- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਮਾਂ ਅੱਜ ਫਿਰ ਆਲੂ ਦੇ ਪਰੌਂਠੇ? ਰੋਜ਼-ਰੋਜ਼ ਇੱਕੋ ਚੀਜ਼ ਖਾਈਂ ਜਾਵਾਂ? ਕਦੇ ਬਾਹਰ ਵੀ ਕੁਝ ਖਾਣ ਦਾ ਮੌਕਾ ਦੇ ਦਿਆ ਕਰੋ’, ਅੰਬਰ ਨੇ ਨਕਲੀ ਜਿਹਾ ਗੁੱਸਾ ਦਿਖਾਉਂਦਿਆਂ ਆਪਣੀ ਮਾਂ ਸਿਮਰ ਨੂੰ ਕਿਹਾ। ਅਸਲ ’ਚ ਅੰਬਰ ਨੂੰ ਮਾਂ ਅੱਜ ਥੱਕੀ ਹੋਈ ਲੱਗ ਰਹੀ ਸੀ ਪਰ ਉਸ ਨੇ ਫਿਰ ਵੀ ਅੰਬਰ ਲਈ ਆਲੂ ਵਾਲੇ ਪਰੌਂਠੇ ਬਣਾਏ।

‘ਮਾਂ ਅੱਜ ਫਿਰ ਆਲੂ ਦੇ ਪਰੌਂਠੇ? ਰੋਜ਼-ਰੋਜ਼ ਇੱਕੋ ਚੀਜ਼ ਖਾਈਂ ਜਾਵਾਂ? ਕਦੇ ਬਾਹਰ ਵੀ ਕੁਝ ਖਾਣ ਦਾ ਮੌਕਾ ਦੇ ਦਿਆ ਕਰੋ’, ਅੰਬਰ ਨੇ ਨਕਲੀ ਜਿਹਾ ਗੁੱਸਾ ਦਿਖਾਉਂਦਿਆਂ ਆਪਣੀ ਮਾਂ ਸਿਮਰ ਨੂੰ ਕਿਹਾ। ਅਸਲ ’ਚ ਅੰਬਰ ਨੂੰ ਮਾਂ ਅੱਜ ਥੱਕੀ ਹੋਈ ਲੱਗ ਰਹੀ ਸੀ ਪਰ ਉਸ ਨੇ ਫਿਰ ਵੀ ਅੰਬਰ ਲਈ ਆਲੂ ਵਾਲੇ ਪਰੌਂਠੇ ਬਣਾਏ। ਮਾਂ ਨੇ ਹੱਸ ਕੇ ਆਖਿਆ, ‘ਪੁੱਤ ਤੈਨੂੰ ਬਚਪਨ ਤੋਂ ਆਲੂ ਦੇ ਪਰੌਂਠੇ ਪਸੰਦ ਹਨ, ਇਸ ਲਈ ਹੀ ਨਿੱਤ ਬਣਾਉਂਦੀ ਹਾਂ।’ ਮਾਂ ਨੇ ਪਰੌਂਠਾ ਪਲੇਟ ’ਚ ਰੱਖਿਆ, ਨਾਲ ਦਹੀਂ, ਮੱਖਣ ਤੇ ਲੱਸੀ ਦਾ ਵੱਡਾ ਗਿਲਾਸ ਰੱਖਿਆ ਤੇ ਪੁੱਤ ਦੇ ਸਿਰ ’ਤੇ ਹੱਥ ਫੇਰਦਿਆਂ ਪਿਆਰ ਨਾਲ ਬੋਲੀ, ‘ਪੁੱਤ ਚੱਲ ਅੱਜ ਖਾ ਲੈ, ਕੱਲ੍ਹ ਤੋਂ ਜੋ ਮਰਜ਼ੀ ਖਾ ਲਿਆ ਕਰੀਂ।’ ‘ਮਾਂ ਤੂੰ ਰੁੱਸ ਗਈ’, ਪੁੱਤਰ ਨੇ ਭਾਵੁਕ ਹੁੰਦਿਆਂ ਕਿਹਾ। ਉਸ ਨੂੰ ਆਪਣੇ ਆਪ ’ਤੇ ਗੁੱਸਾ ਜਿਹਾ ਆਇਆ ਕਿ ਮੈਂ ਜਾਣੇ-ਅਣਜਾਣੇ ਮਾਂ ਦਾ ਦਿਲ ਦੁਖਾ ਦਿੱਤਾ। ‘ਨਹੀਂ ਪੁੱਤ, ਮਾਂ ਕਦੇ ਵੀ ਪੁੱਤ ਨਾਲ ਰੁੱਸਦੀ ਨਹੀਂ ਹੁੰਦੀ’, ਇੰਨਾ ਕਹਿ ਕੇ ਸਿਮਰ ਫਿਰ ਆਪਣੇ ਕੰਮ ਲੱਗ ਗਈ।
