- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਸਾਸਾਂ ਦੇ ਸੁੱਚੇ ਮੋਤੀ’, ‘ਮੇਰੇ ਗੀਤਾਂ ਦੀ ਮਲਿਕਾ’ ਤੇ ‘ਭਖਦੇ ਹਰਫ’ ਵਰਗੇ ਚਰਚਿਤ ਕਾਵਿ-ਸੰਗ੍ਰਹਿ ਦੇਣ ਵਾਲੇ ਲੇਖਕ ਰਾਜ ਕੁਮਾਰ ਘਾਸੀਪੁਰੀਆ ਨੇ ਆਪਣਾ ਚੌਥਾ ਕਾਵਿ ਸੰਗ੍ਰਹਿ ‘ਸਵਰਗ ਜਿਹਾ ਮੇਰਾ ਪਿੰਡ’ ਪਾਠਕਾਂ ਦੀ ਝੋਲੀ ਪਾਇਆ ਹੈ। 35 ਕਾਵਿ-ਰਚਨਾਵਾਂ ਵਾਲੀ ਇਸ ਪੁਸਤਕ ’ਚ ਲੇਖਕ ਨੇ ਆਪਣੇ ਜੱਦੀ ਪਿੰਡ ਦੀ ਮਿੱਠੀ ਮਹਿਕ ’ਚ ਗੜੁੱਚ ਹੋ ਕੇ ਆਪਣੇ ਜਜ਼ਬਾਤਾਂ ਤੇ ਅਹਿਸਾਸਾਂ ਨੂੰ ਬਾਖ਼ੂਬੀ ਬਿਆਨ ਕੀਤਾ ਹੈ।

ਪੁਸਤਕ : ਸਵਰਗ ਜਿਹਾ ਮੇਰਾ ਪਿੰਡ
ਲੇਖਕ : ਰਾਜ ਕੁਮਾਰ ਘਾਸੀਪੁਰੀਆ
ਪੰਨੇ : 71, ਮੁੱਲ : 295
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ
‘ਅਹਿਸਾਸਾਂ ਦੇ ਸੁੱਚੇ ਮੋਤੀ’, ‘ਮੇਰੇ ਗੀਤਾਂ ਦੀ ਮਲਿਕਾ’ ਤੇ ‘ਭਖਦੇ ਹਰਫ’ ਵਰਗੇ ਚਰਚਿਤ ਕਾਵਿ-ਸੰਗ੍ਰਹਿ ਦੇਣ ਵਾਲੇ ਲੇਖਕ ਰਾਜ ਕੁਮਾਰ ਘਾਸੀਪੁਰੀਆ ਨੇ ਆਪਣਾ ਚੌਥਾ ਕਾਵਿ ਸੰਗ੍ਰਹਿ ‘ਸਵਰਗ ਜਿਹਾ ਮੇਰਾ ਪਿੰਡ’ ਪਾਠਕਾਂ ਦੀ ਝੋਲੀ ਪਾਇਆ ਹੈ। 35 ਕਾਵਿ-ਰਚਨਾਵਾਂ ਵਾਲੀ ਇਸ ਪੁਸਤਕ ’ਚ ਲੇਖਕ ਨੇ ਆਪਣੇ ਜੱਦੀ ਪਿੰਡ ਦੀ ਮਿੱਠੀ ਮਹਿਕ ’ਚ ਗੜੁੱਚ ਹੋ ਕੇ ਆਪਣੇ ਜਜ਼ਬਾਤਾਂ ਤੇ ਅਹਿਸਾਸਾਂ ਨੂੰ ਬਾਖ਼ੂਬੀ ਬਿਆਨ ਕੀਤਾ ਹੈ। ਕੁਦਰਤੀ ਨਜ਼ਾਰਿਆਂ ਤੇ ਪੇਂਡੂ ਵਿਰਸੇ ਦੀ ਬਾਤ ਪਾਉਂਦੀ ਇਸ ਪੁਸਤਕ ’ਚ ਸਰ੍ਹੋਂ ਦੇ ਪੀਲੇ ਫੁੱਲਾਂ ਨਾਲ ਭਰੇ ਖੇਤ, ਬਾਗ਼ਾਂ ’ਚ ਨੱਚਦੇ ਮੋਰ, ਕੋਇਲਾਂ ਦੀਆਂ ਮਿੱਠੀਆਂ ਕੂਕਾਂ, ਚਿੜੀਆਂ ਤੇ ਤੋਤਿਆਂ ਦੇ ਸੁਰਮਈ ਬੋਲ, ਸਾਉਣ ਦੀਆਂ ਝੜੀਆਂ ਤੇ ਲਹਿਰਾਉਂਦੀਆਂ ਫ਼ਸਲਾਂ ਕੁਦਰਤ ਦਾ ਅਜਿਹਾ ਅਹਿਸਾਸ ਕਰਵਾਉਂਦੀਆਂ ਹਨ, ਜੋ ਕਿਸੇ ਸਵਰਗ ਦੇ ਖ਼ੁਆਬ ਵਾਂਗ ਜਾਪਦਾ ਹੈ। ਲੇਖਕ ਨੇ ਇਹ ਸਵਰਗ ਸ਼ਹਿਰਾਂ ’ਚ ਨਹੀਂ ਸਗੋਂ ਆਪਣੇ ਪਿੰਡ ’ਚ ਰਹਿੰਦਿਆਂ ਜਿਉਂਦੇ ਜੀਅ ਹੰਢਾਇਆ ਹੈ।
