰਾ ਰਚਿਤ ਨਾਵਲ ਹੈ। ਨਾਵਲ ’ਚ ਇੱਕ ਔਰਤ ਦੇ ਅੰਦਰਲੇ ਮਨ ਦੀ ਵੇਦਨਾ ਨੂੰ ਪ੍ਰਗਟਾਇਆ ਗਿਆ ਹੈ। ਇਸ ਵਿਚ ਦੋ ਪਿਆਰ ਕਰਨ ਵਾਲਿਆਂ ਦੀ ਖ਼ਾਮੋਸ਼ੀ ਕਾਰਨ ਉਨ੍ਹਾਂ ਉੱਪਰ ਪਏ ਸਮਾਜਿਕ ਪ੍ਰਭਾਵਾਂ ਦਾ ਜ਼ਿਕਰ ਹੈ। ਨਾਵਲ ਮੁੱਖ ਪਾਤਰ ਰਾਣੋ ਦੁਆਲੇ ਘੁੰਮਦਾ ਹੈ ਤੇ ਇਸ ’ਚ ਮੀਤੇ ਤੇ ਰਾਣੋ ਦੀ ਖ਼ਾਮੋਸ਼ ਮੁਹੱਬਤ ਦਾ ਬਾਖ਼ੂਬੀ ਜ਼ਿਕਰ ਹੈ।

ਪੁਸਤਕ - ਖ਼ਾਮੋਸ਼ ਮੁਹੱਬਤ
ਲੇਖਿਕਾ- ਜਸ਼ਨਦੀਪ ਸਿੱਧੂ
ਮੁੱਲ 180 ਰੁਪਏ, ਪੰਨੇ 111
ਪ੍ਰਕਾਸ਼ਨ - ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਖ਼ਾਮੋਸ਼ ਮੁਹੱਬਤ ਨਾਵਲ ਜਸ਼ਨਦੀਪ ਸਿੱਧੂ ਦੁਆਰਾ ਰਚਿਤ ਨਾਵਲ ਹੈ। ਨਾਵਲ ’ਚ ਇੱਕ ਔਰਤ ਦੇ ਅੰਦਰਲੇ ਮਨ ਦੀ ਵੇਦਨਾ ਨੂੰ ਪ੍ਰਗਟਾਇਆ ਗਿਆ ਹੈ। ਇਸ ਵਿਚ ਦੋ ਪਿਆਰ ਕਰਨ ਵਾਲਿਆਂ ਦੀ ਖ਼ਾਮੋਸ਼ੀ ਕਾਰਨ ਉਨ੍ਹਾਂ ਉੱਪਰ ਪਏ ਸਮਾਜਿਕ ਪ੍ਰਭਾਵਾਂ ਦਾ ਜ਼ਿਕਰ ਹੈ। ਨਾਵਲ ਮੁੱਖ ਪਾਤਰ ਰਾਣੋ ਦੁਆਲੇ ਘੁੰਮਦਾ ਹੈ ਤੇ ਇਸ ’ਚ ਮੀਤੇ ਤੇ ਰਾਣੋ ਦੀ ਖ਼ਾਮੋਸ਼ ਮੁਹੱਬਤ ਦਾ ਬਾਖ਼ੂਬੀ ਜ਼ਿਕਰ ਹੈ। ਮੀਤੇ ਦਾ ਰਾਣੋ ਨੂੰ ਅੱਖ ਮਾਰਨਾ ਤੇ ਇਸ ਕਾਰਨ ਰਾਣੋ ਉਸ ਨੂੰ ਥੱਪੜ ਤਾਂ ਮਾਰ ਦਿੰਦੀ ਹੈ ਪਰ ਫਿਰ ਵੀ ਅੰਦਰੋਂ ਪਿਆਰ ਕਰਦੀ ਹੈ। ਉਸ ਨੂੰ ਮੀਤੇ ਦਾ ਵਿਛੋੜਾ ਸਾਰੀ ਉਮਰ ਅੰਦਰੋਂ ਅੰਦਰੀ ਦੁਖੀ ਕਰਦਾ ਹੈ। ਰਾਣੋ ਦਾ ਵਿਆਹ ਪਰਮ ਨਾਲ ਹੁੰਦਾ ਹੈ, ਜੋ ਬਹੁਤ ਸ਼ਰਾਬ ਪੀਂਦਾ ਹੈ ਤੇ ਉਹ ਰਾਣੋ ਦੇ ਮਨ ਨੂੰ ਪੜ੍ਹ ਨਹੀਂ ਪਾਉਂਦਾ। ਉਸ ਨੂੰ ਰਾਣੋ ਦੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ ਹੁੰਦੀ ਤੇ ਰਾਣੋ ਨਾਲ ਉਸ ਦਾ ਵਿਹਾਰ ਓਪਰਿਆਂ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਰਾਣੋ ਬਰਦਾਸ਼ਤ ਨਹੀਂ ਕਰ ਪਾਉਂਦੀ ਤੇ ਆਪਣੀ ਮਾਂ ਨੂੰ ਸਾਰਾ ਕੁਝ ਦੱਸਦੀ ਹੈ। ਉਸ ਦੀ ਮਾਂ ਉਸ ਨੂੰ ਬੱਚਿਆਂ ਦਾ ਵਾਸਤਾ ਦੇ ਕੇ ਉਥੇ ਹੀ ਰਹਿਣ ਨੂੰ ਕਹਿੰਦੀ ਹੈ। ਇਸ ਨਾਵਲ ’ਚ ਰਾਣੋ ਦੀ ਸੱਸ, ਸਹੁਰਾ ਤੇ ਨਨਾਣ ਸਾਰੇ ਉਸ ਦੇ ਵਿਰੁੱਧ ਦਿਖਾਏ ਗਏ ਹਨ। ਨਾਵਲ ’ਚ ਰਾਣੋ ਮੀਤੇ ਨੂੰ ਵਾਰ-ਵਾਰ ਯਾਦ ਕਰਦੀ ਵੀ ਦਿਖਾਈ ਗਈ ਹੈ। ਜਦੋਂ ਰਾਣੋ ਨੂੰ ਆਪਣੀ ਮਾਂ ਤੋਂ ਮੀਤੇ ਦੇ ਐਕਸੀਡੈਂਟ ਵਿੱਚ ਮੌਤ ਦੀ ਖ਼ਬਰ ਪਤਾ ਲੱਗਦੀ ਹੈ ਤਾਂ ਉਹ ਪੱਥਰ ਹੋ ਜਾਂਦੀ ਹੈ । ਇਸ ਤਰ੍ਹਾਂ ਨਾਵਲ ਦਾ ਅੰਤ ਭਾਵੁਕ ਕਿਸਮ ਦਾ ਦਿਖਾਇਆ ਗਿਆ ਹੈ। ਨਾਵਲ ਪੜਾਅ-ਦਰ-ਪੜਾਅ ਅੱਗੇ ਵਧਦਾ ਹੈ। ਨਾਵਲ ’ਚ ਸਮਾਜਿਕ ਉਲਝਣਾਂ, ਤਾਣੇ-ਬਾਣੇ ਉੱਭਰਦੇ ਹੋਏ ਦਿਖਾਈ ਦਿੰਦੇ ਹਨ। ਲੇਖਿਕਾ ਨੇ ਨਾਵਲ ਵਿਚ ਇਕ ਔਰਤ ਦੇ ਅੰਦਰ ਦੇ ਮਨ ਨੂੰ ਖੋਲ੍ਹਿਆ ਹੈ। ਸਾਡੇ ਸਮਾਜ ’ਚ ਅਜਿਹੀਆਂ ਕਈ ਔਰਤਾਂ ਹਨ, ਜਿਹੜੀਆਂ ਆਪਣੀ ਜ਼ਿੰਦਗੀ ਦੇ ਫ਼ੈਸਲੇ ਸਮਾਜ ਲਈ ਬਦਲ ਲੈਂਦੀਆਂ ਹਨ ਪਰ ਅੰਦਰੋਂ ਮਨ ਵਿਚ ਖਲਾਅ ਪੈਦਾ ਕਰ ਲੈਂਦੀਆਂ ਹਨ। ਸੋ ਔਰਤ ਦੀ ਤ੍ਰਾਸਦੀ ਦਾ ਵੱਡਾ ਕਾਰਨ ਇਹ ਹੈ ਕਿ ਉਹ ਸਮਾਜ ਦੇ ਅੰਦਰਲੇ ਵਰਤਾਰੇ ਵਿਚ ਅਜਿਹੀ ਉਲਝ ਕੇ ਰਹਿ ਜਾਂਦੀ ਹੈ ਕਿ ਆਪਣੇ ਮਨ ਅੰਦਰਲੀਆਂ ਇੱਛਾਵਾਂ ਨੂੰ ਦਬਾ ਲੈਂਦੀ ਹੈ। ਜਿਸ ਤਰ੍ਹਾਂ ਨਾਵਲ ਵਿਚਲੀ ਰਾਣੋ ਨਾਲ ਵਾਪਰਦਾ ਹੈ। ਨਾਵਲ ਵਿਚ ਰਾਣੋ ਦੀ ਤਕਲੀਫ਼ ਤੇ ਮਨੋਸਥਿਤੀ ਨੂੰ ਜ਼ਿਆਦਾ ਬਿਆਨ ਕੀਤਾ ਗਿਆ ਹੈ ਪਰ ਦੂਜੇ ਪਾਸੇ ਮੀਤੇ ਦੇ ਦਰਦ ਨੂੰ ਬਿਆਨ ਕਰਨ ਵਿਚ ਨਾਵਲ ਥੋੜ੍ਹਾ ਪਿੱਛੇ ਰਹਿ ਜਾਂਦਾ ਹੈ ਪਰ ਫਿਰ ਵੀ ਨਾਵਲ ਮਨੁੱਖੀ ਕਦਰਾਂ-ਕੀਮਤਾਂ ਤੇ ਸਮਾਜਿਕ ਕਦਰਾਂ-ਕੀਮਤਾਂ ਰਾਹੀਂ ਆਪਣੀ ਤਰਜ਼ਮਾਨੀ ਕਰਨ ’ਚ ਸਫਲ ਰਹਿੰਦਾ ਹੈ।
- ਇੰਦਰਪ੍ਰੀਤ ਕੌਰ