ਅੰਬਰ ਨੇ ਤੁਰਦਿਆਂ ਮਾਂ ਨੂੰ ਛੇੜਿਆ ਤੇ ਪਿਆਰ ਨਾਲ ਕਿਹਾ, ‘ਮਾਂ ਮੈਂ ਸੋਚਿਆ ਕਿ ਤੁਹਾਨੂੰ ਮੇਰੇ ਮਨਪਸੰਦ ਖਾਣੇ ਬਣਾਉਣ ਲਈ ਰੋਜ਼ ਕਿੰਨਾ ਤਰੱਦਦ ਕਰਨਾ ਪੈਂਦਾ ਹੈ। ਤੂੰ ਕਿੰਨੀ ਥੱਕ ਜਾਂਦੀ ਹੋਵੇਂਗੀ। ਕਦੇ ਕੁਝ ਪਲ ਆਪਣੇ ਲਈ ਕੱਢ ਕੇ ਆਰਾਮ ਵੀ ਕਰ ਲਿਆ ਕਰ। ਮੈਂ ਅੱਜ ਬਾਹਰ ਕੁਝ ਖਾ ਲੈਣਾ ਸੀ।’ ਮਾਂ ਹੌਲੀ ਜਿਹੀ ਮੁਸਕਰਾਈ ਅਤੇ ਆਖਣ ਲੱਗੀ, ‘ਪੁੱਤ ਬਾਹਰਲੇ ਖਾਣੇ ਤੇਰੀ ਮਾਂ ਦੇ ਬਣਾਏ ਖਾਣੇ ਦੀ ਰੀਸ ਕਿੱਥੇ ਕਰ ਲੈਣਗੇ, ਨਾਲੇ ਪੁੱਤ ਮਾਵਾਂ ਵੀ ਕਦੇ ਥੱਕੀਆਂ ਨੇ’? ਉਹ ਪਰੌਂਠੇ ਖਾ ਕੇ ਕਾਲਜ ਚਲਾ ਗਿਆ। ਪਰੌਂਠੇ ਵਾਕਿਆ ਬਹੁਤ ਸਵਾਦ ਬਣੇ ਸਨ ਪਰ ਉਸ ਨੂੰ ਅਫ਼ਸੋਸ ਸੀ ਕਿ ਸਵੇਰੇ-ਸਵੇਰੇ ਐਵੇਂ ਮਾਂ ਦਾ ਮਨ ਦੁਖਾਇਆ। ਅੱਜ ਕਾਲਜ ’ਚ ਉਸ ਦਾ ਦਿਲ ਨਾ ਲੱਗਿਆ। ਵਾਰ-ਵਾਰ ਮਾਂ ਦਾ ਭੋਲਾ ਜਿਹਾ ਚਿਹਰਾ ਅੱਖਾਂ ਸਾਹਮਣੇ ਆਉਂਦਾ ਰਿਹਾ। ਲੈਕਚਰ ਛੱਡ ਕੇ ਉਸ ਦਾ ਮਨ ਘਰ ਜਾਣ ਲਈ ਕਾਹਲਾ ਪੈ ਗਿਆ।
ਉਸ ਨੇ ਸੋਚਿਆ ਕਿ ਘਰ ਜਾ ਕੇ ਮਾਂ ਦੇ ਪੈਰਾਂ ਵਿਚ ਬੈਠ ਕੇ ਮਾਫ਼ੀ ਮੰਗਾਂਗਾ ਤੇ ਕਹਾਂਗਾ, ‘ਮਾਂ ਤੇਰੇ ਬਣਾਏ ਖਾਣੇ ਦੀ ਰੀਸ ਤਾਂ ਸੱਤ-ਤਾਰਾ ਹੋਟਲ ਦੇ ਪਕਵਾਨ ਵੀ ਨਹੀਂ ਕਰ ਸਕਦੇ। ਮੈਨੂੰ ਮਾਫ਼ ਕਰ ਦੇ, ਅੱਜ ਸਵੇਰੇ-ਸਵੇਰੇ ਮੈਂ ਤੈਨੂੰ ਥੋੜ੍ਹਾ ਗੁੱਸੇ ਨਾਲ ਬੋਲ ਪਿਆ।’ ਉਸ ਨੂੰ ਮਹਿਸੂਸ ਹੋਇਆ, ਜਿਵੇਂ ਮਾਂ ਨੇ ਉਸ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਹੋਵੇ ਤੇ ਆਖ ਰਹੀ ਹੋਵੇ, ‘ਹੈ ਕਮਲਾ! ਮੈਨੂੰ ਤਾਂ ਸਵੇਰ ਵਾਲੀ ਗੱਲ ਯਾਦ ਵੀ ਨਹੀਂ।’ ਉਹ ਮਿੰਨਾ ਜਿਹਾ ਮੁਸਕਰਾਇਆ ਤੇ ਮੋਟਰਸਾਈਕਲ ਦੀ ਰਫ਼ਤਾਰ ਵਧਾ ਦਿੱਤੀ, ਤਾਂ ਜੋ ਛੇਤੀ ਘਰ ਪਹੁੰਚ ਸਕੇ ਅਤੇ ਆਖੇ ਮਾਂ ਚਾਹ ਨਾਲ ਇੱਕ ਅੱਧਾ ਸਵੇਰ ਵਾਲਾ ਪਰੌਂਠਾ ਵੀ ਲਿਆ ਦਿਓ।’ ਪਰ ਜਿਉਂ ਹੀ ਉਹ ਘਰ ਪਹੁੰਚਿਆ, ਘਰ ਦੇ ਅੰਦਰ-ਬਾਹਰ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਉਸ ਦਾ ਦਿਲ ਧੱਕ-ਧੱਕ ਕਰਨ ਲੱਗਾ। ਸੋਚਿਆ ਕਿ ਦਾਦਾ ਜੀ ਨੂੰ ਤਾਂ ਨਹੀਂ ਕੁਝ ਹੋ ਗਿਆ? ਉਹ ਕਾਫ਼ੀ ਦਿਨਾਂ ਤੋਂ ਬਿਮਾਰ ਸਨ। ਉਹ ਜਦੋਂ ਅੰਦਰ ਗਿਆ ਤਾਂ ਕੁਝ ਔਰਤਾਂ ਉਸ ਨੂੰ ਚਿੰਬੜ ਕੇ ਕੀਰਨੇ ਪਾਉਣ ਲੱਗੀਆਂ,‘ਵੇ ਪੁੱਤ ਤੂੰ ਤਾਂ ਪੱਟਿਆ ਗਿਆ। ਤੇਰੀ ਰੋਟੀ ਦਾ ਜੁਗਾੜ ਕਰਨ ਤੋਂ ਪਹਿਲਾਂ ਹੀ ਚੰਦਰੀ ਤੁਰ ਗਈ। ਵੇ, ਤੇਰੀ ਅਭਾਗਣ ਮਾਂ ਤੇਰੇ ਸ਼ਗਨ ਵੀ ਨਾ ਕਰ ਕੇ ਗਈ।’
ਉਹ ਇਕਦਮ ਘਬਰਾ ਗਿਆ ਤੇ ਬੋਲਿਆ, ‘ਕੀ ਹੋਇਆ ਮਾਂ ਨੂੰ, ਕੀ ਹੋਇਆ।’ ਮਾਂ ਤਾਂ ਸਵੇਰੇ ਚੰਗੀ-ਭਲੀ ਸੀ। ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਉਹ ਚਕਰਾ ਕੇ ਹੇਠਾਂ ਬੈਠ ਗਿਆ ਤੇ ਉਸ ਨੂੰ ਸਾਰੀ ਧਰਤੀ ਘੁੰਮਦੀ ਨਜ਼ਰ ਆਈ। ਉਸ ਦੇ ਵੱਡੇ ਮਾਮੇ ਨੇ ਉਸ ਦੇ ਮੋਢੇ ’ਤੇ ਹੱਥ ਰੱਖਿਆ ਅਤੇ ਆਖਿਆ, ‘ਅੰਬਰ ਚੱਲ ਪੁੱਤ ਆਪਣੀ ਮਾਂ ਦਾ ਮੂੰਹ ਦੇਖ ਲੈ। ਫਿਰ ਵੇਲੇ ਸਿਰ ਅੰਤਿਮ ਰਸਮਾਂ ਵੀ ਕਰਨੀਆਂ ਨੇ।’ ‘ਅੰਤਿਮ ਰਸਮਾਂ’ ਸ਼ਬਦ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸ ਦਾ ਸਿਰ ਸੁੰਨ੍ਹ ਹੋਣ ਲੱਗਿਆ। ਮਾਂ ਅਰਥੀ ’ਤੇ ਚੁੱਪ-ਚਾਪ ਪਈ ਸੀ, ਕਦੇ ਵੀ ਟਿਕ ਕੇ ਨਾ ਬੈਠਣ ਵਾਲੀ ਮਾਂ ਅੱਜ ਆਰਾਮ ਕਰ ਰਹੀ ਸੀ। ਸਭ ਰੋ ਰਹੇ ਸਨ ਪਰ ਅੰਬਰ ਜਿਵੇਂ ਪੱਥਰ ਦਾ ਬੁੱਤ ਬਣ ਗਿਆ ਸੀ। ਕਿਸੇ ਨੇ ਉਸ ਨੂੰ ਹਲੂਣਿਆ ਅਤੇ ਕਿਹਾ, ‘ਤੇਰੀ ਮਾਂ ਤਾਂ ਕੱਪੜੇ ਧੋਂਦੀ ਬਾਥਰੂਮ ’ਚ ਹੀ ਡਿੱਗ ਗਈ, ਚੰਗੀ-ਭਲੀ ਸਾਰਾ ਦਿਨ ਕੰਮ ਕਰਦੀ-ਕਰਦੀ ਪਤਾ ਨਹੀਂ ਕਿਉਂ ਭੰਗ ਦੇ ਭਾਣੇ ਹੀ ਤੁਰ ਗਈ। ਸ਼ੇਰਾ, ਹੁਣ ਤੈਨੂੰ ਆਪਣੇ ਆਪ ਨੂੰ ਸੰਭਾਲਣਾ ਪੈਣਾ ਹੈ। ਤੇਰੇ ਬਾਪੂ ਤੇ ਬਜ਼ੁਰਗ ਦਾਦੇ ਦਾ ਤੂੰ ਹੀ ਆਖ਼ਰੀ ਸਹਾਰਾ ਰਹਿ ਗਿਆ।’
ਅੰਬਰ ਨੇ ਤਰਸ ਭਰੀਆਂ ਨਜ਼ਰਾਂ ਨਾਲ ਆਪਣੇ ਬਾਪੂ ਜਸਮੀਤ ਸਿਆਂ ਵੱਲ ਦੇਖਿਆ। ਉਹ ਵਿਚਾਰਾ ਆਪਣੀ ਪਤਨੀ ਪਰਮ ਵਲ ਇਕ ਟੱਕ ਦੇਖ ਰਿਹਾ ਸੀ ਤੇ ਅੱਖਾਂ ਬਿਲਕੁਲ ਖ਼ੁਸ਼ਕ ਸਨ। ਘਰ ਵਿਚ ਬਹੁਤ ਸਾਰੇ ਲੋਕ ਸਨ ਪਰ ਮਾਂ ਨਹੀਂ ਸੀ। ਲੋਕਾਂ ਦੇ ਇਕੱਠ ’ਚ ਵੀ ਘਰ ਸੁੰਨ੍ਹਾ ਲੱਗ ਰਿਹਾ ਸੀ। ਉਸ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਘਰ ਚੀਜ਼ਾਂ ਨਾਲ ਨਹੀਂ, ਘਰ ਤਾਂ ਮਾਂ ਨਾਲ ਹੁੰਦਾ ਹੈ। ਹੱਥੀਂ ਅੰਤਿਮ ਰਸਮਾਂ ਕਰਨ ਤੋਂ ਬਾਅਦ ਵੀ ਅੰਬਰ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮਾਂ ਸੱਚੀ ਤਾਰਿਆਂ ਵਿਚ ਜਾ ਰਲੀ। ਕਈ ਦਿਨ ਲੋਕਾਂ ਦੇ ਆਉਣ-ਜਾਣ ਵਿਚ ਲੰਘ ਗਏ। ਕੁਝ ਦਿਨ ਚਾਚੀਆਂ-ਤਾਈਆਂ ਰੋਟੀ ਦੇ ਕੇ ਜਾਂਦੀਆਂ ਰਹੀਆਂ। ਫਿਰ ਹੌਲੀ-ਹੌਲੀ ਸਭ ਆਪੋ-ਆਪਣੇ ਕੰਮਾਂ ਵਿਚ ਰੁੱਝ ਗਏ। ਢਾਬੇ ਤੋਂ ਰੋਟੀ ਲਿਆਂਦੀ ਪਰ ਕਿਸੇ ਨੂੰ ਚੰਗੀ ਨਾ ਲੱਗੀ। ਉਸ ਨੂੰ ਮਾਂ ਦੇ ਆਖ਼ਰੀ ਸ਼ਬਦ ਯਾਦ ਆਏ, ‘ਪੁੱਤ ਬਾਹਰਲੇ ਖਾਣੇ ਤੇਰੀ ਮਾਂ ਦੇ ਬਣਾਏ ਖਾਣੇ ਦੀ ਰੀਸ ਕਿੱਥੇ ਕਰ ਲੈਣਗੇ। ਅੱਜ ਖਾ ਲੈ, ਕੱਲ੍ਹ ਕੁਝ ਮਰਜ਼ੀ ਖਾ ਲਵੀਂ।’ ਉਸ ਨੂੰ ਜਾਪਿਆ ਜਿਵੇਂ ਮਾਂ ਨੇ ਆਪਣੇ ਜਾਣ ਦਾ ਸੰਕੇਤ ਪਹਿਲਾਂ ਹੀ ਦੇ ਦਿੱਤਾ ਸੀ ਪਰ ਮੈਂ ਹੀ ਸਮਝ ਨਾ ਸਕਿਆ।’
ਹੁਣ ਘਰ ਵਿਚ ਉਹ, ਉਸ ਦਾ ਬਾਪੂ ਤੇ ਬਜ਼ੁਰਗ ਦਾਦਾ ਹੀ ਰਹਿ ਗਏ ਸਨ। ਉਹ ਰਸੋਈ ’ਚ ਗਿਆ, ਆਟੇ ਵਾਲੀ ਪਰਾਤ ਉੱਤੇ ਉਸ ਨੂੰ ਅਜੇ ਵੀ ਮਾਂ ਦੀਆਂ ਉਂਗਲਾਂ ਦੇ ਨਿਸ਼ਾਨ ਜਾਪੇ। ਉਸ ਨੇ ਆਟਾ ਗੁੰਨਿਆ ਤੇ ਆਪਣੇ ਹੱਥੀਂ ਪਰੌਂਠਾ ਬਣਾਉਣ ਦੀ ਕੋਸ਼ਿਸ਼ ਕੀਤੀ। ਵਿੰਗਾ-ਟੇਢਾ ਪਰੌਂਠਾ ਬਣਾਇਆ ਪਰ ਉਹ ਵੀ ਸੜ ਗਿਆ। ਉਹ ਮਾਂ ਨੂੰ ਸੰਬੋਧਨ ਕਰਦਾ ਬੋਲਿਆ, ‘ਮਾਂ ਤੂੰ ਵੀ ਧੰਨ ਸੀ, ਇੱਕੋ ਵਕਤ ਕਿੰਨੇ ਕੰਮ ਕਰ ਲੈਂਦੀ ਸੀ।’ ਫਿਰ ਮਾਂ ਨੂੰ ਯਾਦ ਕਰ ਕੇ ਉਸ ਦੀਆਂ ਅੱਖਾਂ ਭਰ ਆਈਆਂ ਤੇ ਸਭ ਕੁਝ ਧੁੰਦਲਾ ਹੁੰਦਾ ਜਾਪਿਆ। ਐਤਵਾਰ ਵਾਲੇ ਦਿਨ ਉਸ ਨੇ ਮਾਂ ਦੀ ਅਲਮਾਰੀ ਖੋਲ੍ਹੀ। ਮਾਂ ਨੇ ਕਿੰਨੇ ਸਲੀਕੇ ਨਾਲ ਸਾਰਾ ਕੁਝ ਰੱਖਿਆ ਹੋਇਆ ਸੀ। ਇਕ ਪਾਸੇ ਪੁਰਾਣਾ ਅਟੈਚੀ ਮਿਲਿਆ। ਉਸ ’ਚ ਅੰਬਰ ਦੇ ਬਚਪਨ ਦੀਆਂ ਕਿੰਨੀਆਂ ਹੀ ਨਿੱਕੀਆਂ-ਨਿੱਕੀਆਂ ਨਿਸ਼ਾਨੀਆਂ ਸਨ। ਉਸ ਦੇ ਨਿੱਕੇ-ਨਿੱਕੇ ਕੱਪੜੇ, ਜੋ ਸ਼ਾਇਦ ਪਹਿਲੀ ਵਾਰੀ ਪਾਏ ਹੋਣਗੇ, ਹੱਥਾਂ ਨਾਲ ਬੁਣੇ ਨਿੱਕੇ-ਨਿੱਕੇ ਬੂਟ, ਟੋਪੀ, ਉਸ ਦੀ ਪਹਿਲੀ ਕੱਚੀ ਦੀ ਕਾਪੀ, ਜਦੋਂ ਮਾਂ ਨੇ ਹੱਥ ਫੜ ਕੇ ਉਸ ਨੂੰ ਲਿਖਣਾ ਸਿਖਾਇਆ ਸੀ, ਟੁੱਟੀ ਪੈਨਸਿਲ, ਘਸੀ ਹੋਈ ਰਬੜ, ਸਕੂਲ ਦਾ ਬੈਜ, ਉਸ ਦੇ ਮਨਪਸੰਦ ਖਿਡੌਣੇ, ਉਸ ਦੀ ਡਰਾਇੰਗ ਕਾਪੀ ਤੇ ਹੋਰ ਕਿੰਨਾ ਕੁਝ ਮਾਂ ਹਾਲੇ ਤੱਕ ਸਾਂਭੀ ਬੈਠੀ ਸੀ।
ਇਕ ਖੂੰਜੇ ਵਿਚ ਕਾਗਜ਼ ਦਾ ਟੁਕੜਾ ਪਿਆ ਸੀ। ਉਸ ਨੇ ਕੰਬਦੇ ਹੱਥਾਂ ਨਾਲ ਕਾਗਜ਼ ਖੋਲ੍ਹਿਆ। ਉਸ ਉੱਤੇ ਮਾਂ ਦੀ ਲਿਖਾਈ ’ਚ ਲਿਖਿਆ ਸੀ,‘ਮੇਰੇ ਪੁੱਤ ਨੂੰ ਆਲੂ ਦੇ ਪਰੌਂਠੇ ਬਹੁਤ ਪਸੰਦ ਹਨ। ਉਹ ਵੱਡਾ ਹੋ ਕੇ ਭਾਵੇਂ ਕਿੰਨਾ ਵੀ ਦੂਰ ਚਲਾ ਜਾਵੇ, ਜਦੋਂ ਵੀ ਘਰ ਆਵੇਗਾ, ਮੈਂ ਉਸ ਲਈ ਆਲੂ ਦੇ ਪਰੌਂਠੇ ਜ਼ਰੂਰ ਬਣਾਵਾਂਗੀ।’ ਉਹ ਕਾਗਜ਼ ਛਾਤੀ ਨਾਲ ਲਾ ਕੇ ਫਰਸ਼ ’ਤੇ ਬੈਠ ਗਿਆ ਤੇ ਉੱਚੀ-ਉੱਚੀ ਭੁੱਬਾਂ ਮਾਰ ਕੇ ਰੋਣ ਲੱਗਾ। ਉਸ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ।
