- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਵਿੰਦਰ ਕਾਸ਼ ਨੇ ਕਲਾ ਦਾ ਸਫ਼ਰ ਰੰਗਮੰਚ ਜ਼ਰੀਏ ਆਰੰਭ ਕੀਤਾ। ਕਵਿਤਾ ਦੇ ਖੇਤਰ ’ਚ ਪੈਰ ਧਰਦਿਆਂ ‘ਫੁੱਲ ਵਿਕ ਜਾਂਦੇ ਨੇ’ ਕਾਵਿ-ਸੰਗ੍ਰਹਿ ਪਾਠਕਾਂ ਤੱਕ ਪਹੁੰਚਾਇਆ। ਉਸੇ ਕਾਵਿ-ਸੰਗ੍ਰਹਿ ਦਾ ਇਹ ਦੂਜਾ ਐਡੀਸ਼ਨ ਹੈ। ਇਸ ਕਾਵਿ-ਪੁਸਤਕ ਵਿਚ ਗੀਤ, ਗ਼ਜ਼ਲਾਂ, ਨਜ਼ਮਾਂ ਆਦਿ ਸ਼ਾਮਿਲ ਹਨ।

ਪੁਸਤਕ- ਫੁੱਲ ਵਿਕ ਜਾਂਦੇ ਨੇ
ਕਵੀ - ਬਲਵਿੰਦਰ ਕਾਸ਼
ਪੰਨੇ - 80 ਮੁੱਲ - 250/-
ਪ੍ਰਕਾਸ਼ਕ - ਡੀਪੀ ਪਬਲਿਸ਼ਰਜ਼, ਅੰਮ੍ਰਿਤਸਰ।
ਬਲਵਿੰਦਰ ਕਾਸ਼ ਨੇ ਕਲਾ ਦਾ ਸਫ਼ਰ ਰੰਗਮੰਚ ਜ਼ਰੀਏ ਆਰੰਭ ਕੀਤਾ। ਕਵਿਤਾ ਦੇ ਖੇਤਰ ’ਚ ਪੈਰ ਧਰਦਿਆਂ ‘ਫੁੱਲ ਵਿਕ ਜਾਂਦੇ ਨੇ’ ਕਾਵਿ-ਸੰਗ੍ਰਹਿ ਪਾਠਕਾਂ ਤੱਕ ਪਹੁੰਚਾਇਆ। ਉਸੇ ਕਾਵਿ-ਸੰਗ੍ਰਹਿ ਦਾ ਇਹ ਦੂਜਾ ਐਡੀਸ਼ਨ ਹੈ। ਇਸ ਕਾਵਿ-ਪੁਸਤਕ ਵਿਚ ਗੀਤ, ਗ਼ਜ਼ਲਾਂ, ਨਜ਼ਮਾਂ ਆਦਿ ਸ਼ਾਮਿਲ ਹਨ। 54 ਰਚਨਾਵਾਂ ਵਾਲੀ ਇਸ ਪੁਸਤਕ ਵਿਚਲੀਆਂ ਕਵਿਤਾਵਾਂ, ਨਜ਼ਮਾਂ ਅਤੇ ਗੀਤਾਂ ਦੇ ਵਿਸ਼ੇ ਪਿਆਰ, ਵਿਛੋੜੇ, ਸਮਾਜਿਕ ਉਲਝਣਾਂ ਅਤੇ ਸੂਖ਼ਮ ਭਾਵਨਾਵਾਂ ਨੂੰ ਛੂਹਦੇ ਹਨ। ਪੁਸਤਕ ਦਾ ਸਿਰਲੇਖ ਹੀ ਇਸ ਗੱਲ ਦਾ ਪ੍ਰਗਟਾਅ ਹੈ ਕਿ ਸਾਡੇ ਸੁਪਨੇ, ਸੱਧਰਾਂ ਤੇ ਭਾਵਨਾਵਾਂ ਵਿਕਾਊ ਹੋ ਕੇ ਬਾਜ਼ਾਰ ਦਾ ਹਿੱਸਾ ਬਣ ਗਏ ਹਨ। ਕਵੀ ਖ਼ੁਦ ਵੀ ਲਿਖਦਾ ਹੈ ਕਿ ਮੈਂ ਇਹ ਮਹਿਸੂਸ ਕੀਤਾ ਹੈ ਕਿ ਫੁੱਲ ਜੋ ਪਿਆਰ, ਸੁੰਦਰਤਾ ਅਤੇ ਮਾਸੂਮੀਅਤ ਦੀ ਨਿਸ਼ਾਨੀ ਹਨ, ਉਹ ਵੀ ਵਿਕਦੇ ਨੇ ਅਤੇ ਫੁੱਲਾਂ ਨਾਲ ਉਹ ਜਜ਼ਬਾਤ ਵੀ, ਜੋ ਕਦੇ ਮੁਫ਼ਤ ਹੁੰਦੇ ਸਨ।’
