- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਕਾਵਿ-ਸੰਗ੍ਰਹਿ, ਤਿੰਨ ਕਹਾਣੀ-ਸੰਗ੍ਰਹਿ, ਇਕ ਬਾਲ ਨਾਵਲ, ਇਕ ਸੰਸਮਰਨ ਤੇ ਇਕ ਸਵੈ-ਜੀਵਨੀ ਦੇ ਸਿਰਜਕ ਸਮਰੱਥ ਸਾਹਿਤਕਾਰ ਤੇਲੂ ਰਾਮ ਕੁਹਾੜਾ ਪੰਜਾਬੀ ਸਾਹਿਤ ਦੇ ਖੇਤਰ ਦਾ ਨਾਮਵਰ ਹਸਤਾਖ਼ਰ ਹੈ। ਪੰਜਾਬੀ ਦੇ ਨਾਮਵਰ ਅਖ਼ਬਾਰਾਂ ਤੇ ਰਸਾਲਿਆਂ ਵਿਚ ਉਨ੍ਹਾਂ ਦੀਆਂ ਲਿਖਤਾਂ ਅਕਸਰ ਪੜ੍ਹਨ ਲਈ ਮਿਲਦੀਆਂ ਰਹਿੰਦੀਆਂ ਹਨ ।

ਪੁਸਤਕ- ਭੁਲੱਕੜਨਾਮਾ
ਲੇਖਕ - ਤੇਲੂ ਰਾਮ ਕੁਹਾੜਾ
ਪੰਨੇ - 96 ਮੁੱਲ - 200/-
ਪ੍ਰਕਾਸ਼ਕ - ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਦੋ ਕਾਵਿ-ਸੰਗ੍ਰਹਿ, ਤਿੰਨ ਕਹਾਣੀ-ਸੰਗ੍ਰਹਿ, ਇਕ ਬਾਲ ਨਾਵਲ, ਇਕ ਸੰਸਮਰਨ ਤੇ ਇਕ ਸਵੈ-ਜੀਵਨੀ ਦੇ ਸਿਰਜਕ ਸਮਰੱਥ ਸਾਹਿਤਕਾਰ ਤੇਲੂ ਰਾਮ ਕੁਹਾੜਾ ਪੰਜਾਬੀ ਸਾਹਿਤ ਦੇ ਖੇਤਰ ਦਾ ਨਾਮਵਰ ਹਸਤਾਖ਼ਰ ਹੈ। ਪੰਜਾਬੀ ਦੇ ਨਾਮਵਰ ਅਖ਼ਬਾਰਾਂ ਤੇ ਰਸਾਲਿਆਂ ਵਿਚ ਉਨ੍ਹਾਂ ਦੀਆਂ ਲਿਖਤਾਂ ਅਕਸਰ ਪੜ੍ਹਨ ਲਈ ਮਿਲਦੀਆਂ ਰਹਿੰਦੀਆਂ ਹਨ । ਵਿਚਾਰ ਅਧੀਨ ਪੁਸਤਕ ‘ਭੁਲੱਕੜਨਾਮਾ’ ਉਸ ਦੇ ਜੀਵਨ ਦੀਆਂ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਕਹਾਣੀਆਂ ਦਾ ਸੰਗ੍ਰਹਿ ਹੈ। ਜਿਵੇਂ ਪੁਸਤਕ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਲੇਖਕ ਤੇ ਉਸ ਦੇ ਚੁਫ਼ੇਰੇ ਤੇ ਨਜ਼ਦੀਕ ਵਿਚਰਦੇ ਲੋਕ ਗਾਹੇ-ਬਗਾਹੇ ਜੀਵਨ ਦੇ ਕਈ ਮੋੜਾਂ ’ਤੇ ਜਾਣੇ-ਅਣਜਾਣੇ ਵਿਚ ਭੁੱਲਣ ਦੀਆਂ ਗ਼ਲਤੀਆਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਜੀਵਨ ਵਿਚ ਕਈ ਦੁਖਾਂਤਕ ਹਾਦਸੇ ਵੀ ਵਾਪਰਦੇ ਰਹੇ। ਅਸਲ ’ਚ ਲੇਖਕ ਇਕ ਜਗ੍ਹਾ ਖ਼ੁਦ ਵੀ ਇਹ ਲਿਖਦਾ ਹੈ ਕਿ ਬੰਦੇ ਸਿਰ ਕਈ ਵਾਰ ਇਕੱਠੇ ਕੰਮ, ਜ਼ਿੰਮੇਵਾਰੀਆਂ ਜਾਂ ਮੁਸੀਬਤਾਂ ਆ ਜਾਣ ’ਤੇ ਉਹ ਉਨ੍ਹਾਂ ਦੇ ਬੋਝ ਥੱਲੇ ਆਇਆ ਭੁਲੱਕੜਪੁਣੇ ਦਾ ਸ਼ਿਕਾਰ ਹੋ ਜਾਂਦਾ ਹੈ । ‘ਬੂਟ’ ਕਹਾਣੀ ਵਿਚ ਲੇਖਕ ਆਪਣੇ ਪਿੰਡ ਦੇ ਤਾਂਗੇ ਵਾਲੇ ਚਾਚੇ ਦੇ ਭੁੱਲਣ ਬਾਰੇ ਵੀ ਦੱਸਦਾ ਹੈ ਕਿ ਕਿਵੇਂ ਉਹ ਲੇਖਕ ਦੀ ਛੋਟੀ ਉਮਰੇ ਹੀ ਉਸ ਨੂੰ ਦੁਕਾਨ ਤੋਂ ਲਿਜਾਣਾ ਹੀ ਭੁੱਲ ਗਿਆ ਤੇ ਪਿੰਡ ਚਲਾ ਗਿਆ। ‘ਚੋਰ’ ਨਾਂ ਦੀ ਕਹਾਣੀ ਵਿਚ ਤਾਂ ਪੂਰੇ ਟੱਬਰ ਦੇ ਭੁੱਲ ਜਾਣ ਕਾਰਨ ਸਾਰਾ ਪਿੰਡ ਹੀ ਵਖ਼ਤ ਵਿਚ ਪੈ ਗਿਆ ਸੀ ਪਰ ਕਈ ਵਾਰ ਜਾਣ ਬੁੱਝ ਕੇ ਭੁੱਲ ਜਾਣ ਦਾ ਬਹਾਨਾ ਬਣਾਉਣ ਕਰ ਕੇ ਝੂਠ ਮਗਰੋਂ ਝੂਠ ਬੋਲਣੇ ਵੀ ਪੈ ਜਾਂਦੇ ਹਨ, ਜਿਨ੍ਹਾਂ ਕਾਰਨ ਬੰਦਾ ਹੋਰ ਵਧੇਰੇ ਮੁਸ਼ਕਲ ’ਚ ਫ਼ਸ ਜਾਂਦੈ। ਅਜਿਹਾ 'ਝੂਠ' ਕਹਾਣੀ ਵਿਚ ਲੇਖਕ ਨਾਲ ਸੱਤਵੀਂ ਵਿੱਚ ਪੜ੍ਹਦੇ ਸਮੇਂ ਵਾਪਰਿਆ । ਵੈਸੇ ਵੀ ਕਹਿੰਦੇ ਨੇ ਕਿ ਨਾ ਤਾਂ ਝੂਠ ਦੇ ਪੈਰ ਹੁੰਦੇ ਨੇ ਤੇ ਨਾ ਹੀ ਝੂਠ ਬੋਲਣ ਵਾਲੇ ’ਚ ਆਤਮ-ਵਿਸ਼ਵਾਸ ਰਹਿੰਦਾ ਹੈ ।
ਭੁਲੱਕੜਪੁਣਾ ਬਜ਼ੁਰਗ ਤੇ ਮਾਨਸਿਕ ਪਰੇਸ਼ਾਨੀ ਦੀ ਅਵਸਥਾ ਦਾ ਵੀ ਇਕ ਰੋਗ ਹੈ । ‘ਬਾਈ ਜੀ’ ਨਾਂ ਦੀ ਕਹਾਣੀ ਵਿਚ ਲੇਖਕ ਦੇ ਬਾਈ ਜੀ ਆਖ਼ਰੀ ਉਮਰੇ ਮਾਨਸਿਕ ਪ੍ਰੇਸ਼ਾਨੀਆਂ ਦੇ ਚੱਲਦਿਆਂ ਭੁਲੱਕੜਪੁਣੇ ਦਾ ਸ਼ਿਕਾਰ ਹੋ ਕੇ ਘਰੋਂ ਨਿਕਲ ਜਾਂਦੇ ਤੇ ਮੁੜਨ ਦੀ ਕੋਈ ਸੋਝੀ ਨਾ ਰਹਿੰਦੀ। ਇਸ ਤਰ੍ਹਾਂ ਲੇਖਕ ਦੀ ਆਤਮ-ਅਨੁਭਵੀ ਤੇ ਯਾਦ-ਆਧਾਰਿਤ ਬਿਰਤਾਂਤ-ਸ਼ੈਲੀ ਵਾਲੀ ਇਹ ਪੁਸਤਕ ਪਾਠਕਾਂ ਲਈ ਦਿਲਚਸਪੀ ਪੈਦਾ ਕਰਦੀ ਹੈ। ਕਈ ਥਾਵਾਂ ’ਤੇ ਹਾਸ-ਵਿਅੰਗ ਤੇ ਦੁਖਾਂਤ ਦਾ ਸੁਮੇਲ ਵੇਖਣ ਨੂੰ ਮਿਲਦਾ ਹੈ । ‘ਭੁਲੱਕੜਨਾਮਾ’ ਵਿਚ ਨਿੱਜੀ ਘਟਨਾਵਾਂ ਰਾਹੀਂ ਉਹ ਸਮੇਂ ਦੀ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਜੀਵਨ ਦੀ ਝਲਕ ਵੀ ਮਿਲਦੀ ਹੈ । ਲੇਖਕ ਨੇ ਭੁੱਲਣ ਨੂੰ ਸਿਰਫ਼ ਕਮਜ਼ੋਰੀ ਨਹੀਂ ਸਗੋਂ ਮਨੁੱਖੀ ਸੁਭਾਅ ਤੇ ਜੀਵਨ ਦੀ ਵਿਡੰਬਨਾ ਵਜੋਂ ਪੇਸ਼ ਕੀਤਾ ਹੈ। ਪੁਸਤਕ ਦੀ ਭਾਸ਼ਾ ਤੇ ਸ਼ੈਲੀ ਸਰਲ ਅਤੇ ਰੌਚਕ ਹੈ। ਕਈ ਥਾਵਾਂ ’ਤੇ ਇਲਾਕਾਈ ਬੋਲੀ ਦਾ ਪ੍ਰਭਾਵ ਹੈ ਪਰ ਪੁਸਤਕ ਵਿਚ ਕਈ ਥਾਵਾਂ ’ਤੇ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਹਨ। ਲੇਖਕ ਤੇ ਪ੍ਰਕਾਸ਼ਕ ਦੋਵਾਂ ਨੂੰ ਇਸ ਪਾਸੇ ਹੋਰ ਵਧੇਰੇ ਧਿਆਨ ਦੇਣਾ ਚਾਹੀਦਾ ਸੀ।
- ਕੁਲਵਿੰਦਰ ਵਿਰਕ