
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਪਣੇ ਇਸ ਪਲੇਠੇ ਕਹਾਣੀ ਸੰਗ੍ਰਹਿ ‘ਆਖ਼ਰੀ ਮੁਹਾਫਿਜ਼’ ਵਿਚ ਲੇਖਕ ਸਰਬਾਜ਼ ਪਾਠਕ ਦਾ ਧਿਆਨ ਅਜਿਹੇ ਕੁਹਜ ਵੱਲ ਕੇਂਦਰਿਤ ਕਰਨ ਵਿਚ ਕਾਮਯਾਬ ਰਿਹਾ ਹੈ, ਜਿਸ ਦਾ ਉਲਟਾ ਪ੍ਰਭਾਵ ਸਮਾਜ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਕੇ ਨਿਘਾਰ ਵੱਲ ਲੈ ਤੁਰਿਆ ਹੈ। ਅਸਿੱਧੇ ਤੌਰ ’ਤੇ ਉਸਾਰੂ ਜੀਵਨ ਜਿਊਣ ਦੀ ਸੇਧ ਦਿੰਦੀਆਂ ਇਹ ਕਥਾ-ਰਚਨਾਵਾਂ ਸਮਾਜ ਨੂੰ ਚੰਗੀ ਸੋਚ ਅਪਣਾਉਣ ਦਾ ਸੁਨੇਹਾ ਦਿੰਦੀਆਂ ਹਨ।

ਪੁਸਤਕ: ਆਖ਼ਰੀ ਮੁਹਾਫ਼ਿਜ਼
ਲੇਖਕ: ਸਰਬਾਜ਼
ਪੰਨੇ: 120 ਮੁੱਲ: 295/-
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਆਪਣੇ ਇਸ ਪਲੇਠੇ ਕਹਾਣੀ ਸੰਗ੍ਰਹਿ ‘ਆਖ਼ਰੀ ਮੁਹਾਫਿਜ਼’ ਵਿਚ ਲੇਖਕ ਸਰਬਾਜ਼ ਪਾਠਕ ਦਾ ਧਿਆਨ ਅਜਿਹੇ ਕੁਹਜ ਵੱਲ ਕੇਂਦਰਿਤ ਕਰਨ ਵਿਚ ਕਾਮਯਾਬ ਰਿਹਾ ਹੈ, ਜਿਸ ਦਾ ਉਲਟਾ ਪ੍ਰਭਾਵ ਸਮਾਜ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਕੇ ਨਿਘਾਰ ਵੱਲ ਲੈ ਤੁਰਿਆ ਹੈ। ਅਸਿੱਧੇ ਤੌਰ ’ਤੇ ਉਸਾਰੂ ਜੀਵਨ ਜਿਊਣ ਦੀ ਸੇਧ ਦਿੰਦੀਆਂ ਇਹ ਕਥਾ-ਰਚਨਾਵਾਂ ਸਮਾਜ ਨੂੰ ਚੰਗੀ ਸੋਚ ਅਪਣਾਉਣ ਦਾ ਸੁਨੇਹਾ ਦਿੰਦੀਆਂ ਹਨ। ਆਪਣੀ ਭੂਮਿਕਾ ਵਿਚ ਲੇਖਕ ਆਪਣੇ ਵਿਚਾਰ ਪ੍ਰਗਟ ਕਰਦਾ ਲਿਖਦਾ ਹੈ ਕਿ ਰਚਨਾਤਮਿਕਤਾ ਅਸਲ ਵਿਚ ਮਨੁੱਖ ਦੇ ਭਾਵਾਂ ਨਾਲ ਜੁੜੀ ਹੁੰਦੀ ਹੈ। ਵਰਤਮਾਨ ਯੁੱਗ ਵਿਚ ਜਿੱਥੇ ਮਨੁੱਖੀ ਜੀਵਨ ਮਸ਼ੀਨੀਕਰਨ ਵੱਲ ਵੱਧ ਰਿਹਾ ਹੈ ਤੇ ਆਪਸੀ ਸਾਂਝਾਂ ਅਲੋਪ ਹੋ ਰਹੀਆਂ ਹਨ, ਉੱਥੇ ਇਹ ਕਿਤਾਬ ਸਮਾਜ ਵਿਚ ਸੰਵੇਦਨਾ ਨੂੰ ਜਿਉਂਦਾ ਰੱਖਣ ਦੀ ਇਕ ਕੋਸ਼ਿਸ਼ ਵਜੋਂ ਦੇਖੀ ਜਾ ਸਕਦੀ ਹੈ। ਲੇਖਕ ਮੁਤਾਬਿਕ ਸਾਹਿਤ ਤੇ ਤਕਨੀਕ ਦੇ ਦਰਮਿਆਨ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ ਸਗੋਂ ਇਨ੍ਹਾਂ ਦਾ ਆਪਸੀ ਸਹਿਯੋਗ ਮਨੁੱਖੀ ਚੇਤਨਾ ਨੂੰ ਉਚਾਈਆਂ ਤੱਕ ਲੈ ਜਾਣ ਦੇ ਸਮਰੱਥ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ, ਜਿਵੇਂ ਕਿ ‘ਕੰਡੇ’ ਤੇ ‘ਪਰਛਾਵਾਂ’ ਆਮ ਜੀਵਨ ’ਚ ਵਿਚਰਦੇ ਪਾਤਰਾਂ ਰਾਹੀਂ ਸਮਾਜ ਦੇ ਸੱਚ ਨੂੰ ਪਾਠਕ ਦੇ ਸਾਹਮਣੇ ਪੇਸ਼ ਕਰਦੀਆਂ ਹਨ। 