- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਰਚਾ ਅਧੀਨ ਗ਼ਜ਼ਲ ਸੰਗ੍ਰਹਿ ‘ਸਾਂਭੇ ਪਏ ਨੇ ਤੇਰੇ ਪੱਤਰ’ ਕੇਵਲ ਕ੍ਰਾਂਤੀ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਨੇ 80 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਸਾਂਭੇ ਪਏ ਨੇ ਤੇਰੇ ਪੱਤਰ ਦਾ ਪਾਠ ਕਰਦਿਆਂ ਮਹਿਸੂਸ ਹੁੰਦਾ ਹੈ ਕਿ ਸ਼ਾਇਰ ਕੇਵਲ ਕ੍ਰਾਂਤੀ ਅਧੂਰੀ ਮੁਹੱਬਤ ਦਾ ਸ਼ਾਇਰ ਹੈ, ਜਿਸ ਦੀ ਮੁਹੱਬਤ ਪ੍ਰਵਾਨ ਨਹੀਂ ਚੜ੍ਹੀ। ਪੁਸਤਕ ਦਾ ਨਾਮਕਰਨ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਸ ਨੇ ਆਪਣੇ ਮਹਿਬੂਬ ਦੇ ਖ਼ਤਾਂ ਨੂੰ ਕੀਮਤੀ ਸਰਮਾਇਆ ਸਮਝਦੇ ਹੋਏ ਸੰਭਾਲ ਕੇ ਰੱਖਿਆ ਹੈ।

ਪੁਸਤਕ : ਸਾਂਭੇ ਪਏ ਨੇ ਤੇਰੇ ਪੱਤਰ
ਲੇਖਕ : ਕੇਵਲ ਕ੍ਰਾਂਤੀ
ਪੰਨੇ : 118, ਮੁੱਲ : 299/-
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਚਰਚਾ ਅਧੀਨ ਗ਼ਜ਼ਲ ਸੰਗ੍ਰਹਿ ‘ਸਾਂਭੇ ਪਏ ਨੇ ਤੇਰੇ ਪੱਤਰ’ ਕੇਵਲ ਕ੍ਰਾਂਤੀ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਨੇ 80 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਸਾਂਭੇ ਪਏ ਨੇ ਤੇਰੇ ਪੱਤਰ ਦਾ ਪਾਠ ਕਰਦਿਆਂ ਮਹਿਸੂਸ ਹੁੰਦਾ ਹੈ ਕਿ ਸ਼ਾਇਰ ਕੇਵਲ ਕ੍ਰਾਂਤੀ ਅਧੂਰੀ ਮੁਹੱਬਤ ਦਾ ਸ਼ਾਇਰ ਹੈ, ਜਿਸ ਦੀ ਮੁਹੱਬਤ ਪ੍ਰਵਾਨ ਨਹੀਂ ਚੜ੍ਹੀ। ਪੁਸਤਕ ਦਾ ਨਾਮਕਰਨ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਸ ਨੇ ਆਪਣੇ ਮਹਿਬੂਬ ਦੇ ਖ਼ਤਾਂ ਨੂੰ ਕੀਮਤੀ ਸਰਮਾਇਆ ਸਮਝਦੇ ਹੋਏ ਸੰਭਾਲ ਕੇ ਰੱਖਿਆ ਹੈ। ਉਸ ਨੂੰ ਖ਼ਤਾਂ ਦੇ ਸਿਆਹੀ ਤੋਂ ਮਹਿਬੂਬ ਦੀ ਖ਼ੁਸ਼ਬੂ ਆ ਰਹੀ ਹੈ।
