
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾ. ਅਜੀਤ ਸਿੰਘ ਅਨੁਸਾਰ ਉਨ੍ਹਾਂ ਦੀਆਂ ਕਹਾਣੀਆਂ ਦਾ ਮੁੱਖ ਮਕਸਦ ਸੋਹਣੇ ਸਮਾਜ ਦੀ ਸਿਰਜਣਾ ਲਈ ਯਤਨ ਕਰਨਾ ਤੇ ਪਾਠਕਾਂ ਦੇ ਮਨਾਂ ਵਿਚ ਰਿਸ਼ਤਿਆਂ ਦੀ ਮਰਿਆਦਾ ਤੇ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਚੇਤਨਾ ਪੈਦਾ ਕਰਨਾ ਹੈ। ਸੰਗ੍ਰਹਿ ਦੀ ਮੁੱਖ ਕਹਾਣੀ ‘ਜ਼ਿੰਦਗੀ ਦੇ ਰੰਗ’ ਕੁਲਜੀਤ ਅਤੇ ਕ੍ਰਿਸ਼ਨਾ ਦੇ ਮਾਧਿਅਮ ਰਾਹੀਂ ਅਮੀਰੀ-ਗਰੀਬੀ ਦੀ ਕੰਧ ਅਤੇ ਸਮਾਜਿਕ ਦਬਾਵਾਂ ਦੇ ਬਾਵਜੂਦ ਸੱਚੀ ਮੁਹੱਬਤ ਦੀ ਜਿੱਤ ਨੂੰ ਪੇਸ਼ ਕਰਦੀ ਹੈ।

ਪੁਸਤਕ : ਜ਼ਿੰਦਗੀ ਦੇ ਰੰਗ (ਕਹਾਣੀ ਸੰਗ੍ਰਹਿ)
ਲੇਖਕ : ਡਾ. ਅਜੀਤ ਸਿੰਘ
ਪ੍ਰਕਾਸ਼ਕ: ਸਾਹਿਬਦੀਪ ਪਬਲੀਕੇਸ਼ਨ, ਭੀਖੀ, ਮਾਨਸਾ
ਪੰਨੇ: 139 ਮੁੱਲ : 300 ਰੁਪਏ
ਪੰਜਾਬੀ ਸਾਹਿਤ ਦੇ ਵਿਹੜੇ ਡਾ. ਅਜੀਤ ਸਿੰਘ ਦਾ ਕਹਾਣੀ ਸੰਗ੍ਰਹਿ ‘ਜ਼ਿੰਦਗੀ ਦੇ ਰੰਗ’ ਸ਼ੁੱਭ ਆਮਦ ਹੈ। ਲੇਖਕ ਪੇਸ਼ੇ ਤੋਂ ਅਰਥ-ਸ਼ਾਸਤਰ ਤੇ ਕਾਮਰਸ ਵਿਸ਼ੇ ਦੇ ਮਾਹਿਰ ਹਨ ਅਤੇ ਲੰਬਾ ਸਮਾਂ ਉੱਚ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਤੋਂ ਬਾਅਦ ਵਰਤਮਾਨ ਸਮੇਂ ਅਮਰੀਕਾ ’ਚ ਰਹਿ ਰਹੇ ਹਨ ਪਰ ਦੇਸ਼-ਵਿਦੇਸ਼ ਦੇ ਭਿੰਨ-ਭਿੰਨ ਭੂਗੋਲਿਕ ਤੇ ਸਮਾਜਿਕ ਮਾਹੌਲ ਵਿਚ ਵਿਚਰਦਿਆਂ ਵੀ ਉਨ੍ਹਾਂ ਦੇ ਚੇਤਿਆਂ ਵਿੱਚੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਕਦੇ ਮਨਫ਼ੀ ਨਹੀਂ ਹੋਈ। ਇਹੋ ਕਾਰਨ ਹੈ ਕਿ ਇਸ ਸੰਗ੍ਰਹਿ ਦੀਆਂ ਕਹਾਣੀਆਂ ਪੰਜਾਬ ਦੀ ਮਿੱਟੀ, ਇੱਥੋਂ ਦੇ ਸੱਭਿਆਚਾਰ ਤੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਸਿੱਧਾ ਸਰੋਕਾਰ ਰੱਖਦੀਆਂ ਹਨ। ਪੁਸਤਕ ਦੇ ਸਰਵਰਕ ’ਤੇ ਬਣਿਆ ਨੀਲੇ ਰੰਗ ਦਾ ਬੰਦ ਦਰਵਾਜ਼ਾ, ਲਾਲ ਫੁੱਲਾਂ ਵਾਲਾ ਗਮਲਾ ਤੇ ਲਟਕਦੀ ਲਾਲਟੈਣ ਮਨੁੱਖੀ ਜ਼ਿੰਦਗੀ ਦੀਆਂ ਸੰਭਾਵਨਾਵਾਂ ਦੇ ਪ੍ਰਤੀਕ ਵਜੋਂ ਨਜ਼ਰ ਆਉਂਦੇ ਹਨ। ਪੁਸਤਕ ਦੇ ਪਿਛਲੇ ਸਰਵਰਕ ’ਤੇ ਲਿਖੀਆਂ ਸਤਰਾਂ ਮਨੁੱਖ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਸਾਰਥਕ ਰਾਹਾਂ ਉੱਪਰ ਸੰਘਰਸ਼ਮਈ ਪਹੁੰਚ ਅਪਣਾਉਣ ਦਾ ਹੋਕਾ ਦਿੰਦੀਆਂ ਹਨ। ਪੁਸਤਕ ਦੇ ਆਰੰਭ ’ਚ ਆਲੋਚਕ ਨਿਰੰਜਨ ਬੋਹਾ ‘ਬਦਲਦੇ ਸਮੇਂ ਅਨੁਸਾਰ ਬਦਲਦੇ ਰਿਸ਼ਤਿਆਂ ਦੇ ਰੰਗਾਂ ਨੂੰ ਉਘੇੜਦੀਆਂ ਕਹਾਣੀਆਂ’ ਸਿਰਲੇਖ ਹੇਠ ਲਿਖਦੇ ਹਨ ਕਿ ਡਾ. ਅਜੀਤ ਸਿੰਘ ਸਿਰਫ਼ ਅਰਥ-ਸ਼ਾਸਤਰੀ ਹੀ ਨਹੀਂ ਸਗੋਂ ਸਮਕਾਲੀ ਸਮਾਜ ਦੀ ਨਬਜ਼ ਪਛਾਣਨ ਵਾਲੇ ਸਮਾਜ-ਸ਼ਾਸਤਰੀ ਵੀ ਹਨ। ਉਨ੍ਹਾਂ ਲਿਖਿਆ ਹੈ ਕਿ ਇਸ ਸੰਗ੍ਰਹਿ ਦੀਆਂ 15 ਕਹਾਣੀਆਂ ਵਿਚ ਨਵ-ਪੂੰਜੀਵਾਦੀ ਸਮਾਜਿਕ ਕਦਰਾਂ-ਕੀਮਤਾਂ ਕਾਰਨ ਮਨੁੱਖੀ ਜੀਵਨ ਵਿਚ ਆਈ ਖ਼ੁਸ਼ਕੀ, ਸਵਾਰਥ ਤੇ ਰਿਸ਼ਤਿਆਂ ਦੇ ਬਦਲਦੇ ਰੰਗਾਂ ਨੂੰ ਬਹੁਤ ਖ਼ੂਬਸੂਰਤ ਤਰੀਕੇ ਨਾਲ ਚਿਤਰਿਆ ਗਿਆ ਹੈ। ਲੇਖਕ ਨੇ ਖ਼ੁਦ ਆਪਣੀ ‘ਪ੍ਰਸਤਾਵਨਾ’ ਵਿਚ ਆਪਣੇ ਸਾਹਿਤਕ ਸਫ਼ਰ ਅਤੇ ਜੀਵਨ ਦੇ ਤਜਰਬਿਆਂ ਨੂੰ ਸਾਂਝਾ ਕੀਤਾ ਹੈ। ਡਾ. ਅਜੀਤ ਸਿੰਘ ਅਨੁਸਾਰ ਉਨ੍ਹਾਂ ਦੀਆਂ ਕਹਾਣੀਆਂ ਦਾ ਮੁੱਖ ਮਕਸਦ ਸੋਹਣੇ ਸਮਾਜ ਦੀ ਸਿਰਜਣਾ ਲਈ ਯਤਨ ਕਰਨਾ ਤੇ ਪਾਠਕਾਂ ਦੇ ਮਨਾਂ ਵਿਚ ਰਿਸ਼ਤਿਆਂ ਦੀ ਮਰਿਆਦਾ ਤੇ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਚੇਤਨਾ ਪੈਦਾ ਕਰਨਾ ਹੈ। ਸੰਗ੍ਰਹਿ ਦੀ ਮੁੱਖ ਕਹਾਣੀ ‘ਜ਼ਿੰਦਗੀ ਦੇ ਰੰਗ’ ਕੁਲਜੀਤ ਅਤੇ ਕ੍ਰਿਸ਼ਨਾ ਦੇ ਮਾਧਿਅਮ ਰਾਹੀਂ ਅਮੀਰੀ-ਗਰੀਬੀ ਦੀ ਕੰਧ ਅਤੇ ਸਮਾਜਿਕ ਦਬਾਵਾਂ ਦੇ ਬਾਵਜੂਦ ਸੱਚੀ ਮੁਹੱਬਤ ਦੀ ਜਿੱਤ ਨੂੰ ਪੇਸ਼ ਕਰਦੀ ਹੈ। 1947 ਦੀ ਵੰਡ ਦੇ ਦਰਦ ਨੂੰ ਬਿਆਨ ਕਰਦੀ ਕਹਾਣੀ ‘ਫ਼ੈਸਲਾ’ ਫਿਰਕੂ ਦੰਗਿਆਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਜਜ਼ਬੇ ਨੂੰ ਸਿਖਰ ’ਤੇ ਪਹੁੰਚਾਉਂਦੀ ਹੈ। ਬਾਲ ਮਨੋਵਿਗਿਆਨ ’ਤੇ ਆਧਾਰਿਤ ਕਹਾਣੀ ‘ਛੁੱਟੀਆਂ ਦੀ ਉਡੀਕ’ ਅਤੇ ਰਿਸ਼ਤਿਆਂ ਦੀ ਗੁੰਝਲਦਾਰਤਾ ਨੂੰ ਦਰਸਾਉਂਦੀ ‘ਅੱਥਰੂਆਂ ਦੇ ਬੋਲ’ ਪਾਠਕ ਨੂੰ ਅੰਦਰ ਤੱਕ ਪ੍ਰਭਾਵਿਤ ਕਰਦੀਆਂ ਹਨ। ਸੰਖੇਪ ’ਚ ਕਿਹਾ ਜਾ ਸਕਦਾ ਹੈ ਕਿ ‘ਜ਼ਿੰਦਗੀ ਦੇ ਰੰਗ’ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਆਮ ਮਨੁੱਖ ਦੇ ਆਲੇ-ਦੁਆਲੇ ਅਤੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਕਹਾਣੀਆਂ ਦੀ ਭਾਸ਼ਾ ਸਰਲ, ਸਪੱਸ਼ਟ ਤੇ ਮੁਹਾਵਰੇਦਾਰ ਹੈ, ਜੋ ਪਾਠਕ ਨੂੰ ਅਖ਼ੀਰ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ।
- ਪਰਮਜੀਤ ਸਿੰਘ ਸੰਸੋਆ