
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੇਵਿੰਦਰ ਦੀਦਾਰ ਬਹੁਵਿਧਾਵੀ ਸਾਹਿਤਕਾਰ ਹੈ, ਜਿਸ ਦੇ ਨਾਂ ਹੇਠ ਦੋ ਕਹਾਣੀ-ਸੰਗ੍ਰਹਿ, ਚਾਰ ਨਿਬੰਧ-ਸੰਗ੍ਰਹਿ, ਇਕ ਪ੍ਰਵਚਨ-ਸੰਗ੍ਰਹਿ ਤੇ ਇਕ ਕਥਨ-ਸੰਗ੍ਰਹਿ ਦਰਜ ਹਨ। ਇਨ੍ਹਾਂ ਵਿੱਚੋਂ ਪ੍ਰਵਚਨਾਂ ਤੇ ਕਥਨਾਂ ਦੀ ਪੁਸਤਕ ਪ੍ਰਕਾਸ਼ਤ ਕਰਵਾਉਣਾ ਨਿਵੇਕਲਾ ਉਪਰਾਲਾ ਸੀ। ਹੱਥਲੀ ਪੁਸਤਕ 16 ਨੈਤਿਕ ਸਿੱਖਿਆ ਦਿੰਦੇ ਲੇਖਾਂ ’ਤੇ ਆਧਾਰਿਤ ਹੈ ਤੇ ਇਹ ਪੰਜਵੀਂ ਵਾਰ 2026 ਵਿਚ ਪ੍ਰਕਾਸ਼ਤ ਹੋਇਆ ਹੈ।

ਪੁਸਤਕ : ਜ਼ਿੰਦਗੀ ਦੇ ਹਨੇਰੇ ਦੀਆਂ ਰੌਸ਼ਨ ਬੱਤੀਆਂ
ਲੇਖਕ - ਦੇਵਿੰਦਰ ਦੀਦਾਰ
ਪੰਨੇ: 146 ਮੁੱਲ : 295/-
ਪ੍ਰਕਾਸ਼ਨ - ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਦੇਵਿੰਦਰ ਦੀਦਾਰ ਬਹੁਵਿਧਾਵੀ ਸਾਹਿਤਕਾਰ ਹੈ, ਜਿਸ ਦੇ ਨਾਂ ਹੇਠ ਦੋ ਕਹਾਣੀ-ਸੰਗ੍ਰਹਿ, ਚਾਰ ਨਿਬੰਧ-ਸੰਗ੍ਰਹਿ, ਇਕ ਪ੍ਰਵਚਨ-ਸੰਗ੍ਰਹਿ ਤੇ ਇਕ ਕਥਨ-ਸੰਗ੍ਰਹਿ ਦਰਜ ਹਨ। ਇਨ੍ਹਾਂ ਵਿੱਚੋਂ ਪ੍ਰਵਚਨਾਂ ਤੇ ਕਥਨਾਂ ਦੀ ਪੁਸਤਕ ਪ੍ਰਕਾਸ਼ਤ ਕਰਵਾਉਣਾ ਨਿਵੇਕਲਾ ਉਪਰਾਲਾ ਸੀ। ਹੱਥਲੀ ਪੁਸਤਕ 16 ਨੈਤਿਕ ਸਿੱਖਿਆ ਦਿੰਦੇ ਲੇਖਾਂ ’ਤੇ ਆਧਾਰਿਤ ਹੈ ਤੇ ਇਹ ਪੰਜਵੀਂ ਵਾਰ 2026 ਵਿਚ ਪ੍ਰਕਾਸ਼ਤ ਹੋਇਆ ਹੈ। ਪਹਿਲੀ ਵਾਰ 2011 ਵਿਚ ਪ੍ਰਕਾਸ਼ਿਤ ਹੋਣ ਵਾਲੀ ਇਹ ਪੁਸਤਕ ਉਸ ਸਮੇਂ ਤੋਂ ਹੀ ਸਾਹਿਤਕ ਖੇਮਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਹੱਥਲੇ ਸੰਸਕਰਣ ਵਿਚ ਇਸ ਪੁਸਤਕ ਬਾਰੇ ਵੱਖ ਵੱਖ ਵਿਦਵਾਨਾਂ ਵੱਲੋਂ ਲਿਖੇ ਪੰਜ ਖੋਜ-ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਲੇਖ ਪ੍ਰੇਮ ਗੋਰਖੀ, ਡਾ. ਰਵਿੰਦਰ, ਅਤੈ ਸਿੰਘ, ਮੁਖਤਿਆਰ ਸਿੰਘ ਤੇ ਡਾ. ਅਨੂਪ ਸਿੰਘ ਦੇ ਲਿਖੇ ਹੋਏ ਹਨ। ਇਸ ਤੋਂ ਵੀ ਪਹਿਲਾਂ ਨਾਮਵਰ ਸਾਹਿਤਕਾਰਾਂ ਤੇ ਵਿਦਵਾਨਾਂ ਦੇ ਇਸ ਪੁਸਤਕ ਬਾਰੇ ਵਿਚਾਰ ਸੰਪਾਦਤ ਕੀਤੇ ਗਏ ਹਨ ਤੇ ਲੇਖਕ ਦਵਿੰਦਰ ਦੀਦਾਰ ਵੱਲੋਂ ਲਿਖੀ ਭੂਮਿਕਾ ਵੀ ਇਸ ਪੁਸਤਕ ਦੇ ਸਾਹਿਤ ਖੇਤਰ ਵਿਚ ਯੋਗਦਾਨ ਬਾਰੇ ਦੱਸਦੀ ਹੈ। ਲੇਖਾਂ ਦੇ ਵਿਸ਼ਿਆਂ ਬਾਰੇ ਵਿਚਾਰ ਕੀਤਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਲੇਖਾਂ ਵਿਚ ਪੁਰਾਣੇ ਪਿੰਡਾਂ ਦੀ ਗੱਲ ਹੋਈ ਹੈ। ਲੇਖਕ ਉਸ ਪੁਰਾਣੇ ਸਮੇਂ ਨੂੰ ਸਵਰਗ ਦੇ ਸੁੱਖਾਂ ਵਾਂਗ ਸਥਾਪਿਤ ਕਰਦਾ ਹੈ ਤੇ ਰੋਜ਼ਾਨਾ ਜੀਵਨ ਦੇ ਕੰਮਕਾਰਾਂ, ਖੇਤੀਬਾੜੀ, ਸੱਥ, ਖੇਡਾਂ, ਵਿਆਹ ਜਾਂ ਮੌਤ ਸਮੇਂ ਦਾ ਜ਼ਿਕਰ ਕਰਦਾ ਹੈ। ਉਹ ਅੱਜ ਦੇ ਸਮੇਂ ਵਿਚ ਘੱਟ ਰਹੀਆਂ ਨੈਤਿਕ ਕਦਰਾਂ ਦੇ ਕਾਰਨ ਲੱਭਣ ਦੀ ਕੋਸ਼ਿਸ਼ ਵੀ ਕਰਦਾ ਹੈ। ਇਕ ਪਾਠ ‘ਜੱਗ ਦੇ ਮੇਲੇ’ ਵਿੱਚ ਉਹ ਭਵਿੱਖ ਜਾਂ ਭੂਤ ਦੀ ਚਿੰਤਾ ਕੀਤੇ ਬਗ਼ੈਰ ‘ਅੱਜ’ ਵਿਚ ਜਿਊਣ ਦੀ ਸਿੱਖਿਆ ਦਿੰਦਾ ਹੈ। ਉਹ ਕੱਚੀ ਮਿੱਟੀ ਦੇ ਖਿਡੌਣਿਆਂ ਦੀ ਤੁਲਨਾ ਮਨੁੱਖ ਅੰਦਰ ਨੈਤਿਕਤਾ ਦੇ ਗੁਣ ਪੈਦਾ ਕਰਨ ਨਾਲ ਕਰਦਾ ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਦੀ ਗੱਲ ਕਰਦਾ ਹੈ। ਲੇਖ ‘ਝਾਂਜਰਾਂ ਵਾਲੇ ਪੈਰ’ ਵਿਚ ਉਹ ਵਿਅਕਤੀ ਵਿਸ਼ੇਸ਼ ਦੀ ਕਿਸਮਤ ਦੀ ਗੱਲ ਕਰਦਾ ਇਹ ਸਿੱਧ ਕਰਦਾ ਹੈ ਕਿ ਕਈ ਵਾਰ ਇਕ ਵਿਅਕਤੀ ਦੀ ਕਿਸਮਤ ਦਾ ਦਾਣਾ ਪੂਰਾ ਪਰਿਵਾਰ ਖਾਂਦਾ ਹੈ। ਦੇਸ਼ ਦੇ ਰਾਜਨੀਤਕ ਤੇ ਸਮਾਜਿਕ ਘਟਨਾਵਾਂ ’ਤੇ ਤਪਸਰਾ ਕਰਦਾ ਉਹ ਮਨੁੱਖੀ ਜ਼ਿੰਦਗੀ ਦੇ ਵੱਖਰੇ-ਵੱਖਰੇ ਵਰਤਾਰਿਆਂ ਦੀ ਗੱਲ ਕਰਦਾ ਹੈ ਤੇ ਹਰ ਵਿਅਕਤੀ ਦੀ ਵਿਲੱਖਣ ਸ਼ਖ਼ਸੀਅਤ ਅਤੇ ਜੀਵਨ ਢੰਗ ਬਾਰੇ ਚਰਚਾ ਕਰਦਾ ਹੈ। ਆਸ ਹੈ ਕਿ ਇਸ ਪੁਸਤਕ ਦੇ ‘ਸ’ ਸੰਸਕਰਣ ਨੂੰ ਵੀ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲੇਗਾ।
- ਡਾ. ਸੰਦੀਪ ਰਾਣਾ