ਸਿਆਹੀ ਦੇ ਵਿਚ ਖ਼ੁਸ਼ਬੂ ਤੇਰੀ ਅੱਖਰ ਹਉਕੇ ਭਰਦੇ ਨੇ
ਵੇਖਣ ਨੂੰ ਤਾਂ ਕਾਗਜ਼ ਹੀ ਸੀ ਸਾੜੇ ਵੀ ਜਾ ਸਕਦੇ ਸੀ (ਪੰਨਾ 43)
ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਮੁੱਖ ਤੌਰ ’ਤੇ ਆਪਣੇ ਪਿਆਰੇ ਦੇ ਸਾਥ ਤੇ ਵਿਛੋੜੇ ਬਾਰੇ ਅਨੁਭਵ ਨੂੰ ਬਿਆਨਦੇ ਹਨ। ਉਸ ਨੂੰ ਆਪਣੇ ਮਹਿਬੂਬ ਵਿੱਚੋਂ ਹੀ ਸਭ ਕੁਝ ਦਿਸਦਾ ਹੈ। ਉਹ ਇਸ਼ਕ ਨੂੰ ਇਬਾਦਤ ਮੰਨਦਾ ਹੈ। ਉਹ ਮੰਨਦਾ ਹੈ ਕਿ ਇਸ਼ਕ ਦਾ ਰਾਹ ਸੁਖਾਲਾ ਨਹੀਂ ਹੁੰਦਾ। ਇਸ ਦੇ ਰਾਹ ਵਿਚ ਬਹੁਤ ਸਾਰੀਆਂ ਰੋਕਾਂ, ਰੁਕਾਵਟਾਂ ਆਉਂਦੀਆਂ ਹਨ। ਸ਼ਾਇਰ ਨੇ ਖੁਆਬਾਂ ਦੇ ਰੰਗ ਵੀ ਮਾਣੇ ਹਨ ਤੇ ਉਸ ਦੀ ਜ਼ਿੰਦਗੀ ਵਿਚ ਪੀਲੀ ਰੁੱਤ ਵੀ ਆਈ ਹੈ। ਉਸ ਨੇ ਆਪਣੀ ਸ਼ਾਇਰੀ ’ਚ ਪੁਰਾਤਨ ਬਿੰਬਾਂ ਦੀ ਥਾਂ ’ਤੇ ਨਵੇਂ ਬਿੰਬਾਂ ਦੀ ਵਰਤੋਂ ਕੀਤੀ ਹੈ। ਉਸ ਦੇ ਸ਼ਿਅਰਾਂ ਵਿਚ ਕਮਾਲ ਦੀ ਰਵਾਨਗੀ ਹੈ। ਉਸ ਦੀਆਂ ਛੋਟੀ ਬਹਿਰ ਦੀਆਂ ਗ਼ਜ਼ਲਾਂ ਦੇ ਸ਼ਿਅਰ ਅਕਸਰ ਹੀ ਵੱਡੇ ਅਰਥਾਂ ਦਾ ਸੰਚਾਰ ਕਰਦੇ ਹਨ। ਉਸ ਦੀਆਂ ਗ਼ਜ਼ਲਾਂ ਦੇ ਕਈ ਸ਼ਿਅਰ ਸਮਾਜਿਕ ਰਿਸ਼ਤਿਆਂ ਵਿਚ ਆ ਰਹੇ ਨਿਘਾਰ, ਜਮਾਤੀ ਵਖਰੇਵੇਂ ਤੇ ਸਮਾਜ ਵਿਚ ਪੱਸਰੀ ਅਸਾਵੀਂ ਵੰਡ ਨੂੰ ਆਪਣੇ ਕਲਾਵੇ ਵਿਚ ਲੈਂਦੇ ਹਨ। ਉਸ ਦੇ ਸ਼ਿਅਰ ਲੋਕ ਰੋਹ, ਵਿਦਰੋਹ ਬਾਰੇ ਵੀ ਚੇਤੰਨ ਤੌਰ ’ਤੇ ਗੱਲ ਕਰਦੇ ਹਨ ਤੇ ਰਾਜਸੀ ਤਾਣੇ-ਬਾਣੇ ਨਾਲ ਵੀ ਦਸਤਪੰਜਾ ਲੈਂਦੇ ਹਨ। ਅਮੀਰੀ-ਗ਼ਰੀਬੀ ਦੇ ਪਾੜੇ, ਹਾਸ਼ੀਆਗ੍ਰਸਤ ਲੋਕਾਂ, ਨਿੱਤ ਹੁੰਦੀਆਂ ਖ਼ੁਦਕੁਸ਼ੀਆਂ ਤੇ ਹੋਰ ਰਾਜਸੀ ਅਤੇ ਸਮਾਜਿਕ ਵਿਸੰਗਤੀਆਂ ਬਾਰੇ ਉਸ ਨੇ ਜ਼ਿਕਰਯੋਗ ਸ਼ਿਅਰ ਕਹੇ ਹਨ।
- ਦਲਜੀਤ ਰਾਏ ਕਾਲੀਆ