- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਦੇਵ ਹਮਦਰਦ ਦਾ ਨਵਾਂ ਕਾਵਿ-ਸੰਗ੍ਰਹਿ ‘ਸਿਲਾਲੇਖ’ ਪੰਜਾਬੀ ਕਾਵਿ-ਜਗਤ ਵਿਚ ਨਵੀਂ, ਸਾਰਥਕ ਅਤੇ ਪ੍ਰਭਾਵਸ਼ਾਲੀ ਪੈੜ ਪਾਉਂਦਾ ਹੈ। ਇਹ ਪੁਸਤਕ ਜਿੱਥੇ ਪੰਜਾਬੀ ਦੇ ਕਲਾਸੀਕਲ ‘ਕਬਿਤ ਛੰਦ’ ਦੀ ਅਮੀਰ ਵਿਰਾਸਤ ਨੂੰ ਬੜੀ ਖ਼ੂਬਸੂਰਤੀ ਤੇ ਮੌਲਿਕਤਾ ਨਾਲ ਸੁਰਜੀਤ ਕਰਦੀ ਹੈ, ਉੱਥੇ ਹੀ ਆਪਣੇ ਅੰਦਰ ਨੈਤਿਕ ਸਿੱਖਿਆਵਾਂ ਤੇ ਸਮਾਜਿਕ ਸਰੋਕਾਰਾਂ ਦਾ ਅਥਾਹ ਸਮੁੰਦਰ ਸਮੋਈ ਬੈਠੀ ਹੈ।

ਪੁਸਤਕ : ਸ਼ਿਲਾਲੇਖ (ਕਾਵਿ ਸੰਗ੍ਰਹਿ)
ਲੇਖਕ: ਹਰਦੇਵ ਹਮਦਰਦ
ਪੰਨੇ:196 ਮੁੱਲ:250/-
ਪ੍ਰਕਾਸ਼ਕ: ਜੇ ਪੀ ਪਬਲੀਕੇਸ਼ਨ, ਪਟਿਆਲਾ
ਹਰਦੇਵ ਹਮਦਰਦ ਦਾ ਨਵਾਂ ਕਾਵਿ-ਸੰਗ੍ਰਹਿ ‘ਸਿਲਾਲੇਖ’ ਪੰਜਾਬੀ ਕਾਵਿ-ਜਗਤ ਵਿਚ ਨਵੀਂ, ਸਾਰਥਕ ਅਤੇ ਪ੍ਰਭਾਵਸ਼ਾਲੀ ਪੈੜ ਪਾਉਂਦਾ ਹੈ। ਇਹ ਪੁਸਤਕ ਜਿੱਥੇ ਪੰਜਾਬੀ ਦੇ ਕਲਾਸੀਕਲ ‘ਕਬਿਤ ਛੰਦ’ ਦੀ ਅਮੀਰ ਵਿਰਾਸਤ ਨੂੰ ਬੜੀ ਖ਼ੂਬਸੂਰਤੀ ਤੇ ਮੌਲਿਕਤਾ ਨਾਲ ਸੁਰਜੀਤ ਕਰਦੀ ਹੈ, ਉੱਥੇ ਹੀ ਆਪਣੇ ਅੰਦਰ ਨੈਤਿਕ ਸਿੱਖਿਆਵਾਂ ਤੇ ਸਮਾਜਿਕ ਸਰੋਕਾਰਾਂ ਦਾ ਅਥਾਹ ਸਮੁੰਦਰ ਸਮੋਈ ਬੈਠੀ ਹੈ। ਲੇਖਕ ਨੇ ਆਪਣੇ ਨਾਂ ਤੇ ਤਖ਼ੱਲਸ ‘ਹਮਦਰਦ’ ਵਾਂਗ ਸਮਾਜ ਦੇ ਹਰ ਵਰਗ ਦੇ ਦਰਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਿਆਂ ਉਸ ਨੂੰ ਅੱਖਰਾਂ ਦਾ ਜਾਮਾ ਪਹਿਨਾਇਆ ਹੈ। ਉਸ ਦੀ ਕਾਵਿ-ਫਿਲਾਸਫ਼ੀ ਕੁਦਰਤ ਦੇ ਰਹੱਸਾਂ ਨਾਲ ਸਿੱਧਾ ਤੇ ਗੰਭੀਰ ਸੰਵਾਦ ਰਚਾਉਂਦੀ ਹੈ। ਇਸ ਪੁਸਤਕ ਦੀ ਕਲਾਤਮਕ ਖ਼ੂਬੀ ਇਸ ’ਚ ਵਰਤਿਆ ਗਿਆ ਕਬਿਤ ਛੰਦ ਹੈ, ਜਿਸ ਨੂੰ ਪੰਜਾਬੀ ਕਾਵਿ-ਸ਼ਾਸਤਰ ਵਿਚ ਨਿਭਾਉਣਾ ਸਖ਼ਤ ਸਾਧਨਾ ਵਾਲਾ ਕੰਮ ਮੰਨਿਆ ਗਿਆ ਹੈ। ਲੇਖਕ ਨੇ ਇਸ ਛੰਦ ਦੇ ਤੋਲ-ਤੁਕਾਂਤ, ਭਾਸ਼ਾਈ ਰਵਾਨਗੀ ਤੇ ਬਹਿਰ ਉੱਤੇ ਪੂਰੀ ਪਕੜ ਦਿਖਾਈ ਹੈ। ਪੁਸਤਕ ਵਿਚ ਸ਼ਾਮਲ ਰਚਨਾਵਾਂ ਮਨੁੱਖ ਨੂੰ ਮਾੜੇ ਰਾਹਾਂ ਤੋਂ ਵਰਜ ਕੇ ਉੱਚੇ-ਸੁੱਚੇ ਚਰਿੱਤਰ ਦੇ ਨਿਰਮਾਣ ਵੱਲ ਪ੍ਰੇਰਿਤ ਕਰਦੀਆਂ ਹਨ। ਇਹ ਰਚਨਾਵਾਂ ਜਿੱਥੇ ਸਮਾਜਿਕ ਨੈਤਿਕਤਾ ਦਾ ਹੋਕਾ ਦਿੰਦੀਆਂ ਹਨ, ਉੱਥੇ ਹੀ ਘਰ ਦੇ ਬਜ਼ੁਰਗਾਂ ਦੀਆਂ ਦਿੱਤੀਆਂ ਨਸੀਹਤਾਂ ਵਾਂਗ ਜੀਵਨ ਦਾ ਸਹੀ ਮਾਰਗ-ਦਰਸ਼ਨ ਕਰਦੀਆਂ ਹਨ। ਲੇਖਕ ਦੀ ਭਾਸ਼ਾ ਬੇਹੱਦ ਸਰਲ, ਠੇਠ ਪੰਜਾਬੀ ਤੇ ਪ੍ਰਭਾਵਸ਼ਾਲੀ ਹੈ, ਜੋ ਪਾਠਕ ਦੇ ਦਿਲ ’ਤੇ ਸਿੱਧਾ ਅਸਰ ਪਾਉਂਦੀ ਹੈ ਅਤੇ ਪੁਰਾਤਨ ਕਾਵਿ-ਰੂਪਾਂ ਦੀ ਅਮੀਰ ਯਾਦ ਤਾਜ਼ਾ ਕਰਵਾਉਂਦੀ ਹੈ। ਹਰਦੇਵ ਹਮਦਰਦ ਸਿਰਫ਼ ਕਲਪਨਾ ਦੇ ਜਗਤ ਵਿਚ ਜਿਊਣ ਵਾਲਾ ਸ਼ਾਇਰ ਨਹੀਂ ਸਗੋਂ ਉਹ ਸਮਾਜ ਦੇ ਕੌੜੇ ਯਥਾਰਥ ਤੋਂ ਵੀ ਭਲੀਭਾਂਤ ਜਾਣੂ ਹੈ। ‘ਲੋਕ ਤੱਥ’ ਦੇ ਰੂਪ ਵਿਚ ਉਸ ਨੇ ਸਮਾਜ ਦੇ ਵੱਖ-ਵੱਖ ਪਾਤਰਾਂ, ਜਿਵੇਂ ਕਾਤਲ, ਚੋਰ, ਜੁਆਰੀ, ਵਕੀਲ ਤੇ ਜੱਜ ਦੇ ਕਿਰਦਾਰਾਂ ਦੀ ਅਸਲ ਮਾਨਸਿਕਤਾ ਨੂੰ ਬਹੁਤ ਹੀ ਸਟੀਕ ਸ਼ਬਦਾਂ ਨਾਲ ਨਸ਼ਰ ਕੀਤਾ ਹੈ।
