- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸਾਹਿਤ ਜਗਤ ਵਿਚ ਮਨੁੱਖੀ ਸੰਵੇਦਨਾਵਾਂ, ਪਰਿਵਾਰਕ ਸਾਂਝਾਂ ਤੇ ਸਮਾਜਿਕ ਸਰੋਕਾਰਾਂ ਨੂੰ ਪੇਸ਼ ਕਰਦੀਆਂ ਕਾਵਿ-ਪੁਸਤਕਾਂ ਹਮੇਸ਼ਾ ਹੀ ਪਾਠਕਾਂ ਦੇ ਦਿਲਾਂ ਦੇ ਨੇੜੇ ਰਹੀਆਂ ਹਨ। ਇਸੇ ਲੜੀ ਵਿਚ ਲੇਖਕ ਉਜਾਗਰ ਸਿੰਘ ਭੰਡਾਲ ਦਾ ਕਾਵਿ-ਸੰਗ੍ਰਹਿ ‘ਮਾਂ ਦਾ ਉਪਕਾਰ’ ਅਜਿਹੀ ਮੁੱਲਵਾਨ ਰਚਨਾ ਹੈ, ਜੋ ਪਾਠਕ ਨੂੰ ਆਪਣੀਆਂ ਜੜ੍ਹਾਂ, ਸੰਸਕਾਰਾਂ ਤੇ ਅਧਿਆਤਮਿਕਤਾ ਨਾਲ ਜੋੜਦੀ ਹੈ।

ਪੁਸਤਕ : ਮਾਂ ਦਾ ਉਪਕਾਰ (ਕਾਵਿ-ਸੰਗ੍ਰਹਿ)
ਲੇਖਕ: ਉਜਾਗਰ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਪੰਨੇ: 103 ਮੁੱਲ: 250/-
ਪੰਜਾਬੀ ਸਾਹਿਤ ਜਗਤ ਵਿਚ ਮਨੁੱਖੀ ਸੰਵੇਦਨਾਵਾਂ, ਪਰਿਵਾਰਕ ਸਾਂਝਾਂ ਤੇ ਸਮਾਜਿਕ ਸਰੋਕਾਰਾਂ ਨੂੰ ਪੇਸ਼ ਕਰਦੀਆਂ ਕਾਵਿ-ਪੁਸਤਕਾਂ ਹਮੇਸ਼ਾ ਹੀ ਪਾਠਕਾਂ ਦੇ ਦਿਲਾਂ ਦੇ ਨੇੜੇ ਰਹੀਆਂ ਹਨ। ਇਸੇ ਲੜੀ ਵਿਚ ਲੇਖਕ ਉਜਾਗਰ ਸਿੰਘ ਭੰਡਾਲ ਦਾ ਕਾਵਿ-ਸੰਗ੍ਰਹਿ ‘ਮਾਂ ਦਾ ਉਪਕਾਰ’ ਅਜਿਹੀ ਮੁੱਲਵਾਨ ਰਚਨਾ ਹੈ, ਜੋ ਪਾਠਕ ਨੂੰ ਆਪਣੀਆਂ ਜੜ੍ਹਾਂ, ਸੰਸਕਾਰਾਂ ਤੇ ਅਧਿਆਤਮਿਕਤਾ ਨਾਲ ਜੋੜਦੀ ਹੈ। ਇਹ ਕਿਤਾਬ ਆਪਣੇ ਨਾਂ ਵਾਂਗ ਹੀ ਮਾਂ ਦੀ ਮਮਤਾ ਤੇ ਉਸ ਦੇ ਅਸੀਮ ਰੁਤਬੇ ਨੂੰ ਸਮਰਪਿਤ ਹੈ, ਜਿਸ ਦੀ ਝਲਕ ਕਿਤਾਬ ਦੇ ਸਰਵਰਕ ਤੋਂ ਹੀ ਸਾਫ਼ ਦਿਖਾਈ ਦਿੰਦੀ ਹੈ। ਉਜਾਗਰ ਸਿੰਘ ਭੰਡਾਲ ਦੀ ਕਲਮ ਵਿਚ ਸਾਦਗੀ ਹੈ ਪਰ ਇਸ ਸਾਦਗੀ ਅੰਦਰ ਛੁਪਿਆ ਜੀਵਨ ਦਾ ਫ਼ਲਸਫ਼ਾ ਬਹੁਤ ਡੂੰਘਾ ਹੈ। ਉਨ੍ਹਾਂ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਜਿੱਥੇ ਆਮ ਮਨੁੱਖ ਦੇ ਜੀਵਨ ਦੇ ਅਨੁਭਵ ਨੂੰ ਛੂੰਹਦੀਆਂ ਹਨ, ਉੱਥੇ ਹੀ ਸਮਾਜ ਨੂੰ ਸਾਰਥਿਕ ਸੇਧ ਦੇਣ ਦਾ ਯਤਨ ਵੀ ਕਰਦੀਆਂ ਹਨ।
ਕਿਤਾਬ ਦੀ ਇਕ ਕਵਿਤਾ ‘ਮਿਹਰ ਦਾ ਹੱਥ’ ਵਿਚ ਕਵੀ ਦੀ ਧਾਰਮਿਕ ਤੇ ਦੇਸ਼-ਪਿਆਰ ਦੀ ਭਾਵਨਾ ਪ੍ਰਗਟ ਹੁੰਦੀ ਹੈ। ਇਹ ਰਚਨਾ ਰੱਬ ਅੱਗੇ ਪਵਿੱਤਰ ਬੇਨਤੀ ਹੈ, ਜਿਸ ਵਿਚ ਉਹ ਸਮੁੱਚੀ ਲੋਕਾਈ ਦੇ ਭਲੇ ਦੀ ਮੰਗ ਕਰਦਾ ਹੈ। ਕਵੀ ਪੰਜਾਬ ਦੀ ਧਰਤੀ, ਉਸ ਦੇ ਦਿਲ ਵਿਚ ਆਪਣੇ ਪੰਜਾਬ ਪ੍ਰਤੀ ਅਥਾਹ ਮੋਹ ਹੈ :
‘ਸਾਹ ਸਾਹ ਸਿਜਦੇ ਕਰਦਾ ਜਿਸ ਦੀ ਮਿੱਟੀ ਨੂੰ,
ਰੱਬਾ ਸਾਡਾ ਵੱਸਦਾ ਸਦਾ ਪੰਜਾਬ ਰਹੇ।’
ਇਸੇ ਤਰ੍ਹਾਂ ਪੁਸਤਕ ਵਿਚ ਸ਼ਾਮਲ ਗ਼ਜ਼ਲ ਸਮਾਜਿਕ ਤਾਣੇ-ਬਾਣੇ, ਮਨੁੱਖੀ ਸੁਭਾਅ ਤੇ ਕਰਮਾਂ ਦੇ ਫ਼ਲਸਫ਼ੇ ਨੂੰ ਬਾਖ਼ੂਬੀ ਪੇਸ਼ ਕਰਦੀ ਹੈ। ਕਵੀ ਨੇ ਬਹੁਤ ਹੀ ਸਾਧਾਰਨ ਪਰ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਇਹ ਸਮਝਾਇਆ ਹੈ ਕਿ ਚੰਗੀ ਨੀਅਤ ਵਾਲੇ ਇਨਸਾਨ ਹਮੇਸ਼ਾ ਤਰੱਕੀ ਕਰਦੇ ਹਨ ਤੇ ਏਕਤਾ ਵਿਚ ਹੀ ਅਸਲ ਬਰਕਤ ਹੁੰਦੀ ਹੈ। ਅਜੋਕੇ ਦੌਰ ’ਚ ਜਿੱਥੇ ਕੌੜੀ ਬੋਲਬਾਣੀ ਰਿਸ਼ਤਿਆਂ ਵਿਚ ਜ਼ਹਿਰ ਘੋਲ ਰਹੀ ਹੈ, ਉੱਥੇ ਕਵੀ ਮਿੱਠਾ ਬੋਲਣ ਦੀ ਤਾਕੀਦ ਕਰਦਾ ਹੋਇਆ ਕਹਿੰਦਾ ਹੈ:
