- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੂਪ ਸਾਗਰ ਦੀ ਭਾਸ਼ਾ ਸ਼ੈਲੀ ਵਿਚ ਨਿਵੇਕਲਾਪਣ ਹੈ, ਹਾਲਾਂਕਿ ਕਈ ਥਾਵਾਂ ’ਤੇ ਉਹ ਉਰਦੂ-ਫ਼ਾਰਸੀ ਦੇ ਪ੍ਰਭਾਵ ਨੂੰ ਵੀ ਕਵਿਤਾ ਦੀ ਸੁਗੰਧ ਵਧਾਉਣ ਲਈ ਵਰਤਦੀ ਹੈ। ਉਸ ਦੀ ਕਵਿਤਾ ਦਾਦੀ ਮਾਂ ਅਤੇ ਅਰਜ਼ੋਈ ਪਾਠਕਾਂ ਦੇ ਮਨਾਂ ਨੂੰ ਟੁੰਬਣ ਵਾਲੀਆਂ ਰਚਨਾਵਾਂ ਹਨ, ਜੋ ਪੁਰਾਣੇ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਦੀ ਗੁਜ਼ਾਰਿਸ਼ ਕਰਦੀਆਂ ਹਨ।

ਪੁਸਤਕ : ਸਾਗਰ ਦੇ ਮੋਤੀ (ਕਾਵਿ-ਸੰਗ੍ਰਹਿ)
ਸ਼ਾਇਰਾ : ਰੂਪ ਸਾਗਰ (ਡਾ. ਰੁਪਿੰਦਰ ਕੌਰ)
ਪੰਨੇ : 112, ਮੁੱਲ : 220 ਰੁਪਏ
ਪ੍ਰਕਾਸ਼ਕ : ਹੁਨਰ ਪਬਲੀਕੇਸ਼ਨ, ਭੁਨਰਹੇੜੀ, ਪਟਿਆਲਾ।
ਡਾ. ਰੁਪਿੰਦਰ ਕੌਰ ਸਾਹਿਤਕ ਜਗਤ ’ਚ ਰੂਪ ਸਾਗਰ ਦੇ ਨਾਂ ਨਾਲ ਜਾਣੀ ਜਾਂਦੀ ਹੈ ਉਸ ਦਾ ਪਲੇਠਾ ਕਾਵਿ-ਸੰਗ੍ਰਹਿ ‘ਸਾਗਰ ਦੇ ਮੋਤੀ’ ਪੰਜਾਬੀ ਕਵਿਤਾ ਦੇ ਖੇਤਰ ’ਚ ਮਹੱਤਵਪੂਰਨ ਦਸਤਕ ਹੈ। ਇਹ ਸੰਗ੍ਰਹਿ ਮਨੁੱਖੀ ਮਨ ਦੀਆਂ ਡੂੰਘੀਆਂ ਪਰਤਾਂ, ਦਰਦ, ਉਡੀਕ ਤੇ ਮੁਹੱਬਤ ਦੇ ਰੰਗੀਲੜੇ ਰਸ ਨਾਲ ਓਤ-ਪੋਤ ਹੈ। ਇਕ ਫਿਜ਼ੀਓਥੈਰੇਪਿਸਟ ਹੋਣ ਦੇ ਨਾਤੇ ਜਿੱਥੇ ਉਹ ਮਰੀਜ਼ਾਂ ਦਾ ਇਲਾਜ ਕਰਦੀ ਹੈ, ਉੱਥੇ ਹੀ ਉਸ ਦੀ ਕਲਮ ਪਾਠਕਾਂ ਦੀ ਰੂਹ ਨੂੰ ਤਰੋਤਾਜ਼ਾ ਕਰਨ ਦਾ ਕਾਰਜ ਬਾਖ਼ੂਬੀ ਨਿਭਾਉਂਦੀ ਹੈ। ਕਵਿੱਤਰੀ ਦੀ ਸ਼ਾਇਰੀ ’ਚ ਵਿਸ਼ਿਆਂ ਦੀ ਵਿਭਿੰਨਤਾ ਹੈ। ਉਹ ਇਕ ਪਾਸੇ ਮੁਹੱਬਤ ਦੇ ਸੂਫ਼ੀਆਨਾ ਰੰਗ ’ਚ ਰੰਗੀ ਨਜ਼ਰ ਆਉਂਦੀ ਹੈ, ਤਾਂ ਦੂਜੇ ਪਾਸੇ ਸਮਾਜਿਕ ਸਰੋਕਾਰਾਂ, ਖ਼ਾਸ ਕਰਕੇ ਸ਼ਹਿਰੀਕਰਨ ਕਾਰਨ ਪਿੰਡਾਂ ਦੇ ਉਜਾੜੇ ਅਤੇ ਭਰੂਣ-ਹੱਤਿਆ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੀ ਹੈ। ਉਸ ਦੀਆਂ ਕਵਿਤਾਵਾਂ ’ਚ ਸਹਿਜਤਾ, ਸਾਦਗੀ ਅਤੇ ਡੂੰਘਾਈ ਦਾ ਅਜਿਹਾ ਸੁਮੇਲ ਹੈ, ਜੋ ਪਾਠਕ ਨੂੰ ਆਪਣੇ ਨਾਲ ਤੋਰਨ ਦੀ ਸਮਰੱਥਾ ਰੱਖਦਾ ਹੈ। ਕਵਿੱਤਰੀ ਦੀ ਕਲਮ ਦੀ ਪਕਿਆਈ ਦਾ ਅੰਦਾਜ਼ਾ ਹੇਠ ਲਿਖੀਆਂ ਕਾਵਿ-ਸਤਰਾਂ ਤੋਂ ਲਗਾਇਆ ਜਾ ਸਕਦਾ ਹੈ:
‘ਉਹ ਮੈਂ ਵਿਚ ਵੱਸ ਜਾਵੇ, ਮੈਂ ਉਸ ਵਿੱਚ ਰਚ ਜਾਵਾਂ,
ਬੁੱਲ੍ਹੇ ਸ਼ਾਹ ਵਾਂਗੂੰ ਫ਼ਿਰ ਗਲੀਆਂ ਵਿੱਚ ਨੱਚ ਲਈਏ।
ਇਹ ਸਤਰਾਂ ਉਸ ਦੀ ਮੁਹੱਬਤ ਦੀ ਤੀਬਰਤਾ ਤੇ ਸਮਰਪਣ ਭਾਵਨਾ ਨੂੰ ਸਿੱਧੇ ਤੌਰ ’ਤੇ ਉਜਾਗਰ ਕਰਦੀਆਂ ਹਨ। ਰੂਪ ਸਾਗਰ ਦੀ ਭਾਸ਼ਾ ਸ਼ੈਲੀ ਵਿਚ ਨਿਵੇਕਲਾਪਣ ਹੈ, ਹਾਲਾਂਕਿ ਕਈ ਥਾਵਾਂ ’ਤੇ ਉਹ ਉਰਦੂ-ਫ਼ਾਰਸੀ ਦੇ ਪ੍ਰਭਾਵ ਨੂੰ ਵੀ ਕਵਿਤਾ ਦੀ ਸੁਗੰਧ ਵਧਾਉਣ ਲਈ ਵਰਤਦੀ ਹੈ। ਉਸ ਦੀ ਕਵਿਤਾ ਦਾਦੀ ਮਾਂ ਅਤੇ ਅਰਜ਼ੋਈ ਪਾਠਕਾਂ ਦੇ ਮਨਾਂ ਨੂੰ ਟੁੰਬਣ ਵਾਲੀਆਂ ਰਚਨਾਵਾਂ ਹਨ, ਜੋ ਪੁਰਾਣੇ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਦੀ ਗੁਜ਼ਾਰਿਸ਼ ਕਰਦੀਆਂ ਹਨ। ਸੰਖੇਪ ਵਿਚ ‘ਸਾਗਰ ਦੇ ਮੋਤੀ’ ਅਜਿਹੀ ਰਚਨਾ ਹੈ, ਜੋ ਪਾਠਕਾਂ ਨੂੰ ਜ਼ਿੰਦਗੀ ਦੇ ਫ਼ਲਸਫ਼ੇ ਅਤੇ ਮੁਹੱਬਤ ਦੇ ਨਾਜ਼ੁਕ ਅਹਿਸਾਸਾਂ ਨਾਲ ਰੂਬਰੂ ਕਰਵਾਉਂਦੀ ਹੈ। ਇਹ ਪਲੇਠੀ ਪੁਸਤਕ ਨਾ ਸਿਰਫ਼ ਕਵਿੱਤਰੀ ਦੀ ਪ੍ਰਤਿਭਾ ਦਾ ਪ੍ਰਮਾਣ ਦਿੰਦੀ ਹੈ ਸਗੋਂ ਆਉਣ ਵਾਲੇ ਸਮੇਂ ਵਿੱਚ ਉਸ ਤੋਂ ਹੋਰ ਵੀ ਬਿਹਤਰ ਸਾਹਿਤਕ ਸਿਰਜਣਾਵਾਂ ਦੀ ਉਮੀਦ ਜਗਾਉਂਦੀ ਹੈ। ਡਾ. ਰੁਪਿੰਦਰ ਕੌਰ ਨੇ ਜਜ਼ਬਾਤਾਂ ਨੂੰ ਮੋਤੀਆਂ ਵਾਂਗ ਅੱਖਰਾਂ ਦੇ ਧਾਗੇ ’ਚ ਪਰੋਇਆ ਹੈ। ਇਹ ਪੁਸਤਕ ਪੰਜਾਬੀ ਸਾਹਿਤ ਵਿਚ ਇਕ ਚੰਗਾ ਵਾਧਾ ਹੈ।
- ਜਸਵਿੰਦਰ ਸਿੰਘ ਕਾਈਨੌਰ