- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਣਬੀਰ ਆਕਾਸ਼ ਗ਼ਜ਼ਲ ਖੇਤਰ ਦਾ ਚਰਚਿਤ ਨਾਂ ਹੈ। ਕਈ ਸੰਪਾਦਿਤ ਪੁਸਤਕਾਂ ’ਚ ਹਾਜ਼ਰੀ ਲਗਵਾਉਣ ਤੋਂ ਬਾਅਦ ਉਹ ਆਪਣੀ ਨਿਰੋਲ ਗ਼ਜ਼ਲਾਂ ਦੀ ਪੁਸਤਕ ‘ਦਸਤਕ’ ਲੈ ਕੇ ਹਾਜ਼ਰ ਹੋਇਆ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ 90 ਸ਼ਾਨਦਾਰ ਗ਼ਜ਼ਲਾਂ ਦਰਜ ਹਨ। ਇਸ ਪੁਸਤਕ ਨੂੰ ਦੋ ਪੱਖਾਂ ਵਿਸ਼ੇ ਤੇ ਰੂਪਕ ਪੱਖੋਂ ਤੋਂ ਵਾਚਿਆ ਜਾ ਸਕਦਾ ਹੈ।

ਪੁਸਤਕ : ਦਸਤਕ ( ਗ਼ਜ਼ਲ ਸੰਗ੍ਰਹਿ)
ਸ਼ਾਇਰ : ਰਣਬੀਰ ਆਕਾਸ਼
ਸਫ਼ੇ: 120, ਮੁੱਲ: 200/-
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਰਣਬੀਰ ਆਕਾਸ਼ ਗ਼ਜ਼ਲ ਖੇਤਰ ਦਾ ਚਰਚਿਤ ਨਾਂ ਹੈ। ਕਈ ਸੰਪਾਦਿਤ ਪੁਸਤਕਾਂ ’ਚ ਹਾਜ਼ਰੀ ਲਗਵਾਉਣ ਤੋਂ ਬਾਅਦ ਉਹ ਆਪਣੀ ਨਿਰੋਲ ਗ਼ਜ਼ਲਾਂ ਦੀ ਪੁਸਤਕ ‘ਦਸਤਕ’ ਲੈ ਕੇ ਹਾਜ਼ਰ ਹੋਇਆ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ 90 ਸ਼ਾਨਦਾਰ ਗ਼ਜ਼ਲਾਂ ਦਰਜ ਹਨ। ਇਸ ਪੁਸਤਕ ਨੂੰ ਦੋ ਪੱਖਾਂ ਵਿਸ਼ੇ ਤੇ ਰੂਪਕ ਪੱਖੋਂ ਤੋਂ ਵਾਚਿਆ ਜਾ ਸਕਦਾ ਹੈ। ਰਣਬੀਰ ਆਕਾਸ਼ ਦਾ ਇਹ ਗ਼ਜ਼ਲ ਸੰਗ੍ਰਹਿ ਦੋਹਾਂ ਪੱਖਾਂ ’ਤੇ ਹੀ ਖਰਾ ਉਤਰਦਾ ਹੈ। ਉਸ ਨੇ ਸਾਰੀਆਂ ਸਾਲਿਮ ਬਹਿਰਾਂ ਦੇ ਨਾਲ-ਨਾਲ ਜਿਹਾਫੀ਼ ਬਹਿਰਾਂ ’ਤੇ ਆਪਣੀਆਂ ਗ਼ਜ਼ਲਾਂ ਕਹੀਆਂ ਹਨ। ਹਰ ਗ਼ਜ਼ਲ ਉੱਪਰ ਉਸ ਗ਼ਜ਼ਲ ਦੀ ਬਹਿਰ ਤੇ ਚਾਲ ਲਿਖੀ ਗਈ ਹੈ। ਉਸ ਨੇ ਤਕਰੀਬਨ ਹਰ ਚਰਚਿਤ ਬਹਿਰ ’ਚ ਗ਼ਜ਼ਲ ਕਹੀ ਹੈ। ਵਿਸ਼ੇ ਪੱਖੋਂ ਇਸ ਸੰਗ੍ਰਹਿ ਦੀ ਪੜਚੋਲ ਕਰੀਏ ਤਾਂ ਹਰ ਵਿਸ਼ਾ ਰਣਬੀਰ ਆਕਾਸ਼ ਦੀਆਂ ਗ਼ਜ਼ਲਾਂ ’ਚ ਦੇਖਣ ਨੂੰ ਮਿਲਦਾ ਹੈ। ਵਿਸ਼ਿਆਂ ਦੀ ਵਿਭਿੰਨਤਾ ਦੇ ਨਾਲ-ਨਾਲ ਰਵਾਨੀ ਤੇ ਬਿਹਤਰੀਨ ਸ਼ਬਦ ਚੋਣ ਇਸ ਪੁਸਤਕ ਨੂੰ ਹੋਰ ਵੀ ਰੌਚਕ ਬਣਾਉਂਦੀਆਂ ਹਨ।