‘ਫਿੱਕਾ ਬੋਲ ਕੇ ਦਿਲਾਂ ’ਤੇ ਫੱਟ ਲਗਾਈ ਨਾ,
‘ਭੰਡਾਲ’ ਦਿਲਾਂ ਦੇ ਜ਼ਖ਼ਮ ਚਿਰਾਂ ਤਾਈਂ ਰਸਦੇ ਨੇ।’
ਕਿਤਾਬ ਦੀ ਇਕ ਹੋਰ ਵਿਚਾਰਸ਼ੀਲ ਕਵਿਤਾ ‘ਝੜ ਜਾਣਾ’ ਮਨੁੱਖ ਨੂੰ ਜੀਵਨ ਦੀ ਨਾਸ਼ਵਾਨਤਾ ਦੀ ਯਾਦ ਦਿਵਾਉਂਦੀ ਹੈ। ਇਹ ਰਚਨਾ ਸੂਫ਼ੀਆਨਾ ਰੰਗ ਵਿਚ ਰੰਗੀ ਹੋਈ ਹੈ, ਜੋ ਦੱਸਦੀ ਹੈ ਕਿ ਸੰਸਾਰ ਵਿਚ ਕੋਈ ਵੀ ਚੀਜ਼ ਸਥਿਰ ਨਹੀਂ ਹੈ। ਜਿਸ ਤਰ੍ਹਾਂ ਪੱਕੇ ਹੋਏ ਫਲ ਨੇ ਇਕ ਦਿਨ ਟਹਿਣੀ ਤੋਂ ਟੁੱਟਣਾ ਹੀ ਹੁੰਦਾ ਹੈ, ਲੇਖਕ ਅਨੁਸਾਰ ਜੇ ਅਸੀਂ ਦੂਜਿਆਂ ਲਈ ਚੰਗਾ ਸੋਚਾਂਗੇ ਤਾਂ ਸਾਡਾ ਆਪਣਾ ਵਿਹੜਾ ਵੀ ਖ਼ੁਸ਼ੀਆਂ ਨਾਲ ਭਰ ਜਾਵੇਗਾ। ਪੁਸਤਕ ਦੀ ਅਗਲੀ ਰਚਨਾ ‘ਫਿਰਾਂ ਲੱਭਦਾ’ ਮਨੁੱਖੀ ਮਨ ਦੀ ਅਧਿਆਤਮਿਕ ਤੇ ਆਤਮਿਕ ਖੋਜ ਹੈ। ਇਸ ਵਿਚ ਕਵੀ ਆਪਣੀ ਗੁਆਚੀ ਹੋਈ ਤਕਦੀਰ ਦੀ ਭਾਲ ’ਚ ਹੈ, ਜੋ ਉਸ ਦੀ ਸੁੱਤੀ ਹੋਈ ਆਤਮਾ ਨੂੰ ਜਗਾ ਸਕੇ। ਕਵਿਤਾ ਵਿਚ ਪੰਜਾਬ ਦੇ ਪੰਜ ਦਰਿਆਵਾਂ ਤੇ ਵਿਛੜੇ ਹੋਏ ਪਿਆਰਿਆਂ ਨੂੰ ਮੁੜ ਮਿਲਣ ਦੀ ਤੜਫ਼ ਬਹੁਤ ਸ਼ਿੱਦਤ ਨਾਲ ਪੇਸ਼ ਕੀਤੀ ਗਈ ਹੈ। ਸੰਖੇਪ ’ਚ ਕਿਹਾ ਜਾਵੇ ਤਾਂ ਉਜਾਗਰ ਸਿੰਘ ਭੰਡਾਲ ਦੀ ਪੁਸਤਕ ‘ਮਾਂ ਦਾ ਉਪਕਾਰ’ ਪੰਜਾਬੀ ਕਾਵਿ-ਜਗਤ ਵਿਚ ਸ਼ਲਾਘਾਯੋਗ ਆਮਦ ਹੈ। ਇਹ ਕਿਤਾਬ ਨਾ ਸਿਰਫ਼ ਪੜ੍ਹਨਯੋਗ ਹੈ ਸਗੋਂ ਜੀਵਨ ’ਚ ਉਤਾਰਨਯੋਗ ਵੀ ਹੈ।
- ਪਰਮਜੀਤ ਸਿੰਘ ਸੰਸੋਆ