ਇਸ ਦੇ ਨਾਲ ਹੀ ਲੇਖਕ ਦਾ ਸੰਵੇਦਨਸ਼ੀਲ ਮਨ ਅਜੋਕੇ ਪੰਜਾਬ ਦੇ ਹਾਲਾਤ ਦੇਖ ਕੇ ਬੇਹੱਦ ਵਲੂੰਧਰਿਆ ਜਾਂਦਾ ਹੈ। ਪੰਜਾਬ ਵਿਚ ਚੱਲ ਰਹੇ ਨਸ਼ੇ, ਨੌਜਵਾਨੀ ਦਾ ਘਾਣ, ਬੇਰੁਜ਼ਗਾਰੀ ਤੇ ਰਿਸ਼ਤਿਆਂ ਵਿਚ ਆਈ ਗਿਰਾਵਟ ਉਸ ਦੀ ਕਵਿਤਾ ਦਾ ਮੁੱਖ ਵਿਸ਼ਾ ਬਣ ਕੇ ਉੱਭਰਦੀ ਹੈ। ਲੇਖਕ ਨੇ ਸਮਾਜ ਵਿਚ ਵੱਧ ਰਹੀ ਅਨੈਤਿਕਤਾ, ਪੈਸੇ ਦੀ ਅੰਨ੍ਹੀ ਦੌੜ ਤੇ ਪਰਿਵਾਰਕ ਟੁੱਟ-ਭੱਜ ਉੱਤੇ ਬਹੁਤ ਹੀ ਤਿੱਖਾ, ਸੰਜੀਦਾ ਅਤੇ ਗੰਭੀਰ ਵਿਅੰਗ ਕੀਤਾ ਹੈ, ਜੋ ਹਰ ਪਾਠਕ ਨੂੰ ਅੰਦਰ ਤੱਕ ਝੰਜੋੜਦਾ ਹੈ ਤੇ ਸੋਚਣ ਲਈ ਮਜਬੂਰ ਕਰਦਾ ਹੈ। ਹਰਦੇਵ ਹਮਦਰਦ ਦੀਆਂ ਕਾਵਿ ਰਚਨਾਵਾਂ ’ਚ ਹਰ ਵਰਗ ਦੇ ਪਾਠਕ ਨੂੰ ਆਪਣੇ ਨਾਲ ਜੋੜਨ ਦੀ ਅਦਭੁੱਤ ਸਮਰੱਥਾ ਹੈ। ਸਮੁੱਚੇ ਰੂਪ ’ਚ ਕਿਹਾ ਜਾ ਸਕਦਾ ਹੈ ਕਿ ‘ਸ਼ਿਲਾਲੇਖ’ ਕੇਵਲ ਪੜ੍ਹਨ ਵਾਲੀ ਆਮ ਕਿਤਾਬ ਨਹੀਂ ਸਗੋਂ ਇਹ ਮਾਨਵੀ ਜੀਵਨ ਦੇ ਅੰਦਰੂਨੀ ਅਤੇ ਬਾਹਰੀ ਸੁਭਾਅ ਨੂੰ ਸਮਝਣ ਲਈ ਮਹੱਤਵਪੂਰਨ ਦਾਰਸ਼ਨਿਕ ਦਸਤਾਵੇਜ਼ ਹੈ। ਪੰਜਾਬੀ ਸਾਹਿਤ ਦੇ ਛੰਦਬੱਧ ਰੂਪ ਤੇ ਮਿਆਰੀ ਸ਼ਾਇਰੀ ਨੂੰ ਪਸੰਦ ਕਰਨ ਵਾਲੇ ਹਰ ਪਾਠਕ ਅਤੇ ਸਾਹਿਤ ਪ੍ਰੇਮੀ ਕੋਲ ਇਸ ਪੁਸਤਕ ਦਾ ਹੋਣਾ ਲਾਜ਼ਮੀ ਹੈ।
- ਪਰਮਜੀਤ ਸਿੰਘ ਸੰਸੋਆ