ਹਨੇਰੇ ਮੋੜ ’ਤੇ ਦੀਵਾ ਜਗਾਉਣਾ ਵੀ ਸਜ਼ਾ ਬਣਿਆ।
ਦਿਖਾਈ ਰੋਸ਼ਨੀ ਜਿਸ ਨੂੰ ਨਾ ਉਹ ਵੀ ਆਪਣਾ ਬਣਿਆ।
ਮੇਰਾ ਸਭ ਨਾਲ ਲੈ ਕੇ ਤੁਰਿਆ, ਜੋ ਮੇਰਾ ਬਣ ਕੇ ਆਇਆ ਸੀ,
ਮੈਂ ਦੌਲਤਮੰਦ ਸੀ ਕੱਲ੍ਹ ਤੱਕ, ਹਾਂ ਅੱਜ ਦੀਵਾਲਿਆ ਬਣਿਆ।
ਰਣਬੀਰ ਦੀਆਂ ਗ਼ਜ਼ਲਾਂ ਨੂੰ ਕਿਸੇ ਵਾਦ ਜਾਂ ਹਦੂਦ ਅੰਦਰ ਕੈਦ ਕਰ ਕੇ ਵੇਖਣਾ ਸਹੀ ਨਹੀਂ ਹੋਵੇਗਾ। ਉਸ ਦੀ ਪਰਵਾਜ਼ ਉੱਚੀ ਹੈ। ਉਸ ਦੀਆਂ ਗ਼ਜ਼ਲਾਂ ’ਚ ਸਦਾਬਹਾਰ ਵਿਸ਼ਿਆਂ ਦੇ ਨਾਲ-ਨਾਲ ਸਮਕਾਲੀ ਸਮੱਸਿਆਵਾਂ ਤੇ ਵਿਸ਼ਿਆਂ ਦੀ ਸ਼ਮੂਲੀਅਤ ਹੈ। ਦੇਸ਼ ਤੇ ਦੁਨੀਆ ਦੇ ਹਾਲਾਤ ਉਸ ਦੀ ਲੇਖਣੀ ਦੇ ਕੇਂਦਰ ਵਿਚ ਹਨ।
ਆਪਣੇ ਦੇਸ਼, ਪਿੰਡ ਤੇ ਘਰ ਨੂੰ ਛੱਡ ਕੇ ਕਿਤੇ ਹੋਰ ਜਾਣਾ ਕਦੇ ਸੌਖਾ ਨਹੀਂ ਪਰ ਪੰਜਾਬ ਨੇ ਇਹ ਦਰਦ ਚਿਰਾਂ ਤੋਂ ਹੰਢਾਇਆ ਹੈ ਤੇ ਹੰਢਾ ਰਿਹਾ ਹੈ। ਇਸ ਬਾਰੇ ਸ਼ਾਇਰ ਚਿੰਤਤ ਵੀ ਹੈ ਤੇ ਚਿੰਤਨਸ਼ੀਲ ਵੀ। ਰਣਬੀਰ ਦੀਆਂ ਗ਼ਜ਼ਲਾਂ ਦੀ ਖ਼ਾਸੀਅਤ ਇਹ ਵੀ ਹੈ ਕਿ ਉਹ ਪਾਠਕ ਨੂੰ ਬੇਲੋੜੀ ਘੁੰਮਣਘੇਰੀ ’ਚ ਨਹੀਂ ਪਾਉਂਦਾ। ਸਿੱਧੇ ਤੇ ਸੌਖੇ ਸ਼ਬਦਾਂ ’ਚ ਗੱਲ ਕਹਿਣਾ ਉਸ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਸਰਲਤਾ, ਸਪੱਸ਼ਟਤਾ , ਵਿਅੰਗਮਈ ਸ਼ੈਲੀ, ਵਿਲੱਖਣ ਅੰਦਾਜ਼, ਸੰਖੇਪਤਾ ਜੁਝਾਰੂਪਣ, ਬੇਬਾਕਤਾ, ਨਿਡਰਤਾ, ਨਿਰਪੱਖਤਾ ਰਣਬੀਰ ਦੀਆਂ ਗ਼ਜ਼ਲਾਂ ਦਾ ਸ਼ਿੰਗਾਰ ਹਨ। ਜਿੱਥੇ ਕਿਤੇ ਵੀ ਉਹ ਪਿਆਰ ਮੁਹੱਬਤ ਦੀ ਵੀ ਗੱਲ ਕਰਦਾ ਹੈ ਤਾਂ ਬੇਹੱਦ ਸਲੀਕੇ ਨਾਲ ਕਰਦਾ ਹੈ। ਉਸ ਦੇ ਮੁਹੱਬਤੀ ਸ਼ਿਅਰਾਂ ’ਚ ਸ਼ਾਲੀਨਤਾ ਝਲਕਦੀ ਹੈ। ਮੋਟੇ ਅੱਖਰਾਂ ’ਚ ਕਿਹਾ ਜਾਵੇ ਤਾਂ ਹੱਥਲਾ ਗ਼ਜ਼ਲ ਸੰਗ੍ਰਹਿ ‘ਦਸਤਕ’ ਗ਼ਜ਼ਲ ਜਗਤ ਦਾ ਹਾਸਲ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਸ ਗ਼ਜ਼ਲ ਸੰਗ੍ਰਹਿ ਨੂੰ ਪਾਠਕ ਮਣਾਂਮੂੰਹੀਂ ਪਿਆਰ ਦੇਣਗੇ।
- ਫੈਸਲ ਖਾਨ