ਪੁਸਤਕ ਦੇ ਪਹਿਲੇ ਗੀਤ ਵਿਚ ਪ੍ਰਵਾਸ ਭੋਗ ਰਹੀ ਪੀੜ੍ਹੀ ਨੂੰ ਉਡੀਕਦੇ ਅਤੇ ਚਾਵਾਂ ਤੋਂ ਸੱਖਣੇ ਹੋ ਰਹੇ ਘਰਾਂ ’ਚ ਬਾਕੀ ਬਚੇ ਬਾਸ਼ਿੰਦਿਆਂ ਦਾ ਦਰਦ ਅਤੇ ਹੇਰਵਾ ਸ਼ਾਮਿਲ ਹੈ। ‘ਪੰਜਾਬ’ ਕਵਿਤਾ ਪੰਜਾਬ ਦੀ ਅਜੋਕੀ ਹੋਣੀ ਨੂੰ ਬਿਆਨਦੀ ਹੈ। ਇਕ ਗੀਤ ਪੰਜਾਬੀ ਸੱਭਿਆਚਾਰ ਅਤੇ ਪੰਜਾਬਣ ਮੁਟਿਆਰ ਦੀ ਅਸਲ ਤਸਵੀਰ ਨੂੰ ਬਚਾਉਣ ਦਾ ਹੋਕਾ ਦਿੰਦਾ ਹੈ। ਸਮਾਜ ਵਿਚਲੇ ਦੋਗਲੇ ਕਿਰਦਾਰਾਂ ਦਾ ‘ਚਿਹਰੇ 'ਤੇ ਚਿਹਰਾ’ ਕਵਿਤਾ ਰਾਹੀਂ ਪ੍ਰਗਟਾਵਾ ਕੀਤਾ ਗਿਆ ਹੈ। ਅਜਿਹੇ ਹੀ ਵੱਖ-ਵੱਖ ਵਿਸ਼ਿਆਂ ਨੂੰ ਕਵੀ ਨੇ ਕਈ ਗ਼ਜ਼ਲਾਂ ਰਾਹੀਂ ਵੀ ਛੂਹਿਆ ਹੈ। ਸਮੁੱਚੀਆਂ ਰਚਨਾਵਾਂ ’ਚ ਰਵਾਨੀ, ਲੈਅ ਅਤੇ ਸੰਗੀਤ ਹੈ, ਪਿਆਰ, ਦਰਦ, ਬਿਰਹਾ, ਦੇਸ਼-ਪ੍ਰੀਤ ਹੈ। ‘ਸਰਵਣ ਪੁੱਤਰ’ ਵਰਗੀਆਂ ਕਵਿਤਾਵਾਂ ਨਵੀਂ ਪੀੜ੍ਹੀ ਦੇ ਕਦਰਾਂ-ਕੀਮਤਾਂ ਤੋਂ ਸੱਖਣੇ ਹੋਣ ਅਤੇ ਮਾਪਿਆਂ ਦੀਆਂ ਨਿਰਮੂਲ ਆਸਾਂ ਦੀ ਗਵਾਹੀ ਭਰਦੀਆਂ ਹਨ, ਜੋ ਦੂਰ ਤੱਕ ਲੰਮੀਆਂ/ਆਸਾਂ 'ਤੇ ਰਹਿਣਗੇ/ਕਿ ਸਾਡੇ ਪੁੱਤ ਵੱਡੇ ਹੋ ਕੇ /ਸਾਡੀਆਂ ਜੜ੍ਹਾਂ ਨੂੰ/ਪਾਣੀ ਦੇਣਗੇ/ਤਾਂ ਮੂਰਖ਼ਤਾ ਹੈ/ਇਹ ਸੋਚਣ ਕਿ/ਇਹਨਾਂ ਤੋਂ ਮਹਿਫੂਜ਼ ਕਿਵੇਂ ਰਹੀਏ/ਕਿਉਂਕਿ ਅੱਜ-ਕੱਲ੍ਹ/ਘਰਾਂ 'ਚ ਸਰਵਣ ਪੁੱਤਰ /ਪੈਦਾ ਨਹੀਂ ਹੁੰਦੇ (ਸਰਵਣ ਪੁੱਤਰ)। ‘ਇੰਜ ਕਿਉਂ ਹੈ’ ਕਵਿਤਾ ਵਿਚ ਸਾਡੇ ਦੇਸ਼ ’ਚ ਵੋਟਾਂ ਮੌਕੇ ਹੁੰਦੀਆਂ ਧਾਂਦਲੀਆਂ, ਚਲਦੀ ਰਿਸ਼ਵਤ ਅਤੇ ਗ਼ਰੀਬ ਲੋਕਾਂ ਦੀਆਂ ਵੋਟਾਂ ਖ਼ਰੀਦਣ ਤੋਂ ਲੈ ਕੇ ਕਵੀ ਨੇ ਬਾਬਾ ਨਾਨਕ ਨੂੰ ਆਵਾਜ਼ ਮਾਰੀ ਹੈ ਕਿ ਉਹ ਦੁਬਾਰਾ ਇਸ ਧਰਤੀ ’ਤੇ ਜਨਮ ਲੈਣ ਤੇ ਵਿਗੜੀਆਂ ਹੋਈਆਂ ਸਥਿਤੀਆਂ ਨੂੰ ਠੀਕ ਕਰਨ।’ ਹੱਥਲੇ ਸੰਗ੍ਰਹਿ ਵਿਚਲੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਭਵਿੱਖ ’ਚ ਕਵੀ ਬਲਵਿੰਦਰ ਕਾਸ਼ ਤੋਂ ਕਵਿਤਾ ਦੇ ਖੇਤਰ ਵਿਚ ਹੋਰ ਵੀ ਵੱਡੀਆਂ ਪੁਲਾਂਘਾ ਪੁੱਟਣ ਦੀ ਆਸ ਹੈ।
- ਕੁਲਵਿੰਦਰ ਵਿਰਕ