- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਥਲੀ ਪੁਸਤਕ ਭਾਵੇਂ ਮੀਤ ਬਠਿੰਡਾ ਦੀ ਪਲੇਠੀ ਪੁਸਤਕ ਹੈ ਲੇਕਿਨ ਸ਼ਾਇਰ ਲਗਪਗ 24 ਸਾਲਾਂ ਤੋਂ ਕਲਮ ਚੁੱਕ ਕੇ ਲਗਾਤਾਰ ਆਪਣੀਆਂ ਲਿਖਤਾਂ ਲਿਖ ਰਿਹਾ ਹੈ। ਪਿਛਲੇ 24 ਸਾਲਾਂ ਤੋਂ ਗੁੰਮਨਾਮ ਜਿਹਾ ਇਹ ਸ਼ਾਇਰ ਤਕਰੀਬਨ ਚਾਰ ਕੁ ਸਾਲਾਂ ਤੋਂ ਵੱਖ-ਵੱਖ ਸਾਹਿਤਕ ਸਮਾਗਮਾਂ ’ਚ ਆਪਣੀਆਂ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਕਰਨ ਕਰਕੇ ਇਕਦਮ ਸਰੋਤਿਆਂ ਦੇ ਦਿਲ ਦੀ ਧੜਕਣ ਬਣ ਗਿਆ।

ਪੁਸਤਕ: 'ਕੱਚੀ ਨੀਂਦ ਦਾ ਸੁਪਨਾ' ( ਕਾਵਿ ਸੰਗ੍ਰਹਿ)
ਲੇਖਕ: ਮੀਤ ਬਠਿੰਡਾ
ਪੰਨੇ 88 : ਮੁੱਲ 250/- ਰੁਪਏ
ਪ੍ਰਕਾਸ਼ਕ: ਸਾਦਿਕ ਪਬਲੀਕੇਸ਼ਨਜ਼ ਜੋਧਪੁਰ
ਹੱਥਲੀ ਪੁਸਤਕ ਭਾਵੇਂ ਮੀਤ ਬਠਿੰਡਾ ਦੀ ਪਲੇਠੀ ਪੁਸਤਕ ਹੈ ਲੇਕਿਨ ਸ਼ਾਇਰ ਲਗਪਗ 24 ਸਾਲਾਂ ਤੋਂ ਕਲਮ ਚੁੱਕ ਕੇ ਲਗਾਤਾਰ ਆਪਣੀਆਂ ਲਿਖਤਾਂ ਲਿਖ ਰਿਹਾ ਹੈ। ਪਿਛਲੇ 24 ਸਾਲਾਂ ਤੋਂ ਗੁੰਮਨਾਮ ਜਿਹਾ ਇਹ ਸ਼ਾਇਰ ਤਕਰੀਬਨ ਚਾਰ ਕੁ ਸਾਲਾਂ ਤੋਂ ਵੱਖ-ਵੱਖ ਸਾਹਿਤਕ ਸਮਾਗਮਾਂ ’ਚ ਆਪਣੀਆਂ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਕਰਨ ਕਰਕੇ ਇਕਦਮ ਸਰੋਤਿਆਂ ਦੇ ਦਿਲ ਦੀ ਧੜਕਣ ਬਣ ਗਿਆ। ਜੇ ਮੀਤ ਬਠਿੰਡਾ ਦੀ ਪੁਸਤਕ ‘ਕੱਚੀ ਨੀਂਦ ਦਾ ਸੁਪਨਾ’ ਕਾਵਿ ਸੰਗ੍ਰਹਿ ਦੀ ਗੱਲ ਕਰੀਏ ਤਾਂ ਇਸ ਵਿਚ ਪਾਠਕਾਂ ਨੂੰ ਕਵਿਤਾਵਾਂ, ਗ਼ਜ਼ਲਾਂ, ਨਜ਼ਮਾਂ, ਗੀਤ ਸਭ ਕੁਝ ਪੜ੍ਹਨ ਨੂੰ ਮਿਲੇਗਾ। ਇਸ ਕਿਤਾਬ ’ਚ ਸ਼ਾਇਰ ਨਿੱਜ ਤੋਂ ਪਰ ਤੱਕ ਦੇ ਦਰਦ, ਵੇਦਨਾ, ਸੰਵੇਦਨਾ, ਅਹਿਸਾਸ ਤੇ ਖ਼ਿਆਲਾਂ ਦੀ ਗੱਲ ਕਰਦਾ ਹੈ। ਇਸ ਕਿਤਾਬ ਵਿਚ ਜਿੱਥੇ ਬਿਰਹੋ ਦਾ ਦਰਦ ਅਵੱਲੜਾ ਭਾਰੂ ਹੈ ਤੇ ਇਸ ਨੂੰ ਬਿਆਨ ਕਰਦੀਆਂ ਕੁਝ ਸਤਰਾਂ ਕਾਬਿਲ-ਏ-ਗੌਰ ਹਨ:
