- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੇਖਕ ਨੇ ਬੁੱਧ ਧਰਮ ਬਾਰੇ ਬਹੁਤ ਡੂੰਘਾਈ ਨਾਲ ਪਰਖ-ਪੜਚੋਲ ਕਰ ਕੇ ਤੱਥਾਂ ਨੂੰ ਪੇਸ਼ ਕੀਤਾ ਹੈ। ਪੁਸਤਕ ਦਾ ਹਰ ਲੇਖ ਪਾਠਕਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਧਰਮ, ਪਰਮਾਤਮਾ ਦੀ ਹੋਂਦ ਬਾਰੇ, ਜ਼ਮੀਨੀ ਹਕੀਕਤ ਨਾਲ ਰੂਬਰੂ ਕਰਵਾਉਂਦਾ ਹੈ। ਪੁਸਤਕ ਦੇ ਲੇਖਾਂ ਦੀ ਪੇਸ਼ਕਾਰੀ, ਸ਼ੈਲੀ, ਸ਼ਬਦਾਂ ਦੀ ਚੋਣ ਲੇਖਕ ਦੇ ਭਾਸ਼ਾਈ ਗਿਆਨ ਨੂੰ ਤਸਦੀਕ ਕਰਦੇ ਹਨ।

ਪੁਸਤਕ : ਬੁੱਧ ਧੱਮ ਸਿੱਖਿਆਵਾਂ ਤੇ ਗਾਥਾਵਾਂ
ਲੇਖਕ : ਡਾਕਟਰ ਸੰਤੋਖ ਲਾਲ ਵਿਰਦੀ
ਮੁੱਲ : 200 ਰੁਪਏ, ਪੰਨੇ : 208
ਪ੍ਰਕਾਸ਼ਕ : ਸਮਤਾ ਸਮਾਜ ਪ੍ਰਕਾਸ਼ਨ, ਫਗਵਾੜਾ।
ਅਗਾਂਹਵਧੂ ਵਿਚਾਰਾਂ ਤੇ ਸਾਹਿਤਕ ਖੇਤਰ ’ਚ ਨਵੀਆਂ ਧਾਰਨਾਵਾਂ ਦੀ ਮਿਸ਼ਾਲ ਲੈ ਕੇ ਚੱਲਣ ਵਾਲੇ ਇਨਕਲਾਬੀ ਆਗੂ, ਚਿੰਤਕ ਤੇ ਸਾਹਿਤਕਾਰ ਡਾਕਟਰ ਸੰਤੋਖ ਲਾਲ ਵਿਰਦੀ ਸਾਹਿਤ ਤੇ ਅੰਦੋਲਨਾਂ ਦੇ ਮਾਧਿਅਮ ਰਾਹੀਂ ਮਨੁੱਖੀ ਚੇਤਨਾ ਦੀ ਲੋਅ ਨੂੰ ਜਗਦੀ ਰੱਖਣ ਲਈ ਨਿਰੰਤਰ ਯਤਨਸ਼ੀਲ ਰਹੇ ਹਨ। ਪੇਸ਼ੇ ਤੋਂ ਵਕੀਲ, ਵੱਖ-ਵੱਖ ਅਖ਼ਬਾਰਾਂ, ਕੌਮਾਂਤਰੀ ਤੇ ਰਾਸ਼ਟਰੀ ਪੱਧਰ ਦੇ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਣ ਵਾਲੇ ਲੇਖਕ ਐੱਸਐੱਲ ਵਿਰਦੀ ਨੇ ਲਗਪਗ 60 ਪੁਸਤਕਾਂ ਦੀ ਰਚਨਾ ਕਰ ਕੇ ਮਾਂ-ਬੋਲੀ ਪੰਜਾਬੀ ਦੇ ਸਾਹਿਤ ਖ਼ਜ਼ਾਨੇ ’ਚ ਵਾਧਾ ਕੀਤਾ ਹੈ। ਲੇਖਕ ਨੇ ਬੁੱਧ ਧਰਮ ਸਿੱਖਿਆਵਾਂ ਤੇ ਗਾਥਾਵਾਂ ਦੇ ਮਾਧਿਅਮ ਰਾਹੀਂ ਬੁੱਧ ਦੇ ਧਰਮ ਸਬੰਧੀ ਵਿਚਾਰਾਂ ਦੀ ਰੌਸ਼ਨੀ ਵਿਚ ਲੋਕਾਂ ਨੂੰ ਧਰਮ ਦੇ ਭਰਮ-ਭੁਲੇਖਿਆਂ ਦੇ ਹਨੇਰੇ ’ਚੋਂ ਬਾਹਰ ਕੱਢਣ ਦਾ ਵਿਲੱਖਣ ਕਾਰਜ ਕੀਤਾ ਹੈ। ਇਹ ਪੁਸਤਕ ਪੰਜ ਭਾਗਾਂ ਵਿਚ ਵੰਡੀ ਹੋਈ ਹੈ। ਭਾਗ 1 ਧਰਮਪਦ ਦੀਆਂ ਸਿੱਖਿਆਵਾਂ, ਭਾਗ 2 ਬੁੱਧ ਧਰਮ ਦੀਆਂ ਸਿੱਖਿਆਵਾਂ, ਭਾਗ 3 ਬੁੱਧ ਧਰਮ ਦੀਆਂ ਗਾਥਾਵਾਂ, ਭਾਗ 4 ’ਚ ਬੁੱਧ ਦਾ ਧਰਮ-ਅਧਰਮ ਤੇ ਸੱਚ ਧਰਮ, ਭਾਗ-5 ਵਿਚ ਸ਼ੰਕਾ ਨਿਵਰਤੀ ਲਈ ਸਵਾਲ-ਜਵਾਬ ਹਨ। ਇਸ ਪੁਸਤਕ ’ਚ 58 ਲੇਖ ਹਨ। ਲੇਖਕ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਹਵਾਲੇ ਅਨੁਸਾਰ ਧਰਮ ਦੇ ਅਰਥ ਨੂੰ ਸਪਸ਼ਟ ਕਰਦਿਆਂ ਲਿਖਿਆ ਹੈ ਕਿ ਬੁੱਧ ਨੇ ਕਈ ਸੌ ਸਾਲ ਪਹਿਲਾਂ ਧਰਮ ਦੀ ਖੋਜ ਕਰ ਕੇ ਕਿਹਾ ਸੀ ਕਿ ਮਨੁੱਖ ਦੇ ਦੁੱਖ ਦਾ ਕੋਈ ਕਾਰਨ ਹੈ, ਕਾਰਨ ਨੂੰ ਹਟਾਇਆ ਜਾ ਸਕਦਾ ਹੈ। ਦੁੱਖ ਨੂੰ ਦੂਰ ਕਰਨ ਦਾ ਮਾਰਗ ਹੈ। ਬੁੱਧ ਨੇ ਗੈਬੀ ਸ਼ਕਤੀ, ਪਹਿਲਾਂ ਤੋਂ ਚੱਲੀਆਂ ਆ ਰਹੀਆਂ ਪ੍ਰੰਪਰਾਵਾਂ, ਰੀਤੀ ਰਿਵਾਜਾਂ ਤੇ ਬੁੱਤ ਪੂਜਾ ਨਾਲ ਕਦੇ ਵੀ ਸਹਿਮਤੀ ਨਹੀਂ ਪ੍ਰਗਟਾਈ ਕਿਉਂਕਿ ਇਹ ਮਨੁੱਖ ਨੂੰ ਅੰਧ ਵਿਸ਼ਵਾਸ ਤੇ ਭਰਮ-ਭੁਲੇਖੇ ਵਿਚ ਪਾਉਂਦੇ ਹਨ। ਬੁੱਧ ਧਰਮ ’ਚ ਕੋਈ ਵਿਚੋਲਾ ਨਹੀਂ ਹੈ। ਹਰ ਮਨੁੱਖ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਖ਼ੁਦ ਯਤਨਸ਼ੀਲ ਹੋਣਾ ਪੈਣਾ ਹੈ। ਲੇਖਕ ਨੇ ਬੁੱਧ ਧਰਮ ਬਾਰੇ ਬਹੁਤ ਡੂੰਘਾਈ ਨਾਲ ਪਰਖ-ਪੜਚੋਲ ਕਰ ਕੇ ਤੱਥਾਂ ਨੂੰ ਪੇਸ਼ ਕੀਤਾ ਹੈ। ਪੁਸਤਕ ਦਾ ਹਰ ਲੇਖ ਪਾਠਕਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਧਰਮ, ਪਰਮਾਤਮਾ ਦੀ ਹੋਂਦ ਬਾਰੇ, ਜ਼ਮੀਨੀ ਹਕੀਕਤ ਨਾਲ ਰੂਬਰੂ ਕਰਵਾਉਂਦਾ ਹੈ। ਪੁਸਤਕ ਦੇ ਲੇਖਾਂ ਦੀ ਪੇਸ਼ਕਾਰੀ, ਸ਼ੈਲੀ, ਸ਼ਬਦਾਂ ਦੀ ਚੋਣ ਲੇਖਕ ਦੇ ਭਾਸ਼ਾਈ ਗਿਆਨ ਨੂੰ ਤਸਦੀਕ ਕਰਦੇ ਹਨ। ਪੁਸਤਕ ਦਾ ਹਰ ਲੇਖ ਕੋਈ ਨਾ ਕੋਈ ਸੁਨੇਹਾ ਦੇ ਕੇ ਮਨੁੱਖੀ ਜ਼ਿੰਦਗੀ ਨੂੰ ਗਿਆਨ ਪ੍ਰਦਾਨ ਕਰਨ ਵਾਲਾ ਹੈ।
- ਪ੍ਰਿੰ. ਵਿਜੈ ਕੁਮਾਰ