
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਹਾਣੀ ਸੰਗ੍ਰਹਿ ‘ਟਾਹਣਿਓ ਟੁੱਟੇ’ ਅਮਰੀਕਾ ’ਚ ਵਸਦੀ ਕਵਿੱਤਰੀ ਪਰਵੇਜ਼ ਸੰਧੂ ਦੀ ਲਿਖਤ ਹੈ। ਪੁਸਤਕ ਵਿਚਲੀਆਂ ਕਹਾਣੀਆਂ ਅਮਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਤੇ ਅਮਰੀਕਾ ਵੱਸਦੇ ਲੋਕਾਂ ਨਾਲ ਸਬੰਧਿਤ ਹਨ। ਲੇਖਿਕਾ ਨੇ ਪੂਰਬ ਤੇ ਪੱਛਮ ਵਿਚਲੇ ਲੋਕਾਂ ਦੇ ਵਿਚਾਰ ਤੇ ਸੋਚ ਨੂੰ ਭਲੀਭਾਂਤ ਆਪਣੀਆਂ ਕਹਾਣੀਆਂ ’ਚ ਦਰਸਾਇਆ ਹੈ।

ਪੁਸਤਕ ਦਾ ਨਾਂ - ਟਾਹਣੀਓ ਟੁੱਟੇ
ਲੇਖਕ - ਪਰਵੇਜ਼ ਸੰਧੂ
ਮੁੱਲ 250 ਰੁਪਏ ਪੰਨੇ 112
ਪ੍ਰਕਾਸ਼ਨ - ਸਵੀਨਾ ਪਬਲੀਕੇਸ਼ਨ
ਕਹਾਣੀ ਸੰਗ੍ਰਹਿ ‘ਟਾਹਣਿਓ ਟੁੱਟੇ’ ਅਮਰੀਕਾ ’ਚ ਵਸਦੀ ਕਵਿੱਤਰੀ ਪਰਵੇਜ਼ ਸੰਧੂ ਦੀ ਲਿਖਤ ਹੈ। ਪੁਸਤਕ ਵਿਚਲੀਆਂ ਕਹਾਣੀਆਂ ਅਮਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਤੇ ਅਮਰੀਕਾ ਵੱਸਦੇ ਲੋਕਾਂ ਨਾਲ ਸਬੰਧਿਤ ਹਨ। ਲੇਖਿਕਾ ਨੇ ਪੂਰਬ ਤੇ ਪੱਛਮ ਵਿਚਲੇ ਲੋਕਾਂ ਦੇ ਵਿਚਾਰ ਤੇ ਸੋਚ ਨੂੰ ਭਲੀਭਾਂਤ ਆਪਣੀਆਂ ਕਹਾਣੀਆਂ ’ਚ ਦਰਸਾਇਆ ਹੈ। ਕਹਾਣੀਆਂ ਨਿਵੇਕਲੀ ਕਿਸਮ ਦੀਆਂ ਹਨ। ਪੁਸਤਕ ਵਿਚਲੀ ‘ਸਿਰਫ਼ ਇਕ ਵਾਰ’ ਕਹਾਣੀ ਵਿਚ ਪੱਛਮੀ ਸੱਭਿਆਚਾਰ ਵਿਚ ਗਵਾਚੇ ਪੰਜਾਬੀਆਂ ਦੀ ਹਾਲਤ ਨੂੰ ਬਿਆਨ ਕੀਤਾ ਹੈ। ਇਸ ਕਹਾਣੀ ਦਾ ਮੁੱਖ ਪਾਤਰ ਜੱਗੀ ਇਹ ਮਹਿਸੂਸ ਕਰਦਾ ਹੈ ਕਿ ਉਹ ਵੀ ਇੱਥੇ ਆ ਕੇ ਪੱਛਮ ਦੀ ਚਕਾਚੌਂਧ ’ਚ ਕਿਧਰੇ ਗਵਾਚ ਗਿਆ ਹੈ । ਉਹ ਅਮਰੀਕਾ ਆ ਕੇ ਆਪਣੀ ਘਰਵਾਲੀ ਤੋਂ ਇਲਾਵਾ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਹੈ ਪਰ ਜਦੋਂ ਉਸ ਦੀ ਧੀ ਸ਼ੈਲੀ ਪੱਛਮੀ ਸੱਭਿਆਚਾਰ ਵਿਚ ਗੁਆਚ ਜਾਂਦੀ ਹੈ ਤਾਂ ਉਹ ਮਹਿਸੂਸ ਕਰਦਾ ਹੈ ਕਿ ਉਹ ਵੀ ਵਿਦੇਸ਼ ਆ ਕੇ ਆਪਣਾ ਆਪ ਭੁੱਲ ਗਿਆ ਹੈ ਪਰ ਫਿਰ ਵੀ ਉਹ ਆਪਣੇ ਆਪ ਨੂੰ ਉਸ ਕੁੜੀ ਕੋਲ ਜਾਣ ਤੋਂ ਰੋਕ ਨਹੀਂ ਪਾਉਂਦਾ ਤੇ ਅੰਤ ਉਸ ਨੂੰ ਪ੍ਰਤੀਤ ਹੁੰਦਾ ਹੈ ਕਿ ਉਸ ਦੀ ਆਪਣੀ ਕੁੜੀ ਸ਼ੈਲੀ ਦੀਆਂ ਅੱਖਾਂ ਉਸ ਦਾ ਪਿੱਛਾ ਕਰ ਰਹੀਆਂ ਹਨ। ਪੀੜ੍ਹੀ-ਦਰ-ਪੀੜ੍ਹੀ ਕਹਾਣੀ ਵਿਚ ਮਾਂ ਆਪਣੀ ਧੀ ਦੇ ਸੁਪਨਿਆਂ ਤੇ ਉਸ ਉਸ ਦੀ ਸੋਚ ਨੂੰ ਮਹਿਸੂਸ ਕਰਦੀ ਹੈ ਪਰ ਜਦੋਂ ਆਪਣੀ ਬੇਟੀ ਦੇ ਮੂੰਹੋਂ ਇਹ ਸੁਣਦੀ ਹੈ ਕਿ ਉਹ ਜਦੋਂ ਵੱਡੀ ਹੋ ਗਈ ਤਾਂ ਆਪਣੇ ਹਸਬੈਂਡ ਨੂੰ ਆਪਣੇ ਘਰੋਂ ਕੱਢ ਦਵੇਗੀ ਤਾਂ ਉਸ ਦੀ ਮਾਂ ਦੇ ਚਿਹਰੇ ’ਤੇ ਇਕ ਡਰ ਫੈਲ ਜਾਂਦਾ ਹੈ, ਜੋ ਉਸ ਦੀ ਆਪਣੀ ਮਾਂ ਦੇ ਚਿਹਰੇ ’ਤੇ ਵੀ ਫੈਲ ਜਾਂਦਾ ਸੀ, ਜਦ ਉਹ ਵੀ ਆਪਣੀ ਮਾਂ ਅੱਗੇ ਡਟ ਕੇ ਖੜਦੀ ਸੀ। ‘ਸੈਂਡੀ ਫਿਰ ਉਦਾਸ ਹੈ’ ਕਹਾਣੀ ਵਿਚ ਇਕ ਲੈਜਬੀਅਨ ਦੀ ਜ਼ਿੰਦਗੀ ਵਿਚ ਹੋਈ ਮੁਹੱਬਤ ਨੂੰ ਭਲੀਭਾਂਤ ਪੇਸ਼ ਕੀਤਾ ਗਿਆ ਹੈ। ‘ਵੇਲਾਂ ਰੁੱਖ ਤੇ ਰਿਸ਼ਤੇ’ ਕਹਾਣੀ ਉਨ੍ਹਾਂ ਰਿਸ਼ਤਿਆਂ ਨੂੰ ਪੇਸ਼ ਕਰਦੀ ਹੈ, ਜਿਹੜੇ ਮਨ ਅੰਦਰ ਨਹੀਂ ਜੁੜੇ ਹੁੰਦੇ ਤੇ ਉਨ੍ਹਾਂ ਤੋਂ ਦੂਰ ਰਹਿਣਾ ਹੀ ਚੰਗਾ ਹੁੰਦਾ ਹੈ, ਜਿਵੇਂ ਕਹਾਣੀ ਵਿਚਲੀ ਪਾਤਰ ਕੈਥੀ ਨੇ ਆਪਣੇ ਪਤੀ ਨੂੰ ਡਿਵੋਰਸ ਦੇ ਦਿੱਤਾ ਹੈ ਤੇ ਉਸ ਦ ਮਨ ਨੂੰ ਸਕੂਨ ਹੈ ਪਰ ਦੂਜੇ ਪਾਸੇ ਜਗੀਰਾਂ ਦਾ ਪਤੀ ਕਿਸੇ ਹੋਰ ਨੂੰ ਪਸੰਦ ਕਰਦਾ ਹੈ ਤਾਂ ਜਗੀਰਾ ਉਸ ਨੂੰ ਛੱਡ ਨਹੀਂ ਪਾਉਂਦੀ ਤੇ ਆਤਮ-ਹੱਤਿਆ ਕਰ ਲੈਂਦੀ ਹੈ। ਇਸ ਤਰ੍ਹਾਂ ਇਹ ਕਹਾਣੀ ਇਕ ਵੱਢੀ ਹੋਈ ਵੇਲ ਦਾ ਰੁੱਖ ਨਾਲ ਅਣਜੋੜ ਰਿਸ਼ਤੇ ਨੂੰ ਪੇਸ਼ ਕਰਦੀ ਹੈ। ‘ਟਾਹਣੀਓ ਟੁੱਟੇ’ ਕਹਾਣੀ ਜੋ ਪੁਸਤਕ ਦਾ ਸਿਰਲੇਖ ਹੈ, ਇਸ ਵਿਚ ਮੁੱਖ ਪਾਤਰ ਜਗਤ ਆਪਣੀ ਧਰਤੀ ਤੋਂ ਟੁੱਟ ਕੇ ਵਿਦੇਸ਼ ਜਾ ਵਸਦਾ ਹੈ ਤੇ ਸਮਾਂ ਬੀਤ ਜਾਣ ਉਪਰੰਤ ਉਸਨੂੰ ਵਾਰ-ਵਾਰ ਆਪਣੇ ਬਾਬੇ ਦੀ ਕਹੀ ਗੱਲ ਯਾਦ ਆਉਂਦੀ ਹੈ ਓਏ ਕੰਜਰੋ !ਮੈਨੂੰ ਇੱਥੇ ਹੀ ਨਾ ਫੂਕ ਦਿਓ, ਮੇਰੀ ਮੁਕਤੀ ਨਹੀਂਓਂ ਹੋਣੀ। ਬਾਬੇ ਦੇ ਇਹ ਬੋਲ ਜਗਤ ਨੂੰ ਆਪਣੇ ਅੰਤਲੇ ਸਮੇਂਵਿੱਚ ਯਾਦ ਆਉਂਦੇ ਹਨ ਤੇ ਉਸ ਨੂੰ ਵੀ ਮਹਿਸੂਸ ਹੁੰਦਾ ਹੈ ਕਿ ਉਸ ਦੀ ਵੀ ਪਰਾਏ ਦੇਸ਼ ਵਿਚ ਮੁਕਤੀ ਨਹੀਂ ਹੋਣੀ। ਇਸ ਤਰ੍ਹਾਂ ਇਸ ਕਹਾਣੀ ਵਿਚ ਆਪਣੇ ਦੇਸ਼ ਤੋਂ ਟੁੱਟੇ ਹੋਏ ਇਨਸਾਨ ਦੀ ਮਨ ਦੀ ਵਿਵਸਥਾ ਨੂੰ ਬਿਆਨ ਕੀਤਾ ਗਿਆ ਹੈ। ਪਰਵੇਜ਼ ਸੰਧੂ ਨੇ ਆਪਣੀਆਂ ਕਹਾਣੀਆਂ ’ਚ ਸਹੀ ਅਰਥਾਂ ਵਿਚ ਟਾਹਣੀਓ ਟੁੱਟੇ ਮਨੁੱਖ ਦੀ ਰੂਹ ਨੂੰ ਉਭਾਰਿਆ ਹੈ।
-ਇੰਦਰਪ੍ਰੀਤ ਕੌਰ