'ਕੰਡੇ' ਕਹਾਣੀ ਦਾ ਮੁੱਖ ਪਾਤਰ ਗਣੇਸ਼ ਚੰਦ ਤੇ ਉਸ ਦਾ ਨਿੱਜੀ ਸਹਾਇਕ ਮਾਨੇ ਇਕ ਸਾਧਾਰਨ ਨਾਈ ਦੀ ਦੁਕਾਨ ਦੇ ਪਿਛੋਕੜ ਰਾਹੀਂ ਮਨੁੱਖੀ ਸੁਭਾਅ, ਚਿੜਚਿੜੇਪਨ ਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਤਣਾਅ ਨੂੰ ਸਾਹਮਣੇ ਰੱਖਦੇ ਹਨ। ਲੇਖਕ ਨੇ ਰਿਸ਼ਤਿਆਂ ਵਿਚ ਆਉਣ ਵਾਲੀ ਕੜਵਾਹਟ ਤੇ ਆਰਥਿਕ ਤੰਗੀ ਦੀ ਚੀਸ ਨੂੰ ਸੂਖ਼ਮਤਾ ਨਾਲ ਰੂਪਮਾਨ ਕੀਤਾ ਹੈ, ਦੂਜੇ ਪਾਸੇ ‘ਪਰਛਾਵਾਂ’ ਵਰਗੀਆਂ ਰਚਨਾਵਾਂ ਵਿਚ ਕੁਦਰਤ, ਧੁੱਪ ਦੀ ਗਰਮਾਹਟ, ਬਚਪਨ ਦੀਆਂ ਮਿੱਠੀਆਂ ਯਾਦਾਂ ਤੇ ਮਾਂ ਦੇ ਪਿਆਰ ਰਾਹੀਂ ਇਕ ਅਜਿਹਾ ਮਾਹੌਲ ਸਿਰਜਿਆ ਗਿਆ ਹੈ, ਜੋ ਪਾਠਕ ਨੂੰ ਭਾਵੁਕ ਹੋਣ ਲਈ ਮਜਬੂਰ ਕਰਦਾ ਹੈ। ਜੇ ਦੂਸਰੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਜਿੱਥੇ ਲੇਖਕ ਮਨ ਦੇ ਗੁਪਤ ਭੇਦਾਂ ਨੂੰ ਫੜਨ ਵਿਚ ਕਾਮਯਾਬ ਰਿਹਾ ਹੈ, ਉੱਥੇ ਕੁਝ ਥਾਵਾਂ ’ਤੇ ਕਹਾਣੀਆਂ ਵਿਚਾਰਕ ਤੌਰ ਤੇ ਬੋਝਲ ਜਾਂ ਉਪਦੇਸ਼ਕ ਰੂਪ ਧਾਰ ਲੈਂਦੀਆਂ ਹਨ। ਕਹਾਣੀ ਦੀ ਆਪਣੀ ਸਹਿਜਤਾ ਇਨ੍ਹਾਂ ਵਿਚਾਰਾਂ ਦੇ ਹੇਠ ਦੱਬੀ ਮਹਿਸੂਸ ਹੁੰਦੀ ਹੈ। ਕੁਝ ਪਾਤਰਾਂ ਦੀ ਆਪਸੀ ਗੱਲਬਾਤ ਅਸਲ ਬੋਲਚਾਲ ਨਾਲੋਂ ਕਿਤਾਬੀ ਪ੍ਰਤੀਤ ਹੁੰਦੀ ਹੈ, ਜਿਸ ਕਾਰਨ ਕਹਾਣੀ ਦਾ ਪ੍ਰਭਾਵ ਕਮਜ਼ੋਰ ਪੈਂਦਾ ਹੈ। ਜੇ ਬਿਰਤਾਂਤ ਨੂੰ ਸੀਮਤ ਰੱਖਿਆ ਜਾਂਦਾ ਤਾਂ ਇਨ੍ਹਾਂ ਕਹਾਣੀਆਂ ਦਾ ਪ੍ਰਭਾਵ ਪਾਠਕ ’ਤੇ ਹੋਰ ਗਹਿਰਾ ਹੋ ਸਕਦਾ ਸੀ। ਲੇਖਕ ਦੀ ਸ਼ੈਲੀ ਦੀ ਗੱਲ ਕਰੀਏ ਤਾਂ ਇਹ ਮੁਹਾਵਰੇਦਾਰ ਪੰਜਾਬੀ ਹੈ, ਜਿਸ ਵਿਚ ਸ਼ਬਦਾਂ ਦੀ ਚੋਣ ਗੰਭੀਰਤਾ ਦਾ ਅਹਿਸਾਸ ਕਰਵਾਉਂਦੀ ਹੈ। ਪੁਸਤਕ ਵਿਚ ਵਰਤੀ ਗਈ ਪ੍ਰਤੀਕਾਤਮਕ ਸ਼ੈਲੀ, ਜਿਵੇਂ ਧੁੱਪ ਦੀ ਨਿੱਘੀ ਗਰਮਾਹਟ, ਅੰਦਰਲਾ ਗੂੜ੍ਹਾ ਹਨੇਰਾ ਤੇ ਜੀਵਨ ਦੇ ਕੰਡੇ, ਕਹਾਣੀਆਂ ਨੂੰ ਗਹਿਰੇ ਅਰਥ ਪ੍ਰਦਾਨ ਕਰਦੀ ਹੈ।
- ਪਰਮਜੀਤ ਸਿੰਘ ਸੰਸੋਆ