- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਪੰਜਾਬੀ ਇਕਾਂਗੀ ਪੁਸਤਕ ਦੇ ਸੰਪਾਦਕ ਸਤਵਿੰਦਰ ਬੇਗੋਵਾਲੀਆ ਤੇ ਦਿਲਜੀਤ ਸਿੰਘ ਰਤਨ ਹਨ। ਇਸ ਨਾਟ ਸੰਗ੍ਰਹਿ ਵਿਚ ਨੌਂ ਦੇ ਕਰੀਬ ਇਕਾਂਗੀਆਂ ਹਨ। ਪੁਸਤਕ ਵਿਚਲੀ ਪਹਿਲੀ ਇਕਾਂਗੀ ‘ਇਕ ਰਮਾਇਣ ਹੋਰ’ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਵੱਲੋਂ ਲਿਖੀ ਹੋਈ ਹੈ। ਇਹ ਇਕਾਂਗੀ ਦੋ ਭਰਾਵਾਂ ਲਛਮਣ, ਰਾਮ ਤੇ ਰਾਮ ਦੀ ਪਤਨੀ ਸੀਤਾ ਦੁਆਲੇ ਘੁੰਮਦੀ ਹੈ।

ਪੁਸਤਕ : ਆਪਣੇ ਪੰਜਾਬੀ ਇਕਾਂਗੀ
ਸੰਪਾਦਕ : ਸਤਵਿੰਦਰ ਬੈਗੋਵਾਲੀਆ ਤੇ ਦਲਜੀਤ ਸਿੰਘ ਰਤਨ
ਪ੍ਰਕਾਸ਼ਨ - ਮਿਸਟਰ ਸਿੰਘ ਪਬਲਿਕੇਸ਼ਨ
ਮੁੱਲ 300 ਰੁਪਏ, ਪੰਨੇ 192
ਆਪਣੇ ਪੰਜਾਬੀ ਇਕਾਂਗੀ ਪੁਸਤਕ ਦੇ ਸੰਪਾਦਕ ਸਤਵਿੰਦਰ ਬੇਗੋਵਾਲੀਆ ਤੇ ਦਿਲਜੀਤ ਸਿੰਘ ਰਤਨ ਹਨ। ਇਸ ਨਾਟ ਸੰਗ੍ਰਹਿ ਵਿਚ ਨੌਂ ਦੇ ਕਰੀਬ ਇਕਾਂਗੀਆਂ ਹਨ। ਪੁਸਤਕ ਵਿਚਲੀ ਪਹਿਲੀ ਇਕਾਂਗੀ ‘ਇਕ ਰਮਾਇਣ ਹੋਰ’ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਵੱਲੋਂ ਲਿਖੀ ਹੋਈ ਹੈ। ਇਹ ਇਕਾਂਗੀ ਦੋ ਭਰਾਵਾਂ ਲਛਮਣ, ਰਾਮ ਤੇ ਰਾਮ ਦੀ ਪਤਨੀ ਸੀਤਾ ਦੁਆਲੇ ਘੁੰਮਦੀ ਹੈ। ਸੀਤਾ ਜੋ ਆਪਣੇ ਹੀ ਪਤੀ ਰਾਮ ਦੀ ਬਣ ਕੇ ਰਹਿਣਾ ਚਾਹੁੰਦੀ ਹੈ ਪਰ ਜ਼ਮੀਨ ਦੇ ਲਾਲਚ ਵਿਚ ਉਸ ਨੂੰ ਆਪਣਾ ਪਤੀ ਵਰਤਾ ਧਰਮ ਛੁੱਟਦਾ ਨਜ਼ਰ ਆਉਂਦਾ ਹੈ। ਇਸ ਤੋਂ ਅਗਲੀ ਇਕਾਂਗੀ ‘ਚਾਬੀਆਂ’ ਆਤਮਜੀਤ ਦੀ ਲਿਖੀ ਹੋਈ ਹੈ । ਇਹ ਇਕਾਂਗੀ ਕਾਫ਼ੀ ਪ੍ਰਸਿੱਧ ਹੈ। ਇਸ ਵਿਚ ਦੋ ਅਲਮਾਰੀਆਂ ਤੇ ਚਾਬੀਆਂ ਦੀ ਦਾਸਤਾਂ ਪੇਸ਼ ਕੀਤੀ ਗਈ ਹੈ। ਇਹ ਇਕਾਂਗੀ ਇਕ ਭ੍ਰਿਸ਼ਟਾਚਾਰੀ ਸਮਾਜ ਤੇ ਉਸ ਵਿਚਲੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਪੇਸ਼ ਕਰਦੀ ਹੈ। ਗੁਰਸ਼ਰਨ ਸਿੰਘ ਦੀ ‘ਗ਼ਰੀਬ ਲੋਕ’ ਇਕਾਂਗੀ ਪੰਜ ਕਲਿਆਣੀ ਕਹਾਣੀ ’ਤੇ ਆਧਾਰਿਤ ਹੈ। ਇਸ ਵਿਚ ਇਕ ਮਾਸਟਰ ਪਿੰਡ ਦੇ ਪੱਛੜੇ ਲੋਕਾਂ ਨੂੰ ਜਾਗਰੂਕਤਾ ਦਾ ਪਾਠ ਪੜਾਉਂਦਾ ਹੈ। ’ਚੋਰ’ ਇਕਾਂਗੀ ਸਤਵਿੰਦਰ ਬੇਗੋਵਾਲੀਆ ਦੀ ਲਿਖੀ ਹੋਈ ਹੈ। ਇਸ ’ਚ ਉਨ੍ਹਾਂ ਕਿਸਾਨਾਂ ਦਾ ਜ਼ਿਕਰ ਕੀਤਾ ਹੈ, ਜੋ ਲੁੱਟ-ਖੋਹ ਤੋਂ ਦੁਖੀ ਹਨ। ਮੁੱਖ ਪਾਤਰ ਧੁੰਨਾ ਜੋ ਗ਼ਰੀਬ ਕਿਸਾਨ ਹੈ। ਉਹ ਲੋਕਾਂ ਦਾ ਹਿਸਾਬ-ਕਿਤਾਬ ਕਰਨ ’ਚ ਰਹਿੰਦਾ ਹੈ। ਉਹ ਦਿਨ ਦੇ ਤੇ ਰਾਤ ਦੇ ਚੋਰਾਂ ਬਾਰੇ ਇਸ ਇਕਾਂਗੀ ਵਿਚ ਖ਼ੂਬ ਚਾਨਣਾ ਪਾਉਂਦਾ ਹੈ। ਇਸ ਇਕਾਂਗੀ ਵਿਚ ਸੁਪਨਮਈ ਦ੍ਰਿਸ਼ ਹੋਰ ਦਿਲਚਸਪ ਬਣਾਉਂਦੇ ਹਨ। ਅੰਤ ਇਸ ਕਹਾਣੀ ’ਚ ਇਹ ਦੱਸਿਆ ਹੈ ਕਿ ਦਿਨ ਦੇ ਚੋਰ ਰਾਤ ਦੇ ਚੋਰਾਂ ਨਾਲੋਂ ਜ਼ਿਆਦਾ ਖਤਰਨਾਕ ਹੁੰਦੇ ਹਨ। ਇਨ੍ਹਾਂ ਇਕਾਂਗੀਆਂ ਤੋਂ ਇਲਾਵਾ ਕਿਰਨ, ਲੇਬਰ ਚੌਕ ਦੀਆਂ ਅੱਖਾਂ, ਮਾਸਟਰ ਲਿਆਕਤ ਗੁਲ ਵੀ ਹਨ, ਜੋ ਵੱਖ-ਵੱਖ ਪਹਿਲੂਆਂ ਨੂੰ ਉਭਾਰਦੇ ਹਨ। ਪੁਸਤਕ ਵਿਚਲੀ ਆਖ਼ਰੀ ਇਕਾਂਗੀ ‘ਮੇਰੀ ਬੱਚੀ’ ਸੁਮਨ ਲਤਾ ਦੀ ਹੈ। ਇਸ ਵਿਚ ਔਰਤ ਜਾਤੀ ਪ੍ਰਤੀ ਲੋਕਾਂ ਨੂੰ ਚੇਤੰਨ ਕੀਤਾ ਗਿਆ ਹੈ। ਇਸ ਇਕਾਂਗੀ ਵਿਚ ਔਰਤ ਨੂੰ ਮਿਲੀਆਂ ਬਦ ਅਸੀਸਾਂ ਨੂੰ ਇਕਾਂਗੀ ਦੀ ਮੁੱਖ ਪਾਤਰ ਰੱਜੀ ਚੁਣੌਤੀਆਂ ਵਜੋਂ ਸਵੀਕਾਰ ਕਰਦੀ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਪੁਸਤਕ ਵਿਚਲੀਆਂ ਨੌਂ ਇਕਾਂਗੀ ਮਨੁੱਖੀ ਜੀਵਨ ਦੀਆਂ ਪਰਤਾਂ ਨੂੰ ਖੋਲ੍ਹਦੀਆਂ ਹਨ ।ਹਰ ਇਕਾਂਗੀ ਦੀ ਨਾਟ ਸ਼ੈਲੀ ਰੋਚਕ ਤੇ ਦਿਲਚਸਪ ਹੈ। ਪੜ੍ਹਨ ਉਪਰੰਤ ਲੱਗਦਾ ਹੈ, ਜਿਵੇਂ ਪਾਤਰ ਸਾਡੇ ਸਾਹਮਣੇ ਖੜ੍ਹਾ ਹੋਵੇ।
- ਇੰਦਰਪ੍ਰੀਤ ਕੌਰ