ਅਚਾਨਕ ਉਸ ਨੂੰ ਕੂਕਰ ਦੀ ਸੀਟੀ ਦੀ ਆਵਾਜ਼ ਸੁਣਾਈ ਦਿੱਤੀ। ਫਿਰ ਰਸੋਈ ਵਿੱਚੋਂ ਆਲੂ ਦੇ ਪਰੌਂਠਿਆਂ ਦੀ ਖ਼ੁਸ਼ਬੂ ਆਉਣ ਲੱਗੀ। ਉਹ ਹੌਲੀ-ਹੌਲੀ ਰਸੋਈ ਵੱਲ ਤੁਰਿਆ। ਉਸ ਨੂੰ ਜਾਪਿਆ ਜਿਵੇਂ ਮਾਂ ਵਾਪਸ ਆ ਗਈ ਹੋਵੇ। ਦਰਵਾਜ਼ੇ ਕੋਲ ਪਹੁੰਚ ਕੇ ਉਹ ਇਕਦਮ ਰੁਕ ਗਿਆ। ਬਾਪੂ ਗੈਸ-ਚੁੱਲ੍ਹੇ ਅੱਗੇ ਖੜ੍ਹਾ ਸੀ। ਉਸ ਦੇ ਹੱਥ ਆਟੇ ਨਾਲ ਲਿੱਬੜੇ ਹੋਏ ਸਨ। ਉਹ ਬੜੀ ਕੋਸ਼ਿਸ਼ ਨਾਲ ਪਰੌਂਠਾ ਵੇਲ ਰਿਹਾ ਸੀ ਪਰ ਕਦੇ ਪਰੌਂਠਾ ਟੁੱਟ ਜਾਂਦਾ, ਕਦੇ ਆਲੂ ਬਾਹਰ ਨਿਕਲ ਆਉਂਦੇ। ਉਸ ਨੇ ਪੁੱਛਿਆ, ‘ਬਾਪੂ ਜੀ ਤੁਸੀਂ ਆਲੂ ਵਾਲੇ ਪਰੌਂਠੇ ਬਣਾ ਰਹੇ ਹੋ’? ਬਾਪੂ ਨੇ ਪਿੱਛੇ ਮੁੜ ਕੇ ਵੇਖਿਆ ਤੇ ਹੌਲੀ ਜਿਹੀ ਮੁਸਕਰਾ ਕੇ ਬੋਲਿਆ, ‘ਤੇਰੀ ਮਾਂ ਤਾਂ ਤੁਰ ਗਈ ਪੁੱਤ ਪਰ ਤੇਰੀ ਪਸੰਦ ਤਾਂ ਕਿਧਰੇ ਨਹੀਂ ਗਈ।’ ਇਹ ਸੁਣਦਿਆਂ ਹੀ ਅੰਬਰ ਦਾ ਗਲਾ ਭਰ ਆਇਆ। ਬਾਪੂ ਨੇ ਪਲੇਟ ਵਿਚ ਪਰੌਂਠਾ ਰੱਖਿਆ, ਨਾਲ ਮੱਖਣ ਤੇ ਦਹੀਂ ਰੱਖਦਿਆਂ ਕਿਹਾ, ‘ਆ ਪੁੱਤ ਗਰਮ-ਗਰਮ ਖਾ ਲੈ। ਤੇਰੀ ਮਾਂ ਦੇ ਹੱਥਾਂ ਵਰਗੇ ਤਾਂ ਨਹੀਂ ਬਣੇ ਪਰ ਕੋਸ਼ਿਸ਼ ਕੀਤੀ ਹੈ। ਤੇਰੀ ਮਾਂ ਤੇਰੇ ਲਈ ਪਰੌਂਠੇ ਬਣਾ ਕੇ ਬਹੁਤ ਖੁਸ਼ੀ ਮਹਿਸੂਸ ਕਰਦੀ ਸੀ, ਹੁਣ ਵੀ ਉਸ ਦੀ ਰੂਹ ਨੂੰ ਜ਼ਰੂਰ ਸਕੂਨ ਮਿਲੇਗਾ।’ ਉਸ ਨੇ ਪਰੌਂਠੇ ਦੀ ਇਕ ਬੁਰਕੀ ਮੂੰਹ ਵਿਚ ਪਾਈ। ਸਵਾਦ ਮਾਂ ਦੇ ਬਣਾਏ ਪਰੌਂਠੇ ਵਰਗਾ ਤਾਂ ਨਹੀਂ ਸੀ ਪਰ ਉਸ ਬੁਰਕੀ ਵਿਚ ਉਸ ਨੂੰ ਮਾਂ ਦੀ ਮਮਤਾ ਤੇ ਬਾਪੂ ਦਾ ਅਦਿੱਖ ਪ੍ਰੇਮ ਮਹਿਸੂਸ ਹੋਇਆ।
ਉਹ ਬਾਪੂ ਨੂੰ ਘੁੱਟ ਕੇ ਗਲ ਨਾਲ ਲੱਗ ਗਿਆ ਤੇ ਨਿੱਕੇ ਜਿਹੇ ਬੱਚੇ ਵਾਂਗ ਰੋਣ ਲੱਗ ਪਿਆ। ਬਾਪੂ ਨੇ ਪਿਆਰ ਨਾਲ ਉਸ ਦੇ ਸਿਰ ’ਤੇ ਹੱਥ ਫੇਰਿਆ। ਫਿਰ ਦੋਵੇਂ ਚੁੱਪ ਹੋ ਗਏ। ਇਸ ਚੁੱਪ ਵਿਚ ਮਾਂ ਦੀਆਂ ਲੋਰੀਆਂ ਤੇ ਮਿੱਠੀਆਂ ਝਿੜਕਾਂ, ਉਸ ਦੇ ਹੱਥਾਂ ਦੀ ਗਰਮੀ ਅਤੇ ਬਾਪੂ ਦੇ ਦਿਲ ਵਿਚ ਮਾਂ-ਪੁੱਤ ਲਈ ਦੱਬਿਆ ਹੋਇਆ ਬਹੁਤ ਸਾਰਾ ਪਿਆਰ ਰਲਿਆ ਹੋਇਆ ਸੀ। ਬਾਪੂ ਦੀਆਂ ਅੱਖਾਂ ਵੀ ਭਿੱਜ ਗਈਆਂ ਪਰ ਉਸ ਨੇ ਹੰਝੂ ਪੂੰਝ ਕੇ ਪੁੱਤ ਨੂੰ ਹੋਰ ਘੁੱਟ ਕੇ ਸੀਨੇ ਨਾਲ ਲਾ ਲਿਆ। ਗੈਸ-ਚੁੱਲ੍ਹੇ ਦੀ ਲੋਅ ਕੰਬਦੀ ਜਾਪ ਰਹੀ ਸੀ। ਪਰੌਂਠਾ ਪਲੇਟ ਵਿਚ ਠੰਢਾ ਹੁੰਦਾ ਗਿਆ ਤੇ ਅੰਬਰ ਕਿੰਨਾ ਹੀ ਚਿਰ ਬਾਪੂ ਦੇ ਸੀਨੇ ਨਾਲ ਲੱਗ ਕੇ ਬਾਪੂ ਵਿੱਚੋਂ ਮਾਂ ਨੂੰ ਮਹਿਸੂਸ ਕਰਦਾ ਰਿਹਾ। ਉਸ ਪਲ ਉਸ ਨੂੰ ਲੱਗਿਆ, ‘ਮਾਂ ਕਿਤੇ ਗਈ ਨਹੀਂ, ਉਹ ਬਾਪੂ ਦੇ ਕੰਬਦੇ ਹੱਥਾਂ ਵਿਚ ਸੀ, ਬਾਪੂ ਦੇ ਬਣਾਏ ਪਰੌਂਠੇ ਦੀ ਹਰ ਪਰਤ ਵਿਚ ਸੀ ਤੇ ਉਸ ਦੇ ਹੰਝੂਆਂ ਦੀ ਗਰਮੀ ਵਿਚ ਵੀ ਸੀ।’ਬਾਪੂ ਦੇ ਬਣਾਏ ਵਿੰਗੇ-ਟੇਢੇ ਪਰੌਂਠੇ ਵਿੱਚੋਂ ਉੱਠੀ ਮਹਿਕ ਸਾਰੇ ਘਰ ਵਿਚ ਫੈਲ ਚੁੱਕੀ ਸੀ ਅਤੇ ਅੰਬਰ ਨੂੰ ਆਪਣੇ ਬਾਪੂ ਦੇ ਹੱਥਾਂ ਵਿੱਚੋਂ ‘ਮਮਤਾ ਦੀ ਖ਼ੁਸ਼ਬੂ’ ਆ ਰਹੀ ਸੀ। ਬੇਸ਼ੱਕ ਮਾਂ ਹੁਣ ਇਸ ਦੁਨੀਆ ਵਿਚ ਨਹੀਂ ਰਹੀ ਸੀ ਪਰ ਮਾਂ ਦੀ ਮਮਤਾ ਬਾਪੂ ਦੇ ਸੀਨੇ ਵਿਚ ਅਜੇ ਵੀ ਜਿਉਂਦੀ ਸੀ.। ਸ਼ਾਇਦ ਮਾਵਾਂ ਤੇ ਦੁਆਵਾਂ ਕਦੇ ਵੀ ਨਹੀਂ ਮਰਦੀਆਂ।
- ਪਰਮਿੰਦਰ ਕਲੇਰ