ਮੇਰੇ ਦਿਲ ਤੇ ਜੋ ਲੱਗੇ ਉਹ ਫੱਟ ਨੇ ਹਰੇ,
ਦਰਦ ਹੁੰਦਾ ਹੈ ਪਰ ਦਿਲ ਕਰੇ ਕੀ ਕਰੇ।
ਮਾਰ ਦਿੰਦੇ ਜੇ ਦੁਸ਼ਮਣ ਤਾਂ ਗੱਲ ਹੋਰ ਸੀ,
ਦੁੱਖ ਤਾਂ ਇਹ ਹੈ ਕਿ ਯਾਰਾਂ ਦੇ ਹੱਥੋਂ ਮਰੇ।
ਉੱਥੇ ਸ਼ਾਇਰ ਪ੍ਰਵਾਸ, ਬੇਰੁਜ਼ਗਾਰੀ, ਗ਼ਰੀਬੀ ਆਦਿ ਵਿਸ਼ਿਆਂ ਨੂੰ ਵੀ ਧਿਆਨ ਵਿਚ ਰੱਖਦਿਆਂ ਇਨ੍ਹਾਂ ਮਸਲਿਆਂ ’ਤੇ ਵੀ ਆਪਣੀਆਂ ਰਚਨਾਵਾਂ ਵਿਚ ਆਪਣੇ ਜਜ਼ਬਾਤਾਂ ਨੂੰ ਬਿਆਨ ਕਰਦਾ ਹੈ। ਇਸ ਤੋਂ ਇਲਾਵਾ ਸ਼ਾਇਰ ਸਿੱਖ ਇਤਿਹਾਸ ਬਾਰੇ ਲਿਖਦਿਆਂ ਵੀ ਆਪਣੀਆਂ ਰਚਨਾਵਾਂ ‘ਬੇਦਾਵਾ’ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਚਾਲੀ ਮੁਕਤਿਆਂ ਬਾਰੇ ਜਿੱਥੇ ਗੱਲ ਕਰਦਾ ਹੈ, ਉੱਥੇ ‘ਛੋਟੇ ਸਾਹਿਬਜ਼ਾਦੇ’ ਨਾਮੀ ਰਚਨਾ ਵਿਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਵੀ ਸਲਾਮ ਕਰਦਾ ਹੈ। ਵਾਤਾਵਰਣ ਤੇ ਕੁਦਰਤ ਪ੍ਰੇਮੀ ਹੋਣ ਦਾ ਸਬੂਤ ਦਿੰਦਿਆਂ ਸ਼ਾਇਰ ‘ਪੰਛੀ, ਰੁੱਖ ਤੇ ਪਾਣੀ’ ਨਾਮਕ ਕਵਿਤਾ ਦੀ ਵੀ ਸਿਰਜਣਾ ਕਰਦਾ ਹੈ। ਸੋ ਇਸ ਤਰ੍ਹਾਂ ਸਾਰੇ ਹੀ ਵਿਸ਼ਿਆਂ ’ਤੇ ਚੰਗੀ ਪਕੜ ਬਣਾ ਕੇ ਇਕ ਗੁਲਦਸਤੇ ਦੇ ਰੂਪ ਵਿਚ ਸ਼ਾਇਰ ਨੇ ਇਸ ਕਾਵਿ ਸੰਗ੍ਰਹਿ ਦੀ ਸਿਰਜਨਾ ਕੀਤੀ ਹੈ। ਇਸ ਖ਼ੂਬਸੂਰਤ ਕਾਵਿ ਸਿਰਜਣਾ ਲਈ ਮੀਤ ਬਠਿੰਡਾ ਵਧਾਈ ਦਾ ਪਾਤਰ ਹੈ। ਸੋ ਸਾਹਿਤ ਜਗਤ ਵਿਚ ‘ਕੱਚੀ ਨੀਂਦ ਦਾ ਸੁਪਨਾ’ ਕਾਵਿ ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।
- ਪਰਮਜੀਤ ਕੌਰ ਸਰਹਿੰਦ