- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੇਖਕ ਸੂਫ਼ੀ ਬਲਬੀਰ ਨੇ ਆਪਣੀ ਕਿਤਾਬ ‘ਮੁੱਠ ਕੁ ਮਿੱਟੀ’ (ਕਾਵਿ ਸੰਗ੍ਰਹਿ) ’ਚ ਹਰ ਰੰਗ ਦੀ ਕਵਿਤਾ ਨੂੰ ਲਿਖ ਕੇ ਕੁੱਜੇ ’ਚ ਸਮੁੰਦਰ ਪਾਉਣ ਵਾਲੀ ਗੱਲ ਕੀਤੀ ਹੈ। ਕਿਤਾਬ ਨੂੰ ਪੜ੍ਹਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਲੇਖਕ ਨੇ ਹਰ ਹਕੀਕਤ ਦਾ ਸਾਹਮਣਾ ਕਰ ਕੇ ਇਸ ਕਿਤਾਬ ’ਚ ਜ਼ਿੰਦਾਦਿਲੀ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ।

ਪੁਸਤਕ - ਮੁੱਠ ਕੁ ਮਿੱਟੀ
ਲੇਖਕ: ਸੂਫ਼ੀ ਬਲਬੀਰ
ਮੁੱਲ : 250 ਸਫ਼ੇ,
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ
ਲੇਖਕ ਸੂਫ਼ੀ ਬਲਬੀਰ ਨੇ ਆਪਣੀ ਕਿਤਾਬ ‘ਮੁੱਠ ਕੁ ਮਿੱਟੀ’ (ਕਾਵਿ ਸੰਗ੍ਰਹਿ) ’ਚ ਹਰ ਰੰਗ ਦੀ ਕਵਿਤਾ ਨੂੰ ਲਿਖ ਕੇ ਕੁੱਜੇ ’ਚ ਸਮੁੰਦਰ ਪਾਉਣ ਵਾਲੀ ਗੱਲ ਕੀਤੀ ਹੈ। ਕਿਤਾਬ ਨੂੰ ਪੜ੍ਹਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਲੇਖਕ ਨੇ ਹਰ ਹਕੀਕਤ ਦਾ ਸਾਹਮਣਾ ਕਰ ਕੇ ਇਸ ਕਿਤਾਬ ’ਚ ਜ਼ਿੰਦਾਦਿਲੀ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ। ਹਰ ਕਵਿਤਾ ਦੀ ਗਹਿਰਾਈ ਨਾਪਣਯੋਗ ਹੈ। ‘ਮੁੱਠ ਕੁ ਮਿੱਟੀ’ ਕਾਵਿ ਸੰਗ੍ਰਹਿ ਵਿੱਚੋਂ ਕੁਝ ਸ਼ਬਦ :
ਬੜੀ ਮੁਸ਼ਕਲ ਨਾਲ ਮਿਲਦਾ ਏ ਰੂਹ ਦੇ ਹਾਣ ਦਾ ਕੋਈ,
ਰੱਬ ਦਾ ਸ਼ੁਕਰ ਹੈ, ਦੁਨੀਆ ਵਿਚ ਮੈਨੂੰ ਜਾਣਦਾ ਕੋਈ।
ਕੋਈ-ਕੋਈ ਖ਼ਾਸ ਹੁੰਦਾ ਏ, ਹਰ ਕੋਈ ਖ਼ਾਸ ਨਹੀਂ ਹੁੰਦਾ,
ਕਿਸੇ ਦੇ ਸਿਰ ਉੱਤੇ ਛੱਤਰੀ ਐਵੇਂ ਨੀ ਤਾਣਦਾ ਕੋਈ।