ਪੁਸਤਕ ਦੀ ਹਰ ਰਚਨਾ ਪਾਠਕਾਂ ਨੂੰ ਪੰਜਾਬੀ ਸੱਭਿਆਚਾਰ ਤੇ ਪੇਂਡੂ ਵਿਰਸੇ ਨਾਲ ਜੋੜਦੀ ਹੈ। ਪਿੰਡਾਂ ਦੀ ਭਾਈਚਾਰਕ ਸਾਂਝ, ਜਿਵੇਂ ਮਾਵਾਂ-ਤਾਈਆਂ ਦਾ ਲਾਡ ਲਡਾਉਣਾ, ਗੱਭਰੂ-ਮੁਟਿਆਰਾਂ ਦੇ ਗਿੱਧੇ-ਭੰਗੜੇ, ਟਿਊਬਵੈੱਲਾਂ ਦੇ ਵਗਦੇ ਪਾਣੀਆਂ ਸੰਗ ਮਿੱਠੇ ਲੋਕ ਗੀਤ, ਪੇਂਡੂ ਖਾਣ-ਪੀਣ, ਪਹਿਰਾਵੇ, ਛੰਨਾਂ-ਛੱਪੜਾਂ ਤੇ ਰੁੱਖਾਂ-ਪਸ਼ੂਆਂ ਨਾਲ ਮੋਹ ਦੀ ਸੁੰਦਰ ਪੇਸ਼ਕਾਰੀ ਇਸ ਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ। ਬਾਗ਼ਾਂ ਦੇ ਸੰਧੂਰੀ ਅੰਬਾਂ ਦਾ ਸੁਆਦ ਛਕਾਉਂਦੀ ਇਹ ਪੁਸਤਕ ਧਰਤੀ ਉੱਤੇ ਹੀ ਸਵਰਗ ਦਾ ਭੁਲੇਖਾ ਪਾਉਂਦੀ ਹੈ। ਸ਼ਹਿਰੀਕਰਨ ਦੀ ਦੌੜ ਤੇ ਉਜੜਦੇ ਪਿੰਡਾਂ ਦਾ ਦੁੱਖ ਲੇਖਕ ਨੇ ਸ਼ਹਿਰੀ ਤੇ ਪੇਂਡੂ ਜੀਵਨ ਦੇ ਫ਼ਰਕ ਨੂੰ ਉਜਾਗਰ ਕਰਦਿਆਂ ਦੱਸਿਆ ਹੈ ਕਿ ਅਸਲ ’ਚ ਪੰਜਾਬੀ ਰੰਗ ਪਿੰਡਾਂ ਵਿਚ ਹੀ ਪਲਦੇ ਹਨ ਪਰ ਅਜੋਕੇ ਯੁੱਗ ’ਚ ਰੁਜ਼ਗਾਰ ਲਈ ਲੱਗ ਰਹੇ ਉਦਯੋਗਾਂ, ਮਸ਼ੀਨੀਕਰਨ, ਪੈਸੇ ਦੀ ਦੌੜ ਤੇ ਸੜਕਾਂ-ਰੇਲਾਂ ਦੇ ਜਾਲ ਨੇ ਕਈ ਪਿੰਡਾਂ ਤੇ ਕੁਦਰਤੀ ਨਜ਼ਾਰਿਆਂ ਨੂੰ ਉਜਾੜ ਕੇ ਰੱਖ ਦਿੱਤਾ ਹੈ। ਜਿਵੇਂ ਬਾਗ ਉਜੜਨ ਨਾਲ ਪੰਛੀਆਂ ਦੇ ਘਰ ਖ਼ਤਮ ਹੋ ਜਾਂਦੇ ਹਨ, ਉਸੇ ਤਰ੍ਹਾਂ ਰੁੱਖ ਵੱਢ ਕੇ ਬਣ ਰਹੀਆਂ ਕੰਕਰੀਟ ਦੀਆਂ ਇਮਾਰਤਾਂ ਨੇ ਕੁਦਰਤ ਪ੍ਰੇਮੀਆਂ ਦੀ ਰੂਹ ਨੂੰ ਫ਼ਿਕਰਮੰਦ ਕਰ ਦਿੱਤਾ ਹੈ। ਦੁਆਬੇ ਦੇ ਪੇਂਡੂ ਜੀਵਨ ਤੇ ਸੱਭਿਆਚਾਰ ਦੀ ਮੂੰਹ-ਬੋਲਦੀ ਤਸਵੀਰ ਪੇਸ਼ ਕਰਦੀ ਇਹ ਪੁਸਤਕ ਲੇਖਕ ਦੇ ਨਿੱਜੀ ਤਜਰਬਿਆਂ ਤੇ ਅਹਿਸਾਸਾਂ ਨਾਲ ਗੁੰਦੀ ਹੋਈ ਹੈ। ਪੰਜਾਬੀ ਸਾਹਿਤ ਪੜ੍ਹਨ ਵਾਲੇ ਪਾਠਕਾਂ ਲਈ ਇਹ ਪੁਸਤਕ ਕਿਸੇ ਸਵਰਗ ਤੋਂ ਘੱਟ ਨਹੀਂ ਹੈ। ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਨਿਵੇਕਲੀ ਕਾਵਿ-ਕਿਰਤ ਦਾ ਨਿੱਘਾ ਸਵਾਗਤ ਕਰਨਾ ਚਾਹੀਦਾ ਹੈ।
- ਯਾਦਵਿੰਦਰ ਸਿੰਘ ਭੁੱਲਰ