ਹਿੰਮਤ ਨਾ ਹਾਰ, ‘ਸੂਫ਼ੀ ਬਲਬੀਰ’ ਲਿਖਦਾ ਹੀ ਰਹਿ,
ਮੁੱਲ ਪਾਵੇਗਾ ਇਕ ਦਿਨ ਤੇਰੀ ਉਡਾਣ ਦਾ ਕੋਈ।
ਇਸ ਕਾਵਿ ਸੰਗ੍ਰਹਿ ਨੂੰ ਜਿਵੇਂ-ਜਿਵੇਂ ਪੜ੍ਹਦੇ ਹਾਂ, ਉਵੇਂ-ਉਵੇਂ ਹੀ ਸੱਚਾਈ ਦੇ ਨੇੜੇ ਜਾਣ ਲੱਗਦੇ ਹਾਂ। ਲਿਖਣ ਦੇ ਨਾਲ ਗਾਉਣ ਦਾ ਸ਼ੌਕ ਰੱਖਣ ਵਾਲੇ ਸੂਫ਼ੀ ਬਲਬੀਰ ਦੇ ਅੰਦਰ ਦੀ ਕਲਾ ਹੋਰ ਦੂਣੀ ਹੋ ਜਾਂਦੀ ਹੈ, ਜਦੋਂ ਉਨ੍ਹਾਂ ਦੀਆਂ ਇਹ ਲਿਖੀਆਂ ਲਾਈਨਾਂ ਪੜ੍ਹਦੇ ਹਾਂ:
ਮੁੱਦਤ ਪਿੱਛੋਂ ਅੱਜ ਨਜ਼ਾਰੇ ਵੇਖੇ ਨੇ,
ਮੈਂ ਛੱਤ ’ਤੇ ਲੰਮਾ ਪੈ ਕੇ ਤਾਰੇ ਵੇਖੇ ਨੇ।
ਚਿਰ ਹੋਇਆ ਏ ਸ਼ਹਿਰ ਮੁਹਾਲੀ ਰਹਿੰਦੇ ਨੂੰ,
ਮੈਂ ਛੱਤ ’ਤੇ ਖੜ੍ਹ ਕੇ ਪਿੰਡ ਦੇ ਢਾਰੇ ਵੇਖੇ ਨੇ।
ਲੇਖਕ ਪਿੰਡ ਤੇ ਸ਼ਹਿਰ ਦੀਆਂ ਗੱਲਾਂ ਕਰ ਕੇ ਆਪਣੇ ਅੰਦਰ ਸਮੋਈ ਵਿਰਾਸਤ ਨੂੰ ਪਾਠਕਾਂ ਅੱਗੇ ਵਾਰਤਾਲਾਪ ਵਜੋਂ ਸਾਂਝਾ ਕਰਦਾ ਹੈ। ਸਾਹਿਤ ਨੂੰ ਲਿਖਣ ਲਈ ਹਾਲਾਤਾਂ ਅੱਗੇ ਸਮਰਪਿਤ ਹੋਣਾ ਪੈਂਦਾ ਹੈ। ਕਵਿਤਾ ਨੂੰ ਲਿਖਣ ਲਈ ਕਵਿਤਾਵਾਂ ਵਰਗਾ ਸੂਖ਼ਮ ਸੋਹਲ ਬਣਨਾ ਪੈਂਦਾ ਹੈ। ਕੁਦਰਤ ਦੀ ਪਛਾਣ ਕਰਨੀ ਪੈਂਦੀ ਹੈ। ਸਮੇਂ ਦੀ ਅੱਖ ’ਚ ਅੱਖ ਪਾ ਕੇ ਤੁਰਨਾ ਪੈਂਦਾ ਹੈ। ਇਸ ਕਾਵਿ ਸੰਗ੍ਰਹਿ ਵਿਚ ਜਤਿੰਦਰ ਪਨੂੰ ਤੇ ਗੁਰਪ੍ਰੀਤ ਘੁੱਗੀ ਵੱਲੋਂ ਸੂਫ਼ੀ ਬਲਬੀਰ ਦੀ ਸ਼ਖ਼ਸੀਅਤ ਬਾਰੇ ਜੋ ਸ਼ਬਦ ਲਿਖੇ ਹਨ, ਉਹ ਬਹੁਤ ਮਾਣ ਵਾਲੀ ਗੱਲ ਹੈ। ਇਸ ਕਿਤਾਬ ਲਈ ਸੂਫ਼ੀ ਬਲਬੀਰ ਨੂੰ ਬਹੁਤ-ਬਹੁਤ ਮੁਬਾਰਕਬਾਦ। ਇਹ ਕਿਤਾਬ ਪੜ੍ਹ ਕੇ ਮਹਿਸੂਸ ਹੋਇਆ ਕਿ ਤੁਹਾਡਾ ਕੱਦ ਤੇ ਕਿਰਦਾਰ ਸਮਾਜ ਵਿਚ ਬਹੁਤ ਉੱਚਾ ਹੈ। ਉਮੀਦ ਹੈ ਕਿ ਜਲਦੀ ਹੀ ਹੋਰ ਕਿਤਾਬਾਂ ਪਾਠਕਾਂ ਦੀ ਝੋਲੀ ਪਾਓਗੇ।
- ਬਲਜਿੰਦਰ ਕੌਰ ਕਲਸੀ